ਨੇਹਾ ਸ਼ਰਮਾ ਨੇ 2010 ਵਿੱਚ ਇਮਰਾਨ ਹਾਸ਼ਮੀ ਨਾਲ ਫ਼ਿਲਮ ‘ਕਰੁਕ’ ਨਾਲ ਬੌਲੀਵੁੱਡ ਵਿੱਚ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਕਈ ਫ਼ਿਲਮਾਂ ਵਿੱਚ ਨਜ਼ਰ ਆਈ। ਦੋ ਸਾਲ ਪਹਿਲਾਂ ਆਈ ਫ਼ਿਲਮ ‘ਯੰਗਸਿਤਾਨ’ ਤੋਂ ਬਾਅਦ ਹੁਣ ਪਿਛਲੇ ਸਾਲ ਉਹ ਹਿੱਟ ਫ਼ਿਲਮ ‘ਤੁਮ ਬਿਨ’ ਦੇ ਸੀਕੁਇਲ ‘ਤੁਮ ਬਿਨ 2’ ਵਿੱਚ ਵੀ ਦਿਖੀ, ਪਰ ਇਹ ਫ਼ਿਲਮ ਵੀ ਕੁਝ ਖਾਸ ਨਹੀਂ ਕਰ ਸਕੀ। ਹੁਣ ਉਹ ਸੁਪਰਹਿੱਟ ਫ਼ਿਲਮ ‘ਹੇਰਾਫ਼ੇਰੀ’ ਦੇ ਸੀਕੁਇਲ ‘ਹੇਰਾਫ਼ੇਰੀ 3’ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਐਕਸ਼ਨ ਤੇ ਕਾਮੇਡੀ ਫ਼ਿਲਮ ਵਿੱਚ ਉਸ ਦਾ ਕਾਮੇਡੀ ਕਿਰਦਾਰ ਹੈ। ਇਸ ਤੋਂ ਇਲਾਵਾ ਉਹ ਇੱਕ ਫ਼ਿਲਮ ‘ਮੁਬਾਰਕਾਂ’ ਵੀ ਕਰ ਰਹੀ ਹੈ। ਉਸ ਨਾਲ ਫ਼ਿਲਮਾਂ, ਕਿਰਦਾਰ ਅਤੇ ਕਰੀਅਰ ਨਾਲ ਜੁੜੀ ਗੱਲਬਾਤ ਦੇ ਅੰਸ਼-
* ਤੁਹਾਡੀਆਂ ਫ਼ਿਲਮਾਂ ਵਿੱਚ ਇੰਨੇ ਅੰਤਰ ਦਾ ਕੋਈ ਖਾਸ ਕਾਰਨ?
-ਦਰਅਸਲ, ਮੈਨੂੰ ਹਮੇਸ਼ਾਂ ਬਿਹਤਰੀਨ ਰੋਲ ਦਾ ਇੰਤਜ਼ਾਰ ਰਹਿੰਦਾ ਹੈ। ਮੇਰੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਜੋ ਵੀ ਕਿਰਦਾਰ ਕਰਾਂ, ਉਹ ਕੇਵਲ ਮਜ਼ਬੂਤ ਹੀ ਨਾ ਹੋਵੇ, ਬਲਕਿ ਉਸ ਕਿਰਦਾਰ ਵਿੱਚ ਮੇਰੀ ਅਭਿਨੈ ਪ੍ਰਤਿਭਾ ਵੀ ਨਜ਼ਰ ਆਏ। ਕਿਉਂਕਿ ਅਜਿਹੀਆਂ ਫ਼ਿਲਮਾਂ ਅਤੇ ਅਜਿਹੇ ਕਿਰਦਾਰ ਘੱਟ ਮਿਲਦੇ ਹਨ, ਇਸ ਲਈ ਮੇਰੀਆਂ ਫ਼ਿਲਮਾਂ  ਵਿੱਚ ਅੰਤਰ ਨਜ਼ਰ ਆਉਂਦਾ ਹੈ। ਹਾਲਾਂਕਿ ਮੈਂ ਇਸ ਅੰਤਰ ਵਿੱਚ ਵੀ ਖਾਲੀ ਨਹੀਂ ਰਹਿੰਦੀ ਹਾਂ। ਕੁਝ ਨਾ ਕੁਝ ਕਰਦੀ ਰਹਿੰਦੀ ਹਾਂ, ਮਸਲਨ ‘ਯੰਗਸਿਤਾਨ’ ਅਤੇ ‘ਤੁਮ ਬਿਨ 2’ ਦੇ ਵਿੱਚਕਾਰ ਮੈਂ ਸ਼ਿਰੀਸ਼ ਕੁੰਦਰਾ ਦੇ ਨਿਰਦੇਸ਼ਨ ਵਿੱਚ ਸ਼ਾਰਟ ਫ਼ਿਲਮ ‘ਕ੍ਰਿਤੀ’ ਕੀਤੀ ਹੈ।
* ਤੁਹਾਡੇ ਕੋਲ ਅੱਜ ਵੀ ਬਹੁਤ ਫ਼ਿਲਮਾਂ ਨਹੀਂ ਹਨ, ਇਸ ‘ਤੇ ਕੀ ਕਹੋਗੇ ?
-ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਮੈਂ ਹਮੇਸ਼ਾਂ ਦਮਦਾਰ ਅਤੇ ਸਸ਼ਕਤ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ ਤਾਂ ਕਿ ਖੁਦ ਨੂੰ ਅਭਿਨੇਤਰੀ ਦੇ ਤੌਰ ‘ਤੇ ਸਾਬਤ ਅਤੇ ਸਥਾਪਿਤ ਕਰ ਸਕਾਂ। ਮੈਂ ਫ਼ਿਲਮਾਂ ਚੁਣਨ ਵਿੱਚ ਵੀ ਇਸ ਲਈ ਜ਼ਿਆਦਾ ਵਕਤ ਲੈਂਦੀ ਹਾਂ ਕਿਉਂਕਿ ਮੈਂ ਇਹ ਸੁਨਿਸ਼ਚਤ ਕਰ ਲੈਣਾ ਚਾਹੁੰਦੀ ਹਾਂ ਕਿ ਮੈਂ ਜੋ ਭੂਮਿਕਾਵਾਂ ਕਰਨ ਜਾ ਰਹੀ ਹਾਂ, ਉਹ ਸਸ਼ਕਤ ਹਨ। ਮੈਂ ਖੁਦ ਨੂੰ ਭਾਵਪੂਰਨ ਭੂਮਿਕਾ ਵਿੱਚ ਦੇਖਣਾ ਚਾਹੁੰਦੀ ਹਾਂ ਜਿੱਥੇ ਮੇਰੇ ਲਈ ਕੁਝ ਕਰਨ ਦੀ ਸੰਭਾਵਨਾ ਹੋਵੇ। ਮੈਂ ਦੂਜੀਆਂ ਲੜਕੀਆਂ ਦੀ ਤਰ੍ਹਾਂ ਨੱਚਣ ਕੁੱਦਣ ਅਤੇ ਇੱਧਰ ਉੱਧਰ ਮੰਡਰਾਉਣ ਵਾਲੀਆਂ ਭੂਮਿਕਾਵਾਂ ਨਹੀਂ ਕਰਨਾ ਚਾਹੁੰਦੀ। ਜਿਸ ਕਿਸੇ ਵੀ ਫ਼ਿਲਮ ਵਿੱਚ ਮੈਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਹੈ, ਇਸ ਲਈ ਮੈਂ ਤਹਿਦਿਲ ਤੋਂ ਉਨ੍ਹਾਂ ਸਭ ਦੀ ਆਭਾਰੀ ਹਾਂ ਜਿਨ੍ਹਾਂ ਨੇ ਮੈਨੂੰ ਕਿਰਦਾਰ ਲਈ ਸਹੀ ਵਿਕਲਪ ਸਮਝਿਆ। ਫ਼ਿਲਹਾਲ ਮੈਂ ‘ਹੇਰਾਫ਼ੇਰੀ 3’ ਹੀ ਕਰ ਰਹੀ ਹਾਂ।
* ‘ਹੇਰਾਫ਼ੇਰੀ 3’ ਵਿੱਚ ਤੁਹਾਡਾ ਕਿਰਦਾਰ ਕੀ ਹੈ ਅਤੇ ਇਹ ਫ਼ਿਲਮ ਕਿਸ ਤਰ੍ਹਾਂ ਦੀ ਹੈ?
– ‘ਹੇਰਾਫ਼ੇਰੀ 3’ ਸੁਪਰ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਐਕਸ਼ਨ ਵੀ ਦੇਖਣ ਨੂੰ ਮਿਲੇਗਾ। ਪਰ ਇਸ ਐਕਸ਼ਨ ਵਿੱਚ ਵੀ ਕਾਮੇਡੀ ਦਾ ਭਰਪੂਰ ਤੜਕਾ ਲੱਗਿਆ ਹੋਏਗਾ। ਇਹ ਸੁਪਰਹਿੱਟ ਫ਼ਿਲਮ ‘ਹੇਰਾਫ਼ੇਰੀ’ ਦਾ ਸੀਕੁਇਲ ਹੈ। ਅਹਿਮਦ ਖ਼ਾਨ ਦੇ ਨਿਰਦੇਸ਼ਨ ਵਿੱਚ ਬਣ ਰਹੀ ਇਸ ਫ਼ਿਲਮ ਵਿੱਚ ਸੁਨੀਲ ਸ਼ੈਟੀ, ਪਰੇਸ਼ ਰਾਵਲ ਅਤੇ ਮੇਰੀ ਅਹਿਮ ਭੂਮਿਕਾ ਹੈ। ਇਸ ਫ਼ਿਲਮ ਵਿੱਚ ਮੇਰਾ ਕਿਰਦਾਰ ਕੁਝ ਅਜਿਹਾ ਹੈ ਜਿਵੇਂ ਕਿ ‘ਹੇਰਾਫ਼ੇਰੀ’ ਵਿੱਚ ਬਿਪਾਸ਼ਾ ਵਸੁ ਦਾ ਸੀ। ਸੁਭਾਵਿਕ ਤੌਰ ‘ਤੇ ਇਸ ਫ਼ਿਲਮ ਨੂੰ ਲੈ ਕੇ ਮੈਂ ਕੁਝ ਜ਼ਿਆਦਾ ਉਤਸ਼ਾਹਿਤ ਹਾਂ।
* ਤੁਸੀਂ ਅਨਿਲ ਕਪੂਰ ਨਾਲ ਵੀ ਇੱਕ ਫ਼ਿਲਮ ਕਰ ਰਹੇ ਹੋ?
-ਹਾਂ, ਉਸ ਫ਼ਿਲਮ ਦਾ ਨਾਂ ਹੈ ‘ਮੁਬਾਰਕਾਂ’ ਪਰ ਉਸ ਵਿੱਚ ਮੇਰਾ ਪੂਰਾ ਕਿਰਦਾਰ ਨਹੀਂ ਹੈ, ਬਲਕਿ ਮੈਂ ਵਿਸ਼ੇਸ਼ ਮਹਿਮਾਨ ਵਾਂਗ ਹੀ ਨਜ਼ਰ ਆਵਾਂਗੀ। ਅਨੀਸ ਬਜ਼ਮੀ ਦੇ ਨਿਰਦੇਸ਼ਨ ਵਿੱਚ ਬਣ ਰਹੀ ਇਸ ਫ਼ਿਲਮ ਵਿੱਚ ਅਨਿਲ ਕਪੂਰ, ਅਰਜੁਨ ਕਪੂਰ, ਇਲਿਆਨਾ ਡੀ ਕਰੂਜ਼ ਅਤੇ  ਅਥੀਆ ਸ਼ੈਟੀ ਦੀਆਂ ਅਹਿਮ ਭੂਮਿਕਾਵਾਂ ਹਨ। ਖਾਸ ਗੱਲ ਇਹ ਹੈ ਕਿ ਇਹ ਫ਼ਿਲਮ ਚਾਚਾ ਭਤੀਜੇ ਦੇ ਰਿਸ਼ਤੇ ‘ਤੇ ਆਧਾਰਿਤ ਹੈ ਅਤੇ ਇਸ ਵਿੱਚ ਅਨਿਲ ਕਪੂਰ ਆਪਣੀ ਅਸਲੀ ਜ਼ਿੰਦਗੀ ਦਾ ਕਿਰਦਾਰ ਹੀ ਨਿਭਾ ਰਹੇ ਹਨ।
* ਤੁਹਾਡੇ ਹਿੱਸੇ ਵਿੱਚ ਰੁਮਾਂਟਿਕ ਤੋਂ ਜ਼ਿਆਦਾ ਕਾਮੇਡੀ ਫ਼ਿਲਮਾਂ ਹੀ ਆਈਆਂ ਹਨ। ਕੀ ਇਸ ਤਰ੍ਹਾਂ ਦਾ ਕਿਰਦਾਰ ਕਰਨਾ ਤੁਹਾਨੂੰ ਆਸਾਨ ਲੱਗਦਾ ਹੈ?
-ਬਿਲਕੁਲ ਨਹੀਂ, ਬਲਕਿ ਕਾਮੇਡੀ ਕਿਰਦਾਰ ਨੂੰ ਕਰਨਾ ਆਸਾਨ ਨਹੀਂ ਹੁੰਦਾ, ਪਰ ਇੱਕ ਕਲਾਕਾਰ ਨੂੰ ਹਮੇਸ਼ਾਂ ਚੁਣੌਤੀ ਲੈਂਦੇ ਰਹਿਣਾ ਚਾਹੀਦਾ ਹੈ ਤਾਂ ਜਾ ਕੇ ਉਸ ਨੂੰ ਆਪਣੀ ਪ੍ਰਤਿਭਾ ਦਾ ਅਹਿਸਾਸ ਹੁੰਦਾ ਹੈ। ਸੱਚ ਕਹਾਂ ਤਾਂ ਕਾਮੇਡੀ ਕਿਰਦਾਰ ਨੂੰ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਅਜਿਹੇ ਕਿਰਦਾਰ ਕਲਾਕਾਰ ਦੀ ਅਸਲ ਜ਼ਿੰਦਗੀ ਦੇ ਕਰੀਬ ਨਹੀਂ ਹੁੰਦੇ, ਇਸ ਲਈ ਇਨ੍ਹਾਂ ਨੂੰ ਨਿਭਾਉਣਾ ਜ਼ਿਆਦਾ ਮੁਸ਼ਕਲ ਹੁੰਦਾ ਹੈ।
* ਕੀ ਤੁਹਾਨੂੰ ਅਜਿਹੇ ਕਿਰਦਾਰ ਕਰਨ ਅਤੇ ਫ਼ਿਲਮ ਸ਼ੁਰੂ ਹੋਣ ‘ਤੇ ਘਬਰਾਹਟ ਹੁੰਦੀ ਹੈ?
-ਹਕੀਕਤ ਇਹ ਹੈ ਕਿ ਜਦੋਂ ਵੀ ਮੈਂ ਕੋਈ ਫ਼ਿਲਮ ਸ਼ੁਰੂ ਕਰਦੀ ਹਾਂ ਤਾਂ ਘਬਰਾ ਜਾਂਦੀ ਹੈ। ਪਰ ਕਾਮੇਡੀ ਕਿਰਦਾਰ ਨੂੰ ਲੈ ਕੇ ਖੁਦ ‘ਤੇ ਜ਼ਿਆਦਾ ਦਬਾਅ ਮਹਿਸੂਸ ਕਰਦੀ ਹਾਂ ਕਿਉਂਕਿ ਹੁਣ ਵੀ ਮੈਨੂੰ ਬਤੌਰ ਅਭਿਨੇਤਰੀ ਖੁਦ ਨੂੰ ਸਾਬਤ ਕਰਨਾ ਹੈ। ਇਸ ਲਈ ਚੁਣੌਤੀ ਲੈਂਦੇ ਹੋਏ ਮੈਂ ਹਰ ਫ਼ਿਲਮ ਵਿੱਚ ਵਧੀਆ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਦੀ ਹਾਂ।
* ਤੁਸੀਂ ‘ਤੁਮ ਬਿਨ 2’ ਲਈ ਆਪਣੇ ਵੈਸਟਇੰਡੀਜ਼ ਦੇ ਆਲ ਰਾਊਂਡਰ ਕ੍ਰਿਕਟਰ ਦੋਸਤ ਬਰਾਵੋ ਨਾਲ ਇੱਕ ਸੰਗੀਤਕ ਵੀਡਿਓ ਦੀ ਸ਼ੂਟਿੰਗ ਕੀਤੀ ਸੀ। ਇਹ ਅਨੁਭਵ ਕਿਵੇਂ ਦਾ ਰਿਹਾ?
– ਬਹੁਤ ਹੀ ਲਾਜਵਾਬ। ਬਰਾਵੋ ਕ੍ਰਿਕਟ ਦੇ ਮੈਦਾਨ ਵਿੱਚ ਆਪਣੀ ਖੇਡ ਲਈ ਜਾਣੇ ਜਾਂਦੇ ਹਨ, ਪਰ ਮੇਰੇ ਹਿਸਾਬ ਨਾਲ ਉਹ ਇੱਕ ਪ੍ਰਤਿਭਾਸ਼ਾਲੀ ਡਾਂਸਰ ਵੀ ਹੈ। ਅਸੀਂ ਉਨ੍ਹਾਂ ਨਾਲ ‘ਯੈਗਰ ਬੌਂਬ’ ਨਾਂ ਦਾ ਇੱਕ ਗੀਤ ਰਿਕਾਰਡ ਕੀਤਾ ਸੀ। ਬਰਾਵੋ ਨੇ ਬਹੁਤ ਆਸਾਨੀ ਨਾਲ ਕੰਮ ਕੀਤਾ ਅਤੇ ਬਿਨਾਂ ਕਿਸੇ ਤਿਆਰੀ ਦੇ ਗੀਤ ਦੀ ਸ਼ੂਟਿੰਗ ਲਈ ਨਾਲ ਆਏ। ਉਹ ਬਰਾਵੋ ਸਹਿਜ ਸੀ ਅਤੇ ਉਨ੍ਹਾਂ ਨੇ ਕਾਫ਼ੀ ਮਸਤੀ ਕੀਤੀ।
* ਤੁਸੀਂ ਫ਼ਿਲਮ ‘ਕਰੁਕ’ ਤੋਂ ‘ਤੁਮ ਬਿਨ 2’ ਤਕ ਦੇ ਆਪਣੇ ਪੇਸ਼ੇਵਰ ਸਫ਼ਰ ਨੂੰ ਕਿਸ ਤਰ੍ਹਾਂ ਦੇਖਦੇ ਹੋ?
– ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਪਣੇ ਦਮ ‘ਤੇ ਇਹ ਮੁਕਾਮ ਹਾਸਲ ਕੀਤਾ ਹੈ। ਮੈਂ ਬਿਹਾਰ ਤੋਂ ਆਈ ਇੱਕ ਆਮ ਲੜਕੀ ਹਾਂ ਅਤੇ ਫ਼ਿਲਮੀ ਦੁਨੀਆਂ ਵਿੱਚ ਮੇਰਾ ਕੋਈ ਗੌਡਫ਼ਾਦਰ ਵੀ ਨਹੀਂ ਹੈ। ਇਸ ਲਈ ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ। ਅੱਗੇ ਵੀ ਚੰਗੀਆਂ ਫ਼ਿਲਮਾਂ ਕਰਦੇ ਰਹਿਣਾ ਚਾਹੁੰਦੀ ਹਾਂ।
* ਫ਼ਿਲਮ ਦੀ ਸਫ਼ਲਤਾ ਅਤੇ ਅਸਫ਼ਲਤਾ ਨੂੰ ਤੁਸੀਂ ਕਿਵੇਂ ਲੈਂਦੇ ਹੋ?
-ਮੈਂ ਕਾਮਯਾਬੀ ਜਾਂ ਨਾਕਾਮੀ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦੀ। ਇੰਨੀਆਂ ਫ਼ਿਲਮਾਂ ਕਰਨ ਤੋਂ ਬਾਅਦ ਮੈਂ ਇਹ ਸਮਝ ਗਈ ਹਾਂ ਕਿ ਅਸਫ਼ਲਤਾ ਇੱਕ ਅਜਿਹੀ ਚੀਜ਼ ਹੈ ਜਿਸ ‘ਤੇ ਤੁਸੀਂ ਕੰਟਰੋਲ ਨਹੀਂ ਕਰ ਸਕਦੇ। ਇਹ ਇਸ ਇੰਡਸਟਰੀ ਦਾ ਹਿੱਸਾ ਹੈ। ਕੋਈ ਇੱਕ ਅਜਿਹਾ ਅਦਾਕਾਰ ਦੱਸ ਦਿਓ ਜਿਸ ਨੇ ਸਿਰਫ਼ ਹਿੱਟ ਫ਼ਿਲਮਾਂ ਦੀ ਦਿੱਤੀਆਂ ਹੋਣ? ਹਾਂ, ਇਹ ਵੀ ਜ਼ਰੂਰੀ ਹੈ ਕਿ ਅਦਾਕਾਰ ਦੀਆਂ ਫ਼ਿਲਮਾਂ ਬਾਕਸ ਆਫ਼ਿਸ ‘ਤੇ ਕਾਮਯਾਬ ਹੋਣ ਤਾਂ ਹੀ ਨਿਰਮਾਤਾ-ਨਿਰਦੇਸ਼ਕ ਅਜਿਹੇ ਕਲਾਕਾਰਾਂ ਵਿੱਚ ਦਿਲਚਸਪੀ ਲੈਂਦੇ ਹਨ।
* ਤੁਸੀਂ ਇੱਕ ਖ਼ੂਬਸੂਰਤ ਅਭਿਨੇਤਰੀ ਹੋ। ਤੁਸੀਂ ਆਪਣੀ ਸੁੰਦਰਤਾ ਦਾ ਖਿਆਲ ਕਿਸ ਤਰ੍ਹਾਂ ਰੱਖਦੇ ਹੋ?
-ਗਲੈਮਰ ਦੀ ਦੁਨੀਆਂ ਦਾ ਹਿੱਸਾ ਹੋਣ ਕਾਰਨ ਸਾਨੂੰ ਆਪਣੀ ਦੇਖਭਾਲ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਸ ਲਈ ਮੈਂ ਨਿਯਮਤ ਰੂਪ ਨਾਲ ਜ਼ਿਆਦਾ ਪਾਣੀ ਪੀਂਦੀ ਹਾਂ। ਇੱਕ ਦਿਨ ਵਿੱਚ ਘੱਟ ਤੋਂ ਘੱਟ 10 ਗਿਲਾਸ ਪਾਣੀ ਪੀਂਦੀ ਹਾਂ।  ਵੈਸੇ ਮੇਰੇ ਹਿਸਾਬ ਨਾਲ ਬਾਹਰੀ ਸੁੰਦਰਤਾ ਤੋਂ ਜ਼ਿਆਦਾ ਅੰਦਰੂਨੀ ਸੁੰਦਰਤਾ ਮਾਅਨੇ ਰੱਖਦੀ ਹੈ, ਇਸ ਲਈ ਹਮੇਸ਼ਾਂ ਸਕਾਰਾਤਮਕ ਸੋਚ ਰੱਖਦੀ ਹਾਂ। ਸਹੀ ਸਮੇਂ ‘ਤੇ ਖਾਣਾ ਅਤੇ ਪੌਸ਼ਟਿਕ ਭੋਜਨ ‘ਤੇ ਵਿਸ਼ੇਸ਼ ਧਿਆਨ ਦਿੰਦੀ ਹਾਂ। ਆਪਣੀ ਖ਼ੂਬਸੂਰਤੀ ਨੂੰ ਹੋਰ ਨਿਖਾਰਨ ਲਈ ਚਾਹ ਦੀ ਥਾਂ ਗਰੀਨ ਟੀ ਲੈਂਦੀ ਹਾਂ ਜੋ ਐਂਟੀ ਆਕਸੀਡੈਂਟ ਨਾਲ ਭਰੀ ਹੋਈ ਹੈ ਅਤੇ ਝੁਰੜੀਆਂ ਨੂੰ ਚਿਹਰੇ ਤੋਂ ਦੂਰ ਰੱਖਦੀ ਹੈ।
* ਫ਼ਿੱਟਨੈੱਸ ਲਈ ਅੱਜ ਅਭਿਨੇਤਰੀਆਂ ਵੀ ਜਿੰਮ ਜਾਂਦੀਆਂ ਹਨ। ਕੀ ਤੁਸੀਂ ਵੀ?
-ਬਿਲਕੁਲ, ਮੈਂ ਵੀ ਆਪਣੇ ਸਮੇਂ ਦੇ ਕੁਝ ਘੰਟੇ ਕਸਰਤ ਲਈ ਜ਼ਰੂਰ ਕੱਢਦੀ ਹਾਂ। ਮੇਰਾ ਮੰਨਣਾ ਹੈ ਕਿ ਨਿਯਮਤ ਰੂਪ ਤੋਂ ਯੋਗ ਅਤੇ ਕਸਰਤ ਕਰਨ ਨਾਲ ਖੂਨ ਦਾ ਸੰਚਾਰ ਵਧਦਾ ਹੈ ਅਤੇ ਚਮੜੀ ਤਰੋਤਾਜ਼ਾ ਦਿਖਾਈ ਦਿੰਦੀ ਹੈ। ਨਾਲ ਹੀ ਸਰੀਰ ਵੀ ਚੁਸਤ ਬਣਿਆ ਰਹਿੰਦਾ ਹੈ। ਬੇਸ਼ੱਕ ਮੈਂ ਜਿੰਮ ਨਹੀਂ ਜਾਂਦੀ, ਪਰ ਘਰ ‘ਤੇ ਯੋਗ ਅਤੇ ਕਸਰਤ ਕਰਨਾ ਕਦੇ ਨਹੀਂ ਭੁੱਲਦੀ। ਇਸ ਤੋਂ ਇਲਾਵਾ ਤੈਰਾਕੀ, ਜੌਗਿੰਗ ਅਤੇ ਡਾਂਸ ਦੀ ਮਦਦ ਲੈਂਦੀ ਹਾਂ। ਆਪਣੀ ਫ਼ਿੱਟਨੈੱਸ ਨੂੰ ਆਜੀਵਨ ਕਾਇਮ ਰੱਖਣ ਲਈ ਯੋਗ ਅਤੇ ਧਿਆਨ ‘ਤੇ ਵੀ ਮੈਂ ਪੂਰਾ ਵਿਸ਼ਵਾਸ ਰੱਖਦੀ ਹਾਂ। ਘਰੇਲੂ ਕਸਰਤ ਸ਼ੈਲੀ ਮੇਰੀ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਹੈ।
* ਤੁਹਾਡੇ ਜੀਵਨ ਦਾ ਫ਼ਲਸਫ਼ਾ ਕੀ ਹੈ?
-ਬਸ ਇੰਨਾ ਕਿ ਸਾਨੂੰ ਸਾਰੇ ਪਲਾਂ ਨੂੰ ਜਿਊਣਾ ਚਾਹੀਦਾ ਹੈ, ਚਾਹੇ ਉਹ ਚੰਗੇ ਹੋਣ ਜਾਂ ਬੁਰੇ ਹੋਣ ਕਿਉਂਕਿ ਹਰ ਤਰ੍ਹਾਂ ਦੇ ਮੌਕੇ ਸਾਡੇ ਜੀਵਨ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ। ਸਾਡੀ ਦੁਨੀਆਂ ਇੱਥੇ ਖਤਮ ਨਹੀਂ ਹੁੰਦੀ। ਇਸ ਲਈ ਹਰ ਪਲ ਦਾ ਆਨੰਦ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਤੁਸੀਂ ਦਬਾਅ ਅਤੇ ਤਣਾਅ ਵਿੱਚ ਰਹਿੰਦੇ ਹੋ ਤਾਂ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਤੁਹਾਨੂੰ ਉਨ੍ਹਾਂ ਪਲਾਂ ਦੀ ਖੂਬਸੂਰਤੀ ਦਾ ਅਹਿਸਾਸ ਹੀ ਨਹੀਂ ਸੀ।
* ਖਾਲੀ ਸਮੇਂ ਵਿੱਚ ਤੁਸੀਂ ਕੀ ਕਰਨਾ ਪਸੰਦ ਕਰਦੇ ਹੋ ਅਤੇ ਕੀ ਤੁਹਾਨੂੰ ਘੁੰਮਣ ਦਾ ਵੀ ਸ਼ੌਕ ਹੈ?
-ਖਾਲੀ ਸਮੇਂ ਵਿੱਚ ਮੈਂ ਆਪਣੇ ਮਾਪਿਆਂ ਨਾਲ ਸਮਾਂ ਬਿਤਾਉਂਦੀ ਹਾਂ। ਜਿੱਥੋਂ ਤਕ ਘੁੰਮਣ ਦੇ ਸ਼ੌਕ ਦੀ ਗੱਲ ਹੈ ਤਾਂ ਕਹਾਂਗੀ ਕਿ ਬਹੁਤ ਜ਼ਿਆਦਾ। ਮੇਰਾ ਭਰਾ ਸ਼ਿਕਾਗੋ  ਵਿੱਚ ਰਹਿੰਦਾ ਹੈ। ਇੱਕ ਭੈਣ ਦਿੱਲੀ ਵਿੱਚ ਰਹਿੰਦੀ ਹੈ। ਇਨ੍ਹਾਂ ਨਾਲ ਜਦੋਂ ਵੀ ਸਮਾਂ ਮਿਲਦਾ ਹੈ ਤਾਂ ਮੈਂ ਘੁੰਮਣ ਚਲੀ ਜਾਂਦੀ ਹਾਂ।