ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਰਾਣਾ ਕੰਵਰਪਾਲ ਸਿੰਘ ਨੂੰ 15ਵੀਂ ਵਿਧਾਨ ਸਭਾ ਦੇ ਮੈਂਬਰ ਵਜੋਂ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਉਣ ਤੋਂ ਬਾਅਦ ਪ੍ਰੋਟਮ ਸਪੀਕਰ ਨਿਯੁਕਤ ਕੀਤਾ ਹੈ। ਇਸ ਦੌਰਾਨ ਬਾਅਦ ਵਿਚ ਰਾਣਾ ਕੇ.ਪੀ ਸਿੰਘ ਨੂੰ ਹੀ ਪੱਕਾ ਸਪੀਕਰ ਲਾਏ ਜਾਣ ਦੀ ਸੰਭਾਵਨਾ ਹੈ|
ਸ੍ਰੀ ਰਾਣਾ ਕੰਵਰਪਾਲ ਸਿਘ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਨ। ਉਨ੍ਹਾਂ ਨੂੰ ਅੱਜ ਰਾਜ ਭਵਨ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਹੁੰ ਚੁਕਾਈ ਗਈ। ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨੇ ਸਹੁੰ ਚੁੱਕ ਰਸਮ ਦੀ ਕਾਰਵਾਈ ਚਲਾਈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਸ ਬੁਲਾਰੇ ਨੇ ਇਹ ਦੱਸਿਆ ਕਿ ਰਾਜਪਾਲ ਨੇ ਭਾਰਤੀ ਸੰਵਿਧਾਨ ਦੀ ਧਾਰਾ 188 ਹੇਠ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਰਾਣਾ ਕੰਵਰਪਾਲ ਸਿੰਘ ਨੂੰ ਪ੍ਰੋਟਮ ਸਪੀਕਰ ਨਿਯੁਕਤ ਕੀਤਾ ਹੈ ਜੋ ਕਿ ਪੰਜਾਬ ਵਿਧਾਨ ਸਭਾ ਦੇ ਚੁਣੇ ਗਏ ਹੋਰਨਾਂ ਮੈਂਬਰਾਂ ਨੂੰ ਸਹੁੰ ਚਕਾਉਣਗੇ। ਨਵੇਂ ਵਿਧਾਇਕਾਂ ਨੂੰ ਇਸ ਹਫ਼ਤੇ ਦੇ ਆਖਰ ਵਿੱਚ ਸੱਦੇ ਗਏ ਵਿਧਾਨ ਸਭਾ ਦੇ ਪਹਿਲੇ ਇਜਲਾਸ ਦੌਰਾਨ ਸਹੁੰ ਚੁਕਾਈ ਜਾਵੇਗੀ।
ਸ੍ਰੀ ਰਾਣਾ ਕੰਵਰਪਾਲ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਪੰਜਾਬੀ ‘ਚ ਸਹੁੰ ਚੁੱਕੀ।
ਨਾਮਵਰ ਵਕੀਲ ਤੋਂ ਪ੍ਰੋਟਮ ਸਪੀਕਰ ਤੱਕ ਰਾਣਾ ਕੇ.ਪੀ ਸਿੰਘ ਦਾ ਰਾਜਨਤਿਕ ਸਫਰ
ਪੰਜਾਬ ਰਾਜ ਦੇ ਸਿਰਮੋਰ ਰਾਜਪੂਤ ਆਗੂ ਰਾਣਾ ਕੰਵਰਪਾਲ ਸਿੰਘ (59 ਸਾਲ) ਦਾ ਜਨਮ ਸ. ਰਘਬੀਰ ਸਿੰਘ ਰਾਣਾ ਦੇ ਗ੍ਰਹਿ ਰੂਪਨਗਰ ਜ਼ਿਲ੍ਹੇ ਦੇ ਪਿੰਡ ਝਾਂਡੀਆਂ ਵਿਖੇ  ਹੋਇਆ ।
ਲਾਅ ਗ੍ਰਜੂਏਟ ਸ਼੍ਰੀ ਰਾਣਾ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਗਏ ਅਤੇ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਵੱਧ ਚਡ਼੍ਹ ਕੇ ਹਿੱਸਾ ਲੈਣ ਲੱਗੇ।
ਰੂਪਨਗਰ ਜ਼ਿਲ੍ਹੇ ਦੇ ਨਾਮਵਰ ਵਕੀਲ ਰਾਣਾ ਕੰਵਰਪਾਲ ਸਿੰਘ ਦੇ ਕਾਂਗਰਸ ਪਾਰਟੀ ਪ੍ਰਤੀ ਨਿਰਸੁਆਰਥ ਸਮਰਪਣ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਰੂਪਨਗਰ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ।  ਜਿਸ ਤੋਂ ਬਾਅਦ ਸ਼੍ਰੀ ਰਾਣਾ ਨੇ ਫਿਰ ਮੁਡ਼ ਕੇ ਪਿੱਛੇ ਨਹੀਂ ਦੇਖਿਆ ਅਤੇ ਕਾਂਗਰਸ ਪਾਰਟੀ ਦੀ ਚਡ਼੍ਹਦੀਕਲਾ ਲਈ ਦਿਨ ਰਾਤ ਇਕ ਕਰ ਦਿੱਤੀ।ਜਿਸ ਤੋਂ ਬਾਅਦ ਉਹ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ, ਸਰਭ ਭਾਰਤੀ ਕਾਂਗਰਸ ਕਮੇਟੀ ਮੈਂਬਰ ਵੀ ਰਹੇ।
ਤੀਸਰੀ ਵਾਰ ਵਿਧਾਇਕ ਬਣੇ ਸ਼੍ਰੀ ਰਾਣਾ ਕਾਂਗਰਸ ਪਾਰਟੀ ਨਾਲ ਸਦਾ ਹੀ ਵਫਾਦਾਰੀ ਨਾਲ ਖਡ਼੍ਹੇ ਰਹੇ। ਉਹ ਰੂਪਨਗਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿਣ ਤੋਂ ਇਲਾਵਾ ਰੂਪਨਗਰ ਬਾਰ ਐਸੋਸ਼ੀਏਸ਼ਨ ਦੇ ਵੀ ਪ੍ਰਧਾਨ ਰਹੇ ਹਨ । ਸਾਲ 2002 ਵਿੱਚ ਵਿਧਾਨ ਸਭਾ ਚੋਣ ਵਿੱਚ ਨੰਗਲ ਵਿਧਾਨ ਸਭਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਕਿਸਮਤ ਅਜਮਾਈ ਅਤੇ ਭਾਰਤੀ ਜਨਤਾ ਪਾਰਟੀ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੂੰ 12 ਹਜਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਇਸ ਦੋਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ  ਉਨ੍ਹਾਂ ਨੂੰ ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਚੇਅਰਮੈਨ ਅਤੇ ਫਿਰ ਸਰਕਾਰ ਵਿੱਚ ਮੁੱਖ ਪਾਰਲੀਮਾਨੀ ਸਕੱਤਰ ਨਿਯੁਕਤ ਕੀਤਾ ਗਿਆ।
2007 ਵਿੱਚ ਫਿਰ ਨੰਗਲ ਹਲਕੇ ਤੋਂ ਚੋਣ ਲਡ਼ੀ ਅਤੇ ਭਾਜਪਾ ਆਗੂ ਮਦਨ ਮੋਹਨ ਮਿੱਤਲ ਨੂੰ ਮੁਡ਼ ਵੱਡੇ ਫਰਕ ਨਾਲ ਹਰਇਆ ਅਤੇ ਤੀਜੀ ਵਾਰ 2012 ਨਵੇਂ ਬਣੇ ਹਲਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਿਸਮਤ ਅਜਮਾਈ ਪਰ ਇਸ ਵਾਰ ਉਹ ਅਸਫਲ ਰਹੇ ਸਨ।
2007 ਦੀ ਚੋਣ ਹਾਰਨ ਦੇ ਬਾਵਜੂਦ ਰਾਣਾ ਕੇ.ਪੀ. ਸਿੰਘ ਪਾਰਟੀ ਪੱਧਰ ਤੋਂ ਉਪਰ ਉਠ ਕੇ ਹਰ ਇਕ ਦੇ ਸੁੱਖ ਦੁੱਖ ਵਿੱਚ ਸ਼ਾਮਲ ਹੋਏ ਜਿਸ ਦਾ ਨਤੀਜਾ ਵਿਧਾਨ ਸਭਾ ਹਲਕਾ 2017 ਦੋਰਾਨ ਲੋਕਾਂ ਨੇ ਉਨ੍ਹਾਂ 23881 ਵੋਟਾਂ ਨਾਲ ਜਿਤਾਇਆ । ਕਾਂਗਰਸ ਪਾਰਟੀ ਦੀ ਪੰਜਾਬ ਰਾਜ ਵਿੱਚ ਹੋਈ ਇਸ ਹੂੰਝਾਂਫੇਰ ਜਿੱਤ ਦੀ ਸ਼ੁਰੂਆਤ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦਾ ਜੇਤੂ ਨਤੀਜੇ ਨਾਲ ਹੋਈ ਸੀ।