ਨਵੀਂ ਦਿੱਲੀਂ ਅਫ਼ਗਾਨਿਸਤਾਨ ਦੇ 18 ਸਾਲਾ ਸਪਿਨਰ ਰਾਸ਼ਿਦ ਖਾਨ ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਆਈ.ਪੀ.ਐੱਲ. ‘ਚ ਖੇਡਣ ਨੂੰ ਲੈ ਕੇ ਬੇਹੱਦ ਉਤਸ਼ਾਹਤ ਹਨ ਜਿੱਥੇ ਉਨ੍ਹਾਂ ਨੂੰ ਬਚਪਨ ਦੇ ਆਪਣੇ ਨਾਇਕ ਯੁਵਰਾਜ ਸਿੰਘ ਦੇ ਨਾਲ ਡਰੈਸਿੰਗ ਰੂਮ ਸਾਂਝਾ ਕਰਨ ਦਾ ਮੌਕਾ ਮਿਲੇਗਾ। ਲੈੱਗ ਸਪਿਨਰ ਰਾਸ਼ਿਦ ਦੇ ਲਈ ਪਿਛਲੇ ਤਿੰਨ ਮਹੀਨ ਕਿਸੇ ਸੁਪਨੇ ਜਿਹੇ ਰਹੇ। ਇਸ ਵਿੱਚਾਲੇ ਉਹ ਅਤੇ ਉਨ੍ਹਾਂ ਦੇ ਸਾਥੀ ਮੁਹੰਮਦ ਨਬੀ ਪਿਛਲੇ ਮਹੀਨੇ ਆਈ.ਪੀ.ਐੱਲ. ਨਿਲਾਮੀ ‘ਚ ਆਈ.ਪੀ.ਐੱਲ. ਨਾਲ ਜੁੜਨ ਵਾਲੇ ਪਹਿਲੇ ਅਫ਼ਗਾਨੀ ਕ੍ਰਿਕਟਰ ਬਣੇ। ਆਇਰਲੈਂਡ ਦੇ ਖਿਲਾਫ਼ ਅਫ਼ਗਾਨਿਸਤਾਨ ਵੱਲੋਂ ਗ੍ਰੇਟਰ ਨੋਇਡਾ ਦੇ ਮੈਦਾਨ ‘ਤੇ ਲੜੀ ਖੇਡਣ ‘ਚ ਰੁੱਝੇ ਰਾਸ਼ਿਦ ਨੇ ਪੱਤਰਕਾਰਾਂ ਨੂੰ ਕਿਹਾ, ”ਪਿਛਲੇ ਤਿੰਨ ਮਹੀਨਿਆਂ ‘ਚ ਕਾਫ਼ੀ ਕੁਝ ਹੋਇਆ ਹੈ। ਮੈਂ ਇਸ ਦਾ ਪੂਰਾ ਆਨੰਦ ਮਾਣਿਆ ਹੈ।” ਰਾਸ਼ਿਦ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਹ ਯੁਵਰਾਜ, ਡੇਵਿਡ ਵਾਰਨਰ, ਕੇਨ ਵਿਲੀਅਮਸਨ ਅਤੇ ਸ਼ਿਖਰ ਧਵਨ ਜਿਹੇ ਖਿਡਾਰੀਆਂ ਦੇ ਨਾਲ ਇਕ ਡਰੈਸਿੰਗ ਰੂਮ ‘ਚ ਰਹਿਣਗੇ। ਆਈ.ਪੀ.ਐੱਲ. ਪੰਜ ਅਪ੍ਰੈਲ ਤੋਂ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਕਿਹਾ, ”ਆਈ.ਪੀ.ਐੱਲ. ਦੁਨੀਆ ਦੀ ਸਭ ਵੱਡੀ ਲੀਗ ਹੈ। ਇਹ ਐਸੋਸੀਏਟ ਕ੍ਰਿਕਟ ਤੋਂ ਕਾਫ਼ੀ ਵੱਡੀ ਹੈ। ਆਈ.ਪੀ.ਐੱਲ. ਨਿਲਾਮੀ ਦੇ ਬਾਅਦ ਮੈਂ ਹੋਰ ਸਖਤ ਮਿਹਨਤ ਕੀਤੀ ਹੈ। ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਉਨ੍ਹਾਂ ਖਿਡਾਰੀਆਂ ਦੇ ਨਾਲ ਡਰੈਸਿੰਗ ਰੂਮ ਸਾਂਝਾ ਕਰਾਂਗਾ ਜਿਨ੍ਹਾਂ ਨੂੰ ਟੈਲੀਵਿਜ਼ਨ ‘ਤੇ ਦੇਖ ਕੇ ਮੈਂ ਵੱਡਾ ਹੋਇਆ ਹਾਂ।” ਰਾਸ਼ਿਦ ਹਾਲਾਂਕਿ ਯੁਵਰਾਜ ਨਾਲ ਮਿਲਣ ਨੂੰ ਲੈ ਕੇ ਉਤਸ਼ਾਹਤ ਹਨ। ਉਨ੍ਹਾਂ ਕਿਹਾ, ”ਮੈਂ ਬਚਪਨ ਤੋਂ ਹੀ ਯੁਵਰਾਜ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਮੈਨੂੰ ਅਸਲ ‘ਚ ਉਨ੍ਹਾਂ ਦੀ ਹਮਲਾਵਰ ਲੈਅ ਪਸੰਦ ਹੈ। ਉਮੀਦ ਹੈ ਕਿ ਮੈਨੂੰ ਉਨ੍ਹਾਂ ਦੇ ਨਾਲ ਸਮਾਂ ਬਿਤਾਉਣ ਅਤੇ ਉਨ੍ਹਾਂ ਤੋਂ ਕੁਝ ਸਿੱਖਣ ਦਾ ਮੌਕਾ ਮਿਲੇਗਾ। ਟਾਮ ਮੂਡੀ, ਵੀ.ਵੀ.ਐੱਸ. ਲਕਸ਼ਮਣ ਅਤੇ ਮੁਥੱਈਆ ਮੁਰਲੀਧਰਨ ਜਿਹੇ ਸਹਿਯੋਗੀ ਸਟਾਫ਼ ‘ਚ ਸ਼ਾਮਲ ਸਾਬਕਾ ਖਿਡਾਰੀਆਂ ਦਾ ਸਾਥ ਵੀ ਹੋਵੇਗਾ। ਨੀਲਾਮੀ ਦੇ ਬਾਅਦ ਮੈਂ ਮੂਡੀ ਸਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਮੇਰਾ ਟੀਮ ‘ਚ ਸਵਾਗਤ ਕੀਤਾ।