ਚੰਡੀਗਡ਼-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐਚ.ਐਸ. ਫੂਲਕਾ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਲਾਲ ਬੱਤੀ ਅਤੇ ਵੀਆਈਪੀ ਕਲਚਰ ਤੋਂ ਗੁਰੇਜ ਕਰੇ।
ਸ਼ੁਕਰਵਾਰ ਨੂੰ ਆਪ ਵਲੋਂ ਜਾਰੀ ਪ੍ਰੈਸ ਨੋਟ ਰਾਹੀਂ ਫੂਲਕਾ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਲਾਲ ਬੱਤੀ ਅਤੇ ਵੀਆਈਪੀ ਕਲਚਰ ਨਹੀਂ ਅਪਣਾਉਣਗੇ। ਇਸ ਲਈ ਇਹ ਵਾਅਦਾ ਯਾਦ ਕਰਵਾਇਆ ਜਾ ਰਿਹਾ ਹੈ। ਫੂਲਕਾ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਦੀ ਜਨਤਾ ਪਿਛਲੇ ਲੰਬੇ ਸਮੇਂ ਤੋਂ ਲਾਲ ਬੱਤੀ ਅਤੇ ਵੀਆਈਪੀ ਕਲਚਰ ਤੋਂ ਪੀਡ਼ਿਤ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਵਿਚੋਂ ਲਾਲ ਬੱਤੀ ਅਤੇ ਵੀਆਈਪੀ ਕਲਚਰ ਖਤਮ ਕਰੇ ਅਤੇ ਇਹ ਯਕੀਨੀ ਬਣਾਵੇ ਕਿ ਕੋਈ ਵੀ ਨੇਤਾ ਪੰਜਾਬ ਦੀ ਜਨਤਾ ਵਿਚ ਆਪਣੇ ਆਪ ਨੂੰ ਵੱਡਾ ਬਣ ਕੇ ਵਿਚਰਨ ਦੀ ਕੋਸ਼ਿਸ਼ ਨਾ ਕਰੇ। ਉਨਾਂ ਕਿਹਾ ਕਿ ਪੰਜਾਬ ਦੇ ਵਿਧਾਇਕ ਅਤੇ ਸੱਤਾਧਾਰੀ ਧਿਰ ਦੇ ਲੀਡਰ ਸਿਰਫ ਦਫਤਰੀ ਕਾਰਜਗੁਜਾਰੀ ਅਤੇ ਆਪਣੇ ਜਿੰਮੇਦਾਰੀ ਨਿਭਾਉਣ ਲਈ ਲੋਡ਼ੀਂਦਿਆਂ ਸਹੂਲਤਾ ਹੀ ਇਸਤੇਮਾਲ ਕਰਨ ਕਿਉਕਿ ਪੰਜਾਬ ਵੀਆਈਪੀ ਕਲਚਰ ਦੇ ਵਾਧੂ ਵਿੱਤੀ ਬੋਝ ਕਾਰਨ ਪਹਿਲਾਂ ਹੀ ਬਹੁਤ ਪਿਛੇ ਚਲਾ ਗਿਆ ਹੈ। ਫੂਲਕਾ ਨੇ ਵਿਸ਼ਵਾਸ਼ ਦਿਵਾਇਆ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਲਾਲ ਬੱਤੀ ਅਤੇ ਵੀਆਈਪੀ ਕਲਚਰ ਨਹੀਂ ਅਪਣਾਵੇਗਾ ਅਤੇ ਆਪਣੇ ਫਰਜਾਂ ਦੀ ਪੂਰਤੀ ਲਈ ਜੋ-ਜੋ ਜਰੂਰਤਾਂ ਲੋਡ਼ੀਂਦਿਆਂ ਹੋਣਗੀਆਂ ਉਹ ਹੀ ਲੈਣਗੇ।
ਬਾਕਸ ਲਈ
ਅੱਜ ਤੋਂ ਸ਼ੁਰੂ ਹੋ ਗਏ ਹਨ ਕੈਪਟਨ ਵਲੋਂ ਨਸ਼ਾ ਬੰਦ ਕਰਵਾਉਣ ਦੇ 30 ਦਿਨ : ਆਪ
ਚੰਡੀਗਡ਼- ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਦੇ ਆਗੂ ਐਚ.ਐਸ ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਮੁਖਾਤਬ ਹੁੰਦਿਆਂ ਯਾਦ ਕਰਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰ ਬਣਨ ਉਪਰੰਤ 30 ਦਿਨਾਂ ਦੇ ਵਿਚ-ਵਿਚ ਪੰਜਾਬ ਅੰਦਰ ਨਸ਼ੇ ਬੰਦ ਕਰਵਾਉਣ ਦਾ ਜੋ ਵਾਅਦਾ ਕੀਤਾ ਗਿਆ ਸੀ ਉਹ 30 ਦਿਨ ਅੱਜ ਤੋਂ ਸ਼ੁਰੂ ਹੋ ਗਏ ਹਨ। ਫੂਲਕਾ ਨੇ ਕਿਹਾ ਕਿ ਉਨਾਂ ਨੂੰ ਪੂਰੀ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦੇ ਉਪਰ ਖਰਾ ਉਤਰਦੇ ਹੋਏ ਆਉਦੀ 16 ਅਪ੍ਰੈਲ ਤੱਕ ਪੰਜਾਬ ਅੰਦਰ ਨਸ਼ੇ ਦੀ ਸਪਲਾਈ ਪੂਰੀ ਤਰਾਂ ਬੰਦ ਕਰਵਾ ਦੇਣਗੇ ਅਤੇ ਨਸ਼ਾ ਤਸ਼ਕਰੀ ਵਿਚ ਸ਼ਾਮਲ ਦੋਸ਼ੀਆਂ ਨੂੰ ਜੇਲਾਂ ਵਿਚ ਸੁਟਣਗੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਜੋਂ ਜਿੰਮੇਵਾਰੀ ਨਿਭਾਉਦੀ ਹੋਈ ਇਸ ਕਾਰਜ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਪੂਰਾ ਸਹਿਯੋਗ ਕਰੇਗੀ। ਉਨਾਂ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੇ ਬੀਮਾਰੀ ਫੈਲਾਉਣ ਲਈ ਕੋਣ ਲੋਕ ਜਿੰਮੇਦਾਰ ਹਨ, ਉਨਾਂ ਬਾਰੇ ਬੱਚਾ-ਬੱਚਾ ਜਾਣਦਾ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਬਿਨਾ ਕਿਸੇ ਭੇਦਭਾਵ ਨਸ਼ਾ ਫੈਲਾਉਣ ਲਈ ਜਿੰਮੇਦਾਰ ਲੋਕਾਂ ਉਪਰ ਕਾਰਵਾਈ ਕਰਨ ਦੀ ਜੁਅਰਤ ਦਿਖਾਉਣ। ਇਸਦੇ ਨਾਲ ਹੀ ਫੂਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਛੁਡਾਉ ਕੇਂਦਰਾਂ ਲਈ ਲੋਡ਼ੀਂਦਾ ਸਟਾਫ ਅਤੇ ਸਹੂਲਤਾਂ ਪਹਿਲ ਦੇ ਅਧਾਰ ਤੇ ਉਪਲਬੱਧ ਕਰਵਾਵੇ।