ਫ਼ੱਗਣ ਦੇ ਖੁੱਲ੍ਹੇ ਦਿਨਾਂ ਦੀ ਵੇਹਲੀ ਰੁੱਤ ਹੋਣ ਕਰ ਕੇ ਪਿੰਡ ਦੀ ਸੱਥ ਹਰ ਰੋਜ਼ ਵਾਂਗ ਨੱਕੋ ਨੱਕ ਭਰ ਗਈ। ਤਾਸ਼ ਵਾਲਿਆਂ ਦੀਆਂ ਅੱਡੋ ਅੱਡ ਢਾਣੀਆਂ ਪੱਤੇ ‘ਤੇ ਪੱਤਾ ਮਾਰਨ ‘ਚ ਇੰਨੀਆਂ ਮਗਨ ਸਨ ਕਿ ਉਹ ਆਪਣੇ ਸਾਰੇ ਆਸੇ ਪਾਸੇ ਤੋਂ ਹੀ ਬੇ-ਖ਼ਬਰ ਹੋਈਆਂ ਪਈਆਂ ਸਨ। ਤਾਸ਼ ਖੇਡਣ ਵਾਲੇ ਘੱਟ ਤੇ ਖੇਡਣ ਵਾਲਿਆਂ ਦੇ ਨਾਲ ਬਹਿ ਕੇ ਪੱਤਾ ਮਰੋੜਨ ਵਾਲੇ ਬਹੁਤੇ ਸਨ। ਤਾਸ਼ ਖੇਡੀ ਜਾਂਦੀ ਇੱਕ ਢਾਣੀ ‘ਚ ਪੱਤਾ ਸੁੱਟ ਕੇ ਉੱਚੀ ਉੱਚੀ ਰੌਲਾ ਪਾਈ ਜਾਂਦੇ ਚੜ੍ਹਤੇ ਬੁੜ੍ਹੇ ਕੇ ਗੁੱਲੂ ਨੂੰ ਬਾਬੇ ਸੁਰਜਨ ਸਿਉਂ ਨੇ ਸੱਥ ‘ਚ ਆਉਂਦਿਆਂ ਹੀ ਪੁੱਛਿਆ, ”ਓਏ ਕੀ ਗੱਲ ਹੋ ਗੀ ਗੁੱਲਾ ਸਿਆਂ! ਬਾਹਲਾ ਰੌਲਾ ਪਾਈ ਜਾਨੈਂ ਜਿਮੇਂ ਭੀੜੇ ਘਰਾਂ ‘ਚ ਚੋਰ ਵੜੇ ਤੋਂ ਸਾਰੇ ਮਹੱਲੇ ‘ਚ ਚੱਕ ਲੋ ਚੱਕ ਲੋ ਹੋ ਗੀ ਹੁੰਦੀ ਐ। ਕੀ ਗੱਲ ਤਾਸ਼ ‘ਚ ਵੀ ਚੋਰ ਵੜ ਗਿਆ ਕੋਈ?”
ਬਾਬੇ ਸੁਰਜਨ ਸਿਉਂ ਨੂੰ ਬੈਠਣ ਲਈ ਕਹਿੰਦਾ ਹੋਇਆ ਨਾਥਾ ਅਮਲੀ ਬੋਲਿਆ, ”ਪਹਿਲਾਂ ਬਹਿ ਤਾਂ ਜਾ ਬਾਬਾ, ਫ਼ੇਰ ਦਸਦੇ ਆਂ ਤੈਨੂੰ ਸੱਕਰ ਭਿੱਜੀ ਕਿਮੇਂ ਖੇਡੀ ਦੀ ਹੁੰਦੀ ਐ। ਤਾਸ਼ ਦੇ ਪੱਤੇ ਤਾਂ ਆਪ ਈ ਚੋਰ ਹੁੰਦੇ ਐ। ਤਾਹੀਂ ਤਾਂ ਇਨ੍ਹਾਂ ਨੂੰ ਹਿੱਕ ਨਾਲ ਲਾ ਕੇ ਵੇਂਹਦੇ ਹੁੰਦੇ ਐ ਬਈ ਕਿਸੇ ਨੂੰ ਪਤਾ ਨਾ ਲੱਗ ਜੇ। ਨਾਲ ਮੈਨੂੰ ਤਾਂ ਇਉਂ ਲੱਗਦਾ ਜਿਮੇਂ ਗੁੱਲ ‘ਤੇ ਬੱਕਰੀ ਚੜ੍ਹਗੀ ਲੱਗਦੀ ਐ। ਤੂੰ ਗਾਹਾਂ ਇਹਨੂੰ ਗੁੱਲਾ ਸਿਉਂ ਕਹਿ ‘ਤਾ। ਇਹ ਤਾਂ ਪਹਿਲਾਂ ਈ ਨ੍ਹੀ ਸੀ ਪੈਰ ਭੁੰਜੇ ਲੱਗਣ ਦਿੰਦਾ ਸੀ ਹੁਣ ਇਹ ਹੋਰ ਚਾਂਭਲ ਜੂ।”
ਬਾਬਾ ਮੋਢੇ ਤੋਂ ਸਾਫ਼ਾ ਲਾਹ ਕੇ ਸੱਥ ਵਾਲਾ ਥੜ੍ਹਾ ਸਾਫ਼ ਕਰਦਾ ਨਾਥੇ ਅਮਲੀ ਦੇ ਕੰਨੀਂ ਗੱਲ ਕੱਢਦਾ ਬੋਲਿਆ, ”ਅੱਜ ਤਾਂ ਅਮਲੀਆ ਲੱਗਦਾ ਕੋਈ ਨਮਾਂ ਈ ਸੱਪ ਕੱਢੇਂਗਾ।”
ਮਾਹਲਾ ਨੰਬਰਦਾਰ ਕਹਿੰਦਾ, ”ਸੱਪ ਅਰਗਾ ਸੱਪ ਐ ਸੁਰਜਨ ਸਿਆਂ। ਇਨ੍ਹਾਂ ਪਤੰਦਰਾਂ ਨੇ ਵੀ ਲੋਹੜਾ ਈ ਮਾਰਿਆ ਹਾਂਸੀ ਕੇ ਗੁਆੜ ਆਲਿਆਂ ਨੇ। ਜੇ ਕਿਤੇ ਨਹਿੰਗ ਸਿੰਘਾਂ ਨੂੰ ਪਤਾ ਲੱਗ ਗਿਆ ਨਾ, ਬਈ ਇਹ ਮਾਹਰਾਜ ਨੂੰ ਇਉਂ ਬੋਲਦੇ ਐ, ਉਨ੍ਹਾਂ ਨੇ ਪੰਜ ਮਣੇ ਕੜਾਹੇ ਥੱਲੇ ਦੇ ਕੇ ਦੇਵਪੁਰੀ ਨੂੰ ਤੋਰ ਦੇਣੈ, ਫ਼ੇਰ ਝਾਕੋਂਗੇ ਜਿਮੇਂ ਲੰਗੂਰ ਨੇ ਬਿੱਲ ਬਤੌਰੀ ਫ਼ੜਿਆ ਹੁੰਦੈ। ਤੂੰ ਸਮਝਾਈਂ ਸੁਰਜਨ ਸਿਆਂ ਇਨ੍ਹਾਂ ਨੂੰ, ਸਾਡੇ ਕਹੇ ਤੋਂ ਇਹ ਸਾਡੇ ਤਾਂ ਇਉਂ ਗਲ ਨੂੰ ਆਉਣਗੇ ਜਿਮੇਂ ਭੁੱਖੀ ਬਾਂਦਰੀ ਕੇਲੇ ਦੀਆਂ ਛੱਲੀਆਂ ਨੂੰ ਪੈ ਜਾਂਦੀ ਹੁੰਦੀ ਐ। ਤੇਰਾ ਤਾਂ ਛਿਆਰਾ ਕੀਤਾ ਈ ਵਾਧੂ ਐ।”
ਬਾਬੇ ਸੁਰਜਨ ਸਿਉਂ ਨੇ ਪੁੱਛਿਆ, ”ਐਡਾ ਕਿੱਡਾ ਕੁ ਪਹਾੜ ਡੇਗ ‘ਤਾ ਇਨ੍ਹਾਂ ਦੇ ਗੁਆੜ ਆਲਿਆਂ ਨੇ ਬਈ ਜਿਹੜਾ ਠੱਲ੍ਹਿਆ ਨ੍ਹੀ ਗਿਆ। ਇਹ ਹਾਂਸੀ ਕਾ ਗੁਆੜ ਤਾਂ ਸੱਤਾਂ ਪਿੰਡਾਂ ਤੋਂ ਵੀ ਬਾਹਲਾ ਡਰੂ ਗੁਆੜ ਐ। ਗਿੱਲੇ ਗੋਹੇ ‘ਤੇ ਤਾਂ ਪੈਰ ਨ੍ਹੀ ਧਰਦੇ, ਐਡਾ ਕੀ ਇਹ ਖੂਹ ਖਾਤਾ ਪੱਟ ਕੇ ਬਹਿ ਗੇ?”
ਬੁੱਘਰ ਦਖਾਣ ਨਾਥੇ ਅਮਲੀ ਦੇ ਮੋਢੇ ‘ਤੇ ਹੱਥ ਮਾਰ ਕੇ ਕਹਿੰਦਾ, ”ਭਰਿੰਡਾਂ ਦੇ ਖੱਖਰ ‘ਚ ਹੱਥ ਤਾਂ ਅਮਲੀਆਂ ਹੁਣ ਤੈਂ ਪਾ ਈ ਲਿਆ, ਛੇੜ ਦੇ ਫ਼ਿਰ ਹੀਰ ਹੁਣ।”
ਬੁੱਘਰ ਦਖਾਣ ਦੇ ਮਾਰੇ ਪੰਪ ‘ਤੇ ਨਾਥਾ ਅਮਲੀ ਗਲੋਟੇ ਵਾਂਗੂੰ ਉੱਧੜ ਪਿਆ। ਘੜੀਸਾ ਜਾ ਮਾਰ ਕੇ ਬਾਬੇ ਸੁਰਜਨ ਸਿਉਂ ਦੇ ਨੇੜੇ ਹੋ ਕੇ ਕਹਿੰਦਾ, ”ਜਿਹੜੇ ਪਹਾੜ ਦੀ ਤੂੰ ਗੱਲ ਕਰਦੈਂ ਬਾਬਾ, ਉਹ ਇਉਂ ਹੋਈ ਐ। ਇਹ ਹਾਂਸੀ ਕੇ ਗੁਆੜ ਆਲਿਆਂ ਦੀ ਤੇ ਗਾਹੂ ਕੇ ਗੁਆੜ ਆਲਿਆਂ ਦੀ ਵੇਖ ਲਾ ਆਪਸ ਵਿੱਚ ਪਹਿਲਾਂ ਤੋਂ ਈ ਬਣਦੀ ਨ੍ਹੀ। ਪਿੰਡ ਦਾ ਗੁਰਦੁਆਰਾ ਤਾਂ ਸਾਂਝਾ ਈ ਹੁੰਦੈ, ਗੁਰਦੁਆਰਾ ਵੇਖ ਲਾ ਗਾਹੂ ਕੇ ਗੁਆੜ ‘ਚ ਐ। ਇਨ੍ਹਾਂ ਹਾਂਸੀ ਕੇ ਗੁਆੜ ਆਲਿਆਂ ਨੇ ਕਿਤੇ ਆਵਦੀ ਧਰਮਸਾਲਾ ‘ਚ ਖਲਾਉਣਾ ਸੀ ਪਾਠ। ਇਹ ਉੱਧਰੋਂ ਗਾਹੂ ਕੇ ਪਾਸਿਉਂ ਮਾਹਰਾਜ ਲੈਣ ਉਠ ਗੇ॥ ਗਾਹੂ ਕਿਆਂ ਨੇ ਮੋੜ ‘ਤੇ। ਕਹਿੰਦੇ ‘ਆਵਦਾ ਲਿਆਉ ਮਹਾਰਾਜ’। ਹਾਂਸੀ ਕੇ ਗੁਆੜ ਆਲਿਆਂ ਨੇ ਭਜਨੇ ਬਿੰਬਰ ਕੇ ਘਰੇ ਗੁਆੜ ਦਾ ‘ਕੱਠ ਕਰ ਲਿਆ ਬਈ ਪਾਠ ਲਈ ਨਾਲ ਦੇ ਪਿੰਡੋਂ ਡੇਰੇ ਆਲਿਆਂ ਤੋਂ ਮਹਾਰਾਜ ਲਿਆ ਕੇ ਪਾਠ ਸ਼ੁਰੂ ਕਰ ਲੋ। ਜਿਹੜੀ ਕੋਈ ਦੱਛਣਾ ਦੁੱਛਣਾ ਹੋਊਗੀ, ਉਹ ਡੇਰੇ ਆਲਿਆਂ ਨੂੰ ਦੇ ਦਿਆਂਗੇ। ‘ਕੱਠ ਦੇ ਵਿੱਚੋਂ ਅਰਜਨ ਕਾ ਜੱਭੀ ਬੋਲਿਆ, ‘ਆਪਾਂ ਆਵਦਾ ਈ ਮਹਾਰਾਜ ਲੈ ਆਈਏ ਯਾਰ।’ ਦੂਜੇ ਏਸ ਗੱਲ ਪਿੱਛੇ ਸਹਿਮਤ ਹੋ ਗੇ। ਅਕੇ ਫ਼ੈਨੇ ਕਮਲੇ ਕਾ ਭਾਂਬੜ ਚੁੱਪ ਕਰਿਆ ਬੈਠਾ ਕਹਿੰਦਾ ‘ਜੇ ਆਵਦਾ ਈ ਮਹਾਰਾਜ ਲਿਆਉਣਾ ਤਾਂ ਫ਼ਿਰ ਪਛੜੋ ਨਾ। ਮੱਘਰ ਲੁਹਾਰ ਆਲੀ ਜੀਪ ਲੈ ਕੇ ਅੰਬਰਸਰੋਂ ਜਾ ਕੇ ਲੱਦ ਲਿਆਉ ਨਾਲੇ ਗਾਹਾਂ ਵਾਸਤੇ ਆਪਣੇ ਗੁਆੜ ਦਾ ਸੰਦ ਬਣ ਜੂ।’ ਜਦੋਂ ਬਾਬਾ ਭਾਂਬੜ ਨੇ ਇਹ ਗੱਲ ਕਹੀ ਤਾਂ ਨੰਦ ਸਿਉਂ ਸਰਦਾਰ ਨੇ ਤਿੰਨ ਚਾਰ ਚਪੇੜੇ ਮਾਰੇ ਤੇ ਥੱਲੇ ਸਿੱਟ ਲਿਆ ਫ਼ਿਰ। ਮਾਰ ਮਾਰ ਹੂਰੇ ਭਾਂਬੜ ਦਾ ਮੂੰਹ ਇਉਂ ਬਣਾ ‘ਤਾ ਜਿਮੇਂ ਗਧਿਆਂ ਦਾ ਭੱਠੇ ‘ਚ ਮਤੀਰਾ ਮਿੱਧਿਆ ਪਿਆ ਹੁੰਦਾ। ਪੈਂਦੀਆਂ ਤੋਂ ਸੇਵੇ ਰਸਾਲਦਾਰ ਨੇ ਕਸ ‘ਤੀਆਂ ਨਬਜਾਂ। ਫ਼ੇਰ ਉਹਨੇ ਕੱਢੇ ਭਾਂਬੜ ਦੇ ਚਿੱਬ।”
ਬਾਬੇ ਸੁਰਜਨ ਸਿਉਂ ਨੇ ਪੁੱਛਿਆ, ”ਫ਼ੇਰ ਮਾਹਰਾਜ ਲਿਆਂਦਾ ਕੁ ਗੱਲ ਸਿਰੇ ਈ ਨ੍ਹੀ ਚੜ੍ਹੀ?”
ਮਾਹਲਾ ਨੰਬਰਦਾਰ ਕਹਿੰਦਾ, ”ਇਹ ਗੱਲ ਸੁਰਜਨ ਸਿਆਂ ਸਿਰੇ ਚੜ੍ਹਣ ਆਲੀ ਓ ਈ ਨ੍ਹੀ ਸੀ। ਮਾਹਰਾਜ ਲੈ ਤਾਂ ਆਉਂਦੇ, ਰੱਖਦੇ ਕਿੱਥੇ। ਇਹ ਤਾਂ ਤੂੰ ਸੁਣ ਈ ਲਈ ਗੱਲ। ਹਜੇ ਤਾਂ ਮਹਾਰਾਜ ਲਿਆਉਣ ਦੀਆਂ ਸਕੀਮਾਂ ਈ ਸ਼ੁਰੂ ਹੋਈਆਂ ਸੀ, ਪਹਿਲਾਂ ਈ ਤਾਣਾ ਪੇਟਾ ਉਲਝ ਗਿਆ। ਸਾਲੇ ਬੀਂਬੜ ਜੇ ਨੇ ਗੱਲ ਵੀ ਕੁੱਟ ਖਾਣ ਆਲੀਓ ਈ ਕੀਤੀ।”
ਨਿਹਾਲਾ ਬੁੜ੍ਹਾ ਕਹਿੰਦਾ, ”ਇਹ ਤਾਂ ਪਹਿਲਾਂ ਈਂ ਬੋਲ ਕਬੋਲ ਕਰਨ ਲੱਗ ਪੇ ਐ, ਜੇ ਕਿਤੇ ਮਹਾਰਾਜ ਲੈ ਆਉਂਦੇ ਤਾਂ ਪਤਾ ਨ੍ਹੀ ਕੀ ਚੰਦ ਚੜ੍ਹਾਉਂਦੇ। ਜਿਹੜੀ ਗੱਲ ਦਾ ਰੇੜਕਾ ਵਿਆਹ ਤੋਂ ਪਹਿਲਾਂ ਈ ਪੈ ਜੇ ਉਹੋ ਗੱਲ ਵਿਆਹ ਈ ਨ੍ਹੀ ਸਿਰੇ ਲੱਗਣ ਦਿੰਦੀ ਹੁੰਦੀ। ਇਹੀ ਗੱਲ ਗਾਹੂ ਕੇ ਗੁਆੜ ਆਲਿਆਂ ਦੀ ਹੋ ਗੀ। ਹਜੇ ਤਾਂ ਮਾਹਰਾਜ ਲਿਆਉਣ ਦੀ ਗੱਲ ਈ ਤੁਰੀ ਸੀ ਬਈ ਕਿਮੇਂ ਕਰੀਏ, ਲਿਆਈਏ ਕੁ ਨਾ ਲਿਆਈਏ, ਇਹ ਕੰਜਰ ਦੇ ਪੁੱਤ ਟੀਰੇ ਜੇ ਨੇ ਹੋਰ ਈ ਕੱਛ ‘ਚੋਂ ਮੂੰਗਲਾ ਕੱਢ ਮਾਰਿਆ। ਵੱਸ! ਹੁਣ ਕਾਹਦੀ ਬਣਨੀ ਐ ਗੱਲ। ਐਮੇਂ ਤਾਂ ਨ੍ਹੀ ਸਾਰਾ ਪਿੰਡ ਇਨ੍ਹਾਂ ਦੇ ਲਾਣੇ ਨੂੰ ਕਮਲੇ ਕਹਿੰਦਾ। ਜਿਹੋ ਜੀ ਨੰਦੋ ਬਾਹਮਣੀ ਓਹੋ ਜਾ ਘੁੱਦੂ ਜੇਠ। ਜਿਹੋ ਜੀ ਇਨ੍ਹਾਂ ਦੀ ਬੁੜ੍ਹੀ ਚਿੰਤੀ ਸੀ, ਉਹੋ ਜੀ ਓ ਈਂ ਅਲਾਦ ਹੋਣੀ ਸੀ।”
ਸੀਤੇ ਮਰਾਸੀ ਨੇ ਨਿਹਾਲੇ ਬੁੜ੍ਹੇ ਨੂੰ ਪੁੱਛਿਆ, ”ਕਿਉਂ ਬਈ ਤਾਊ! ਇਨ੍ਹਾਂ ਨੂੰ ਕਮਲਿਆਂ ਦਾ ਲਾਣਾ ਕਿਉਂ ਕਹਿੰਦੇ ਐ ਪਿੰਡ ਆਲੇ?”
ਨਿਹਾਲਾ ਕਹਿੰਦਾ, ”ਇਹ ਅੱਲ ਤਾਂ ਇਨ੍ਹਾਂ ਦੀ ਬੁੜ੍ਹੀ ਚਿੰਤੀ ਤੋਂ ਪੈਣ ਲੱਗੀ ਐ।”
ਨਾਥਾ ਅਮਲੀ ਨਿਹਾਲੇ ਬੁੜ੍ਹੇ ਨੂੰ ਕਹਿੰਦਾ, ”ਹੁਣ ਬੁੜ੍ਹੀ ਚਿੰਤੀ ਦੀ ਵੀ ਗੱਲ ਦੱਸ ਈ ਦੇਹ ਤਾਊ।”
ਨਿਹਾਲਾ ਬੁੜ੍ਹਾ ਕਹਿੰਦਾ, ”ਕਈ ਸਾਲਾਂ ਦੀ ਗੱਲ ਐ, ਆਪਣੇ ਗੁਆੜ ਆਲੇ ਜੈਲਾ ਸਿਉਂ ਦੀ ਘਰ ਆਲੀ ਨਸੀਬ ਕੁਰ ਕਿਤੇ ਆਵਦੀ ਧੀ ਨੂੰ ਕਨੇਡੇ ਮਿਲਣ ਗਈ ਓੱਥੇ ਈ ਫ਼ੌਤ ਹੋ ਗੀ। ਇਹ ਲਾਸ਼ ਐਥੇ ਪਿੰਡ ਲਿਆਏ। ਪਿੰਡ ‘ਚ ਵੇਖ ਲਾ ਪਹਿਲਾਂ ਈ ਰੌਲਾ ਪੈ ਗਿਆ ਸੀ ਬਈ ਨਸੀਬੋ ਦੀ ਲਾਸ਼ ਐਥੇ ਪਿੰਡ ਲਈ ਆਉਂਦੇ ਐ ਉਹਦੇ ਧੀ ਜੁਮਾਈ। ਲੋਕਾਂ ਨੂੰ ਇਸ ਗੱਲ ਦਾ ਅਚੰਭਾ ਹੋ ਗਿਆ ਬਈ ਲਾਸ਼ ਨੂੰ ਕਾਹਦੇ ‘ਚ ਪਾ ਕੇ ਕਿਮੇਂ ਲੈ ਕੇ ਆਉਣਗੇ। ਜੀਹਨੇ ਸਸਕਾਰ ‘ਤੇ ਨਹੀਂ ਸੀ ਜਾਣਾ, ਇਹ ਕੁਸ ਵੇਖਣ ਦਾ ਮਾਰਾ ਉਹ ਵੀ ਜੈਲਾ ਸਿਉਂ ਕੇ ਘਰੇ ਪਹੁੰਚ ਗਿਆ। ਇਹ ਬੁੜ੍ਹੀ ਚਿੰਤੀ ਵੀ ਸਾਰਿਆਂ ਤੋਂ ਮੂਹਰੇ। ਚਿੰਤੀ ਜੈਲਾ ਸਿਉਂ ਕੇ ਘਰੇ ਤਾਂ ਕਰ ਕੇ ਬਹੁਤਾ ਆਉਂਦੀ ਜਾਂਦੀ ਸੀ ਬਈ ਚਿੰਤੀ ਦੀ ਵੀ ਵੱਡੀ ਕੁੜੀ ਕਨੇਡੇ ‘ਚ ਜੈਲਾ ਸਿਉਂ ਦੀ ਕੁੜੀ ਕੋਲ ਸੀ ਤੇ ਚਿੰਤੀ ਨੇ ਵੀ ਕਨੇਡੇ ਜਾਣਾ ਸੀ। ਚੱਲੋ ਜੀ ਨਸੀਬ ਕੁਰ ਦਾ ਲਾਸ਼ ਇੱਕ ਲੰਮੀ ਸਾਰੀ ਲੱਕੜ ਦੀ ਪੇਟੀ ‘ਚ ਬੰਦ ਹੋ ਕੇ ਪਿੰਡ ਆ ਗੀ। ਜਦੋਂ ਪੇਟੀ ਘਰੇ ਵੇਹੜੇ ‘ਚ ਲਿਆ ਕੇ ਰੱਖੀ ਤਾਂ ਪੇਟੀ ਦੁਆਲੇ ਇਉਂ ‘ਕੱਠ ਹੋ ਗਿਆ ਜਿਮੇਂ ਖੇਡਾ ਪਾਉਂਦੇ ਮਦਾਰੀ ਦੁਆਲੇ ਲੋਕ ‘ਕੱਠੇ ਹੋ ਜਾਂਦੇ ਹੁੰਦੇ ਐ। ਪੇਟੀ ਖੋਹਲਣ ਨੂੰ ਘੁੱਦੇ ਕੇ ਤਾਰ ਮਿਸਤਰੀ ਨੂੰ ਸੱਦ ਕੇ ਲਿਆਂਦਾ। ਤਾਰ ਮਿਸਤਰੀ ਨੇ ‘ਥੌੜ੍ਹੀ ਛੈਣੀ ਨਾਲ ਪੇਟੀ ਦਾ ਢੱਕਣ ਪੱਟਿਆ ਤੇ ਫ਼ੇਰ ਕਿਤੇ ਜਾ ਕੇ ਨਸੀਬ ਕੁਰ ਦੀ ਲਾਸ਼ ਬਾਹਰ ਕੱਢੀ ਪੇਟੀ ‘ਚੋਂ। ਇਹ ਚਿੰਤੀ ਬੁੜ੍ਹੀ ਕਿਤੇ ਸਾਰਾ ਕੁਸ ਵੇਖੀ ਜਾਂਦੀ ਸੀ ਬਈ ਤਾਰ ਮਿਸਤਰੀ ਨੇ ਪੇਟੀ ਦਾ ਢੱਕਣ ਕਿਮੇਂ ਪੱਟਿਆ ਸੀ। ਚਿੰਤੀ ਦਾ ਸਸਕਾਰ ਵੀ ਹੋ ਗਿਆ। ਸਸਕਾਰ ਤੋਂ ਪਿੱਛੋਂ ਜਦੋਂ ਬੁੜ੍ਹੀਆਂ ਕਿਤੇ ਆਪੋ ਆਪਣੇ ਘਰਾਂ ਨੂੰ ਜਾਂਦੀਆਂ ਸੀ ਤਾਂ ਤੁਰੀਆਂ ਜਾਂਦੀਆਂ ‘ਚੋਂ ਬਿੱਕਰ ਪਾੜ੍ਹੇ ਦੀ ਮਾਂ ਚਿੰਤੀ ਬੁੜੀ ਨੂੰ ਕਹਿੰਦੀ ‘ਤੂੰ ਕਦੋਂ ਜਾਣੈ ਭੈਣੇ ਕਨੇਡੇ ਨੂੰ?’ ਚਿੰਤੀ ਕਹਿੰਦੀ ‘ਮੈਂ ਤਾਂ ਹਜੇ ਦੋ ਮਹੀਨਿਆਂ ਨੂੰ ਜਾਊਂਗੀ, ਪਰ ਮੈਂ ਤਾਂ ਭੈਣੇ ਆਵਦੇ ਧੀ ਜਮਾਈ ਨੂੰ ਜਾਣ ਸਾਰ ਈ ਕਹਿ ਦੂੰ ਬਈ ਜੇ ਮੈਂ ਕਨੇਡੇ ‘ਚ ਮਰ ਮੁਰ ਗੀ, ਜਾਂ ਤਾਂ ਮੈਨੂੰ ਏਥੇ ਈ ਫ਼ੂਕ ਫ਼ਾਕ ਦਿਉ। ਨਹੀਂ ਫ਼ੇਰ ਮੈਨੂੰ ਤਾਂ ਨਾ ਧੀਏ ਪੇਟੀ ਪੂਟੀ ‘ਚ ਬੰਦ ਕਰ ਕੇ ਭੇਜਿਓ। ਮੈਨੂੰ ਤਾਂ ਸਾਹ ਈ ਨ੍ਹੀ ਆਉਣਾ ਬੰਦ ਜੀ ਪੇਟੀ ‘ਚਮੇਰਾ ਤਾਂ ਸਾਹ ਈ ਬੰਦ ਹੋ ਜੂ’। ਬੁੜ੍ਹੀਆਂ ਨੇ ਗੱਲ ਚੱਕ ਲੀ।”
ਨਾਥਾ ਅਮਲੀ ਨਿਹਾਲੇ ਬੁੜ੍ਹੇ ਦੀ ਗੱਲ ਵਿੱਚੋਂ ਟੋਕ ਕੇ ਬੋਲਿਆ, ”ਜਦੋਂ ਚਿੰਤੀ ਨੇ ਇਹ ਕਹੀ ਸੀ ਤਾਂ ਬੁੜ੍ਹੀਆਂ ਨੂੰ ਗੱਲ ਨ੍ਹੀ ਆਈ ਓਦੋਂ। ਉਹ ਕਹਿੰਦੀਆਂ ਤੂੰ ਕਨੇਡੇ ਜਾ ਕੇ ਮਰ ਤਾਂ ਸੀ, ਤੇਰੀ ਪੇਟੀ ‘ਚ ਮੋਰੀਆਂ ਰਖਾ ਦਿਆਂਗੀਆਂ ਕਹਿ ਕਹਾ ਕੇ ਜਿਮੇਂ ਸੈਂਕਲਾਂ ਮਗਰ ਵੱਡੇ ਵੱਡੇ ਗੱਤਿਆਂ ਦੇ ਡੱਬਿਆਂ ‘ਚ ਕੁਕੜੀ ਦੇ ਚੂਚਿਆਂ ਵਾਸਤੇ ਮੋਰੀਆਂ ਛੱਡੀਆਂ ਹੁੰਦੀਐਂ।”
ਬਾਬਾ ਸੁਰਜਨ ਸਿਉਂ ਅਮਲੀ ਨੂੰ ਚੁੱਪ ਕਰਾ ਕੇ ਨਿਹਾਲੇ ਬੁੜ੍ਹੇ ਨੂੰ ਕਹਿੰਦਾ, ”ਗਾਹਾਂ ਦੱਸ ਨਿਹਾਲ ਸਿਆਂ ਕਿਮੇਂ ਹੋਈ ਫ਼ਿਰ?”
ਨਿਹਾਲਾ ਬੁੜ੍ਹਾਂ ਕਹਿੰਦਾ, ”ਚਿੰਤੀ ਦੀ ਗੱਲ ਸੁਣ ਕੇ ਸੰਤੇ ਕੇ ਜੱਗੂ ਦੀ ਘਰ ਆਲੀ ਕਹਿੰਦੀ ‘ਜਦੋਂ ਤਾਈ ਤੂੰ ਮਰ ਈ ਗਈ ਫ਼ੇਰ ਪੇਟੀ ‘ਚ ਪਾਈ ਨੂੰ ਤੈਨੂੰ ਸਾਹ ਕਿੱਥੋਂ ਆ ਜੂ ਮਰੀ ਪਈ ਨੂੰ?’ ਗੱਲ ਸੁਣ ਕੇ ਚਿੰਤੀ ਮੁੜ ਕੇ ਬੋਲੀ ‘ਹਾਂ ਸੱਚ, ਮੈਂ ਤਾਂ ਮਰੀਉ ਈ ਪਈ ਹੋਊਂ।’ ਇਹ ਤਾਂ ਐਡੀ ਕਮਲੀ ਬੁੜ੍ਹੀ ਐ। ਉਹੋ ਜੀ ਓ ਈ ਅਕਲ ਮੁੰਡੇ ਨੂੰ ਹੋਣੀ ਸੀ।”
ਸੀਤਾ ਮਰਾਸੀ ਕਹਿੰਦਾ, ”ਮੁੰਡੇ ਦੇ ਤਾਂ ਫ਼ਿਰ ਗੱਲ ਕਹਿਣ ‘ਤੇ ਲੋਕਾਂ ਦੇ ਸੱਦ ਪਰਾਗੇ ਪਾ ਈ ਦਿੱਤੇ ਸੀ ਤੇ ਬੁੜ੍ਹੀ ਨੂੰ ਨ੍ਹੀ ਕਿਸੇ ਨੇ ਕੁਸ ਕਿਹਾ?”
ਬਾਬਾ ਸੁਰਜਨ ਸਿਉਂ ਕਹਿੰਦਾ, ”ਬੁੜ੍ਹੀ ਦੀ ਗੱਲ ਪਿੱਛੇ ਤਾਂ ਕੀ ਕਹਿਣਾ ਸੀ ਕਿਸੇ ਨੇ ਬੁੜ੍ਹੀ ਨੂੰ, ਪਰ ਮੁੰਡਾ ਤਾਂ ਗ੍ਰੰਥ ਸਾਹਬ ਨੂੰ ਪੁੱਠਾ ਬੋਲਿਆ ਸੀ ਤਾਂ ਕਰ ਕੇ ਅਗਲਿਆਂ ਨੇ ਮਿੱਧੇ ਵੇ ਸਣ ਦੇ ਗਰਨਿਆਂ ਅਰਗਾ ਕਰ ‘ਤਾ ਸੀ। ਮਤਲਬ ਕਹਿਣ ਤੋਂ ਸਾਰਾ ਟੱਬਰ ਈ ਕਮਲਿਆਂ ਦਾ ਟੱਬਰ ਐ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਸੱਥ ਕੋਲ ਦੀ ਲੰਘਿਆ ਜਾਂਦਾ ਮੱਦੀ ਪੰਡਤ ਬਾਬੇ ਸੁਰਜਨ ਸਿਉਂ ਨੂੰ ਕਹਿੰਦਾ, ”ਤੇਰਾ ਯਾਰ ਕਰਤਾਰ ਸਿਉਂ ਆ ਗਿਆ ਬਾਬਾ ਬਾਹਰੋਂ, ਹੁਣੇਂ ਈਂ ਆਇਆ। ਮਿਲਿਆ ਜਾ ਕੇ। ਭਰਜਾਈ ਵੀ ਤੇਰੀ ਨਾਲ ਈ ਐ।”
ਅਮਲੀ ਪੰਡਤ ਨੂੰ ਤਣਜ ਮਾਰ ਕੇ ਕਹਿੰਦਾ, ”ਤੰਦਰੁਸਤ ਐ ਪੰਡਤਾ ਕੁ ਪੇਟੀ ‘ਚ ਬੰਦ ਹੋ ਕੇ ਆਏ ਐ?”
ਬਾਬਾ ਸੁਰਜਨ ਸਿਉਂ ਨਾਥੇ ਅਮਲੀ ਨੂੰ ਘੂਰਦਾ ਬੋਲਿਆ, ”ਚੁੱਪ ਨ੍ਹੀ ਕਰਦਾ ਓਏ ਵਿੰਗੜਾ ਜਿਆ।”
ਏਨੀ ਗੱਲ ਕਹਿ ਕੇ ਬਾਬਾ ਆਪਣੇ ਆੜੀ ਕਰਤਾਰ ਸਿਉਂ ਨੂੰ ਮਿਲਣ ਉਹਦੇ ਘਰ ਨੂੰ ਤੁਰ ਪਿਆ ਤੇ ਬਾਕੀ ਦੀ ਸੱਥ ਵਾਲੇ ਵੀ ਇਉਂ ਉਠ ਕੇ ਘਰਾਂ ਨੂੰ ਤੁਰ ਗਏ ਜਿਮੇਂ ਉਨ੍ਹਾਂ ਦੇ ਵੀ ਦੋਸਤ ਮਿੱਤਰ ਬਾਹਰੋਂ ਆਏ ਹੋਣ।