ਬੌਲੀਵੁੱਡ ਵਿੱਚ ਹਰ ਸ਼ੁੱਕਰਵਾਰ ਅਦਾਕਾਰਾਂ ਦੀ ਕਿਸਮਤ ਬਦਲ ਜਾਂਦੀ ਹੈ, ਪਰ ਸ਼ਾਹਿਦ ਕਪੂਰ ਦੀ ਕਿਸਮਤ ਕਦੇ ਹੀ ਬਦਲਦੀ ਹੈ। ਚੌਦਾਂ ਸਾਲ ਦੇ ਕਰੀਅਰ ਵਿੱਚ ਉਹ ਅਠਾਈ ਫ਼ਿਲਮਾਂ ਵਿੱਚ ਕੰਮ ਕਰ ਚੁੱਕਿਆ ਹੈ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਫ਼ਿਲਮ ‘ਹੈਦਰ’ ਦੀ ਚਰਚਾ ਹੋਈ ਜਦੋਂਕਿ ‘ਜਬ ਵੀ ਮੈਟ’ ਅਤੇ ‘ਆਰ. ਰਾਜਕੁਮਾਰ’ ਨੂੰ ਟਿਕਟ ਖਿੜਕੀ ‘ਤੇ ਸਫ਼ਲਤਾ ਮਿਲੀ। ਨਹੀਂ ਤਾਂ ਕਰੀਅਰ ਦੀ ਰਫ਼ਤਾਰ ਵਧਾਉਣ ਦੀ ਦਿਸ਼ਾ ਵਿੱਚ ਸ਼ਾਹਿਦ ਕਪੂਰ ਵੱਲੋਂ ਚੁੱਕਿਆ ਹਰ ਕਦਮ ਗ਼ਲਤ ਹੀ ਸਾਬਤ ਹੁੰਦਾ ਰਿਹਾ ਹੈ। ਹੁਣ ਉਹ ਸੰਜੈ ਲੀਲਾ ਭੰਸਾਲੀ ਨਾਲ ਫ਼ਿਲਮ ‘ਪਦਮਾਵਤੀ’ ਕਰ ਰਿਹਾ ਹੈ ਜੋ ਵਿਵਾਦਾਂ ਵਿੱਚ ਘਿਰ ਗਈ ਹੈ।
ਸ਼ਾਹਿਦ ਦਾ ਕਹਿਣਾ ਹੈ ਕਿ ਉਸ ਦਾ ਕਰੀਅਰ  ਹੁਣ ਸਾਕਾਰਾਤਮਕ ਰੂਪ ਵਿੱਚ ਅੱਗੇ ਵਧ ਰਿਹਾ ਹੈ। ਅਸਫ਼ਲ ਹੋਣ ਦੀ ਸੂਰਤ ਵਿੱਚ ਉਸ ਨੂੰ ਲੱਗਦਾ ਹੈ ਕਿ ਹੁਣ ਹੋਰ ਬਿਹਤਰ ਪੇਸ਼ਕਾਰੀ ਦੇਣੀ ਪਏਗੀ, ਪਰ ਇਹੀ ਗੱਲ ਸਫ਼ਲਤਾ ਮਿਲਣ ‘ਤੇ ਵੀ ਲਾਗੂ ਹੁੰਦੀ ਹੈ। ਉਸ ਨੇ ਵੀ ਆਪਣੀ ਸਫ਼ਲਤਾ ਅਤੇ ਅਸਫ਼ਲਤਾ ਦਾ ਵਿਸ਼ਲੇਸ਼ਣ ਕੀਤਾ। ਉਸ ਨੂੰ ਲੱਗਦਾ ਹੈ ਕਿ ਇੱਕ ਫ਼ਿਲਮ ਦੇ ਅਸਫ਼ਲ ਹੋਣ ਦਾ ਮਤਲਬ ਦੋ ਸਾਲ ਗੁਆ ਲੈਣਾ ਹੈ। ‘ਕਮੀਨੇ’ ਅਤੇ ‘ਹੈਦਰ’ ਮਗਰੋਂ ‘ਰੰਗੂਨ’ ਵਿਸ਼ਾਲ ਭਾਰਦਵਾਜ ਨਾਲ ਉਸ ਦੀ ਤੀਜੀ ਫ਼ਿਲਮ ਹੈ। ਦਰਅਸਲ, ਵਿਸ਼ਾਲ ਭਾਰਦਵਾਜ ਨੇ ਉਸ ਅੰਦਰਲੇ ਕਲਾਕਾਰ ਨੂੰ ਲੱਭਿਆ। ਉਸ ਨੇ ਹੀ ਸ਼ਖ਼ਸੀਅਤ ਦੇ ਵਿਕਾਸ ਵਿੱਚ ਸ਼ਾਹਿਦ ਦੀ ਮਦਦ ਕੀਤੀ। ਕਲਾਕਾਰ ਵਜੋਂ ਵਿਸ਼ਾਲ ਨੇ ਉਸ ਨੂੰ ਉਸ ਦੇ ਅੰਦਰਲੀ ਸਮਰੱਥਾ ਨੂੰ ਪਰਖਣ ਦਾ ਮੌਕਾ ਦਿੱਤਾ। ਵਿਸ਼ਾਲ ਭਾਰਦਵਾਜ ਨਾਲ ਹਰ ਫ਼ਿਲਮ ਵਿੱਚ ਕੰਮ ਕਰਨ ਦਾ ਇੱਕ ਵੱਖਰਾ ਅਨੁਭਵ ਰਿਹਾ। ‘ਕਮੀਨੇ’ ਦੀ ਸ਼ੂਟਿੰਗ ਸਮੇਂ ਇਨ੍ਹਾਂ ਦੋਨਾਂ ਵਿੱਚ ਸਿਰਫ਼ ਪੇਸ਼ੇਵਰ ਸਬੰਧ ਸਨ। ਜਦੋਂ ਕਿ ‘ਹੈਦਰ’ ਵੇਲੇ ਹਾਲਾਤ ਕੁਝ ਬਦਲ ਗਏ ਸਨ। ‘ਹੈਦਰ’ ਵਿਸ਼ਾਲ ਭਾਰਦਵਾਜ ਦਾ ਮਨਪਸੰਦ ਵਿਸ਼ਾ ਸੀ ਜਿਸ ਲਈ ਉਸ ਨੇ ਸ਼ਾਹਿਦ ਕਪੂਰ ਨੂੰ ਚੁਣਿਆ। ਇਸ ਮਗਰੋਂ ਹੀ ਉਨ੍ਹਾਂ ਵਿੱਚ ਦੋਸਤੀ ਦਾ ਰਿਸ਼ਤਾ ਬਣਿਆ। ਸ਼ਾਹਿਦ ਖ਼ੁਦ ਨੂੰ ਬਹੁਤ ਖ਼ੁਸ਼ਕਿਸਮਤ ਮੰਨਦਾ ਹੈ ਕਿ ਉਸ ਨੂੰ ਵਿਸ਼ਾਲ ਭਾਰਦਵਾਜ ਨਾਲ ਤਿੰਨ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਜਦੋਂ ਕਿ ਅਦਾਕਾਰ ਉਨ੍ਹਾਂ ਨਾਲ ਕੰਮ ਕਰਨ ਲਈ ਤੜਪਦੇ ਰਹਿੰਦੇ ਹਨ।
ਫ਼ਿਲਮ ‘ਰੰਗੂਨ’ ਵਿੱਚ ਕੈਪਟਨ ਨਵਾਬ ਮਲਿਕ ਦੀ ਭੂਮਿਕਾ ਨਿਭਾਉਣ ਮਗਰੋਂ ਸ਼ਾਹਿਦ ਦੇ ਮਨ ਵਿੱਚ ਭਾਰਤੀ ਫ਼ੌਜ ਪ੍ਰਤੀ ਆਦਰ ਵਧ ਗਿਆ ਹੈ। ਫ਼ਿਲਮਾਂ ਦੀ ਚੋਣ ਸਬੰਧੀ ਪੁੱਛੇ ਜਾਣ ‘ਤੇ ਉਹ ਕਹਿੰਦਾ ਹੈ ਕਿ ਸਭ ਕੁਝ ਸਾਡੇ ਹੱਥ ਵਿੱਚ ਨਹੀਂ ਹੁੰਦਾ। ਬਹੁਤ ਕੁਝ ਕਿਸਮਤ ਉੱਤੇ ਵੀ ਨਿਰਭਰ ਕਰਦਾ ਹੈ। ਕਿਰਦਾਰਾਂ ਬਾਰੇ ਪ੍ਰਯੋਗ ਕਰਨ ਸਬੰਧੀ ਉਸ ਦਾ ਕਹਿਣਾ ਹੈ ਕਿ ਉਹ ਹਰ ਤਰ੍ਹਾਂ ਦੀ ਭੂਮਿਕਾ ਨਿਭਾ ਸਕਦਾ ਹੈ। ਹਰ ਤਰ੍ਹਾਂ ਦੀ ਫ਼ਿਲਮ ਕਰ ਸਕਦਾ ਹੈ। ਉਸ ਨੇ ਸਿਰਫ਼ ਭਾਰਤੀ ਹੀ ਨਹੀਂ, ਸਗੋਂ ਕਈ ਕੌਮਾਂਤਰੀ ਕਲਾਕਾਰਾਂ ਨੂੰ ਵੀ ਦੇਖਿਆ ਹੈ ਜੋ ਹਰ ਵਾਰ ਵੱਖ ਵੱਖ ਕਿਸਮ ਦੇ ਕਿਰਦਾਰ ਨਿਭਾ ਕੇ ਦਰਸ਼ਕਾਂ ਨੂੰ ਹੈਰਾਨ ਕਰਦੇ ਰਹਿੰਦੇ ਹਨ। ਉਹ ਅਜਿਹੇ ਕਲਾਕਾਰਾਂ ਨੂੰ ਹੀ ਆਪਣੇ ਪ੍ਰੇਰਨਾ ਸਰੋਤ ਮੰਨਦਾ ਹੈ ਅਤੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹੈ।  ਸ਼ਿਹਦ ਕਹਿੰਦਾ ਹੈ ਕਿ ਉਹ ਹਮੇਸ਼ਾਂ ਆਪਣਾ ਸਰਵਸ਼੍ਰੇਸ਼ਠ ਕਰਨਾ ਚਾਹੁੰਦਾ ਹੈ। ਉਸ ਦੀ ਹਰ ਫ਼ਿਲਮ ਵਿੱਚ ਉਸ ਦਾ ਅਲੱਗ ਕਿਰਦਾਰ ਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਜੋ ਉਸ ਨੇ ‘ਜਬ ਵੀ ਮੈਟ’ ਵਿੱਚ ਕੀਤਾ ਸੀ, ਦਰਸ਼ਕ ਹਮੇਸ਼ਾਂ ਉਸ ਤਰ੍ਹਾਂ?ਦਾ ਹੀ ਨਹੀਂ?ਚਾਹੁੰਦੇ, ਬਲਕਿ ਉਹ ਉਸ ਤੋਂ ਅਲੱਗ ਚਾਹੁੰਦੇ ਹਨ। ਇਸ ਲਈ ਉਸ ਕੋਲ ਅਲੱਗ ਅਲੱਗ ਤਰ੍ਹਾਂ ਦੇ ਕਿਰਦਾਰਾਂ ਦੀ ਪੇਸ਼ਕਸ਼ ਆ ਰਹੀ ਹੈ।
ਸ਼ਾਹਿਦ ਦੀ ਬਚਪਨ ਤੋਂ ਹੀ ਘੋੜੇ ‘ਤੇ ਬੈਠਣ ਅਤੇ ਤਲਵਾਰ ਫ਼ੜਨ ਦੀ ਇੱਛਾ ਸੀ। ਹੁਣ ਉਸ ਨੂੰ ਅਜਿਹਾ ਹੀ ਮੌਕਾ ਮਿਲ ਰਿਹਾ ਹੈ। ਉਹ ਦੱਖਣੀ ਭਾਰਤੀ ਫ਼ਿਲਮ ‘ਮਗਧੀਰਾ’ ਦੇ ਹਿੰਦੀ ਰਿਮੇਕ ਵਿੱਚ ਅਜਿਹਾ ਹੀ ਕਿਰਦਾਰ ਨਿਭਾਉਣ ਵਾਲਾ ਹੈ।
ਉਸ ਨੂੰ ਲੱਗਦਾ ਹੈ ਕਿ ਬੀਤੇ ਸਮੇਂ ਵਿੱਚ ਉਸ ਨੇ ਆਪਣੇ ਕਰੀਅਰ ਨੂੰ ਲੈ ਕੇ ਕਈ ਗ਼ਲਤੀਆਂ ਕੀਤੀਆਂ। ਸ਼ਾਇਦ ਉਸ ਜਿੰਨੀਆਂ ਗ਼ਲਤੀਆਂ ਕਿਸੇ ਨੇ ਹੋਰ ਨਾ ਕੀਤੀਆਂ ਹੋਣ। ਇਸ ਦੇ ਬਾਵਜੂਦ ‘ਜਬ ਵੀ ਮੈਟ’, ‘ਕਮੀਨੇ’ ਅਤੇ ‘ਹੈਦਰ’ ਜਿਹੀਆਂ ਉਸ ਦੀਆਂ ਫ਼ਿਲਮਾਂ ਲੋਕਾਂ ਲਈ ਯਾਦਗਾਰੀ ਬਣ ਚੁੱਕੀਆਂ ਹਨ। ਇਨ੍ਹਾਂ ਸਦਕਾ ਹੀ ਲੋਕ ਉਸ ਦੇ ਪ੍ਰਸ਼ੰਸਕ ਹਨ। ਉਹ ਅਜਿਹੀਆਂ ਫ਼ਿਲਮਾਂ ਹੀ ਕਰਨਾ ਚਾਹੁੰਦਾ ਹੈ ਜਿਹੜੀਆਂ ਦਰਸ਼ਕ ਵਾਰ ਵਾਰ ਦੇਖਣਾ ਚਾਹੁਣ।
ਬੇਟੀ ਦਾ ਪਿਤਾ ਬਣਨ ਬਾਰੇ ਸ਼ਾਹਿਦ ਦਾ ਕਹਿਣਾ ਹੈ ਕਿ ਇਸ ਨਾਲ ਉਸ ਦੀ ਜ਼ਿੰਦਗੀ ਉੱਨੀ ਹੀ ਬਦਲੀ ਹੋਵੇਗੀ ਜਿੰਨੀ ਹੋਰ ਲੋਕਾਂ ਦੀ ਬਦਲਦੀ ਹੈ। ਹੁਣ ਉਹ ਖ਼ੁਦ ਨੂੰ ਕੁਝ ਜ਼ਿਆਦਾ ਜ਼ਿੰਮੇਵਾਰ ਇਨਸਾਨ ਸਮਝਣ ਲੱਗਿਆ ਹੈ। ਹੁਣ ਉਹ ਅੰਦਰੋਂ ਖ਼ੁਸ਼ ਹੈ ਅਤੇ ਉਸ ਵਿੱਚ ਵਧੇਰੇ ਮਿਹਨਤ ਕਰਨ ਅਤੇ ਚੰਗਾ ਕੰਮ ਕਰਨ ਦੀ ਭਾਵਨਾ ਜਾਗੀ ਹੈ। ਹੁਣ ਉਹ ਹਰ ਚੀਜ਼ ਨਾਲ ਦਿਮਾਗ਼ੀ ਅਤੇ ਭਾਵੁਕ ਤੌਰ ‘ਤੇ ਜੁੜਿਆ ਹੋਇਆ ਮਹਿਸੂਸ ਕਰਦਾ ਹੈ।