ਜੋੜਾਂ ਦੀ ਇੱਕ ਗੰਭੀਰ ਬਿਮਾਰੀ ਹੈ। ਇਸ ਰੋਗ ਵਿੱਚ ਝਿੱਲੀਦਾਰ ਜੋੜਾਂ ਦੀ ਪੱਸ ਰਹਿਤ ਸੋਜ ਹੋ ਜਾਂਦੀ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ।
ਗਠੀਆ ਦੀ ਬਿਮਾਰੀ ਦੇ ਲੱਛਣ: ਗਠੀਆ ਦੀ ਬਿਮਾਰੀ ਦੀ ਜਕੜ ਵਿੱਚ ਸਭ ਤੋਂ ਪਹਿਲਾਂ ਹੱਥਾਂ ਅਤੇ ਪੈਰਾਂ ਦੇ ਛੋਟੇ ਜੋੜ ਆਉਂਦੇ ਹਨ। ਮਰੀਜ਼ ਇਨ੍ਹਾਂ ਜੋੜਾਂ ਵਿੱਚ ਦਰਦ, ਸੋਜ ਤੇ ਜਕੜਨ ਮਹਿਸੂਸ ਕਰਦਾ ਹੈ। ਫ਼ਿਰ ਗੁੱਟ, ਮੋਢੇ, ਗੋਡੇ ਦੇ ਜੋੜਾਂ ਉੱਤੇ ਬਿਮਾਰੀ ਪਕੜ ਕਰਦੀ ਹੈ। ਜਕੜਨ ਸਵੇਰ ਵੇਲੇ ਵੱਧ ਹੁੰਦੀ ਹੈ। ਹੌਲੀ ਹੌਲੀ ਮਾਸਪੇਸ਼ੀਆਂ ਦਾ ਦਰਦ ਤੇ ਕਮਜ਼ੋਰੀ, ਥਕਾਵਟ ਅਤੇ ਜੋੜਾਂ ਦਾ ਬੇਢੰਗਾ ਹੋਣਾ ਆਦਿ ਲੱਛਣ ਦੇਖਣ ਨੂੰ ਮਿਲਦੇ ਹਨ।
ਗਠੀਆ ਦੇ ਕਾਰਨ: ਇਮਿਊਨ ਸਿਸਟਮ (ਸਰੀਰ ਦੀ ਬਾਹਰੀ ਰੋਗਾਂ ਦੇ ਨਾਲ ਲੜਨ ਦੀ ਸ਼ਕਤੀ) ਦੀ ਗੜਬੜੀ ਕਰਕੇ ਗਠੀਆ ਦੀ ਸ਼ੁਰੂਆਤ ਹੁੰਦੀ ਹੈ। ਇਮਿਊਨ ਸਿਸਟਮ ਦੇ ਅਜਿਹੇ ਢੰਗ ਨਾਲ ਕੰਮ ਕਰਨ ਦਾ ਕਾਰਨ ਕੁਝ ਕੀਟਾਣੂ ਜਿਵੇਂ ਵਾਇਰਸ, ਮਨੁੱਖੀ ਜੀਨਜ਼, ਹਾਰਮੋਨਜ ਅਤੇ ਤਣਾਅ ਆਦਿ ਹੁੰਦੇ ਹਨ। ਆਮ ਕਰਕੇ ਵਾਇਰਸ ਦੇ ਹਮਲੇ ਤੋਂ ਕਾਫ਼ੀ ਸਮੇਂ ਬਾਅਦ ਸੰਭਾਵਿਤ ਵਿਅਕਤੀ  ਵਿੱਚ ਗਠੀਆ ਦੀ ਸ਼ੁਰੂਆਤ ਹੁੰਦੀ ਹੈ। ਇਸ ਬਿਮਾਰੀ ਵਿੱਚ ਇਮਿਊਨ ਸਿਸਿਟਮ ਜੋੜਾਂ ਵਿਚਕਾਰ ਪਈ ਝਿੱਲੀ ਜਾਂ ਸਾਇਨੋਵਿਅਲ ਮੈਬਰੇਨ ਉੱਤੇ ਹਮਲਾ ਕਰ ਦਿੰਦਾ ਹੈ। ਨਤੀਜੇ ਵੱਜੋਂ ਝਿੱਲੀ ਸੁੱਜ ਜਾਂਦੀ ਹੈ। ਫ਼ਿਰ ਹੱਡਾਂ ਦੀ ਆਪਸੀ ਰਗੜ ਵਾਲੀ ਥਾਂ ਉੱਤੇ ਖੁਰਦਲੇ ਸੈੱਲਾਂ ਦੀ ਬੇਲੋੜੀ ਪਰਤ ਬਣਨ ਲਗਦੀ ਹੈ। ਇਹ ਹੌਲੀ ਹੌਲੀ ਹੱਡੀਆਂ ਨੂੰ ਭੋਰਨ ਲਗਦੀ ਹੈ। ਹੱਡਾਂ ਦੇ ਵਿਚਕਾਰ ਆਪਸੀ ਵਿੱਥ ਘਟ ਜਾਂਦੀ ਹੈ। ਬਾਹਰੀ ਤੌਰ ‘ਤੇ ਵੇਖਣ ਨੂੰ ਮਰੀਜ਼ ਦੇ ਜੋੜ ਬੇਢੰਗੇ ਨਜ਼ਰ ਆਉਣ ਲਗਦੇ ਹਨ।
ਜੋੜਾਂ ਦਾ ਬੇਢੰਗੇ ਹੋਣਾ ਇਸ ਪ੍ਰਕਾਰ ਹੈ: ਹੱਥ ਅਤੇ ਪੈਰਾਂ ਦੀਆਂ ਉਂਗਲਾਂ ਦਾ ਝੁਕਾਅ ਬਾਹਰ ਵੱਲ ਹੋ ਜਾਣਾ। ਉਗਲਾਂ ਦੂਰ ਦੂਰ ਹੋ ਜਾਂਦੀਆਂ ਹਨ ਅਤੇ ਮੁੜ ਜਾਂਦੀਆਂ ਹਨ। ਗੋਡੇ ਦੇ ਹੱਡ ਬੁਰੀ ਤਰ੍ਹਾਂ ਭੁਰ ਜਾਂਦੇ ਹਨ।
ਲਹੂ ਦੀਆਂ ਸਮੱਸਿਆਵਾਂ: ਈ.ਐੱਸ.ਆਰ. ਵਧ ਜਾਂਦਾ ਹੈ। ਐੱਚ.ਬੀ. ਘਟ ਜਾਂਦਾ ਹੈ। ਜ਼ਿਆਦਾਤਰ ਮਰੀਜ਼ਾਂ ਦੇ ਸੀਰਮ ਵਿੱਚ ਆਰ.ਏ. ਫ਼ੈਕਟਰ ਪੌਜੇਟਿਵ ਹੁੰਦਾ ਹੈ।
ਏਕਸ ਰੇ ਵਿੱਚ: ਜੋੜ ਵਿਚਕਾਰ ਵਿੱਥ ਦਾ ਘਟਣਾ ਤੇ ਜੋੜ ਦਾ ਭੁਰਨਾ ਆਦਿ।
ਇਲਾਜ: ਦਵਾਈਆਂ ਜਿਵੇਂ ਕਿ ਨਾਨ-ਸਟਰੀਡੋਇਡਲ ਐਂਟੀ ਇਨਫ਼ਲਾਮੇਟਰੀ, ਡਿਸੀਜ ਮੋਡੀਫ਼ਾਇੰਗ ਐਂਟੀ ਇੰਨਫ਼ਲਾਮੈਂਟਰੀ ਅਤੇ ਸਟਰੀਰੋਇਡਸ ਦੀ ਵਰਤੋਂ ਕੀਤੀ ਜਾਂਦੀ ਹੈ।
ਦਵਾਈਆਂ ਦੇ ਨਾਲ ਨਾਲ ਫ਼ਿਜ਼ੀਓਥੈਰੇਪੀ ਇਲਾਜ ਵੀ ਜ਼ਰੂਰੀ ਹੈ। ਜਦੋਂ ਕੋਈ ਗਠੀਆ ਦਾ ਮਰੀਜ਼ ਫ਼ਿਜ਼ੀਓਥੈਰੇਪਿਸਟ ਕੋਲ ਇਲਾਜ ਲਈ ਆਉਂਦਾ ਹੈ ਤਾਂ ਦੱਸੇ ਲੱਛਣ, ਦਰਦ ਦਾ ਪੱਧਰ, ਜੋੜਾਂ ਦੀ ਹਰਕਤ, ਮਾਸਪੇਸ਼ੀਆਂ ਦੀ ਤਾਕਤ, ਅੰਗਾਂ ਦੀ ਜਾਇਜ਼ਾ ਕਰਕੇ ਇਲਾਜ ਸ਼ੁਰੂ ਕੀਤਾ ਜਾਂਦਾ ਹੈ।
ਦਰਦ ਨੂੰ ਘੱਟ ਕਰਨ ਲਈ: ਬਿਮਾਰੀ ਦੀ ਸ਼ੁਰੂਆਤ ਵਿੱਚ ਦਰਦ ਦੀ ਸ਼ਿਕਾਇਤ ਆਮ ਹੈ। ਇਸ ਨੂੰ ਘੱਟ ਕਰਨ ਲਈ ਸਿੱਲੀ ਗਰਮੈਸ਼, ਖੁਸ਼ਕ ਗਰਮੈਸ਼ ਅਤੇ ਪੈਰਾਫ਼ਿਨ ਵੈਕਸ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਕਿ ਮਾਸਪੇਸ਼ੀਆ ਜਾਂ ਪੱਠਿਆਂ ਵਿੱਚ ਖ਼ੂਨ ਦਾ ਵਹਾ ਵਧਾ ਦਿੰਦੀ ਹੈ। ਨਾੜੀਆਂ ਵਿੱਚ ਖ਼ੂਨ ਚੱਲ ਪੈਂਦਾ ਹੈ ਅਤੇ ਗੰਦੇ ਖ਼ੂਨ ਦੀ ਥਾਂ ਸਾਫ਼ ਖ਼ੂਨ ਲੈ ਲੈਂਦਾ ਹੈ। ਪੱਠਿਆਂ ਵਿੱਚ ਨਰਮਾਈ ਆ ਜਾਂਦੀ ਹੈ। ਸੋਜ ਜਾਂ ਇੱਕ ਥਾਂ ਉੱਠਦੀ ਚੀਸ ਨੂੰ ਘੱਟ ਕਰਨ ਲਈ ਅਲਟਰਾਸੋਨਿਕ ਥੈਰੇਪੀ, ਆਈ.ਐਫ਼.ਟੀ. ਅਤੇ ਟੈਨਸ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।
ਜੋੜ ਦੀ ਹਰਕਤ ਨੂੰ ਵਧਾਉਣ ਲਈ: ਪੱਠਿਆਂ ਦੀ ਜਕੜਨ ਮਰੀਜ਼ ਦੇ ਜੋੜ ਦੀ ਹਰਕਤ ਨੂੰ ਕਾਫ਼ੀ ਘੱਟ ਕਰ ਦਿੰਦੀ ਹੈ। ਜਕੜਨ ਨੂੰ ਘੱਟ ਕਰਨ ਲਈ ਬਲਾਸਟਿਕ ਸਟਰੈਚ, ਪੀ.ਐਨ.ਐਫ਼. ਅਤੇ ਮੋਬੇਲਾਇਜੇਸ਼ਨ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਹ ਮਰੀਜ਼ ਦੇ ਜੋੜਾਂ ਨੂੰ ਜੋੜ ਦੇ ਅਨੁਕੂਲ ਬਣਦੀ ਦਿਸ਼ਾ ਵਿੱਚ ਹਿਲਾਉਂਦਾ ਹੈ। ਇਨ੍ਹਾਂ ਕਸਰਤਾਂ ਨੂੰ ਕਰਨ ਤੋਂ ਬਾਅਦ ਮਰੀਜ਼ ਨੂੰ ਥਕਾਵਟ ਮਹਿਸੂਸ ਹੁੰਦੀ ਹੈ ਜੋ ਆਰਾਮ ਕਰਨ ਨਾਲ ਠੀਕ ਹੋ ਜਾਂਦੀ ਹੈ।
ਮਾਸਪੇਸ਼ੀਆਂ ਦੀ ਤਾਕਤ ਨੂੰ ਵਧਾਉਣ ਲਈ: ਫ਼ਿਜ਼ੀਓਥੈਰਿਪਿਸਟ ਪੱਠਿਆਂ ਦੀ ਤਾਕਤ ਵਧਾਉਣ ਲਈ ਕਸਰਤਾਂ ਕਰਵਾਉਂਦਾ ਹੈ। ਇਸ ਲਈ ਥੈਰਾ ਬੈਂਡ ਤੇ ਵੇਟ ਕੱਫ਼ਸ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਪੱਠੇ ਅਤੇ ਜੋੜ ਮਜ਼ਬੂਤ ਹੋ ਜਾਂਦਾ ਹੈ।
ਬੇਢੰਗੇ ਹੋਣ ਤੋਂ ਰੋਕਣ ਲਈ: ਮਰੀਜ਼ ਨੂੰ ਰੋਜ਼ਾਨਾਂ ਦੇ ਕੰਮਾਂ ਵਿੱਚ ਬਦਲਾਅ ਲਿਆਉਣ, ਸਪਲਿੰਟ ਪਾਉਣ, ਜੋੜ ਨੂੰ ਸਹੀ ਦਿਸ਼ਾ ਵਿੱਚ ਰੱਖਣ ਦੀ ਵਿਧੀ ਸਿਖਾਈ ਜਾਂਦੀ ਹੈ। ਇਸ ਤਰ੍ਹਾਂ ਜੋੜ ਦਾ ਬੇਲੋੜੇ ਦਰਦ ਅਤੇ ਦਬਾ ਤੋਂ ਬਚਾ ਹੁੰਦਾ ਹੈ। ਜਿਨ੍ਹਾਂ ਮਰੀਜ਼ਾਂ ਵਿੱਚ ਤੁਰਨ ਦੀ ਦਿੱਕਤ ਹੁੰਦੀ ਹੈ ਉਨ੍ਹਾਂ ਨੂੰ ਵਾਕਰ, ਵ੍ਹੀਲ ਚੇਅਰ ਸਿਖਲਾਈ ਦੁਆਰਾ ਆਤਮ ਨਿਰਭਰ ਬਣਾਇਆ ਜਾਂਦਾ ਹੈ।