”ਓ ਸਣਾ ਬਈ ਨਾਥਾ ਸਿਆਂ ਕਿਮੇਂ ਆਂ? ਅੱਜ ਕਿਮੇਂ ਫ਼ੂਕ ਨਿਕਲੀ ਆਲੇ ਬੁਲਬਲੇ ਅਰਗਾ ਹੋਇਆ ਬੈਠੈਂ ਸੱਥ ‘ਚ ਜਿਮੇਂ ਬਿਨ ਫ਼ੰਘੀ ਕੁਕੜੀ ਕੜੈਣ ਖਾ ਕੇ ਧੁੱਪ ‘ਚ ਬੌਂਦਲੀ ਪਈ ਹੁੰਦੀ ਐ। ਤੈਨੂੰ ਤਾਂ ਯਾਰ ਕਦੇ ਵੀ ਸੱਥ ‘ਚ ਇਉਂ ਨ੍ਹੀ ਵੇਖਿਆ ਜਿਮੇਂ ਅੱਜ ਬੈਠੈਂ ਲੀਰਾਂ ਦੀ ਖਿੱਲਰੀ ਖਿੱਦੋ ਅਰਗਾ ਹੋਇਆ।” ਬਾਬਾ ਬੂੜ ਸਿਉਂ ਨੇ ਸੱਥ ‘ਚ ਆਉਂਦਿਆ ਹੀ ਅਮਲੀ ਨੂੰ ਪੁੱਛਿਆ।
ਨਸ਼ੇ ਤੋਂ ਟੁੱਟਾ ਹੋਇਆ ਹੋਣ ਕਰ ਕੇ ਨਾਥਾ ਅਮਲੀ ਤਾਂ ਬੋਲਣ ਨੂੰ ਦੇਰ ਕਰ ਗਿਆ, ਪਰ ਅਮਲੀ ਦੇ ਕੋਲ ਬੈਠਾ ਬੁੜ੍ਹਾ ਸੁੰਦਰ ਸਿਉਂ ਕਹਿੰਦਾ, ”ਅਮਲ ਦੀ ਟੋਟ ਪਈ ਲੱਗਦੀ ਐ ਨਾਥਾ ਸਿਉਂ ਨੂੰ। ਕਿਉਂ ਨਾਥਾ ਸਿਆਂ ਏਮੇਂ ਈਂ ਕੁ ਨਹੀਂ?”
ਅਮਲੀ ਢਿੱਲੀ ਜੀ ਟੋਨ ‘ਚ ਬੋਲ ਕੇ ਕਹਿੰਦਾ, ”ਕੱਲ੍ਹ ਦਾ ਈ ਮੁੱਕਿਆ ਵਿਆ ਅਮਲ ਤਾਂ ਤਾਊ”।
ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਕੀ ਗੱਲ ਮਿਲਣੋ ਹਟ ਗਿਆ ਕੁ ਅਮਲ ਈ ਖਾਣਾ ਛੱਡ ‘ਤਾ?”
ਅਮਲੀ ਮਾੜਾ ਜਾ ਕੰਡੇ ਜੇ ‘ਚ ਹੋ ਕੇ ਕਹਿੰਦਾ, ”ਇਹ ਚੀਜਾਂ ਨੰਬਰਦਾਰਾ ਕਿਤੇ ਛੱਡਣ ਆਲੀਆਂ ਹੁੰਦੀਐਂ। ਨਾਲੇ ਸੋਨੂੰ ਤੇ ਸਾਨੂੰ ਤਾਂ ਇਹ ਵਿਰਸੇ ‘ਚੋਂ ਮਿਲੀਆਂ ਵੀਐਂ। ਆਹ ਹੋਰ ਚੌਂਹ ਵਰ੍ਹਿਆਂ ਨੂੰ ਆਪ ਈ ਛੁੱਟ ਜਾਣੀਐਂ ਜਦੋਂ ਜਮਦੂਤ ਸਭ ਕੁਸ ਈ ਖੋਹ ਕੇ ਲੈ ਗੇ। ਫ਼ੇਰ ਕੀਹਨੇ ਪੁੱਛਣੈ ਕਿ ਨਾਥਾ ਕੀਹਦਾ ਫ਼ੁੱਫ਼ੜ ਐ।”
ਅਮਲੀ ਦੀਆਂ ਗੱਲਾਂ ਸੁਣ ਕੇ ਪ੍ਰਤਾਪਾ ਭਾਊ ਅਮਲੀ ਵੱਲ ਇਸ਼ਾਰਾ ਕਰ ਕੇ ਕਹਿੰਦਾ, ”ਅੱਜ ਪਤੰਦਰ ਬਿਨਾ ਅਮਲ ਤੋਂ ਈ ਆਠੇ ਪਾਈ ਜਾਂਦੈ। ਕਿਤੇ-ਕਿਤੇ ਖਾਧੀ ਤੋਂ ਵੀ ਭੰਬਲਭੂਸੇ ‘ਚ ਪਿਆ ਰਹਿੰਦਾ। ਇਹਦਾ ਨਾ ਪਤਾ ਲੱਗਿਆ ਕਿਸੇ ਨੂੰ ਬਈ ਕੀ ਕੁਸ ਕਰੀ ਜਾਂਦਾ ਇਹੇ। ਕਦੇ ਤਾਂ ਇਉਂ ਝਾਕੂ ਜਿਮੇਂ ਖਤਾਨਾਂ ‘ਚ ਸੁੱਖੇ ਦਾ ਬੂਟਾ ਸੁੱਕਿਆ ਖੜ੍ਹਾ ਹੁੰਦਾ। ਹੁਣ ਬਿਨਾਂ ਅਮਲ ਤੋਂ ਈ ਦਪਿਹਰ ਖਿੜੀ ਬਣਿਐ ਬੈਠੈ।”
ਬਾਬਾ ਬੂੜ ਸਿਉਂ ਫ਼ੇਰ ਹੋਇਆ ਅਮਲੀ ਵੱਲ ਨੂੰ। ਅਮਲੀ ਦੇ ਮੋਢੇ ‘ਤੇ ਹੱਥ ਮਾਰ ਕੇ ਕਹਿੰਦਾ, ”ਤੂੰ ਇਉਂ ਦੱਸ ਅਮਲੀਆ, ਬਈ ਕੱਲ੍ਹ ਵੋਟਾਂ ਪੈ ਕੇ ਹਟੀਐਂ, ਜੀਹਨੂੰ ਤੂੰ ਵੋਟ ਪਾਈ ਐ ਉਹ ਜਿੱਤ ਗਿਆ ਹਾਰ ਗਿਆ?”
ਮਾਹਲਾ ਨੰਬਰਦਾਰ ਬਾਬੇ ਬੂੜ ਸਿਉਂ ਦੀ ਗੱਲ ਸੁਣ ਕੇ ਬੂੜ ਸਿਉਂ ਨੂੰ ਕਹਿੰਦਾ, ”ਇਹ ਤਾਂ ਹਰੇਕ ਵਾਰੀ ਜਿੱਤਿਆਂ ਵੱਲ ਈ ਹੁੰਦੈ। ਇਹ ਕਿਤੇ ਹਾਰਨ ਆਲਾ ਬੰਦੈ।”
ਬਾਬੇ ਬੂੜ ਸਿਉਂ ਨੇ ਪੁੱਛਿਆ, ”ਉਹ ਕਿਮੇਂ ਬਈ?”
ਸੀਤਾ ਮਰਾਸੀ ਗੋਲ ਟਿੱਚਰ ਕਰ ਕੇ ਹੱਸ ਕੇ ਅਮਲੀ ਵੱਲ ਇਸ਼ਾਰਾ ਕਰ ਕੇ ਕਹਿੰਦਾ, ”ਇਹ ਕਿੱਥੋਂ ਪਾ ਆਇਆ ਵੋਟ। ਇਨ੍ਹਾਂ ਦੀਆਂ ਤਾਂ ਕੈਲੇ ਖੱਬੂ ਨੇ ਵੋਟਾਂ ਈ ਕਟਾ ‘ਤੀਆਂ ਸੀ। ਅਕੇ ਨਾਥਾ ਸਿਉਂ ਕੇ ਤਾਂ ਬਾਹਰਲੇ ਮੁਲਖ ਉਠਗੇ। ਬਾਹਰਲੇ ਮੁਲਖ ਦਾ ਇਹਨੂੰ ਕੋਈ ਨਾਂਅ ਮਨ੍ਹੀ ਆਉਂਦਾ ਹੋਣਾ। ਉਹ ਜਿਹੜੇ ਵੋਟਾਂ ਬਣਾਉਣ ਆਏ ਸੀ ਉਨ੍ਹਾਂ ਨੇ ਪਹਿਲਾਂ ਬਣੀਆਂ ਵੋਟਾਂ ‘ਤੇ ਝਰੀਟ ਮਾਰਨ ਲੱਗਿਆਂ ਮਿੰਟ ਲਾਇਆ। ਇਹ ਕੱਲ੍ਹ ਜਦੋਂ ਵੋਟ ਪਾਉਣ ਗਿਆ ਤਾਂ ਵੋਟਾਂ ਆਲਿਆਂ ਕੋਲੇ ਇਉਂ ਵੋਟ ਭਾਲਦਾ ਫ਼ਿਰੇ ਜਿਮੇਂ ਭੇਡ ਗੁਆਚੇ ਵੇ ਲੇਲੇ ਨੂੰ ਭਾਲਦੀ ਫ਼ਿਰਦੀ ਹੁੰਦੀ ਐ।”
ਸੀਤੇ ਮਰਾਸੀ ਸੀ ਗੱਲ ਸੁਣ ਕੇ ਨਾਥਾ ਅਮਲੀ ਮਰਾਸੀ ਨੂੰ ਟੁੱਟ ਕੇ ਪੈ ਗਿਆ, ”ਬਹਿਨੈ ਕੁ ਨਹੀਂ ਓਏ। ਬਾਹਲ਼ਾ ਆਇਆ ਇਹੇ ਸਿਆਣਾ। ਲੋਕਾਂ ਦੇ ਘਰੋਂ ਖਾ ਖਾ ਮੁਖਤ ਦਾ ਅੰਨ, ਕਿਮੇਂ ਬੀਨ ਆਂਗੂੰ ਢਿੱਡ ਵਧਾਇਆ ਜਿਮੇਂ ਰਬੜ ਦੀ ਨਾਲੀ ‘ਚ ਕਿੱਦੋ ਖੂੰਡੀ ਆਲੀ ਖਿੱਦੋ ਫ਼ਸੀ ਹੁੰਦੀ ਐ। ਵੋਟ ਪਾ ਕੇ ਆਇਆਂ। ਨਾਲੇ ਤੇਰੀ ਚਾਚੀ ਪਾ ਕੇ ਆਈ ਐ ਨਾਲੇ ਮੈਂ ਤੇਰਾ ਚਾਚਾ ਪਾ ਕੇ ਆਇਆਂ। ਬਾਹਲਾ ਆਇਆ ਇਹੇ ਸਿਆਣਾ।”
ਬਾਬੇ ਬੂੜ ਸਿਉਂ ਨੇ ਪੁੱਛਿਆ, ”ਜੀਹਨੂੰ ਤੂੰ ਪਾ ਕੇ ਆਇਐਂ ਉਹ ਕਿਮੇ ਰਿਹਾ। ਜਿੱਤ ਗਿਆ ਕੁ ਬਣਾ ‘ਤਾ ਤੂੰਬਾ?”
ਅਮਲੀ ਕਹਿੰਦਾ, ”ਐਤਕੀ ਤਾਂ ਬਾਬਾ ਤੜਾਗੇ ਈ ਪਾ ‘ਤੇ। ਮੇਰੀ ਵੋਟ ਦਾ ਨਾ ਪੁੱਛ। ਤੂੰ ਇਉਂ ਵੇਖ ਲਾ ਬਈ ਲੋਕ ਇੱਕ ਦਮ ਈ ਪਲਟ ਗੇ। ਕੋਈ ਕਹਿੰਦਾ ਸੀ ਬਈ ਕਾਂਗਰਸ ਜਿੱਤ ਜੂ। ਜੀਹਨੂੰ ਪੁੱਛਦੇ ਸੀ, ਹਰੇਕ ਈ ਝਾੜੂ ਝਾੜੂ ਕਰਦਾ ਸੀ। ਭਜਨੇ ਕਾ ਤੋਗਾ ਸਾਡੇ ਘਰੇ ਆ ਕੇ ਕਹਿੰਦਾ ‘ਐਤਕੀ ਆਪਾਂ ਨੇ ਝਾੜੂ ਨੂੰ ਵੋਟਾਂ ਪਾਉਣੀਐਂ। ਐਮੇਂ ਨਾ ਤੱਕੜੀ ਤੁੱਕੜੀ ਨੂੰ ਪਾ ਦਿਉ। ਐਤਕੀ ਝਾੜੂ ਆਲਿਆਂ ਨੇ ਰਾਜ ਕਰਨੈਂ।”
ਬਾਬੇ ਬੂੜ ਸਿਉਂ ਨੇ ਪੁੱਛਿਆ, ”ਇਨ੍ਹਾਂ ਝਾੜੂ ਆਲਿਆਂ ਦਾ ਲੀਡਰ ਕੌਣ ਐ ਬਈ?”
ਬਾਬੇ ਦੇ ਨਾਲ ਬੈਠਾ ਮਕੰਦਾ ਬੁੜ੍ਹਾ ਕਹਿੰਦਾ, ”ਬਾਹਰੋਂ ਦਿੱਲੀਓਂ ਦੁਲੀਓਂ ਐ ਕੋਈ ਬਾਣੀਆ। ਚੰਗਾ ਤਕੜਾ ਕੋਈ ਆੜ੍ਹਤੀਆ ਕਹਿੰਦੇ ਐ। ਕਹਿੰਦੇ ਬੜਾ ਤਿੱਖਾ ਸੇਠ ਐ। ਅੱਧੋਂ ਬਹੁਤੇ ਪੰਜਾਬ ਨੂੰ ਮਗਰ ਲਾਈ ਫ਼ਿਰਦੈ।”
ਨਾਥਾ ਅਮਲੀ ਮਕੰਦੇ ਬੁੜ੍ਹੇ ਦੀ ਗੱਲ ਸੁਣ ਕੇ ਬੁੜ੍ਹੇ ਨੂੰ ਹਰਖ ਕੇ ਪੈ ਗਿਆ, ”ਜੇ ਅੱਧਾ ਪੰਜਾਬ ਬੁੜ੍ਹਿਆ ਉਹਦੇ ਮਗਰ ਲੱਗਿਆ ਹੁੰਦਾ ਤਾਂ ਸਾਰਿਆਂ ਥਾਮਾਂ ਤੋਂ ਜਿੱਤ ਨਾ ਜਾਂਦਾ ਬਾਣੀਆ। ਹੁਣ ਤਾਂ ਬਾਈ ਸਿਆਂ ਪਟਿਆਲੇ ਆਲੇ ਰਾਜੇ ਦੀ ਧੁੰਮ ਪੈ ਗੀ। ਇਨ੍ਹਾਂ ਝਾੜੂਆਂ ਆਲਿਆਂ ਨੇ ਜਿਹੜੇ ਜਿੱਤ ਦੀ ਖੁਸ਼ੀ ‘ਚ ਵੰਡਣ ਲਈ ਲੱਡੂ ਬਣਵਾ ਕੇ ਰੱਖੇ ਸੀ, ਉਹ ਵੀ ਕਾਂਗਰਸੀਆਂ ਨੂੰ ਅੱਧ ਮੁੱਲ ‘ਚ ਦੇਣੇ ਪਏ।”
ਬਾਬੇ ਬੂੜ ਸਿਉਂ ਨੇ ਪੁੱਛਿਆ, ”ਤੇ ‘ਕਾਲੀਆਂ ਦਾ ਕੀ ਬਣਿਆ ਅਮਲੀਆ?”
ਅਮਲੀ ਹੱਸ ਕੇ ਕਹਿੰਦਾ, ”ਬਣ ਗਿਆ ਜਿਹੜਾ ਕੁਸ ਬਣਨਾ ਸੀ ਬਾਬਾ। ਕੜ੍ਹਾਹ ਬਣ ਗਿਆ। ਕੜ੍ਹਾਹ ਵੀ ਐਹੋ ਜਾ ਬਣਿਆ, ਨਾ ਤਾਂ ਕਿਸੇ ਤੋਂ ਖਾਧਾ ਜਾਣੈ, ਤੇ ਨਾ ਹੀ ਸਿੱਟਿਆ ਜਾਣੈ।”
ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਰੌਲਾ ਤਾਂ ਅਮਲੀਆ ਝਾੜੂ ਆਲਿਆਂ ਦਾ ਬਹੁਤਾ ਪੈਂਦਾ ਸੀ, ਜਿੱਤ ਗਿਆ ਰਾਜਾ ਹੈਂਅ। ਨਾਲੇ ਝਾੜੂ ਆਲਿਆਂ ਨੂੰ ਤਾਂ ਵੋਟਾਂ ਈ ਬਹੁਤ ਪੈ ਗੀਆਂ ਹੋਣੀਐ, ਫ਼ਿਰ ਵੀ ਪਿੱਛੇ ਕਿਉਂ ਰਹਿ ਗੇ ਬਈ। ਚੱਕਰ ਕੀ ਬਣਿਆ ਇਹੇ?”
ਬੱਗੜ ਮਾਸਟਰ ਮਾਹਲੇ ਨੰਬਰਦਾਰ ਦੀ ਗੱਲ ਸੁਣ ਕੇ ਕਹਿੰਦਾ, ”ਐਨੀਆਂ ਵੋਟਾਂ ਨ੍ਹੀ ਪਈਆਂ ਜਿੰਨੀਆਂ ਦਾ ਰੌਲਾ ਪੈਂਦਾ ਸੀ। ਲੋਕ ਘਰੇ ਬੈਠੇ ਫ਼ੇਸਬੁੱਕ ‘ਤੇ ਵੋਟਾਂ ਪਾਈ ਗਏ।”
ਸੀਤਾ ਮਰਾਸੀ ਕਹਿੰਦਾ, ”ਨਾਲੇ ਕਹਿੰਦੇ ਜਿੱਥੇ ਵੋਟਾਂ ਆਲੀਆਂ ਮਸ਼ੀਨਾਂ ਪਈਆਂ ਸੀ ਉੱਥੇ ਵੀ ਹੇਰਾਫ਼ੇਰੀ ਹੋਈ ਐ ਮਾੜੀ ਮੋਟੀ ਕੁ ਨਹੀਂ?”
ਬੁੱਘਰ ਦਖਾਣ ਕਹਿੰਦਾ, ”ਓੱਥੇ ਤਾਂ ਝਾੜੂ ਆਲਿਆਂ ਨੇ ਇਉਂ ਪਹਿਰਾ ਲਾਇਆ ਸੀ ਜਿਮੇਂ ਜੱਟ ਸੂਣ ਆਲੀ ਮੱਝ ਦੇ ਸਰ੍ਹਾਣੇ ਬੈਠਾ ਹੁੰਦਾ ਬਈ ਕਿਤੇ ਮਗਰੋਂ ਈ ਨਾ ਸੂਅ ਪੇ।”
ਨਾਥਾ ਅਮਲੀ ਬੁੱਘਰ ਦੀ ਗੱਲ ‘ਤੇ ਹੱਸ ਕੇ ਕਹਿੰਦਾ, ”ਉਹ ਤਾਂ ਇਉਂ ਰਾਖੀ ਬੈਠੇ ਸੀ ਮਸ਼ੀਨਾਂ ਦੀ ਬਈ ਕਿਤੇ ‘ਕਾਲੀ ਹੇਰਾ ਫ਼ੇਰੀ ਨਾ ਕਰ ਜਾਣ। ਤਾਂ ਬੈਠੇ ਸੀ। ਮਸ਼ੀਨਾਂ ਦੀ ਰਾਖੀ ਤਾਂ ਝਾੜੂ ਆਲੇ ਕਰਦੇ ਰਹਿ ਗੇ, ਜਿੱਤ ਗੇ ਕਾਂਗਰਸੀ। ਮਰਿੰਦਰ ਸਿਉਂ ਨੇ ਤਾਂ ਝਾੜੂ ਆਲਿਆਂ ਦਾ ਧੰਨਵਾਦ ਵੀ ਕਰ ‘ਤਾ ਜਿੰਨ੍ਹਾਂ ਨੇ ਮਸ਼ੀਨਾਂ ਦੀ ਰਾਖੀ ਕੀਤੀ ਸੀ।”
ਬਾਬਾ ਬੂੜ ਸਿਉਂ ਅਮਲੀ ਦੀ ਟਿੱਚਰ ‘ਤੇ ਅਮਲੀ ਨੂੰ ਹੱਸ ਕੇ ਕਹਿੰਦਾ, ”ਮੈਂ ਤਾਂ ਸੁਣਿਐ ਅਮਲੀਆ ਬਈ ਜਿਨ੍ਹਾਂ ਝਾੜੂ ਆਲਿਆਂ ਨੇ ਮਸ਼ੀਨਾਂ ਦੀ ਰਾਖੀ ਰੱਖੀ ਸੀ ਉਨ੍ਹਾਂ ਨੇ ਰਾਜੇ ਨੂੰ ਨੋਕਰੀ ਦੀ ਵੀ ਗੁਹਾਰ ਲਾਈ ਐ ਬਈ ਅਸੀਂ ਮਸ਼ੀਨਾਂ ਦੀ ਰਾਖੀ ਕਰ ਕੇ ‘ਕਾਲੀਆਂ ਨੂੰ ਹੇਰਾ ਫ਼ੇਰੀ ਨ੍ਹੀ ਹੋਣ ਦਿੱਤੀ ਤਾਂ ਕਰ ਕੇ ਈ ਤੁਸੀਂ ਜਿੱਤੇ ਐਂ। ਸੱਚੀ ਗੱਲ ਐ ਬਈ ਇਹੇ?”
ਅਮਲੀ ਕਹਿੰਦਾ, ”ਇਹ ਗੱਲ ਤਾਂ ਬਾਬਾ ਰਾਜਾ ਵੀ ਮੰਨਦਾ ਬਈ ਜੇ ਝਾੜੂ ਆਲੇ ਰਾਖੀ ਨਾ ਰੱਖਦੇ ਤਾਂ ਆਪਣੀ ਸਰਕਾਰ ਕਿੱਥੇ ਬਣਨੀ ਸੀ। ਅਕੇ ਰਾਜਾ ਕਹਿੰਦਾ ‘ਇਹ ਤਾਂ ਮਸ਼ੀਨਾਂ ਦੀ ਰਾਖੀ ਰੱਖਣ ਆਲਿਆਂ ਦੇ ਬੱਚੇ ਜੀਣ, ਵੱਡੇ ਹੋ ਕੇ ਡੋਡੇ ਪੀਣ’।”
ਨੰਦ ਸਿਉਂ ਸੂਬੇਦਾਰ ਨੇ ਅਮਲੀ ਨੂੰ ਪੁੱਛਿਆ, ”ਤੇ ਅਮਲੀਆ ਤੇਰੇ ਗੁਰ ਭਾਈਆਂ ‘ਚੋਂ ਕਿਹੜਾ ਜਿੱਤਿਆ ਬਈ?”
ਸੀਤੇ ਮਰਾਸੀ ਨੇ ਸੂਬੇਦਾਰ ਨੂੰ ਪੁੱਛਿਆ, ”ਕਿਹੜਿਆਂ ‘ਚੋਂ ਫ਼ੌਜੀਆ?”
ਸੂਬੇਦਾਰ ਕਹਿੰਦਾ, ”ਝੰਡੇ ਅਮਲੀ ਅਰਗਿਆਂ ‘ਚੋਂ?”
ਨਾਥਾ ਅਮਲੀ ਕਹਿੰਦਾ, ”ਝੰਡੇ ਦਾ ਤਾਂ ਸੁੱਖੇ ਨੇ ਚੱਕ ‘ਤਾ ਘੜੇ ਤੋਂ ਕੌਲਾ। ਹੁਣ ਇਉਂ ਮੂੰਹ ਜਾ ਲਮਕਾਈ ਫ਼ਿਰਦਾ ਜਿਮੇਂ ਕੱਛ ‘ਚ ਕਛਰਾਲੀ ਨਿਕਲੀ ਹੁੰਦੀ ਐ। ਪਤੰਦਰ ਨੇ ਕਿੱਥੇ ਜਾ ਕੇ ਪੰਗਾ ਲਿਆ।”
ਬਾਬਾ ਬੂੜ ਸਿਉਂ ਕਹਿੰਦਾ, ”ਪੰਗੇ ਨੂੰ ਗਾਹਾਂ ਉਹਨੇ ਕੋਹਲੂ ‘ਚ ਬਾਂਹ ਦੇ ਲੀ। ਵੋਟਾਂ ‘ਚ ਖੜ੍ਹਾ ਹੋਇਆ ਸੀ, ਨਹੀਂ ਜਿੱਤਿਆ ਗਿਆ। ਜੇ ਹਾਰ ਗਿਆ ਫ਼ੇਰ ਕਿਹੜਾ ਮੰਗ ਛੁੱਟ ਗੀ।”
ਬੁੱਘਰ ਦਖਾਣ ਕਹਿੰਦਾ, ”ਐਮੇਂ ਤਾਂ ਨ੍ਹੀ ਬਾਬਾ ਸਦੀਕ ਨੇ ਕਿਹਾ ਸੀ, ਅਕੇ ਚੁੰਘੀ ਬੱਕਰੀ ਬਣਾ ‘ਤਾ ਡਾਕਾ, ਮਾੜੀ ਹੋਈ ਅਮਲੀ ਨਾਲ’। ਉਹ ਗੱਲ ਝੰਡੇ ਨਾਲ ਹੋ ਗੀ।”
ਨਾਥਾ ਅਮਲੀ ਕਹਿੰਦਾ, ”ਐਤਕੀਂ ਤਾਂ ਸਦੀਕ ਆਲੀ ਬੱਕਰੀ ਵੀ ਮਾਰ ‘ਤੀ ਅਗਲਿਆਂ ਨੇ। ਚੱਲ ਊਂ ਤਾਂ ਚੰਗਾ ਵੀ ਹੋ ਗਿਆ। ਹੁਣ ਮਨ ਲਾ ਕੇ ‘ਖਾੜੇ ਖੂੜੇ ਲਾ ਲਿਆ ਕਰੂ। ਨਹੀਂ ਅੱਗੇ ਘੱਟ ਵੱਧ ਈ ਜਾਂਦਾ ਸੀ ਗਾਉਣ ਵਜਾਉਣ ਨੂੰ।”
ਬਾਬਾ ਬੂੜ ਸਿਉਂ ਕਹਿੰਦਾ, ”ਇਹਨੂੰ ਝੰਡੇ ਅਮਲੀ ਨੂੰ ਮੂਰਖ ਜੇ ਨੂੰ ਇਨ੍ਹਾਂ ਛੋਟੀਆਂ ਵੋਟਾਂ ‘ਚ ਨ੍ਹੀ ਸੀ ਉੱਠਣਾ ਚਾਹੀਦਾ। ਚੰਗਾ ਭਲਾ ਵੱਡੀਆਂ ਵੋਟਾਂ ‘ਚ ਤਾਂ ਜਿੱਤਿਆ ਵਿਆ ਸੀ। ਏਥੇ ਆ ਕੇ ਛੋਟੀਆਂ ਵੋਟਾਂ ‘ਚ ਉੱਠਣਾ ਪੰਗਾ ਈ ਲਿਆ ਸੀ ਹੋਰ ਕੀ ਕੀਤਾ ਸੀ।”
ਮਾਹਲਾ ਨੰਬਰਦਾਰ ਕਹਿੰਦਾ, ”ਸਭ ਤੋਂ ਮਾੜੀ ਤਾਂ ਤੱਕੜੀ ਆਲਿਆਂ ਨਾਲ ਹੋਈ। ਥਾਮਾਂ ਥਾਮਾਂ ਤੋਂ ਵੱਡੇ ਵੱਡੇ ਖੱਬੀ ਖਾਂ ਕਹਾਉਣ ਆਲੇ ਅਗਲਿਆਂ ਨੇ ਇਉਂ ਝਾੜ ਕੇ ਰੱਖ ‘ਤੇ ਜਿਮੇਂ ਬੇਰੀ ਤੋਂ ਬੇਰ ਝਾੜੀਦੇ ਹੁੰਦੇ ਐ। ਕਹਿੰਦੇ ਬਾਹਲ਼ੇ ਤਾਂ ਵੋਟਾਂ ਗਿਣੀ ਜਾਂਦਿਆਂ ਤੋਂ ਅੱਧ ‘ਚੋਂ ਈ ਉੱਠ ਕੇ ਭੱਜ ਗੇ ਬਈ ਕਿਤੇ ਮੱਲੋ ਮੱਲੀ ਨਾ ਜਤਾ ਦੇਣ। ਆਹ ਜਿਹੜਾ ਝਾੜੂ ਆਲਾ ਰਾਜੇ ਦੇ ਤੇ ਬਾਦਲ ਦੇ ਮਕਾਬਲੇ ‘ਚ ਖੜ੍ਹਾ ਸੀ ਉਹ ਤਾਂ ਕਹਿੰਦੇ ਵੋਟਾਂ ਦੀ ਗਿੱਣਤੀ ਵੇਲੇ ਅੱਧ ‘ਚੋਂ ਈ ਉੱਠ ਕੇ ਭੱਜ ਗਿਆ, ਜਾ ਕੇ ਬੱਸਾਂ ਆਲੇ ਅੱਡੇ ਤੋਂ ਬੱਸ ਫ਼ੜ ਕੇ ਦਿੱਲੀ ਵੱਜਿਆ।”
ਨਾਥਾ ਅਮਲੀ ਕਹਿੰਦਾ, ”ਐਤਕੀਂ ਤਾਂ ਬਈ ਬੀਬੀ ਭੱਠਲ ਵੀ ਹਰਾ ਲੀ ਅਗਲਿਆਂ ਨੇ।”
ਸੀਤਾ ਮਰਾਸੀ ਕਹਿੰਦਾ, ”’ਕੱਲੀ ਭੱਠਲ ਈ ਨ੍ਹੀ, ਜੰਗੀਰ ਕੁਰ ਨੂੰ ਉਈਂ ਨ੍ਹੀ ਟਿਕਟ ਦਿੱਤੀ। ਉਹ ਵਚਾਰੀ ਟਿਕਟ ਨੂੰ ਈ ਤਰਸਦੀ ਰਹਿ ਗੀ।”
ਨਾਥਾ ਅਮਲੀ ਕਹਿੰਦਾ, ”ਟਿੱਕਟਾਂ ਤਾਂ ਬਹੁਤ ਕਿਸਮ ਦੀਐਂ। ਜੇ ਵੋਟਾਂ ਦੀ ਟਿਕਟ ਨ੍ਹੀ ਸੀ ਮਿਲੀ ਤਾਂ ਬੱਸ ਦੀ ਲੈ ਲੈਂਦੀ, ਰੇਲ ਗੱਡੀ ਦੀ ਲੈ ਲੈਂਦੀ, ਜੁਅ੍ਹਾਜ ਦੀ ਲੈ ਲੈਂਦੀ। ਟਿਕਟ ਦਾ ਕੀ ਸੀ।”
ਬਾਬੇ ਬੂੜ ਸਿਉਂ ਨੇ ਫ਼ੇਰ ਪੁੱਛਿਆ ਅਮਲੀ ਨੂੰ, ”ਕਿਉਂ ਅਮਲੀਆ! ਕਹਿੰਦੇ ਜਿਹੜੇ ਹਾਰ ਗੇ ਉਹੋਂ ਗਿਣਤੀ ‘ਚ ਈ ਰੋ ਪੇ ਸੀ ਸੱਚੀ ਐ ਗੱਲ ਬਈ ਕੁ ਐਮੇਂ ਫ਼ੋਕੇ ਈ ਚੁੱਟਕਲੇ ਛੱਡੀ ਜਾਂਦੇ ਐ?”
ਨਾਥਾ ਅਮਲੀ ਬਾਬੇ ਬੂੜ ਸਿਉਂ ਨੂੰ ਕਹਿੰਦਾ, ”ਮੈਂ ਤਾਂ ਨ੍ਹੀ ਬਾਬਾ ਦੇਖੇ, ਮੈਂ ਸੁਣਿਐ ਜਰੂਰ ਐ ਬਈ ਗਿਣਤੀ ‘ਚ ਹਾਰਿਆ ਵਿਆ ਇੱਕ ਪਿਉ, ਪੁੱਤ ਦੇ ਗਲ ਲੱਗ-ਲੱਗ ਇਉਂ ਰੋਵੇ ਜਿਮੇਂ ਆਪਣੇ ਗੁਆੜ ਆਲੇ ਕੱਟਾ ਵੇਚਣੇ ਕੱਟਾ ਵੇਚਣ ਦੇ ਭਲੇਖੇ ਕੱਟੀ ਵੇਚ ਕੇ ਵੱਡੀ ਬੁੜ੍ਹੀ ਦੇ ਗਲ ਲੱਗ-ਲੱਗ ਰੋਂਦੇ ਸੀ।”
ਏਨੇ ਚਿਰ ਨੂੰ ਵੋਟਾਂ ‘ਚ ਜਿੱਤਣ ਵਾਲੇ ਵੱਡੇ ਇਕੱਠ ਦੇ ਰੂਪ ‘ਚ ਹੋਲੀ ਖੇਡਦੇ ਜਿੱਤ ਦੀ ਖੁਸ਼ੀ ‘ਚ ਇੱਕ ਦੂਜੇ ‘ਤੇ ਰੰਗ ਪਾਉਂਦੇ ਜਦੋਂ ਸੱਥ ਵਾਲਿਆਂ ਨੇ ਸੱਥ ਵੱਲ ਆਉਂਦੇ ਵੇਖੇ ਤਾਂ ਬਾਬਾ ਬੂੜ ਸਿਉਂ ਉਨ੍ਹਾਂ ਵੱਲ ਵੇਖ ਕੇ ਕਹਿੰਦਾ,
”ਚੱਲੋ ਓਏ ਘਰ ਨੂੰ ਚੱਲੀਏ, ਹੋਰ ਨਾ ਕਿਤੇ ਆਪਣੇ ‘ਤੇ ਵੀ ਰੰਡ ਡੋਲ੍ਹ ਦੇਣ। ਮੇਰੇ ਤਾਂ ਲੀੜੇ ਵੀ ਨਮੇਂ ਐ।”
ਜਿਉਂ ਹੀ ਬਾਬਾ ਬੂੜ ਸਿਉਂ ਰੰਗ ਵਾਲਿਆਂ ਤੋਂ ਡਰਦਾ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰਿਆ ਤਾਂ ਬਾਕੀ ਦੀ ਸੱਥ ਵਾਲੇ ਵੀ ਰੰਗ ਵਾਲਿਆਂ ਤੋਂ ਡਰਦੇ ਆਪੋ ਆਪਣੇ ਘਰਾਂ ਨੂੰ ਨਿਕਲ ਗਏ।