ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਅੱਜ ਸਾਲ 2017-18 ਲਈ ਇਤਿਹਾਸਕ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਦੇ ਹੇਠ ਸ਼ਰਾਬ ਦੇ ਠੇਕਿਆਂ ਦੀ ਗਿਣਤੀ 6384 ਤੋਂ ਘਟ ਕੇ 5900 ਹੋ ਜਾਵੇਗੀ। ਇਸ ਦੇ ਨਾਲ ਹੀ ਕੌਮੀ ਮਾਰਗਾਂ ਤੇ ਰਾਜ ਮਾਰਗਾਂ ਦੇ 500 ਮੀਟਰ ਘੇਰੇ ਵਿੱਚ ਕੋਈ ਵੀ ਠੇਕਾ ਖੋਲ੍ਹਣ ‘ਤੇ ਪਾਬੰਦੀ ਲਗਾਈ ਗਈ ਹੈ।
ਇਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਮੁਤਾਬਕ ਅੱਜ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਹੋਈ ਪਹਿਲੀ ਮੀਟਿੰਗ ਦੌਰਾਨ ਲਿਆ ਗਿਆ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਕੌਮੀ ਮਾਰਗਾਂ ਤੇ ਰਾਜ ਮਾਰਗਾਂ ਦੇ 500 ਮੀਟਰ ਦੇ ਘੇਰੇ ਵਿੱਚ ਕੋਈ ਵੀ ਠੇਕਾ ਖੋਲ੍ਹਣ ‘ਤੇ ਲਾਈ ਗਈ ਪਾਬੰਦੀ ਦੇ ਸੰਦਰਭ ਵਿਚ ਲਿਆ ਗਿਆ ਹੈ। ਇਸ ਕਰਕੇ ਹੁਣ ਕੌਮੀ ਮਾਰਗਾਂ ਤੇ ਰਾਜ ਮਾਰਗਾਂ ਤੋਂ 500 ਮੀਟਰ ਦੇ ਅੰਦਰ ਕੋਈ ਵੀ ਠੇਕਾ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਨਵੀਂ ਆਬਕਾਰੀ ਨੀਤੀ ਵਿੱਚ ਹੋਲਸੇਲ ਲਾਇਸੰਸ ਐਲ.1-ਏ ਨੂੰ ਖਤਮ ਕਰ ਦਿੱਤਾ ਗਿਆ ਹੈ। ਹੁਣ ਐਲ.1 ਲਾਇਸੰਸੀ ਆਪਣਾ ਕੋਟਾ ਸਿੱਧਾ ਡਿਸਟਿਲਰੀਆਂ/ਬੌਟਲਿੰਗ ਪਲਾਂਟ/ਮੈਨੂਫੈਕਚਰਿੰਗ ਕੰਪਨੀਆਂ ਤੋਂ ਚੁੱਕ ਸਕਣਗੇ। ਪਹਿਲੀ ਪ੍ਰਥਾ ਤੋਂ ਹਟ ਕੇ ਐਲ.1 ਲਾਇਸੰਸ ਰਿਟੇਲ ਲਾਇਸੰਸੀ (ਐਲ-2 ਲਾਇਸੰਸੀ) ਨੂੰ ਜਾਰੀ ਕੀਤਾ ਜਾਵੇਗਾ ਜਿਸ ਦਾ ਉਸ ਜ਼ਿਲ੍ਹੇ ਵਿੱਚ ਘੱਟੋ-ਘੱਟ ਇਕ ਗਰੁੱਪ/ਜ਼ੋਨ ਹੋਵੇਗਾ।
ਇਸ ਵਾਰ ਦੇਸੀ ਸ਼ਰਾਬ ਦਾ ਕੋਟਾ 10.10 ਕਰੋੜ ਪਰੂਫ ਲੀਟਰ ਤੋਂ ਘਟਾ ਕੇ 8.70 ਕਰੋੜ ਪਰੂਫ ਲੀਟਰ ਕਰ ਦਿੱਤਾ ਗਿਆ ਹੈ ਜਿਹੜਾ ਕਿ 14 ਫੀਸਦੀ ਘੱਟ ਹੈ। ਇਸੇ ਤਰ੍ਹਾਂ ਹੀ ਭਾਰਤ ਦੀ ਬਣੀ ਵਿਦੇਸ਼ੀ ਸ਼ਰਾਬ (ਆਈ.ਐਮ.ਐਫ.ਐਲ) ਦਾ ਕੋਟਾ 4.73 ਕਰੋੜ ਪਰੂਫ ਲੀਟਰ ਤੋਂ ਘਟਾ ਕੇ 3.80 ਕਰੋੜ ਪਰੂਫ ਲੀਟਰ ਕਰ ਦਿੱਤਾ ਗਿਆ ਹੈ ਜੋ ਕਿ 20 ਫੀਸਦੀ ਘੱਟ ਬਣਦਾ ਹੈ।