ਜਿਉਂ ਹੀ ਭਾਨੀਮਾਰਾਂ ਦਾ ਚੰਦ ਸੱਥ ‘ਚ ਆਇਆ ਤਾਂ ਬਾਬੇ ਗੁੱਜਰ ਸਿਉਂ ਨੇ ਪੁੱਛਿਆ, ”ਕਿੱਧਰੋਂ ਆਇਐਂ ਚੰਦ ਸਿਆਂ। ਅੱਜ ਕਿਮੇਂ ਮੂੰਹ ਉਦਾਸ ਜਾ ਕਰੀ ਫ਼ਿਰਦੈਂ ਜਿਮੇਂ ਰਾਤ ਬਿਜਲੀ ਗਈ ਤੋਂ ਘਰਾਂ ਦੇ ਲਾਟੂ ਮੱਧਮ ਜੇ ਹੋ ਗੇ ਸੀ। ਸੁੱਖ ਤਾਂ ਹੈ?”
ਸੀਤਾ ਮਰਾਸੀ ਬਾਬੇ ਦੀ ਗੱਲ ਸੁਣ ਕੇ ਟਿੱਚਰ ‘ਚ ਹੱਸ ਕੇ ਕਹਿੰਦਾ, ”ਚੰਦ ਮੱਧਮ ਨ੍ਹੀ ਹੋਇਆ ਬਾਬਾ, ਚੰਦ ਤਾਂ ਗੋਡੀਉਂ ਈ ਮਾਰ ਗਿਆ ਲੱਗਦਾ। ਇਹ ਤਾਂ ਪਤੰਦਰ ਸੱਥ ਚੀ ਆਉਣੋਂ ਹਟ ਗਿਆ।”
ਮਰਾਸੀ ਦੀ ਟਿੱਚਰ ‘ਤੇ ਨਾਥੇ ਅਮਲੀ ਨੇ ਆਵਦੀ ਟਿੱਚਰ ਦਾ ਛੱਡਿਆ ਫ਼ਿਰ ਝੁਰਲੂ, ”ਜੇ ਸੁਖ ਨਾ ਹੋਊ ਤਾਂ ਦੁੱਖ ਤਾਂ ਬਾਬਾ ਵੱਟ ‘ਤੇ ਪਿਆ। ਇਹ ਤਾਂ ਕੋਈ ਵੱਡਾ ਈ ਘਰੂਟ ਵੱਜ ਗਿਆ ਲੱਗਦਾ ਜਿਹੜਾ ਐਨਾ ਮੂੰਹ ਲਮਕਾਈ ਫ਼ਿਰਦਾ ਜਿਮੇਂ ਵਿਆਹ ਆਲੇ ਘਰੇ ਵਿਹੜੇ ‘ਚ ਲੱਗੀ ਚਾਨਣੀ ਹੇਠ ਬੰਨ੍ਹਿਆਂ ਬੁਲ੍ਹਬਲਾ ਫ਼ੂਕ ਨਿੱਕਲੀ ਤੋਂ ਸੁੰਗੜ ਜੇ ਗਿਆ ਹੁੰਦਾ। ਇਹ ਤਾਂ ਪਤੰਦਰ ਅੱਧਾ ਰਹਿ ਗਿਆ ਫ਼ਿਕਰ ‘ਚ। ਜਾਭਾਂ ਤਾਂ ਵੇਖ ਇਉਂ ਸੁੱਕ ਗੀਆਂ ਜਿਮੇਂ ‘ਚਾਰੀ ਅੰਬ ਚੂਪ ਕੇ ਸਿੱਟਿਆ ਹੁੰਦਾ।”
ਨਾਥਾ ਅਮਲੀ ਚੰਦ ਨੂੰ ਇਉਂ ਗੱਲਾਂ ਕਹਿ ਰਿਹਾ ਸੀ ਜਿਵੇਂ ਚੰਦ ਕੰਨਾਂ ਤੋਂ ਬੋਲ਼ਾ ਹੁੰਦੈ।
ਬਾਬਾ ਗੁੱਜਰ ਸਿਉਂ ਨਾਥੇ ਅਮਲੀ ਨੂੰ ਕਹਿੰਦਾ, ”ਇਹਨੂੰ ਕਾਹਦਾ ਫ਼ਿਕਰ ਐ ਨਾਥਾ ਸਿਆਂ। ਵਧੀਆ ਇਹਦਾ ਕੰਮ ਕਾਰ ਐ, ਢੋਲੇ ਦੀਆਂ ਲਾਉਂਦਾ। ਫ਼ਿਕਰ ਫ਼ੁਕਰ ਕੋਈ ਨ੍ਹੀ ਇਹਨੂੰ, ਇਹ ਤਾਂ ਊਈਂ ਔਟਲੀ ਮੱਝ ਆਂਗੂੰ ਡਗ ਮਗਾਇਆ ਜਾ ਫ਼ਿਰਦੈ।”
ਅਮਲੀ ਕਹਿੰਦਾ, ”ਤੈਨੂੰ ਨ੍ਹੀ ਪਤਾ ਬਾਬਾ। ਤਿੰਨ ਦਿਨ ਹੋ ਗੇ ਸੁਰਜਨ ਕੱਬੇ ਕੀ ਮੱਝ ਚੋਰੀ ਹੋਈ ਨੂੰ। ਹਜੇ ਤਕ ਮੱਝ ਦਾ ਕੋਈ ਥੌਹ ਪਤਾ ਨ੍ਹੀ ਲੱਗਿਆ। ਉਹਦੀ ਚਿੰਤਾ ‘ਚ ਇਹਦੀ ਤਾਂ ਰੋਟੀ ਵੀ ਅੱਧੀ ਰਹਿ ਗੀ, ਤੂੰ ਪੁੱਛਦੈਂ ਬਈ ਇਹਨੂੰ ਕਾਹਦਾ ਫ਼ਿਕਰ ਐ?”
ਸੀਤਾ ਮਰਾਸੀ ਕਹਿੰਦਾ, ”ਰੋਟੀ ਤਾਂ ਜਿਹੜੀ ਛੁੱਟਣੀ ਸੀ ਛੁੱਟ ਈ ਗਈ, ਚਾਹ ਵੀ ਬਣਨੋ ਹਟ ਗੀ ਇਹਦੇ ਤਾਂ ਘਰੇ।”
ਪਾਖਰ ਬੁੜ੍ਹਾ ਅਮਲੀ ਦੀ ਗੱਲ ਸੁਣ ਕੇ ਕਹਿੰਦਾ, ”ਇਹ ਕੀ ਗੱਲ ਬਣੀ ਓਏ ਅਮਲੀਆ। ਮੱਝ ਕੱਬਿਆਂ ਦੀ ਚੋਰੀ ਹੋਈ ਐ, ਰੋਟੀ ਇਹਦੀ ਅੱਧੀ ਰਹਿ ਗੀ। ਸਮਝ ਨ੍ਹੀ ਆਈ ਯਾਰ। ਤੇਰੀ ਤਾਂ ਇਹ ਗੱਲ ਸਮਝੋਂ ਈ ਬਾਹਰ ਐ। ਨਾ ਤਾਂ ਕੱਬਿਆਂ ਨਾਲ ਇਹਦੀ ਕੋਈ ਸਕੀਰੀ ਐ, ਨਾ ਹੀ ਕੋਈ ਹੋਰ ਲੋਹ ਲਿਹਾਜ ਐ। ਨਾ ਹੀ ਮੱਝ ‘ਚ ਕੋਈ ਸਾਂਝਗਿਰੀ ਐ ਬਈ ਇਹਨੂੰ ਘਾਟਾ ਪੈ ਗਿਆ। ਇਹਨੇ ਕਾਹਤੋਂ ਮੂੰਹ ਲਮਕਾਇਆ ਬਈ?”
ਅਮਲੀ ਕਹਿੰਦਾ, ”ਇਹ ਕੱਬਿਆਂ ਦੀ ਮੱਝ ਦੇ ਦੁੱਧ ਲਾਹੁਣ ਆਲਾ ਸੂਆ ਲਾ ਕੇ ਆਉਂਦਾ ਹੁੰਦਾ ਸੀ ਜਿਹੜੀ ਚੋਰੀ ਹੋਈ ਐ। ਸੂਆ ਲਾਈਦਾ ਇਹ ਅੱਧ ਸੇਰ ਦੁੱਧ ਲੈਂਦਾ ਹੁੰਦਾ ਸੀ। ਮੱਝ ਤਾਂ ਹੋ ਗੀ ਚੋਰੀ, ਹੁਣ ਸੂਆ ਕੀਹਦੇ ਲਾਵੇ। ਮੁੱਲ ਦਾ ਦੁੱਧ ਚੰਦ ਨ੍ਹੀ ਲੈਂਦਾ। ਘਰੇ ਚੰਦ ਦੇ ਚਾਹ ਵੀ ਬਣਨੋਂ ਹਟ ਗੀ।”
ਸੀਤਾ ਮਰਾਸੀ ਕਹਿੰਦਾ, ”ਸੂਆ ਤਾਂ ਮੈਂ ਦੱਸ ਦਿੰਨਾਂ ਕੀਹਦੇ ਲਾਵੇ, ਪਰ ਦੁੱਧ ਨ੍ਹੀ ਮਿਲਣਾ ਸੂਏ ਲਾਏ ਦਾ। ਸੂਏ ਦਾ ਤਾਂ ਬੰਦੋਬਸਤ ਹੋ ਜੂ।”
ਮਾਹਲਾ ਨੰਬਰਦਾਰ ਕਹਿੰਦਾ, ”ਚਾਹ ਤਾਂ ਹਟਣੀਉਂ ਈਂ ਸੀ ਜਦੋਂ ਦੁੱਧ ਈ ਬੰਦ ਹੋ ਗਿਆ।”
ਪਾਖਰ ਬੁੜ੍ਹਾ ਕਹਿੰਦਾ, ”ਮਾਰੂ ਚਾਹ ਪੀ ਲਿਆ ਕਰੇ, ਨਾਲੇ ਖੰਘ ਨੂੰ ‘ਰਾਮ ਰਹੇ।”
ਬਾਬੇ ਗੁੱਜਰ ਸਿਉਂ ਨੇ ਪੁੱਛਿਆ, ”ਖੰਘ ਕਿਹੜੀ ਪਾਖਰ ਸਿਆਂ?”
ਨਾਥਾ ਅਮਲੀ ਪਾਖਰ ਬੁੜ੍ਹੇ ਨੂੰ ਕਹਿੰਦਾ, ”ਤੂੰ ਕਦੋਂ ਕੁ ਦੀ ਵੈਦਗੀ ਲੈ ਲੀ ਤਾਊ। ਮਾਰੂ ਚਾਹ ਨਾਲ ਕਿਮੇਂ ਹਟ ਜਾਂਦੀ ਐ ਖੰਘ ਬਈ?”
ਬਾਬਾ ਗੁੱਜਰ ਸਿਉਂ ਫ਼ੇਰ ਬੋਲਿਆ, ”ਓ ਯਾਰ ਤੁਸੀਂ ਸਾਰੇ ਕਰੋ ਚੁੱਪ, ਹੁਣ ਚੰਦ ਸਿਉਂ ਨੂੰ ਵੀ ਵਾਰੀ ਦਿਉ। ਜਿਹੜੀ ਗੱਲ ਇਹਨੂੰ ਪੁੱਛੀ ਐ ਉਹ ਇਹਨੂੰ ਦੱਸ ਲੈਣ ਦਿਉ। ਬਾਕੀ ਤੁਸੀਂ ਗੱਲ ਦਾ ‘ਪ੍ਰੇਸ਼ਨ ਫ਼ੇਰ ਕਰ ਲਿਓ।”
ਅਮਲੀ ਪੈਰਾਂ ਭਾਰ ਬੈਠਾ ਥੜ੍ਹੇ ‘ਤੇ ਚੌਂਕੜੀ ਮਾਰ ਕੇ ਬਹਿ ਕੇ ਬੋਲਿਆ, ”ਚਲੋ ਸਣਾਓ ਬਈ ਕੀ ਗੱਲ ਕਹਿੰਦਾ ਬਾਬਾ?”
ਬਾਬਾ ਚੰਦ ਨੂੰ ਕਹਿੰਦਾ, ”ਚੱਲ ਬਈ ਚੰਦ ਸਿਆਂ ਦੱਸ ਫ਼ਿਰ ਕਿੱਧਰੋਂ ਆਇਐਂ ਤੇ ਕਿੱਧਰ ਨੂੰ ਚੱਲਿਐਂ?”
ਇੰਨੀ ਗੱਲ ਸੁਣ ਕੇ ਚੰਦ ਗੱਲ ਸੁਣਾਉਣ ਤੋਂ ਪਹਿਲਾਂ ਹੀ ਉੱਠ ਕੇ ਘਰ ਨੂੰ ਤੁਰ ਗਿਆ ਬਈ ਇਹ ਤਾਂ ਮੈਨੂੰ ਹੁਣ ਚਹੇਡਾਂ ਕਰਨ ‘ਤੇ ਹੋ ਗੀ ਸਾਰੀ ਸੱਥ। ਜਿਉਂ ਹੀ ਚੰਦ ਸੱਥ ‘ਚੋਂ ਉੱਠ ਕੇ ਦੂਰ ਚਲਾ ਗਿਆ ਤਾਂ ਨਾਥੇ ਅਮਲੀ ਨੇ ਚੰਦ ‘ਤੇ ਧਰ ਲੀ ਫ਼ਿਰ ਸੂਈ। ਨਾਥਾ ਅਮਲੀ ਬਾਬੇ ਗੁੱਜਰ ਸਿਉਂ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਲੈ ਸੁਣ ਲਾ ਫ਼ਿਰ ਬਾਬਾ ਚੰਦ ਦੀ ਗੱਲ ਬਈ ਮੂੰਹ ਕਿਉਂ ਲਮਕਾਈ ਫ਼ਿਰਦੈ। ਇੰਨ੍ਹਾਂ ਦੇ ਲਾਣੇ ਨੂੰ ਆਦਤ ਐ ‘ਆ ਜਾ ਚੱਲੀਏ ਕਹਿਣ ਦੀ।”
ਮਾਹਲਾ ਨੰਬਰਦਾਰ ਅਮਲੀ ਦੀ ਗੱਲ ਵਿੱਚੋਂ ਟੋਕ ਕੇ ਕਹਿੰਦਾ, ”ਆ ਜਾ ਚੱਲੀਏ ਕਹਿਣ ਦੀ ਆਦਤ ਨ੍ਹੀ ਅਮਲੀਆ, ਇਨ੍ਹਾਂ ਦੇ ਲਾਣੇ ਨੂੰ ਆ ਜਾ ਚੱਲੀਏ ਆਲੇ ਕਹਿੰਦੇ ਐ।”
ਨੰਬਰਦਾਰ ਨੂੰ ਨਾਥੇ ਅਮਲੀ ਦੀ ਗੱਲ ਦੇ ਵਿੱਚ ਬੋਲਿਆ ਕਰ ਕੇ ਪਾਖਰ ਬੁੜ੍ਹਾ ਕਹਿੰਦਾ, ”ਤੂੰ ਚੁੱਪ ਕਰ ਨੰਬਰਦਾਰਾ, ਗੱਲ ਸੁਣਨ ਦੇ ਯਾਰ। ਏਥੇ ਤਾਂ ਪਿੰਡ ‘ਚ ਕਿਸੇ ਨਾ ਕਿਸੇ ਨੂੰ ਕੁਸ ਨਾ ਕੁਸ ਤਾਂ ਕਹੀ ਜਾਂਦੇ ਐ। ਕੀਹਦੀ ਕੀਹਦੀ ਪੂਛ ਫ਼ੜੋਂਗੇ ਬਈ?”
ਨਾਥਾ ਅਮਲੀ ਕਹਿੰਦਾ, ”ਪੂਛ ਫ਼ੜਨ ਨੂੰ ਆਪਣਾ ਪਿੰਡ ਕਿਹੜਾ ਬਾਂਦਰਾਂ ਦਾ ਪਿੰਡ ਐ ਬਈ ਵੱਡੀਆਂ ਵੱਡੀਆਂ ਪੂਛਾਂ ਆਲੇ ਫ਼ਿਰਦੇ ਐ ਏਥੇ।”
ਬਾਬਾ ਪਾਖਰ ਸਿਉਂ ਨਾਥੇ ਅਮਲੀ ਦੀ ਬਾਂਹ ਝੰਜੋੜ ਕੇ ਕਹਿੰਦਾ, ”ਤੂੰ ਗੱਲ ਸਣਾ ਯਾਰ ਹੋਰ ਈ ਪਾਸੇ ਤੁਰਿਆ ਫ਼ਿਰਦੈਂ। ਗੱਲ ਦੱਸ ਤੂੰ।”
ਅਮਲੀ ਫ਼ੇਰ ਹੋ ਗਿਆ ਗੱਲ ਸੁਣਾਉਣ ਨੂੰ ਪੰਜ ਪੌਣ ‘ਤੇ। ਨੰਬਰਦਾਰ ਨੂੰ ਕਹਿੰਦਾ, ”ਹੁਣ ਨਾ ਵਿੱਚ ਬੋਲੀਂ ਨੰਬਰਦਾਰਾ, ਨਹੀਂ ਮੈਂ ਗੱਲ ਨ੍ਹੀ ਸਣਾਉਣੀ। ਗੱਲ ਇਉਂ ਐਂ, ਇਹ ਚੰਦ ਕੇ ਤੇ ਆਪਣੇ ਗੁਆੜ ਆਲੇ ਘੀਰੂ ਕੇ ਆਪਸ ਵਿੱਚ ਲੜੇ ਵੇ ਸੀ। ਕਈ ਸਾਲਾਂ ਤੋਂ ਬੋਲਦੇ ਨ੍ਹੀ ਸੀ। ਹੁਣ ਜਦੋਂ ਘੀਰੂ ਕੀ ਬੁੜ੍ਹੀ ਮਰੀ ਐ ਤਾਂ ਘੀਰੂ ਕੇ ਚੰਦ ਕੇ ਘਰੇ ਜਾ ਕੇ ਕਹਿੰਦੇ ਬਈ ਜਿਹੜਾ ਪਹਿਲਾਂ ਕੋਈ ਗੁੱਸਾ ਗਿਲਾ ਹੋ ਗਿਆ, ਉਹਦੇ ‘ਤੇ ਪਾਉ ਮਿੱਟੀ, ਹੁਣ ਅੱਗੇ ਵਾਸਤੇ ਆਪਾਂ ਆਪਸ ਵਿੱਚ ਪੂਰਾ ਵਰਤ ਵਰਤਾਵਾ ਰੱਖਣਾ। ਜਦੋਂ ਘੀਰੂ ਕੇ ਬੁੜ੍ਹੀ ਦੇ ਫੁੱਲ ਲੈ ਕੇ ਹਰਦੁਆਰ ਨੂੰ ਤੁਰਨ ਲੱਗੇ ਤਾਂ ਚੰਦ ਘੀਰੂ ਨੇ ਬੁੜ੍ਹੇ ਨੂੰ ਸਲਾਹ ਦੇਣ ਲੱਗ ਪਿਆ ਬਈ ਆਪਾਂ ਤਾਈ ਦੇ ਫੁੱਲ ਲੈ ਕੇ ਚੱਲੇ ਆਂ, ਆਪਾਂ ਰੇਲ ਗੱਡੀ ‘ਚ ਤਾਈ ਦੀ ਟਿਕਟ ਵੀ ਕਟਾਉਣੀ ਐ। ਜਿੱਥੇ ਰਾਹ ‘ਚ ਚਾਹ ਰੋਟੀ ਖਾਮਾਂ ਪੀਮਾਂਗੇ ਉੱਥੇ ਤਾਈ ਦੀ ਰੋਟੀ ਦੇ ਵੀ ਪੈਂਸੇ ਵੀ ਦੇਣੇ ਆਂ। ਹੋਰ ਵੀ ਕਈ ਗੱਲਾਂ ਕਰੀ ਗਿਆ। ਚਲੋ ਜੀ ਘੀਰੂ ਕੇ ਹਰਦੁਆਰ ਜਾ ਕੇ ਫੁੱਲ ਪਾ ਆਏ। ਚੰਦ ਦੀ ਘੀਰੂ ਕੇ ਬੁੜ੍ਹੇ ਨੇ ਇੱਕ ਵੀ ਗੱਲ ਨਾ ਮੰਨੀ। ਬੁੜ੍ਹਾ ਵੇਖ ਲਾ ਘੀਰਾਂ ਕਾ ਸਿਰੇ ਦਾ ਅੜਵੈੜਾ। ਜਦੋਂ ਫੁੱਲ ਪਾ ਕੇ ਘੀਰੂ ਕੇ ਘਰ ਮੁੜਿਆਏ ਤਾਂ ਘੀਰੂ ਕੇ ਬੁੜ੍ਹੇ ਨੇ ਇੱਕ ਦਿਨ ਚੰਦ ਨੂੰ ਮਖਤਿਆਰੇ ਬਿੰਬਰ, ਗੱਜਣ ਸਿਉਂ ਕੇ ਹਰੀਏ ਨੂੰ ਤੇ ਪਿੰਡ ਦੇ ਤਿੰਨ ਚਾਰ ਹੋਰ ਬੰਦਿਆਂ ਨੂੰ ਘਰੇ ਸੱਦ ਲਿਆ। ਚੰਦ ਨੂੰ ਸੱਦ ਕੇ ਘੀਰੂ ਕਾ ਬੁੜ੍ਹਾ ਕਹਿੰਦਾ ‘ਗੱਲ ਸੁਣ ਓਏ ਵਿੰਗੜਾ ਜਿਆ, ਜਦੋਂ ਆਪਾਂ ਪ੍ਰਸਿੰਨ ਕੁਰ ਦੇ ਫੁੱਲ ਪਾਉਣ ਜਾਂਦੇ ਸੀ, ਤੂੰ ਸਲਾਹਾਂ ਦਿੰਦਾ ਸੀ ਬਈ ਆਹ ਕਰ ਲੋ ਵੌਹ ਕਰ ਲੋ, ਤੈਨੂੰ ਕੀਹਨੇ ਪੁੱਛੀ ਸੀ ਸਲਾਹ ਬਈ?’ ਉਹਨੇ ਬਾਬਾ ਚੰਦ ਦੀ ਓਹ ਬੇਜਤੀ ਕੀਤੀ, ਉਹ ਬੇਜਤੀ ਕੀਤੀ ਜਿਹੜੀ ਰਹੇ ਰੱਬ ਦਾ ਨਾਂ। ਘੀਰੂ ਕਾ ਬੁੜ੍ਹਾ ਕਹਿੰਦਾ ‘ਛੀ ਸੱਤ ਮਹੀਨੇ ਪਹਿਲਾਂ ਕਨੇਡੇ ‘ਚ ਸੋਡਾ ਬੁੜ੍ਹਾ ਮਰਿਆ ਸੀ, ਤੇਰਾ ਭਰਾ ਵੀ ਕਨੇਡੇ ਤੋਂ ਹਰਦੁਆਰਾ ਫੁੱਲ ਲੈ ਕੇ ਆਇਆ ਸੀ, ਉਹਨੇ ਇਉਂ ਕੀਤਾ ਸੀ ਜਿਮੇਂ ਤੂੰ ਮੈਨੂੰ ਕਹਿੰਦਾ ਸੀ?’ ਅਕੇ ਚੰਦ ਕਹਿੰਦਾ ‘ਹਾਂ।’ ਘੀਰੁ ਕਾ ਬੁੜ੍ਹਾ ਕਹਿੰਦਾ ‘ਤੁਸੀਂ ਰੇਲ ਗੱਲੀ ਦੀ ਬੁੜ੍ਹੇ ਦੀ ਟਿਕਟ ਕਟਾਈ ਸੀ, ਢਾਬੇ ‘ਤੇ ਬੁੜ੍ਹੇ ਦੀ ਰੋਟੀ ਦੇ ਪੈਂਸੇ ਦਿੱਤੇ ਸੀ। ਜਦੋਂ ਕਨੇਡੇ ਤੋਂ ਤੁਰੇ ਸੀ, ਬੁੜ੍ਹੇ ਨੂੰ ਤੇਰੇ ਭਰਾ ਨੇ ‘ਵਾਜ ਮਾਰੀ ਸੀ ਬਈ ਬਾਪੂ ਆ ਚੱਲੀਏ?’ ਅਕੇ ਚੰਦ ਕਹਿੰਦਾ ‘ਹਾਂ ਇਹ ਸਭ ਕੁਸ ਕੀਤਾ ਸੀ ਮੇਰੇ ਭਰਾ ਨੇ।’ ਘੀਰੂ ਕਾ ਬੁੜ੍ਹਾ ਕਹਿੰਦਾ ‘ਤੂੰ ਇਉਂ ਦੱਸ ਬਈ ਜਦੋਂ ਤੇਰਾ ਭਰਾ ਜਿਹੜੇ ਜੁਅ੍ਹਾਜ ‘ਚ ਫੁੱਲ ਲੈ ਕੇ ਆਇਆ ਸੀ, ਓਸ ‘ਚ ਬੁੜ੍ਹੇ ਦੀ ਟਿਕਟੀ ਸੀ, ਉਹਦੀ ਸੀਟ ਰੱਖੀ ਸੀ?’ ਅਕੇ ਚੰਦ ਨਿੰਮੋ ਝੂਣਾ ਜਾ ਹੋ ਕੇ ਕਹਿੰਦਾ ‘ਜੁਅ੍ਹਾਜ ਦੀ ਤਾਂ ਟਿਕਟ ਈ ਬੜੀ ਮਹਿੰਗੀ ਸੀ ਤਾਂ ਕਰ ਕੇ ਉਹਦੀ ਟਿਕਟ ਨ੍ਹੀ ਸੀ ਲਈ’। ਅਕੇ ਘੀਰੂ ਕਾ ਬੁੜ੍ਹਾ ਕਹਿੰਦਾ ‘ਗੱਲ ਸੁਣ ਓਏ ਵੱਡਿਆ ਸਲਾਹਕਾਰਾ, ਆਪ ਤਾਂ ਤੁਸੀਂ ਇਹੋ ਜਾ ਕੁਸ ਕੀਤਾ ਨ੍ਹੀ ਜਿਹੋ ਜਾ ਸਾਨੂੰ ਕਹਿੰਦਾ ਸੀ, ਸਲਾਹਾਂ ਇਉਂ ਦਿੰਦਾ ਸੀ ਜਿਮੇਂ ਗਾਹਾਂ ਸਾਡੇ ਘਰ ਦਾ ਨੰਬਰਦਾਰ ਹੁੰਨੈ ਤੂੰ। ਜੁਅ੍ਹਾਜ ਦੀ ਟਿਕਟ ਤਾਂ ਤੁਸੀਂ ਬੁੜ੍ਹੇ ਦੀ ਲਈ ਨ੍ਹੀ, ਬੁੜ੍ਹਾ ਸੋਡਾ ਕਾਸਤੇ ਆਇਆ ਫ਼ਿਰ ਏਥੈ? ਜੁਅ੍ਹਾਜ ਦੇ ਨਾਲ ਨਾਲ ਉੱਡਿਆ ਆਇਆ ਹੋਣਾ ਕਿਉਂਕਿ ਜੁਅ੍ਹਾਜ ਦੀ ਟਿਕਟ ਤਾਂ ਮਹਿੰਗੀ ਸੀ ਬੁੜ੍ਹੇ ਨੇ ਤੇਰੇ ਭਰਾ ਨੂੰ ਕਿਹਾ ਹੋਣਾ ਬਈ ਤੂੰ ਪੁੱਤ ਜੁਅ੍ਹਾਜ ‘ਤੇ ਚੱਲ ਮੈਂ ਤਾਂ ਉੱਡ ਕੇ ਈ ਆ ਜੂੰ, ਨਾਲੇ ਪੈਂਸੇ ਬਚਣਗੇ।’ ਇਉਂ ਬਾਬਾ ਘੀਰੂ ਕੇ ਬੁੜ੍ਹੇ ਨੇ ਕੀਤੀ ਚੰਦ ਨਾਲ। ਅੱਠਾਂ ਦਸਾਂ ਬੰਦਿਆਂ ‘ਚ ਚੰਦ ਦੀ ਬੇਜਤੀ ਕੀਤੀ ਬਣਾ ਕੇ। ਚੰਦ ਤਾਂ ਘੀਰੂ ਕੇ ਬੁੜ੍ਹੇ ਨੇ ਇਉਂ ਕਰ ‘ਤਾ ਜਿਮੇਂ ਗਧੇ ਨੇ ਚਰ੍ਹੀ ਦੀ ਭਰੀ ਮਿੱਧੀ ਹੁੰਦੀ ਐ। ਹੁਣ ਇਹ ਇਉਂ ਮੂੰਹ ਲਮਕਾਈ ਫ਼ਿਰਦਾ ਬਈ ਮੇਰੀ ਘਰੇ ਸੱਦ ਕੇ ਬੇਜਤੀ ਕੀਤੀ ਐ। ਕਹਿੰਦਾ ਮੈਨੂੰ ਜਾਣ ਬੁੱਝ ਕੇ ਘਰੇ ਸੱਦਿਆ ਸੀ ਬੇਜਤੀ ਕਰਨ ਦਿਆਂ ਮਾਰਿਆਂ ਨੇ। ਆਹ ਗੱਲ ਐ ਬਾਬਾ। ਤਾਂ ਕਰ ਕੇ ਮੂੰਹ ਢਹੇ ਤੰਦੂਰ ਅਰਗਾ ਬਣਾਈ ਫ਼ਿਰਦਾ।”
ਬੁੱਘਰ ਦਖਾਣ ਕਹਿੰਦਾ, ”ਜਦੋਂ ਚੰਦ ਨੂੰ ਪਤਾ ਸੀ ਬਈ ਘੀਰੂ ਕੇ ਤਾਂ ਹਰੇਕ ਨਾਲ ਈ ਇਉਂ ਕਰਦੇ ਹੁੰਦੇ ਐ ਇਹ ਉਨ੍ਹਾਂ ਦੇ ਘਰੇ ਕੀ ਵੜੇਮੇਂ ਲੈਣ ਗਿਆ ਸੀ। ਮਰਾਸੀ ਦੀ ਆਖਤ ਗੋਡੀਓ ਈ ਮਾਰ ਗਿਆ ਚੰਦ ਤਾਂ ਫ਼ਿਰ।
ਮਾਹਲਾ ਨੰਬਰਦਾਰ ਕਹਿੰਦਾ, ”ਹੁਣ ਛੀ ਕੁ ਮਹੀਨੇ ਤਾਂ ਇਹਦਾ ਜੀਅ ਨ੍ਹੀ ਲੱਗਣਾ, ਫ਼ੇਰ ਹੌਲੀ ਹੌਲੀ ਠੀਕ ਹੋ ਜੂ।”
ਨਾਥਾ ਅਮਲੀ ਕਹਿੰਦਾ, ”ਨਾ ਠੀਕ ਨੂੰ ਚੰਦ ਦੇ ਕਿਹੜਾ ਪੇਚ ਢਿੱਲੇ ਹੋ ਗੇ ਬਈ ਕਸਣ ਨੂੰ ਕੋਈ ਚਾਬੀ ਨ੍ਹੀ ਲੱਗਦੀ। ਇਹੋ ਜੀ ਤਾਂ ਇਹਦੇ ਨਾਲ ਵੀਹ ਵਾਰੀ ਹੁੰਦੀ ਐ ਦਿਹਾੜੀ ‘ਚ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਗੁਰਦੁਆਰੇ ਦੇ ਸਪੀਕਰ ‘ਚੋਂ ਹੋਕਾ ਆ ਗਿਆ ਬਈ ਛਾਜਲੀ ਪੱਤੀ ਆਲਾ ਸਰਦਾਰਾ ਸਿਉਂ ਚੜ੍ਹਾਈ ਕਰ ਗਿਆ। ਸ਼ਾਮ ਨੂੰ ਚਾਰ ਵਜੇ ਸਸਕਾਰ ਕੀਤਾ ਜਾਵੇਗਾ।
ਹੋਕਾ ਸੁਣਦੇ ਸਾਰ ਹੀ ਬਾਬਾ ਗੁੱਜਰ ਸਿਉਂ ਕਹਿੰਦਾ, ”ਚੱਲੋ ਬਈ ਸਰਦਾਰਾ ਸਿਉਂ ਨੂੰ ਵੀ ਤੋਰ ਆਈਏ।”
ਜਿਉਂ ਹੀ ਬਾਬਾ ਗੁੱਜਰ ਸਿਉਂ ਸੱਥ ‘ਚੋਂ ਉੱਠ ਕੇ ਸਰਦਾਰਾ ਸਿਉਂ ਦੇ ਘਰ ਨੂੰ ਤੁਰਿਆ ਤਾਂ ਬਾਕੀ ਦੀ ਸੱਥ ਵਾਲੇ ਵੀ ਸਰਦਾਰ ਸਿਉਂ ਦੇ ਫੁੱਲ ਪਾਉਣ ਜਾਣ ਵੇਲੇ ਉਹਦੀ ਟਿਕਟ ਦੀਆਂ ਗੱਲਾਂ ਕਰਦੇ ਸਰਦਾਰਾ ਸਿਉਂ ਦੇ ਘਰ ਨੂੰ ਚੱਲ ਪਏ।