ਥੱ ਕੇ-ਥੱਕੇ, ਭਾਰੇ ਕਦਮਾਂ ਨੇ ਉਸਦੇ ਥਕਾਵਟ ਨਾਲ ਚੂਰ ਜਿਸਮ ਨੂੰ ਘਸੀਟ ਕੇ ਲੱਕੜ ਦੇ ਬੈਂਚ ਤੱਕ ਪਹੁੰਚਾ ਦਿੱਤਾ। ਕੁਲੀ ਨੇ ਸਾਮਾਨ ਰੱਖ ਦਿੱਤਾ ਅਤੇ ਉਸਨੇ ਆਪਣੇ ਆਪ ਨੂੰ ਬੈਂਚ ‘ਤੇ ਢੇਰ ਕਰ ਦਿੱਤਾ। ਘੜੀ ਦੇਖੀ, ਗੱਡੀ ਆਉਣ ਵਿੱਚ ਹਾਲੇ ਪੂਰਾ ਇਕ ਘੰਟਾ ਬਾਕੀ ਸੀ। ਇਹ ਇਕ ਘੰਟਾ ਉਸਦੇ ਲਈ ਬਹੁਤ ਵੱਡੀ ਨਿਆਮਤ ਸੀ। ਪਿਛਲੇ ਕੁਝ ਘੰਟਿਆਂ ਤੋਂ ਉਸਦਾ ਦਿਮਾਗ਼ ਸਿਰਫ਼ ਇਸੇ ਇਕ ਘੰਟੇ ਦਾ ਇੰਤਜ਼ਾਰ ਕਰ ਰਿਹਾ ਸੀ। ਇਕ ਘੰਟਾ, ਜਿਸ ਵਿੱਚ ਉਹ ਆਪਣੇ ਸਾਹ ਲੈ ਸਕਦਾ। ਸਿਰਫ਼ ਆਪਣੇ ਬਾਰੇ ਸੋਚ ਸਕਦਾ ਪਰ ਆਪਣੇ ਬਾਰੇ ਹੀ ਕਿਉਂ? ਹਰ ਉਸ ਚੀਜ਼ ਬਾਰੇ ਜਿਸਨੂੰ ਸੋਚਣ ਨਾਲ ਉਸਦੇ ਜ਼ਿਹਨ ‘ਤੇ ਬੋਝ ਨਾ ਪਵੇ ਅਤੇ ਦਿਮਾਗ਼ ‘ਤੇ ਭਾਰ ਨਾ ਹੋਵੇ। ਇਕ ਘੰਟਾ, ਜਿਸ ਵਿੱਚ ਉਹ ਆਪਣੀ ਮੌਜੂਦਾ ਜ਼ਿੰਦਗੀ ਨੂੰ ਦਿਮਾਗ਼ ਤੋਂ ਵੱਖ ਕਰ ਸਕੇ ਅਤੇ ਸਿਰਫ਼ ਆਪਣੇ ਵਜੂਦ ਦੇ ਬਾਰੇ ਸੋਚ ਕੇ ਆਪਣੀ ਅਹਿਮੀਅਤ ਨੂੰ ਵਧਾ ਸਕੇ ਅਤੇ ਦਿਲ ਨੂੰ ਤਸੱਲੀ ਦੇ ਸਕੇ। ਕਿਉਂਕਿ ਜਦੋਂ ਇਕ ਘੰਟੇ ਬਾਅਦ ਰੇਲ ਆਵੇਗੀ ਤਾਂ ਉਸਨੂੰ ਫ਼ਿਰ ਉਸੇ ਥਾਂ ਪਹੁੰਚਾ ਦੇਵੇਗੀ ਜਿੱਥੋਂ ਦੇ ਕੋਨੇ-ਕੋਨੇ ਨਾਲ ਉਹ ਵਾਕਿਫ਼ ਹੈ, ਪਰ ਕਣ-ਕਣ ਨਾਲ ਨਫ਼ਰਤ ਕਰਦਾ ਹੈ। ਜਿੱਥੇ ਸਿਰਫ਼ ਰੌਲਾ ਹੈ। ਰੌਲਾ… ਬਹੁਤ ਰੌਲਾ… ਆਦਮੀਆਂ ਦਾ ਰੌਲਾ। ਔਰਤਾਂ ਦਾ ਅਤੇ ਬੱਚਿਆਂ ਦਾ ਰੌਲਾ। ਜਿੱਥੇ ਟ੍ਰੈਫ਼ਿਕ ਦੀ ਧੜ-ਧੜ ਅਤੇ ਟਾਈਪਰਾਈਟਰ ਦੀ ਖੜ-ਖੜ ਨਾਲ ਉਸਦੇ ਕੰਨਾਂ ਦੇ ਪਰਦਿਆਂ ਵਿੱਚ ਸੁਰਾਖ਼ ਹੋ ਚੁੱਕੇ ਹਨ। ਜਿੱਥੇ ਇਨਸਾਨ ਵੀ ਮਸ਼ੀਨਾਂ ਵਰਗਾ ਵਰਤਾਉ ਰੱਖਦੇ ਹਨ। ਜਿਸਦੀ ਉਨ੍ਹਾਂ ਨੂੰ ਆਦਤ ਪੈ ਚੁੱਕੀ ਹੈ। ਸਲਾਮ ਅਤੇ ਦੁਆ ਤੱਕ ਮਸ਼ੀਨੀ ਅੰਦਾਜ਼ ਵਿੱਚ ਕਰਦੇ ਹਨ। ਖ਼ੈਰੀਅਤ ਪੁੱਛਦਿਆਂ ਹੀ ਏਨੀ ਤੇਜ਼ੀ ਨਾਲ ਲੰਘ ਜਾਂਦੇ ਹਨ ਜਿਵੇਂ ਉਨ੍ਹਾਂ ਨੂੰ ਡਰ ਹੋਵੇ ਕਿ ਜਿਸ ਤੋਂ ਖ਼ੈਰੀਅਤ ਪੁੱਛੀ ਹੈ ਉਹ ਜੇ ਆਪਣੇ ਦੁਖੜੇ ਲੈ ਕੇ ਬਹਿ ਗਿਆ ਤਾਂ ਉਹ ਕੀ ਕਰਨਗੇ? ਉੱਥੋਂ ਦੇ ਚੌਵੀ ਘੰਟਿਆਂ ਵਿੱਚ ਕੋਈ ਇਕ ਅਜਿਹਾ ਪਲ ਨਹੀਂ ਜਿਸਨੂੰ ਕੈਦ ਕੀਤਾ ਜਾ ਸਕੇ ਜਾਂ ਆਪਣੇ ਕਿਸੇ ਕੰਮ ਦੀ ਦਿਲ ਹੀ ਦਿਲ ਵਿੱਚ ਤਾਰੀਫ਼ ਕੀਤੀ ਜਾ ਸਕੇ ਜਾਂ ਆਪਣੇ ਬਾਰੇ ਦੂਜਿਆਂ ਦੀ ਰਾਏ ਦਾ ਅੰਦਾਜ਼ਾ ਲਾਇਆ ਜਾ ਸਕੇ ਜਿਵੇਂ ਹਰ ਆਦਮੀ ਸਕੂਨ ਦੀ ਹਾਲਤ ਵਿੱਚ ਕਰਦਾ ਹੈ। ਉਸਨੂੰ ਆਪਣੇ ਦਫ਼ਤਰ ਦੇ ਇਕ ਕੰਮ ਦੇ ਸਿਲਸਿਲੇ ‘ਚ ਦੂਜੇ ਸ਼ਹਿਰ ਭੇਜਿਆ ਗਿਆ ਸੀ। ਇਸ ਕੰਮ ਲਈ ਉਸ ਨੇ ਆਪ ਹੀ ਆਪਣੀ ਸੇਵਾ ਦੀ ਪੇਸ਼ਕਸ਼ ਕੀਤੀ ਸੀ ਵਰਨਾ ਦੂਜੇ ਕਲਰਕ ਵੀ ਸਨ ਜਿਹੜੇ ਇਹ ਕੰਮ ਕਰ ਸਕਦੇ ਸਨ ਅਤੇ ਕਰਨਾ ਚਾਹੁੰਦੇ ਸਨ। ਪਰ ਉਸਦੀ ਖ਼ੁਸ਼ਾਮਦ ਨੇ ਬੌਸ ਦੇ ਹੱਥੋਂ ਉਸਦੇ ਨਾਂਅ ਦੀ ਚੋਣ ਕਰਾ ਦਿੱਤੀ। ਦਰਅਸਲ ਉਹ ਦਨਦਨਾਉਾਂਦੀ,ਉੱਬਲਦੀ-ਖੌਲਦੀ ਜ਼ਿੰਦਗੀ ਤੋਂ ਕੁਝ ਦਿਨ ਚੁਰਾਉਣਾ ਚਾਹੁੰਦਾ ਸੀ ਜਿੱਥੇ ਉਹ ਹਰ ਅਹਿਸਾਸ ਤੋਂ ਛੁਟਕਾਰਾ ਪਾ ਸਕੇ ਜਿਹੜਾ ਉਸਦੇ ਸ਼ਹਿਰ ਵਿੱਚ ਉਸਨੂੰ ਚਾਰੋਂ ਪਾਸਿਆਂ ਤੋਂ ਘੇਰ ਕੇ ਰੱਖਦਾ ਸੀ। ਉਸਨੇ ਸੋਚਿਆ ਸੀ ਕਿ ਜਿੰਨੇ ਦਿਨ ਇਸ ਸ਼ਹਿਰ ਤੋਂ ਬਾਹਰ ਰਹੇਗਾ, ਆਪਣੇ ਕੰਨਾਂ ਨੂੰ ਸਿਰਫ਼ ਉਹੀ ਆਵਾਜ਼ ਸੁਣਨ ਦੇਵੇਗਾ, ਜਿਹੜੀ ਟਾਈਪਰਾਈਟਰ ਦੀ ਖੜਖੜ, ਟ੍ਰੈਫ਼ਿਕ ਦੇ ਰੌਲੇ, ਬੌਸ ਦੀ ਝਿੜਕ ਅਤੇ ਪਤਨੀ ਦੀਆਂ ਸ਼ਿਕਾਇਤਾਂ ਤੋਂ ਵੱਖ ਹੋਵੇ। ਪਰ ਜਦੋਂ ਉਹ ਦੂਜੇ ਸ਼ਹਿਰ ਪਹੁੰਚਿਆ ਤਾਂ ਉਸਨੂੰ ਯਾਦ ਆਇਆ ਕਿ ਉਹ ਭੁੱਲ ਗਿਆ ਸੀ ਕਿ ਸਾਰੇ ਸ਼ਹਿਰ ਇਕੋ ਜਿਹੇ ਹੀ ਹੁੰਦੇ ਹਨ। ਹਰ ਥਾਂ ਉਹੀ ਬੇਸਕੂਨੀ ਅਤੇ ਬੇਚੈਨੀ ਦਾ ਵਾਤਾਵਰਣ ਹੈ। ਹਰ ਸ਼ਹਿਰ ਵਿੱਚ ਉਹੀ ਹਲਚਲ ਅਤੇ ਉਹੀ ਰੌਲਾ ਹੈ ਜਿਸ ਤੋਂ ਬਚਣ ਲਈ ਉਸਨੇ ਏਨੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਸਨ। ਅਤੇ ਜਦੋਂ ਦਫ਼ਤਰ ਦਾ ਕੰਮ ਖ਼ਤਮ ਕਰਕੇ ਫ਼ਾਰਗ਼ ਹੋਇਆ ਤਾਂ ਉਸਨੇ ਸੋਚਿਆ ਕਿ ਮੈਂ ਵੀ ਕਿੰਨਾ ਭੋਲਾ ਹਾਂ ਕਿ ਇੱਥੇ ਸਕੂਨ ਦੀ ਭਾਲ ਵਿੱਚ ਆਇਆ? ਕੀ ਇੱਥੇ ਮੇਰੇ ਸ਼ਹਿਰ ਦੀ ਤਰ੍ਹਾਂ ਮੋਟਰਾਂ ਦਾ ਰੌਲਾ ਨਹੀਂ? ਕੀ ਇੱਥੋਂ ਦੇ ਦਫ਼ਤਰਾਂ ਵਿੱਚ ਮੇਰੇ ਸ਼ਹਿਰ ਦੇ ਦਫ਼ਤਰਾਂ ਦੀ ਤਰ੍ਹਾਂ ਟਾਈਪਰਾਈਟਰ ਨਹੀਂ ਹਨ? ਕੀ ਇੱਥੋਂ ਦੇ ਆਦਮੀ ਮੇਰੇ ਉੱਥੇ ਵਾਲਿਆਂ ਦੀ ਤਰ੍ਹਾਂ ਇਕ-ਦੂਜੇ ਤੋਂ ਬੇਗਾਨੇ ਨਹੀਂ ਹਨ? ਹਰ ਚੀਜ਼ ਹਰ ਜਗ੍ਹਾ ਉਸਨੂੰ ਆਪਣੇ ਸ਼ਹਿਰ ਦੀ ਤਰ੍ਹਾਂ ਨਜ਼ਰ ਆਈ ਅਤੇ ਵਾਪਸੀ ਸਮੇਂ ਰੇਲ ਵਿੱਚ ਬੈਠਦੇ ਸਮੇਂ ਉਸਨੂੰ ਆਪਣੀ ਬੇਫ਼ਕੂਫ਼ੀ ਦਾ ਅਹਿਸਾਸ ਹੋਇਆ ਅਤੇ ਇਕ ਤਲਖ਼ ਮੁਸਕਰਾਹਟ ਉਸਦੇ ਬੁੱਲ੍ਹਾਂ ‘ਤੇ ਚਿਪਕ ਗਈ। ਏਨੀ ਤਲਖ਼ ਅਤੇ ਏਨੀ ਤਪੀ ਹੋਈ ਮੁਸਕਰਾਹਟ ਕਿ ਉਸਨੂੰ ਮਹਿਸੂਸ ਹੋਇਆ ਕਿ ਜੇ ਇਹ ਮੁਸਕਰਾਹਟ ਕੁਝ ਦੇਰ ਤੱਕ ਹੋਰ ਉਸਦੇ ਬੁੱਲ੍ਹਾਂ ‘ਤੇ ਅਟਕੀ ਰਹੀ ਤਾਂ ਉਸਦੇ ਬੁੱਲ੍ਹ ਸੜ ਜਾਣਗੇ। ਅਤੇ ਰੇਲ ਨੇ ਲਿਆ ਕੇ ਇਸ ਕਸਬੇ ਜਿਹੇ ਦੇ ਸਟੇਸ਼ਨ ‘ਤੇ ਸੁੱਟ ਦਿੱਤਾ ਜਿੱਥੋਂ ਉਸਨੇ ਆਪਣੇ ਸ਼ਹਿਰ ਲਈ ਗੱਡੀ ਬਦਲਣੀ ਸੀ। ”ਬਾਬੂ! ਤੁਹਾਡੀ ਟਿਕਟ ਲੈ ਆਵਾਂ?” ਬੁੱਢੇ ਚਿਹਰੇ ‘ਤੇ ਲੱਗੀਆਂ ਸਫ਼ੈਦ ਮੁੱਛਾਂ ਵਿੱਚੋਂ ਕੁੱਲੀ ਨੇ ਉਸਨੂੰ ਆਵਾਜ਼ ਦਿੱਤੀ। ”ਊਂ… ਹਾਂ ਇਹ ਲਉ…।” ਉਹ ਜਿਵੇਂ ਨੀਂਦ ‘ਚੋਂ ਜਾਗਿਆ ਹੋਵੇ। ਉਸਨੇ ਟਿਕਟ ਦੀ ਕੀਮਤ ਕੁਲੀ ਨੂੰ ਦਿੱਤੀ। ਘੜੀ ਵੱਲ ਨਜ਼ਰ ਮਾਰੀ। ਸਿਰਫ਼ ਅੱਧਾ ਘੰਟਾ ਰਹਿ ਗਿਆ ਸੀ। ਸਿਰਫ਼ ਅੱਧਾ ਘੰਟਾ… ਉਸਨੇ ਦਿਲ ਹੀ ਦਿਲ ਵਿੱਚ ਸੋਚਿਆ। ਸੋਚਣ ਹੀ ਸੋਚਣ ਵਿੱਚ ਅੱਧਾ ਘੰਟਾ ਬੀਤ ਚੁੱਕਾ ਹੈ। ਇਹ ਖ਼ਿਆਲ ਆਉਾਂਦਿਆਂਹੀ ਉਹ ਹੜਬੜਾ ਗਿਆ। ਉਸਨੇ ਦਿਲ ਵਿੱਚ ਸੋਚਿਆ ਕਿ ਬੜੀ ਮੁਸ਼ਕਿਲ ਨਾਲ ਇਸ ਕਸਬੇ ਦੇ ਸਟੇਸ਼ਨ ‘ਤੇ ਇਹ ਇਕ ਘੰਟਾ ਚੁਰਾਇਆ ਸੀ। ਪਤਾ ਨਹੀਂ ਕਿਵੇਂ-ਕਿਵੇਂ ਕੋਸ਼ਿਸ਼ ਕਰਕੇ ਇਕ ਘੰਟੇ ਦਾ ਸਮਾਂ ਇਸ ਸਕੂਨ ਭਰੇ ਮਾਹੌਲ ਵਿੱਚ ਮਿਲਿਆ ਸੀ ਅਤੇ ਹੁਣ ਇਸ ਵਿੱਚੋਂ ਵੀ ਅੱਧਾ ਘੰਟਾ ਰਹਿ ਗਿਆ ਹੈ। ਮੈਂ ਕੀ ਕਰਾਂ, ਮੈਨੂੰ ਸਕੂਨ ਕਿਵੇਂ ਮਿਲੇਗਾ? ਕਿਤੇ ਅਜਿਹਾ ਨਾ ਹੋਵੇ ਕਿ ਇਹ ਅੱਧਾ ਘੰਟਾ ਵੀ ਲੰਘ ਜਾਵੇ ਅਤੇ ਮੈਂ ਸਕੂਨ ਅਤੇ ਇਤਮੀਨਾਨ ਸਮੇਟਣ ਤੋਂ ਬਿਨਾਂ ਫ਼ਿਰ ਉਸੇ ਥਾਂ ਪਹੁੰਚਾ ਦਿੱਤਾ ਜਾਵਾਂ ਜਿੱਥੋਂ ਸਕੂਨ ਵੀ ਭਾਲ ਵਿੱਚ ਇੱਥੇ ਆਇਆ ਸੀ। ਉਸਦੀਆਂ ਨਜ਼ਰਾਂ ਚਾਰੋਂ ਪਾਸੇ ਨੱਚਣ ਲੱਗੀਆਂ। ਇਹ ਸਟੇਸ਼ਨ ਵੀ ਹੋਰ ਕਸਬਿਆਂ ਦੇ ਸਟੇਸ਼ਨਾਂ ਦੀ ਤਰ੍ਹਾਂ ਸਕੂਨ ਭਰਿਆ ਅਤੇ ਸ਼ਾਂਤ ਸੀ। ਉਸਦੇ ਖੱਬੇ ਪਾਸੇ ਟੀਨ ਦਾ ਸ਼ੈਡ ਸੀ ਜਿਹੜਾ ਲੋਹੇ ਦੇ ਡੰਡਿਆਂ ‘ਤੇ ਟਿਕਿਆ ਹੋਇਆ ਸੀ। ਅਤੇ ਉਸੇ ਸ਼ੈਡ ਵਿੱਚ ਪੱਕੀਆਂ ਇੱਟਾਂ ਦਾ ਬਣਿਆ ਹੋਇਆ ਇਕ ਕਮਰਾ ਜਿਸ ਵਿੱਚ ਇਕ ਮੇਜ਼ ਅਤੇ ਕੁਝ ਕੁਰਸੀਆਂ ਪਈਆਂ ਹੋਈਆਂ ਸਨ। ਇਕ ਕੁਰਸੀ ‘ਤੇ ਇਕ ਸਫ਼ੈਦਪੋਸ਼ ਆਦਮੀ ਬੈਠਾ ਰਜਿਸਟਰ ਦੇ ਸਫ਼ੇ ਗਿਣ ਰਿਹਾ ਸੀ ਜਾਂ ਸ਼ਾਇਦ ਕੁਝ ਪੜ੍ਹ ਰਿਹਾ ਸੀ। ਉਹ ਸ਼ਕਲ- ਸੂਰਤ ਅਤੇ ਆਪਣੇ ਰੁਝੇਵੇਂ ਤੋਂ ਸਟੇਸ਼ਨ ਮਾਸਟਰ ਲੱਗਦਾ ਸੀ। ਛਾਂ ਤੋਂ ਜ਼ਰ੍ਹਾ ਹਟ ਕੇ ਕੁੜਤਾ-ਧੋਤੀ ਅਤੇ ਸੂਤ ਦੀ ਬੁਨੈਣ ਪਾ ਕੇ ਇਕ ਰੇਹੜੀ ਵਾਲਾ ਅਮਰੂਦ ਅਤੇ ਮੂੰਗਫ਼ਲੀ ਵੇਚਦਾ ਨਜ਼ਰ ਆਇਆ। ਇਕ ਮਰੀਅਲ ਜਿਹਾ ਕੁੱਤਾ ਜਿਸਦੇ ਸ਼ਰੀਰ ਨੂੰ ਭੁੱਖ ਖਾ ਗਈ ਸੀ, ਵਾਰ-ਵਾਰ ਉਸ ਰੇਹੜੀ ਕੋਲ ਆਉਾਂਦਾਅਤੇ ਉਹ ‘ਹੁੱਸ਼-ਹੁੱਸ਼ ਕਰਕੇ ਉਸ ਕੁੱਤੇ ਨੂੰ ਭਜਾ ਦਿੰਦਾ। ਇੰਨੀ ਤਸੱਲੀ ਨਾਲ ਜਿਵੇਂ ਉਸਨੂੰ ਪੂਰਾ ਯਕੀਨ ਹੋਵੇ ਕਿ ਕੁੱਤਾ ਉਸਦੀ ਰੇਹੜੀ ਵਿੱਚ ਮੂੰਹ ਨਹੀਂ ਮਾਰੇਗਾ ਅਤੇ ਉਹ ਕੁੱਤਾ ਵੀ ਏਨੀ ਬੇਫ਼ਿਕਰੀ ਨਾਲ ਵਾਰ-ਵਾਰ ਉਸਦੇ ਕੋਲ ਆਉਾਂਦਾਜਿਵੇਂ ਇਹ ਭੁਲੇਖਾ ਤੱਕ ਵੀ ਨਾ ਹੋਵੇ ਕਿ ਉਸਨੂੰ ਸੋਟੀ ਮਾਰੀ ਜਾ ਸਕਦੀ ਹੈ। ਅਜੀਬ ਬੇਫ਼ਿਕਰਾਪਣ ਸੀ ਉਸਦੇ ਅੰਦਾਜ਼ ਵਿੱਚ, ਕੋਈ ਘਬਰਾਹਟ ਨਹੀਂ ਕੋਈ ਕਾਹਲੀ ਨਹੀਂ। ਸਕੂਨ ਹੀ ਸਕੂਨ। ”ਬਾਬੂ ਜੀ, ਇਹ ਲਉ ਟਿਕਟ।” ਭਾਰੀ ਹੋਈ ਆਵਾਜ਼ ਤੇ ਖੁਰਦਰੇ ਹੱਥਾਂ ਨਾਲ ਉਸਨੇ ਟਿਕਟ ਲਿਆ। ਘੜੀ ਦੇਖੀ। ਸਿਰਫ਼ ਦਸ ਮਿੰਟ ਰਹਿ ਗਏ ਹਨ। ਸਿਰਫ਼ ਦਸ ਮਿੰਟ। ਜਿਸ ਵਿੱਚ ਉਸਨੇ ਆਪਣੇ ਬਾਰੇ ਵਿੱਚ ਕੁਝ ਸੋਚਣਾ ਸੀ, ਆਪਣੇ ਦਿਲ ਨੂੰ ਥੋੜ੍ਹਾ ਸਕੂਨ ਦੇਣਾ ਸੀ। ਕਾਂ-ਕਾਂ ਦੀ ਆਵਾਜ਼ ਨਾਲ ਉਹ ਇਕ ਦਮ ਤ੍ਰਬਕ ਗਿਆ। ਚਬੂਤਰੇ ‘ਤੇ ਲੱਗੇ ਸਿਗਨਲ ਦੇ ਡੰਡੇ ‘ਤੇ ਇਕ ਪਹਾੜੀ ਕਾਂ ਖੰਭਾਂ ਨੂੰ ਫ਼ੈਲਾ ਕੇ, ਬੜੇ ਇਤਮੀਨਾਨ ਨਾਲ ਬੈਠਾ ਹੋਇਆਂ ਸੀ। ਅਤੇ ਪਤਾ ਨਹੀਂ ਕਿਉਂ ਇਕ ਪਲ ਲਈ ਉਸਨੂੰ ਇਹ ਖ਼ਿਆਲ ਆਇਆ ਕਿ ਇਹ ਕਾਂ ਵੀ ਉਸਦੇ ਸ਼ਹਿਰ ਵਾਲਿਆਂ ਨਾਲੋਂ ਬਿਹਤਰ ਹੈ। ਕਿਉਂਕਿ ਉਸਨੂੰ ‘ਕਾਂ-ਕਾਂ’ ਕਰਨ ਲਈ ਸੋਚਣਾ ਨਹੀਂ ਪੈਂਦਾ ਕਿ ਕਦੋਂ ਅਤੇ ਕਿਸ ਥਾਂ ‘ਤੇ ਬੋਲਣਾ ਹੈ ਅਤੇ ਕਦੋਂ ਅਤੇ ਕਿੱਥੇ ਨਹੀਂ। ਉਸ ਕਾਂ ਦੇ ਅੰਦਾਜ਼ ਵਿੱਚ ਉਸਨੂੰ ਅਜੀਬ ਜਿਹੀ ਬੇਫ਼ਿਕਰੀ ਅਤੇ ਲਾਪਰਵਾਹੀ ਜਿਹੀ ਨਜ਼ਰ ਆਈ। ਪਲੇਟਫ਼ਾਰਮ ਦੇ ਪੱਕੇ ਚਬੂਤਰੇ ‘ਤੇ ਜਾਮਣ ਦੇ ਦਰਖ਼ਤ ਖੜ੍ਹੇ ਸਨ ਜਿਨ੍ਹਾਂ ਦੇ ਚਾਰੇ ਪਾਸੇ ਇੱਟਾਂ ਦੇ ਘੇਰੇ ਬਣਾਏ ਗਏ ਸਨ। ਇਨ੍ਹਾਂ ਇੱਟਾਂ ਦੇ ਘੇਰਿਆਂ ‘ਤੇ ਬਹੁਤ ਸਾਰੇ ਪੇਂਡੂ, ਮੈਲੀਆਂ ਧੋਤੀਆਂ ਅਤੇ ਨਵੇਂ ਕੁੜਤੇ ਪਾ ਕੇ ਇਕ-ਦੂਜੇ ਨੂੰ ਬੁਲੰਦ ਆਵਾਜ਼ਾਂ ਵਿੱਚ ਮਜ਼ਾਕ ਕਰਨ ਲੱਗਦੇ ਅਤੇ ਸਿਰ ‘ਤੇ ਬੰਨ੍ਹੇ ਸਾਫ਼ਿਆਂ ਨੂੰ ਦਰੁਸਤ ਕਰਨ ਲੱਗਦੇ। ਗੱਡੀ ਦੇ ਆਉਣ ਦੀ ਸ਼ਾਇਦ ਉਨ੍ਹਾਂ ਨੂੰ ਕੋਈ ਪਰਵਾਹ ਹੀ ਨਹੀਂ ਸੀ। ਜਾਣਦੇ ਸਨ ਕਿ ਗੱਡੀ ਆਵੇਗੀ ਤਾਂ ਉਹ ਜ਼ਰੂਰ ਜਾਣਗੇ। ਸਾਹਮਣੇ ਰੇਲ ਦੀਆਂ ਪਟੜੀਆਂ ‘ਤੇ ਜਿੱਥੇ- ਜਿੱਥੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸਨ, ਉਹ ਹਿੱਸਾ ਬਹੁਤ ਚਮਕ ਰਿਹਾ ਸੀ ਅਤੇ ਉਸਨੂੰ ਇੰਝ ਲੱਗਾ ਜਿਵੇਂ ਲੋਹੇ ਦੀਆਂ ਪਟੜੀਆ ਵਿੱਚ ਚਾਂਦੀ ਦਾ ਜੋੜ ਲਾ ਦਿੱਤਾ ਗਿਆ ਹੈ। ਸਾਹਮਣੇ ਮਾਲ ਗੱਡੀ ਦੇ ਡੱਬਿਆਂ ‘ਤੇ ਦਰਖ਼ਤ ਸਿਰ ਝੁਕਾ ਕੇ ਖੜ੍ਹੇ ਸਨ ਅਤੇ ਉੱਥੇ ਹੀ ਇਕ ਆਜੜੀ ਆਪਣੀਆਂ ਭੇਡਾਂ ਚਰਾ ਰਿਹਾ ਸੀ। ਉਥੇ ਹੀ ਉਸੇ ਆਜੜੀ ਦਾ ਬੱਚਾ ਇਕ ਭੇਡ ਦੇ ਬੱਚੇ ਨੂੰ, ਰੇਸ਼ਮ ਦੇ ਗੋਲੇ ਜਿਹੇ ਬੱਚੇ ਨੂੰ ਗੋਦ ਵਿੱਚ ਚੁੱਕੀ ਚੁੰਮ ਰਿਹਾ ਸੀ। ਉਸਦੇ ਨਿੱਕੇ-ਨਿੱਕੇ, ਨਰਮ ਅਤੇ ਸਫ਼ੈਦ ਰੌਂਗਟਿਆਂ ਨੂੰ ਚੁੰਮ ਕੇ ਹੱਥ ਹਿਲਾ-ਹਿਲਾ ਕੇ ਆਪਣੇ ਬਾਪ ਤੋਂ ਕੁਝ ਪੁੱਛਦਾ ਜਾ ਰਿਹਾ ਸੀ। ਉਸ ਆਜੜੀ ਦੇ ਬੱਚੇ ਦੇ ਚਿਹਰੇ ‘ਤੇ ਏਨੀ ਪਵਿੱਤਰ ਸਕੂਨ ਦੀ ਰੌਣਕ ਨਿਖਰੀ ਹੋਈ ਸੀ ਜਿਵੇਂ ਤੜਕਸਾਰ ਦੇ ਸਮੇਂ ਅਸਮਾਨ ਦੀ ਰੰਗਤ ਜਾਂ ਜਿਵੇਂ ਸ਼ਬਨਮ ਵਿੱਚ ਭਿੱਜੀ ਚਮੇਲੀ ਦੀਆਂ ਕੱਚੀਆਂ ਕਲੀਆਂ ਦੀ ਖ਼ੁਸ਼ਬੂ। ਅਤੇ ਉਸਨੇ ਆਪਣੇ ਦਿਲ ਨੂੰ ਪੁੱਛਿਆ ਕਿ ਉਸਦੀ ਜ਼ਿੰਦਗੀ ਵਿੱਚ ਉਹ ਇਕ ਪਲ ਕਦੇ ਨਹੀਂ ਆਵੇਗਾ? ”ਬਾਬੂ! ਗੱਡੀ ਆ ਰਹੀ ਹੈ।” ਕੁੱਲੀ ਦੇ ਲਾਲ ਕੱਪੜਿਆਂ ‘ਚੋਂ ਅੱਗ ਦੀਆਂ ਲਪਟਾਂ ਨਿਕਲੀਆਂ ਅਤੇ ਉਸਦੀਆਂ ਉਮੀਦਾਂ ਅਤੇ ਅਰਮਾਨਾਂ ਨੂੰ ਭਸਮ ਕਰਦੀਆਂ ਚਲੀਆਂ ਗਈਆਂ। ”ਕੀ… ਗੱਡੀ ਆ ਰਹੀ ਹੈ… ਪਰ ਉਹ ਤਾਂ ਨਹੀਂ ਆਇਆ…” ”ਕੌਣ ਨਹੀਂ ਆਇਆ ਸਾਹਿਬ?” ”ਕੋਈ ਨਹੀਂ। ਸਾਮਾਨ ਚੁੱਕੋ…” ਹੁਣ ਉਹ ਕੁੱਲੀ ਨੂੰ ਕੀ ਦੱਸਦਾ ਕਿ ਉਹ ਪਲ ਨਹੀਂ ਆਇਆ ਜਿਸਦਾ ਉਸਨੂੰ ਇੰਤਜ਼ਾਰ ਸੀ। ਰੇਲ ਦਨਦਨਾਉਾਂਦੀਹੋਈ ਆਈ ਅਤੇ ਰੁਕ ਗਈ। ਕੁੱਲੀ ਨੇ ਉਸਦਾ ਸਾਮਾਨ ਰੱਖਿਆ ਅਤੇ ਉਹ ਗੱਡੀ ਵਿੱਚ ਚੜ੍ਹ ਗਿਆ। ਹੁਣ ਗੱਡੀ ਚੱਲੇਗੀ ਅਤੇ ਫ਼ੇਰ ਉਸਨੂੰ ਉਸ ਥਾਂ ਪਹੁੰਚਾ ਦੇਵੇਗੀ ਜਿੱਥੇ ਲੋਕਾਂ ਨੇ ਸਕੂਨ ਨਾਂ ਦੇ ਸ਼ਬਦ ਨੂੰ ਇੰਝ ਭੁਲਾ ਦਿੱਤਾ ਹੈ ਜਿਵੇਂ ਇਨਸਾਨ ਛੋਟੀਆਂ- ਛੋਟੀਆਂ ਗ਼ਲਤੀਆਂ ਕਰਕੇ ਭੁਲਾ ਦਿੰਦਾ ਹੈ। ਉਸਨੇ ਸੋਚਿਆ ਕਿ ਇਕ ਘੰਟੇ ਦੀ ਨਿਆਮਤ ਉਸਨੂੰ ਮਿਲੀ ਸੀ ਉਹ ਇੰਝ ਹੀ ਬੇਕਾਰ ਚਲੀ ਗਈ ਅਤੇ ਸੋਚਦੇ ਹੀ ਸੋਚਦੇ ਇਕ ਘੰਟਾ ਗੁਜ਼ਰ ਗਿਆ। ਗੱਡੀ ਦੇ ਚੱਲਣ ਵਿੱਚ ਉਨੀ ਹੀ ਦੇਰ ਰਹਿ ਗਈ ਸੀ ਜਿੰਨੀ ਦੇਰ ਵਿੱਚ ਗਾਰਡ ਦਾ ਝੰਡੀ ਵਾਲਾ ਹੱਥ ਉੱਪਰ ਉੱਠੇ। ਅਚਾਨਕ ਉਸਨੇ ਗੱਡੀ ਵਿੱਚੋਂ ਛਾਲ ਮਾਰ ਦਿੱਤੀ। ”ਗਾਰਡ ਸਾਹਿਬ, ਬਸ ਇਕ ਮਿੰਟ। ਬਸ ਇਕ ਮਿੰਟ ਲਈ ਗੱਡੀ ਰੋਕ ਲਉ।” ਗਾਰਡ ਨੇ ਝੰਡੀ ਵਾਲਾ ਹੱਥ ਹੇਠਾਂ ਰਹਿਣ ਦਿੱਤਾ। ਸਭ ਤੋਂ ਪਹਿਲਾਂ ਉਸਨੇ ਬਹੁਤ ਖੁੱਲ੍ਹੇ ਸਾਫ਼ ਚਮਕਦੇ ਹੋਏ ਰੋਸ਼ਨ ਅਸਮਾਨ ਵੱਲ ਦੇਖਿਆ। ਫ਼ਿਰ ਰੇਹੜੀ ਵਾਲੇ ਅਤੇ ਉਸਦੇ ਕੁੱਤੇ ਵੱਲ ਦੇਖਿਆ। ਸਿਗਨਲ ‘ਤੇ ਬੈਠੇ ਕਾਂ ਵੱਲ ਦੇਖਿਆ ਜਿਹੜਾ ਗੱਡੀ ਆਉਣ ‘ਤੇ ਉੱਡ ਕੇ ਫ਼ੇਰ ਬੈਠ ਗਿਆ ਸੀ। ਇਨ੍ਹਾਂ ਸਭ ਦੀ ਬੇਫ਼ਿਕਰੀ ਅਤੇ ਸਕੂਨ ਨੂੰ ਨਿਗਾਹਾਂ ਵਿੱਚ ਸਮੋਇਆ। ਫ਼ਿਰ ਬੜੀ ਹੀ ਤੇਜ਼ੀ ਨਾਲ ਲਾਈਨ ਪਾਰ ਕਰਕੇ ਉਸ ਆਜੜੀ ਦੇ ਬੱਚੇ ਤੋਂ ਭੇਡ ਦਾ ਬੱਚਾ ਝਪਟ ਕੇ ਉਸਦੇ ਨਿੱਕੇ-ਨਿੱਕੇ, ਨਰਮ ਅਤੇ ਸਫ਼ੈਦ ਰੌਂਗਟਿਆਂ ਵਿੱਚ ਆਪਣਾ ਚਿਹਰਾ ਲੁਕੋ ਲਿਆ। ਇਕ ਪਲ ਲਈ, ਸਿਰਫ਼ ਇਕ ਪਲ ਲਈ ਉਸਨੇ ਅੱਖਾਂ ਬੰਦ ਕਰਕੇ ਇਹ ਸੋਚਿਆ ਕਿ ਉਹ ਭੱਜ-ਦੌੜ ਅਤੇ ਸ਼ੋਰ-ਸ਼ਰਾਬੇ ਵਿੱਚ ਕੰਮ ਕਰਨ ਵਾਲਾ ਇਕ ਕਲਰਕ ਨਹੀਂ ਸਿਗਨਲ ‘ਤੇ ਬੈਠੇ ਕਾਂ ਦੀ ਤਰ੍ਹਾਂ, ਬਾਕੀ ਮੁਸਾਫ਼ਿਰਾਂ ਦੀ ਤਰ੍ਹਾਂ ਅਤੇ ਉਸ ਆਜੜੀ ਦੇ ਬੱਚੇ ਦੀ ਤਰ੍ਹਾਂ ਬਿਲਕੁਲ ਮਾਸੂਮ, ਬਿਲਕੁਲ ਬੇਫ਼ਿਕਰ ਅਤੇ ਬਿਲਕੁਲ ਸਕੂਨ ਭਰਿਆ ਆਦਮੀ ਹੈ। ਉਹ ਇਸ ਦਨਦਨਾਉਾਂਦੇ,ਉੱਬਲਦੇ, ਖੌਲਦੇ ਜੀਵਨ ਦਾ ਇਕ ਆਦਮੀ ਨਹੀਂ ਬਲਕਿ ਬਰਫ਼ੀਲੇ ਪਹਾੜਾਂ ਦੀਆਂ ਚੋਟੀਆਂ ਦੀ ਤਰ੍ਹਾਂ ਸਕੂਨ ਭਰਿਆ ਅਤੇ ਹਰੇ-ਭਰੇ ਬਾਗ਼ਾਂ ਵਿੱਚ ਖਿੜੇ ਫ਼ੁੱਲਾਂ ਦੀ ਤਰ੍ਹਾਂ ਖ਼ੁਸ਼ ਹੈ। ਉਸੇ ਇਕ ਪਲ ਵਿੱਚ ਉਸਨੂੰ ਇੰਝ ਲੱਗਾ ਜਿਵੇਂ ਉਸਦੇ ਫ਼ੇਫ਼ੜਿਆਂ ਵਿੱਚ ਤਾਜ਼ੀ ਅਤੇ ਖ਼ੂਸ਼ਬੂਦਾਰ ਹਵਾ ਭਰ ਗਈ ਹੋਵੇ। ਇਸੇ ਇਕ ਪਲ ਵਿੱਚ ਉਸਦੇ ਚਿਹਰੇ ‘ਤੇ ਏਨਾ ਸਕੂਨ ਅਤੇ ਏਨੀ ਪਵਿੱਤਰਤਾ ਭਰ ਆਈ ਜਿਹੜੀ ਵਰ੍ਹਿਆਂ ਬੱਧੀ ਜਪ- ਤਪ ਕਰਨ ਤੋਂ ਬਾਅਦ ਵੀ ਸਾਧੂ-ਸੰਤਾਂ ਨੂੰ ਪ੍ਰਾਪਤ ਨਹੀਂ ਹੁੰਦੀ। ਗੱਡੀ ਚੱਲ ਪਈ ਅਤੇ ਉਹ ਛਾਲ ਮਾਰ ਕੇ ਗੱਡੀ ਵਿੱਚ ਚੜ੍ਹ ਗਿਆ। ਉਹ ਖਾਲੀ ਬੈਂਚ ‘ਤੇ ਪੈਰ ਫ਼ੈਲਾ ਕੇ ਬੈਠ ਗਿਆ। ਉਸ ਇਕ ਪਲ ਵਿੱਚ ਉਸਨੇ ਘੱਟੋ-ਘੱਟ ਏਨਾ ਸਕੂਨ ਅਤੇ ਏਨਾ ਲੁਤਫ਼ ਤਾਂ ਭਰ ਲਿਆ ਸੀ ਕਿ ਥੋੜ੍ਹੀ ਦੇਰ ਬਾਅਦ ਹੋਣ ਵਾਲੀ ਅਫ਼ਰਾ-ਤਫ਼ਰੀ ਅਤੇ ਭੱਜ-ਦੌੜ, ਸ਼ੋਰ-ਸ਼ਰਾਬੇ ਦੀ ਜ਼ਿੰਦਗੀ ਵਿੱਚ ਉਸ ਇਕ ਪਲ ਦੇ ਸੁਪਨੇ ਤੋਂ ਕੁਝ ਤਾਂ ਸਕੂਨ ਪਾ ਸਕਦਾ ਹੈ। ਖਿੜਕੀ ਤੋਂ ਬਾਹਰ, ਨਾਲ ਵਾਲੀਆਂ ਪਟੜੀਆਂ ‘ਤੇ ਜਿੱਥੇ-ਜਿੱਥੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸਨ ਉਹ ਹਿੱਸਾ ਚਮਕਦਾ ਹੋਇਆ ਨਾਲ-ਨਾਲ ਤੁਰ ਰਿਹਾ ਸੀ। ਜਿਵੇਂ ਜੰਗ ਲੱਗੀਆਂ, ਕਾਲੀਆਂ ਰੇਲ ਦੀਆਂ ਪਟੜੀਆਂ ਵਿੱਚ ਕਿਸੇ ਨੇ ਚਾਂਦੀ ਦਾ ਜੋੜ ਲਾ ਦਿੱਤਾ ਹੋਵੇ। ਸਿਰ ਪਿੱਛੇ ਟਿਕਾ ਕੇ, ਅੱਖਾਂ ਬੰਦ ਕਰਕੇ ਉਹ ਫ਼ੌਲਾਦੀ ਪਹੀਆਂ ਦੀ ਗੜਗੜਾਹਟ ਨਾਲ ਆਪਣੇ ਜ਼ਿਹਨ ਨੂੰ ਮਿਲਾਉਣ ਲੱਗਾ।
ਮੂਲ ਲੇਖਕ: ਸਈਅਦ ਮੁਹੰਮਦ ਅਸ਼ਰਫ਼
ਪੰਜਾਬੀ ਅਨੁਵਾਦ: ਭਜਨਬੀਰ ਸਿੰਘ