ਲਖਨਊ— ਗੋਰਖਪੁਰ ਦੇ ਸੰਸਦ ਮੈਂਬਰ ਯੋਗੀ ਅਦਿੱਤਿਆ ਨਾਥ ਨੇ ਐਤਵਾਰ ਨੂੰ ਇੱਥੇ ਉੱਤਰ ਪ੍ਰਦੇਸ਼ ਦੇ 32ਵੇਂ ਮੁੱਖ ਮੰਤਰੀ ਦੇ ਰੂਪ ‘ਚ ਸਹੁੰ ਚੁੱਕੀ। ਉਨ੍ਹਾਂ ਦੇ ਨਾਲ ਦੋ ਉੱਪ-ਮੁੱਖ ਮੰਤਰੀਆਂ ਕੇਸ਼ਵ ਪ੍ਰਸਾਦ ਮੌਰੀਆ ਅਤੇ ਡਾ. ਦਿਨੇਸ਼ ਸ਼ਰਮਾ ਨੇ ਵੀ ਸਹੁੰ ਚੁੱਕੀ। ਮੌਰੀਆ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਪ੍ਰਧਾਨ ਅਤੇ ਫੂਲਪੁਰ ਤੋਂ ਸੰਸਦ ਮੈਂਬਰ ਹਨ, ਜਦਕਿ ਸ਼ਰਮਾ ਲਖਨਊ ਦੇ ਮੇਅਰ ਹਨ।
ਯੋਗੀ ਮੰਤਰੀਮੰਡਲ ‘ਚ 25 ਕੈਬਨਿਟ ਮੰਤਰੀ, 8 ਰਾਜ ਮੰਤਰੀ (ਸੁਤੰਤਰ ਚਾਰਜ) ਅਤੇ 13 ਰਾਜ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸਹੁੰ ਚੁੱਕਣ ਵਾਲੇ ਕੈਬਨਿਟ ਮੰਤਰੀਆਂ ‘ਚ ਸੂਰਜ ਪ੍ਰਤਾਪ ਸ਼ਾਹੀ, ਸੁਰੇਸ਼ ਖੰਨਾ, ਸੁਆਮੀ ਪ੍ਰਸਾਦ ਮੌਰੀਆ, ਸਤੀਸ਼ ਮਹਾਨਾ, ਰਾਜੇਸ਼ ਅਗਰਵਾਲ, ਰੀਤਾ ਬਹੁਗੁਣਾ ਜੋਸ਼ੀ, ਦਾਰਾ ਸਿੰਘ ਚੌਹਾਨ, ਧਰਮਪਾਲ ਸਿੰਘ, ਐੱਸ.ਪੀ. ਸਿੰਘ ਬਘੇਲ, ਸੱਤਦੇਵ ਪਚੌਰੀ, ਰਮਾਪਤੀ ਸ਼ਾਸਤਰੀ, ਜੈ ਪ੍ਰਤਾਪ ਸਿੰਘ, ਓਮ ਪ੍ਰਕਾਸ਼ ਰਾਜਭਾਰ, ਬ੍ਰਿਜੇਸ਼ ਪਾਠਕ, ਲਕਸ਼ਮੀ ਨਰਾਇਣ ਚੌਧਰੀ, ਚੇਤਨ ਚੌਹਾਨ, ਸ਼੍ਰੀਕਾਂਤ ਸ਼ਰਮਾ, ਰਾਜਿੰਦਰ ਪ੍ਰਤਾਪ ਸਿੰਘ, ਸਿਦਾਰਥ ਨਾਥ ਸਿੰਘ, ਮੁਕੂਟ ਬਿਹਾਰੀ ਵਰਮਾ, ਆਸ਼ੁਤੋਸ਼ ਟੰਡਨ ਅਤੇ ਨੰਦ ਕੁਮਾਰ ਨੰਦੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਸਮੇਤ ਕੁੱਲ 11 ਮੁੱਖ ਮੰਤਰੀਆਂ ਨੇ ਇਸ ਸਮਾਗਮ ‘ਚ ਸ਼ਿਰਕਤ ਕੀਤੀ। ਮੁਲਾਇਮ ਸਿੰਘ ਯਾਦਵ, ਅਖਿਲੇਸ਼ ਯਾਦਵ, ਨਿਤਿਨ ਗਡਕਰੀ, ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਚੰਦਰਬਾਬੂ ਨਾਇਡੂ ਅਤੇ ਗੋਵਾ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਵੀ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਏ। ਲਗਭਗ 70,000 ਹਜ਼ਾਰ ਲੋਕ ਯਾਗੀ ਦੀ ਤਾਜਪੋਸ਼ੀ ਦੇ ਗਵਾਹ ਬਣੇ।
ਤੁਹਾਨੂੰ ਦੱਸ ਦਈਏ ਕਿ ਭਾਜਪਾ ਨੇ 14 ਸਾਲ ਬਾਅਦ ਉੱਤਰ ਪ੍ਰਦੇਸ਼ ਦੀ ਸੱਤਾ ‘ਚ ਵਾਪਸੀ ਕੀਤੀ ਹੈ। 403 ਸੀਟਾਂ ਦੀ ਉੱਤਰ ਪ੍ਰਦੇਸ਼ ਵਿਧਾਨ ਸਭਾ ‘ਚ ਭਾਜਪਾ ਨੇ 312 ਸੀਟਾਂ ‘ਤੇ ਜਿੱਤ ਹਾਸਲ ਕੀਤੀ ਤੇ ਭਾਜਪਾ ਗਠਜੋੜ ਨੂੰ ਕੁੱਲ ਮਿਲ ਕੇ 325 ਸੀਟਾਂ ਮਿਲੀਆਂ।