ਫ਼ਿਲਮ ‘ਮਾਰਗ੍ਰਿਟਾ ਵਿਦ ਏ ਸਟ੍ਰਾਅ’ ਲਈ ਕੌਮੀ ਪੁਰਸਕਾਰ ਜੇਤੂ ਅਦਾਕਾਰਾ ਕਲਕੀ ਕੋਚਲੀਨ ‘ਦੇਵ ਡੀ’, ‘ਜ਼ਿੰਦਗੀ ਨਾ ਮਿਲੇਗੀ ਦੋਬਾਰਾ’ ਅਤੇ ‘ਹੈਪੀ ਐਂਡਿੰਗ’ ਸਮੇਤ ਕਈ ਫ਼ਿਲਮਾਂ ਵਿੱਚ ਕੰਮ ਕਰਕੇ ਬਤੌਰ ਅਦਾਕਾਰਾ ਸਫ਼ਲਤਾ ਹਾਸਿਲ ਕਰ ਚੁੱਕੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਨਵੀਂ ਫ਼ਿਲਮ ‘ਮੰਤਰਾ’ ਨੂੰ ਲੈ ਕੇ ਉਤਸ਼ਾਹਿਤ ਹੈ ਜੋ ਪੂਰੇ ਦੋ ਸਾਲ ਠੰਢੇ ਬਸਤੇ ਵਿੱਚ ਪਈ ਰਹਿਣ ਮਗਰੋਂ 17 ਮਾਰਚ ਨੂੰ ਰਿਲੀਜ਼ ਹੋਵੇਗੀ। ਪੇਸ਼ ਹਨ ਉਸ ਨਾਲ ਹੋਈ ਮੁਲਾਕਾਤ ਦੇ ਅੰਸ਼:
-ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸੰਘਰਸ਼ ਖ਼ਤਮ ਹੋ ਗਿਆ ਹੈ?
-ਮੈਨੂੰ ਕੁਝ ਜ਼ਿਆਦਾ ਹੀ ਸੰਘਰਸ਼ ਕਰਨਾ ਪਿਆ ਕਿਉਂਕਿ ਮੈਂ ਕਦੇ ਵੀ ਆਪਣੇ ਖ਼ਰਚ ਲਈ ਆਪਣੇ ਮਾਪਿਆਂ ਤੋਂ ਪੈਸੇ ਨਹੀਂ ਲਏ। ਲੰਡਨ ਵਿੱਚ ਪੜ੍ਹਾਈ ਸਮੇਂ ਵੀ ਮੈਂ ਪਾਰਟ ਟਾਈਮ ਨੌਕਰੀ ਕਰਕੇ ਪੈਸੇ ਕਮਾ ਰਹੀ ਸੀ। ਬੌਲੀਵੁੱਡ ਵਿੱਚ ਫ਼ਿਲਮੀ ਪਰਿਵਾਰ ਨਾਲ ਸਬੰਧਿਤ ਨਾ ਹੋਣ ਕਾਰਨ ਮੈਨੂੰ ਕਾਫ਼ੀ ਸੰਘਰਸ਼ ਕਰਨਾ ਪਿਆ। ਮੈਨੂੰ ਤਾਂ ਮਕਾਨ ਦਾ ਕਿਰਾਇਆ ਦੇਣ ਲਈ ਵੀ ਪੈਸੇ ਚਾਹੀਦੇ ਸਨ, ਪਰ ਮੈਂ ਕਦੇ ਹਿੰਮਤ ਨਹੀਂ ਹਾਰੀ ਅਤੇ ਲਗਾਤਾਰ ਮਿਹਨਤ ਕਰਦੀ ਰਹੀ। ਮੈਂ ਕਦੇ ਵੀ ਰਾਤੋ ਰਾਤ ਸਟਾਰ ਬਣਨ ਬਾਰੇ ਨਹੀਂ ਸੋਚਿਆ। ਆਖ਼ਿਰ ਮੇਰੀ ਮਿਹਨਤ ਰੰਗ ਲਿਆਈ ਅਤੇ ਮੈਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਕਾਫ਼ੀ ਸ਼ੌਹਰਤ ਮਿਲੀ, ਪਰ ਮੈਨੂੰ ਜ਼ਿਆਦਾਤਰ ਫ਼ਿਲਮਾਂ ਵਿੱਚ ਬੋਲਡ ਕਿਰਦਾਰ ਨਿਭਾਉਣ ਦਾ ਹੀ ਮੌਕਾ ਮਿਲਿਆ। ਫ਼ਿਲਮ ‘ਮਾਰਗ੍ਰਿਟਾ ਵਿਦ ਏ ਸਟ੍ਰਾਅ’ ਵਿੱਚ ਮੈਂ ਸੈਰੇਬਲ ਪਾਲਸੀ ਦੀ ਰੋਗੀ ਮਹਿਲਾ ਦਾ ਕਿਰਦਾਰ ਨਿਭਾ ਕੇ ਕੌਮੀ ਪੁਰਸਕਾਰ ਜਿੱਤਿਆ। ਉਸ ਮਗਰੋਂ ਮੈਂ ਚੁਣੌਤੀਪੂਰਨ ਭੂਮਿਕਾਵਾਂ ਹੀ ਨਿਭਾਉਣ ਲੱਗੀ। ਹੁਣ ਮੈਂ ਫ਼ਿਲਮ ਦੀ ਕਹਾਣੀ ਉੱਤੇ ਖ਼ਾਸ ਧਿਆਨ ਦਿੰਦੀ ਹਾਂ। ਮੈਂ ਉਨ੍ਹਾਂ ਫ਼ਿਲਮਾਂ ਤੋਂ ਦੂਰ ਰਹਿੰਦੀ ਹਾਂ ਜਿਨ੍ਹਾਂ ਵਿੱਚ ਮੇਰੇ ਕਰਨ ਲਈ ਕੁਝ ਖ਼ਾਸ ਨਾ ਹੋਵੇ। ਇੰਨਾ ਹੀ ਨਹੀਂ  ਹੁਣ ਮੈਂ ਲਘੂ ਫ਼ਿਲਮਾਂ ਵੀ ਕਰ ਰਹੀ ਹਾਂ। ਮੈਂ ਰੰਗਮੰਚ ਨਾਲ ਵੀ ਜੁੜੀ ਹੋਈ ਹਾਂ। ਮੈਂ ਇੱਕ ਨਾਟਕ ਦਾ ਨਿਰਦੇਸ਼ਨ ਵੀ ਕੀਤਾ ਹੈ। ਮੈਂ ਸ਼ੈਕਸਪੀਅਰ ਦੇ ਨਾਟਕ ‘ਰੋਮੀਓ ਜੂਲੀਅਟ’ ਵਿੱਚ ਆਦਿਲ ਹੁਸੈਨ ਨਾਲ ਅਦਾਕਾਰੀ ਕੀਤੀ ਹੈ। ਇਸ ਤੋਂ ਇਲਾਵਾ ਮੈਂ ਹੋਰ ਵੀ ਕਈ ਨਾਟਕ ਕਰ ਰਹੀ ਹਾਂ, ਪਰ ਮੈਂ ਕਦੇ ਕੋਈ ਭੂਮਿਕਾ ਦੁਹਰਾਈ ਨਹੀਂ।
-ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਮਗਰੋਂ ਬੌਲੀਵੁੱਡ ਨਾਲ ਜੁੜਨ ਵਾਲੀਆਂ ਅਭਿਨੇਤਰੀਆਂ ਤੁਹਾਡੇ ਤੋਂ ਕਾਫ਼ੀ ਅੱਗੇ ਨਿਕਲ ਗਈਆਂ ਹਨ?
-ਮੈਂ ਖ਼ੁਦ ਹੈਰਾਨ ਹਾਂ। ਇਹ ਦੇਖ ਕੇ ਕਿ ਇੱਥੇ ਲੋਕ ਕੰਮ ਤੋਂ ਵੱਧ ਧਿਆਨ ਲੋਕ ਸੰਪਰਕ ‘ਤੇ ਦਿੰਦੇ ਹਨ। ਲੋਕ ਕਲਾ ਨੂੰ ਵਪਾਰ ਸਮਝ ਕੇ ਮੁਕਾਬਲਾ ਕਰ ਰਹੇ ਹਨ। ਦਰਅਸਲ, ਮੈਂ ਛੋਟੇ ਸ਼ਹਿਰ ਤੋਂ ਆਈ ਹਾਂ ਅਤੇ ਮੈਨੂੰ ਹੌਲੀ ਹੌਲੀ ਚੱਲਣਾ ਪਸੰਦ ਹੈ। ਜਦੋਂ ਕਿ ਮੈਂ ਦੇਖਦੀ ਹਾਂ ਕਿ ਬੌਲੀਵੁੱਡ ਦੇ ਕਈ ਲੋਕ ਸ਼ੂਟਿੰਗ ਵੀ ਕਰਦੇ ਹਨ, ਪੀ.ਆਰ. ਵੀ ਕਰਦੇ ਹਨ, ਸੋਸ਼ਲ ਮੀਡੀਆ ‘ਤੇ ਵੀ ਲੱਗੇ ਰਹਿੰਦੇ ਹਨ, ਹਰ ਪਾਰਟੀ ਜਾਂ ਹਰ ਫ਼ਿਲਮ ਦੇ ਖ਼ਾਸ ਸ਼ੋਅ ਮੌਕੇ ਉੱਥੇ ਪੁੱਜ ਜਾਂਦੇ ਹਨ। ਅਜਿਹੀ ਭੱਜਦੌੜ ਮੇਰੇ ਵਸ ਦੀ ਗੱਲ ਨਹੀਂ, ਪਰ ਮੈਂ ਕਾਫ਼ੀ ਚੰਗੀਆਂ ਫ਼ਿਲਮਾਂ ਕਰ ਰਹੀ ਹਾਂ। ਮੇਰੀ ਫ਼ਿਲਮ ‘ਮੰਤਰਾ’ ਇਸੇ ਮਹੀਨੇ ਰਿਲੀਜ਼ ਹੋਣ ਵਾਲੀ ਹੈ।
-ਫ਼ਿਲਮ ‘ਮੰਤਰਾ’ ਵਿੱਚ ਕੰਮ ਕਰਨ ਦੀ ਕੋਈ ਖ਼ਾਸ ਵਜ੍ਹਾ?
-ਇਹ ਫ਼ਿਲਮ 1990 ਦੇ ਦਹਾਕੇ ਦੀ ਪੀੜ੍ਹੀ ਲਈ ਪ੍ਰਸੰਗਿਕ ਹੈ। ਮੈਨੂੰ ਫ਼ਿਲਮ ਦੀ ਕਹਾਣੀ ਪਸੰਦ ਆਈ। ਫ਼ਿਲਮ ਵਿੱਚ ਪੁਰਾਣੇ ਅਤੇ ਨਵੇਂ ਭਾਰਤ ਦਰਮਿਆਨ ਟਕਰਾਅ ਹੈ। ਇੱਕ ਭਾਰਤ ਵਿਸ਼ਵੀਕਰਨ ਭਾਵ 1991 ਤੋਂ ਪਹਿਲਾਂ ਦਾ ਅਤੇ ਦੂਜਾ ਉਸ ਤੋਂ ਬਾਅਦ ਦਾ ਹੈ। ਦਰਅਸਲ, ਇਸ ਫ਼ਿਲਮ ਵਿੱਚ ਦੱਸਿਆ ਗਿਆ ਹੈ ਕਿ 1991 ਤੋਂ ਬਾਅਦ ਭਾਰਤ ਵਿੱਚ ਬਹੁਕੌਮੀ ਕੰਪਨੀਆਂ ਆਉਣ ਮਗਰੋਂ ਅਸੀਂ ਕਿਸ ਤਰ੍ਹਾਂ ਬਦਲੇ ਹਾਂ। ਪੁਰਾਣੀ ਪੀੜ੍ਹੀ ਅੱਜ ਵੀ ਰਵਾਇਤੀ ਹੈ, ਪਰ ਨਵੀਂ ਪੀੜ੍ਹੀ ਨੂੰ ਆਜ਼ਾਦੀ ਚਾਹੀਦੀ ਹੈ। ਇਹ ਫ਼ਿਲਮ 80 ਫ਼ੀਸਦੀ ਅੰਗਰੇਜ਼ੀ ਭਾਸ਼ਾ ਵਿੱਚ ਬਣਾਈ ਗਈ ਹੈ।
-ਤੁਹਾਡੇ ਲਈ ਇਸ ਫ਼ਿਲਮ ਵਿੱਚ ਕੰਮ ਕਰਨਾ ਕਿੰਨਾ ਕੁ ਸੌਖਾ ਰਿਹਾ?
-ਮੈਂ ਇਸ ਬਦਲਾਅ ਨਾਲ ਹੀ ਵੱਡੀ ਹੋਈ ਹਾਂ। ਇਸ ਲਈ ਮੈਨੂੰ ਇਨ੍ਹਾਂ ਬਾਗ਼ੀ ਚਿਹਰਿਆਂ ਨੂੰ ਸਮਝਣਾ ਸੁਖਾਲਾ ਰਿਹਾ। ਨਵੀਂ ਪੀੜ੍ਹੀ ਇਸ ਫ਼ਿਲਮ ਨਾਲ ਖ਼ੁਦ ਨੂੰ ਜੁੜਿਆ ਮਹਿਸੂਸ ਕਰੇਗੀ।
-ਇਸ ਫ਼ਿਲਮ ਵਿੱਚ ਆਪਣੇ ਕਿਰਦਾਰ ਬਾਰੇ ਕੁਝ ਦੱਸੋ ?
-ਫ਼ਿਲਮ ਦੇ ਨਿਰਦੇਸ਼ਕ ਨਿਕੋਲਸ ਖਾਰਕੋਂਗਰ ਦੀ ਇਹ ਪਹਿਲੀ ਫ਼ਿਲਮ ਹੈ। ਫ਼ਿਲਮ ਦੀ ਕਹਾਣੀ ਕਿੰਗ ਚਿਪਸ ਦੇ ਮਾਲਕ ਕਪਿਲ ਕਪੂਰ (ਰਜਤ ਕਪੂਰ) ਦੇ ਸੰਘਰਸ਼ ਦੀ ਹੈ। ਜਿਸ ਦੀ ਲੜਾਈ ਉਸ ਬਹੁਕੌਮੀ ਕੰਪਨੀ ਨਾਲ ਹੈ ਜੋ ਇੱਕ ਭਾਰਤੀ ਕੰਪਨੀ ਨੂੰ ਟੇਕਓਵਰ ਕਰ ਲੈਂਦੀ ਹੈ। ਹੌਲੀ ਹੌਲੀ ਕਪਿਲ ਕਪੂਰ ਬਹੁਕੌਮੀ ਕੰਪਨੀ ਤੋਂ ਹਾਰਦਾ ਜਾਂਦਾ ਹੈ। ਉਸ ਦੇ ਤਿੰਨ ਬੱਚੇ ਹਨ। ਇਨ੍ਹਾਂ ਤਿੰਨਾਂ ਵਿੱਚੋਂ ਮੈਂ ਇੱਕ ਧੀ ਪੀਆ ਕਪੂਰ ਦੀ ਭੂਮਿਕਾ ਨਿਭਾਈ ਹੈ।
-ਇਸ ਫ਼ਿਲਮ ਦੀ ਰਿਲੀਜ਼ ਵਿੱਚ ਕਾਫ਼ੀ ਦੇਰ ਹੋਣ ਦਾ ਕੀ ਕਾਰਨ ਹੈ?
-ਹਾਂ ਜੀ, ਇਸ ਫ਼ਿਲਮ ਦੀ ਸ਼ੂਟਿੰਗ ਅਸੀਂ ਦੋ ਸਾਲ ਪਹਿਲਾਂ ਹੀ ਪੂਰੀ ਕਰ ਲਈ ਸੀ। ਫ਼ਿਲਮ ਬਣਾਉਣ ਲਈ ਪੈਸੇ ਇੱਕੱਠੇ ਕਰਨ ਖਾਤਰ ਸਾਨੂੰ ਕਾਫ਼ੀ ਮਿਹਨਤ ਕਰਨੀ ਪਈ, ਪਰ ਫ਼ਿਲਮ ਰਿਲੀਜ਼ ਨਹੀਂ ਹੋ ਰਹੀ ਸੀ। ਜਦੋਂਕਿ ਕਈ ਕੌਮਾਂਤਰੀ ਫ਼ਿਲਮ ਮੇਲਿਆਂ ਵਿੱਚ ਇਹ ਫ਼ਿਲਮ ਦਿਖਾਈ ਜਾ ਚੁੱਕੀ ਸੀ। ਸਾਨੂੰ ਖ਼ੁਸ਼ੀ ਹੈ ਕਿ ਆਖ਼ਿਰ ਸਾਡੀ ਇਹ ਫ਼ਿਲਮ 17 ਮਾਰਚ ਨੂੰ ਸਿਨਮਾਂ ਘਰਾਂ ਵਿੱਚ ਪਹੁੰਚ ਰਹੀ ਹੈ।
-ਅਨੁਰਾਗ ਕਸ਼ਿਅਪ ਨਾਲ ਹੋਏ ਤਲਾਕ ਬਾਰੇ ਕੀ ਕਹੋਗੇ?
-ਮੈਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨਾ ਬੰਦ ਕਰ ਦਿੱਤਾ ਹੈ। ਮੈਂ ਕੰਮ ਕਰਨਾ ਚਾਹੁੰਦੀ ਹਾਂ। ਮੈਂ ਅਨੁਰਾਗ ਨੂੰ ਲੈ ਕੇ ਸੁਰਖੀਆਂ ਨਹੀਂ ਬਣਾਉਣੀਆਂ ਚਾਹੁੰਦੀ। ਅਨੁਰਾਗ ਮੇਰੇ ਚੰਗੇ ਮਿੱਤਰ ਹਨ, ਪਰ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਕਾਰਨ ਅਸੀਂ ਇੱਕੱਠੇ ਨਹੀਂ ਰਹੇ। ਕੁਝ ਚੀਜ਼ਾਂ ਨੂੰ ਸਵੀਕਾਰ ਕਰਨਾ ਹੀ ਪੈਂਦਾ ਹੈ, ਭਾਵੇਂ ਹੱਸ ਕੇ ਕਰੋ ਤੇ ਭਾਵੇਂ ਰੋ ਕੇ। ਉਨ੍ਹਾਂ ਬਾਰੇ ਗੱਲ ਕਰਨਾ ਬੇਕਾਰ ਹੈ।