ਚੰਡੀਗੜ੍ਹ : ਪੰਜਾਬ ਦੇ ਨਵੇਂ ਕੈਬਨਿਟ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਅੱਜ ਸਾਫ ਕੀਤਾ ਹੈ ਕਿ ਉਹ ਕਾਮੇਡੀ ਸ਼ੋਅ ‘ਦਾ ਕਪਿਲ ਸ਼ਰਮਾ ਸ਼ੋਅ’ ਕਰਦੇ ਰਹਿਣਗੇ| ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਇਸ ਸ਼ੋਅ ਦੀ ਸ਼ੂਟਿੰਗ ਰਾਤ ਨੂੰ ਹੁੰਦੀ ਹੈ, ਜਦੋਂ ਕਿ ਦਿਨ ਵਿਚ ਮੈਂ ਆਪਣੇ ਦਫਤਰ ਪਹੁੰਚ ਕੇ ਆਪਣਾ ਕੰਮਕਾਰ ਕਰ ਸਕਦਾ ਹਾਂ| ਉਨ੍ਹਾਂ ਕਿਹਾ ਕਿ ਇਹ ਥੋੜ੍ਹਾ ਮੁਸ਼ਕਿਲ ਜ਼ਰੂਰ ਹੈ ਪਰ ਮੈਂ ਇਸ ਸ਼ੋਅ ਦੇ ਨਾਲ-ਨਾਲ ਪੰਜਾਬ ਦੀ ਸੇਵਾ ਵੀ ਕਰਦਾ ਰਹਾਂਗਾ|
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ ਤੇ ਪੁਰਾਤੱਤਵ ਤੇ ਅਜਾਇਬ ਘਰ ਵਿਭਾਗ ਦੇ ਮੰਤਰੀ ਦਾ ਚਾਰਜ ਸੰਭਾਲ ਲਿਆ| ਉਨ੍ਹਾਂ ਨੇ ਕਿਹਾ ਕਿ ਮੈਂ ਕੋਈ ਅਹੁਦਾ ਸੰਭਾਲਣ ਨਹੀਂ ਬਲਕਿ ਪੰਜਾਬ ਨੂੰ ਸੰਵਾਰਨ ਲਈ ਆਇਆ ਹਾਂ|
ਇਸ ਮੌਕੇ ਸਿੰਜਾਈ ਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ, ਸ੍ਰੀ ਪਰਗਟ ਸਿੰਘ, ਸ੍ਰੀ ਕੁਲਜੀਤ ਸਿੰਘ ਨਾਗਰਾ, ਰਾਜਾ ਅਮਰਿੰਦਰ ਸਿੰਘ ਵੜਿੰਗ, ਸ.ਰਮਨਜੀਤ ਸਿੰਘ ਸਿੱਕੀ, ਸ੍ਰੀ ਕੁਸ਼ਲਦੀਪ ਸਿੰਘ ਢਿੱਲੋਂ, ਸ. ਸੁਖਜਿੰਦਰ ਸਿੰਘ ਰੰਧਾਵਾ ਤੇ ਸ੍ਰੀ ਦਵਿੰਦਰ ਸਿੰਘ ਘੁਬਾਇਆ (ਸਾਰੇ ਵਿਧਾਇਕ), ਸਾਬਕਾ ਵਿਧਾਇਕ ਸ੍ਰੀਮਤੀ ਨਵਜੋਤ ਕੌਰ ਸਿੱਧੂ ਤੇ ਸ. ਅਜੀਤ ਇੰਦਰ ਸਿੰਘ ਮੋਫਰ, ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਸ੍ਰੀ ਡੀ.ਪੀ.ਰੈਡੀ ਅਤੇ ਸਕੱਤਰ ਸੱਭਿਆਚਾਰ ਤੇ ਸੈਰ ਸਪਾਟਾ ਸ੍ਰੀ ਹੁਸਨ ਲਾਲ ਵੀ ਹਾਜ਼ਰ ਸਨ।
ਪੰਜਾਬ ਸਿਵਲ ਸਕੱਤਰੇਤ ਵਿਖੇ ਤੀਜ਼ੀ ਮੰਜ਼ਿਲ ‘ਤੇ ਸਥਿਤ ਕਮਰਾ ਨੰਬਰ 20 ਵਿਖੇ ਸ੍ਰੀ ਸਿੱਧੂ ਨੇ ਅਹੁਦਾ ਸੰਭਾਲਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਵੱਡਾ ਫਤਵਾ ਦਿੱਤਾ ਹੈ ਅਤੇ ਨਵੀਂ ਸਰਕਾਰ ਦੀ ਸਭ ਤੋਂ ਪਹਿਲੀ ਤਰਜੀਹ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਬੜੀ ਨਿਮਰਤਾ ਨਾਲ ਲੋਕਾਂ ਵੱਲੋਂ ਉਨ੍ਹਾਂ ਅਤੇ ਪਾਰਟੀ ਵਿੱਚ ਪ੍ਰਗਟਾਏ ਵਿਸ਼ਵਾਸ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਚੰਗੀ ਸੋਚ ਅਤੇ ਸਕਰਾਤਮਕ ਪਹਿਲੂਆਂ ਨੂੰ ਨਾਲ ਲੈ ਕੇ ਆਪਣਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਕੁੱਲ ਹਿੰਦ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਨਵੀਂ ਸਰਕਾਰ ਦਾ ਸੁਫਨਾ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣਾ ਹੈ ਜਿਸ ਨੂੰ ਪੂਰਾ ਕਰਨ ਲਈ ਮੰਤਰੀਆਂ ਤੋਂ ਇਲਾਵਾ ਵਿਧਾਇਕਾਂ ਵੱਲੋਂ ਮਿਲ ਕੇ ਕੰਮ ਕੀਤਾ ਜਾਵੇਗਾ।
ਆਪਣੇ ਵਿਭਾਗ ਸਥਾਨਕ ਸਰਕਾਰਾਂ ਬਾਰੇ ਗੱਲ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਸ਼ਹਿਰੀ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦਿੱਤੀਆਂ ਜਾਣਗੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਲੋਕਾਂ ਦੀ ਸੇਵਾ ਕੀਤੀ ਜਾਵੇਗੀ। ਮੀਡੀਆ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਕੋਈ ਬਦਲਾਖੋਰੀ ਦੀ ਨੀਤੀ ਨਹੀਂ ਅਪਣਾਏਗੀ ਅਤੇ ਜੋ ਕੁਝ ਵੀ ਗਲਤ ਹੋਇਆ ਹੈ ਜਾਂ ਹੋਵੇਗਾ ਉਸ ਬਾਰੇ ਕਾਨੂੰਨ ਆਪਣਾ ਕੰਮ ਕਰੇਗਾ।
ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਲੋਕਾਂ ਵੱਲੋਂ ਇਸ ਪ੍ਰੋਗਰਾਮ ਰਾਹੀਂ ਉਨ੍ਹਾਂ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ| ਇਸ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਅਲਵਿਦਾ ਆਖ ਕੇ ਪੰਜਾਬ ਕਾਂਗਰਸ ਵਿਚ ਸ਼ਾਮਿਲ ਹੋਏ ਨਵਜੋਤ ਸਿੰਘ ਸਿੱਧੂ ਨੂੰ ਲੋਕਾਂ ਨੇ ਮੁੜ ਤੋਂ ਆਪਣਾ ਪਿਆਰ ਦਿੰਦਿਆਂ ਉਨ੍ਹਾਂ ਨੂੰ ਵੱਡੇ ਅੰਤਰ ਨਾਲ ਚੋਣ ਜਿਤਾ ਦਿੱਤੀ ਅਤੇ ਕੱਲ੍ਹ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ ਤੇ ਪੁਰਾਤੱਤਵ ਤੇ ਅਜਾਇਬ ਘਰ ਵਿਭਾਗ ਸੌਂਪਿਆ ਗਿਆ ਹੈ|