ਕਮਲ ਹਾਸਨ ਬਾਲੀਵੁੱਡ ਦੇ ਮਹਾਨ ਅਦਾਕਾਰਾਂ ‘ਚੋਂ ਇੱਕ ਵੱਡਾ ਨਾਂ ਹੈ। ਸੁਨਹਿਰੀ ਪਰਦੇ ‘ਤੇ ਉਸ ਦੀ ਬੇਟੀ ਸ਼ਰੁਤੀ ਹਾਸਨ ਦੀ ਆਮਦ ਨਾਲ ਉਸ ‘ਤੇ ਵੱਡੀਆਂ ਆਸਾਂ ਲਗਾਈਆਂ ਗਈਆਂ ਸਨ। ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਭਾਵੇਂ ਉਹ ਕੋਈ ਬਹੁਤਾ ਕਮਾਲ ਨਹੀਂ ਦਿਖਾ ਸਕੀ ਪਰ ਅੱਜਕੱਲ੍ਹ ਉਸ ਦਾ ਕਰੀਅਰ ਬੁਲੰਦੀ ਵੱਲ ਜਾ ਰਿਹਾ ਹੈ। ਖ਼ਬਰ ਹੈ ਕਿ ਸ਼ਰੁਤੀ ਹਾਸਨ ਨੂੰ ਵੱਡੇ ਬਜਟ ਦੀ ਤਮਿਲ ਫ਼ਿਲਮ ‘ਸੰਘਮਿਤਰਾ’ ਲਈ ਸਾਈਨ ਕਰ ਲਿਆ ਗਿਆ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਇਸ ਤੋਂ ਬਾਅਦ ਸ਼ਰੁਤੀ ਦਾ ਕਰੀਅਰ ਅਹਿਮ ਮੋੜ ਲਵੇਗਾ। ‘ਸੰਘਮਿਤਰਾ’ ਵਿੱਚ ਜੈਰਾਮ ਰਵੀ ਅਤੇ ਆਰਿਆ ਵੀ ਮੁੱਖ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ। ਸੂਤਰਾਂ ਮੁਤਾਬਕ ਹਾਲ ਹੀ ਵਿੱਚ ਫ਼ਿਲਮ ਸਾਈਨ ਕਰਨ ਤੋਂ ਬਾਅਦ ਸ਼ਰੁਤੀ ਕਾਫ਼ੀ ਉਤਸ਼ਾਹਿਤ ਹੈ। ਨਿਰਮਾਤਾਵਾਂ ਕੋਲ ਇਸ ਫ਼ਿਲਮ ਲਈ ਕਈ ਨਾਇੱਕਾਵਾਂ ਦੇ ਨਾਵਾਂ ‘ਤੇ ਵਿੱਚਾਰਕ ਕਰਨ ਤੋਂ ਬਾਅਦ ਸ਼ਰੁਤੀ ਦੀ ਚੋਣ ਕੀਤੀ ਗਈ। ਬਾਲੀਵੁੱਡ ਫ਼ਿਲਮਾਂ ਵਿੱਚ ਭਾਵੇਂ ਸ਼ਰੁਤੀ ਕੋਈ ਵੱਡਾ ਮਾਅਰਕਾ ਨਹੀਂ ਮਾਰ ਸਕੀ ਪਰ ਦੱਖਣ ਭਾਰਤੀ ਫ਼ਿਲਮਾਂ ਵਿੱਚ ਉਸ ਨੇ ਚੰਗੀ ਸਫ਼ਲਤਾ ਹਾਸਲ ਕਰ ਲਈ ਹੈ। ਸ਼ਰੁਤੀ ਦੀ ਇਸ ਤੋਂ ਪਹਿਲੀ ਤਮਿਲ ਫ਼ਿਲਮ ‘ਐੱਸਆਈ 3’ ਕਾਫ਼ੀ ਸਫ਼ਲ ਰਹੀ ਹੈ। ਮਈ ਤਕ ‘ਸੰਘਮਿਤਰਾ’ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਇਹ ਫ਼ਿਲਮ 150 ਕਰੋੜ ਰੁਪਏ ਦੇ ਬਜਟ ਵਿੱਚ ਤਿਆਰ ਹੋਵੇਗੀ। ਸੂਤਰਾਂ ਮੁਤਾਬਕ ਇਹ ਸ਼ਰੁਤੀ ਦੇ ਕਰੀਅਰ ਦੀ ਹੁਣ ਤਕ ਦੀ ਸਭ ਤੋਂ ਵੱਡੀ ਫ਼ਿਲਮ ਹੈ। ਉਹ ਇਸ ਲਈ ਕਾਫ਼ੀ ਉਤਸ਼ਾਹਿਤ ਹੈ ਕਿਉਂਕਿ ਇਸ ਵਿੱਚ ਉਸ ਦੀ ਭੂਮਿਕਾ ਹੁਣ ਤਕ ਨਿਭਾਈਆਂ ਭੂਮਿਕਾਵਾਂ ਨਾਲੋਂ ਵਿਲੱਖਣ ਹੈ। ਸੁੰਦਰ ਸੀ ਵੱਲੋਂ ਨਿਰਦੇਸ਼ਿਤ ਅਤੇ ਥ੍ਰੀ ਥੇਨੇਂਡਲ ਫ਼ਿਲਮਜ਼ ਵੱਲੋਂ ਬਣਾਈ ਜਾ ਰਹੀ ਇਹ ਫ਼ਿਲਮ ਤੇਲਗੂ ਅਤੇ ਹਿੰਦੀ ਵਿੱਚ ਵੀ ਜਾਰੀ ਹੋਵੇਗੀ। ਹਾਲਾਂਕਿ ਹਿੰਦੀ ਵਿੱਚ ਇਹ ਫ਼ਿਲਮ ਅਲਿਹਦਾ ਕਲਾਕਾਰਾਂ ਨਾਲ ਤਿਆਰ ਕੀਤੀ ਜਾਵੇਗੀ। ਫ਼ਿਲਮ ਦਾ ਇੱਕ ਹੋਰ ਦਿਲਚਸਪ ਪਹਿਲੂ ਇਹ ਵੀ ਹੈ ਕਿ ਫ਼ਿਲਮ ਦਾ ਸੰਗੀਤ ਏ. ਆਰ. ਰਹਿਮਾਨ ਦੇਣਗੇ। ਇਸ ਤੋਂ ਇਲਾਵਾ ਸ਼ਰੁਤੀ ਦੀ ਬਾਲੀਵੁੱਡ ਫ਼ਿਲਮ ‘ਬਹਿਨ ਹੋਗੀ ਤੇਰੀ’ ਵਿੱਚ ਵੀ ਅਹਿਮ ਭੂਮਿਕਾ ਵਿੱਚ ਹੈ। ਇਸ ਵਿੱਚ ਉਹ ਰਾਜਕੁਮਾਰ ਰਾਓ ਦੇ ਆਪੋਜ਼ਿਟ ਹੈ।