ਮੈਂ ਉਸਨੂੰ ਸਾਖਸ਼ਾਤ ਤਾਂ ਇੱਕੋ ਵਾਰ ਮਿਲਿਆ ਹਾਂ। ਮੈਂ ਉਸਦੀ ਪੁਸਤਕ ‘ਮੈਂ ਘਾਹ ਨਹੀਂ’ ਰਾਹੀਂ ਕਈ ਵਾਰ ਮਿਲ ਚੁੱਕਾ ਹਾਂ। ਮੈਨੂੰ ਉਸ ਵਿੱਚੋਂ ਇੱਕ ਦੂਰ-ਅੰਦੇਸ਼ੀ ਪੈਗੰਬਰੀ ਆਤਮਾ ਦਾ ਆਫਤਾਬੀ ਨੂਰ ਦਿਸਦਾ ਹੈ। ਉਹ ਰੂਹਾਂ ਨੂੰ ਧੁਰ ਡੂੰਘਾਈਆਂ ਤੱਕ ਰੁਸ਼ਨਾ ਦੇਣ ਵਾਲੀ ਰੂਹ ਲੱਗਦੀ ਹੈ। ਮੈਨੂੰ ਪਤਾ ਲੱਗਾ ਹੈ ਕਿ ਉਹ ਲੋਕ ਭਲਾਈ ਦੇ ਕਾਰਜਾਂ ‘ਚ ਜਨੂੰਨ ਦੀ ਹੱਦ ਤੱਕ ਰੁਚਿਤ ਹੈ। ਟਰਾਂਟੋ ਵਾਸੀ ਸੂਖਮ ਭਾਵਾਂ ਵਾਲੀ ਸ਼ਾਇਰਾ ਸੁਰਜੀਤ ਕੌਰ ਦੀ ਗਵਾਹੀ ਨੂੰ ਮੈਂ ਦਿਲੋਂ ਭਾਵ ਦਿੰਦਾ ਹਾਂ। ਸੁਰਜੀਤ ਕਵਿੱਤਰੀ ਲਵੀਨ ਕੌਰ ਗਿੱਲ ਨੂੰ ਚਾਨਣ ਦੀ ਰਿਸ਼ਮ ਦੱਸਦੀ ਹੋਈ ਲਿਖਦੀ ਹੈ, ਉਹ ਮੈਨੂੰ ਸੁਰਲ ਪਰੀਆਂ ਜਿਹੀ ਜਾਪੀ। ਉਸਦੇ ਸੁਹੱਪਣ ਦੀ ਤਾਬ ਨਹੀਂ ਝੱਲੀ ਜਾਂਦੀ ਸੀ- ਅਸਲ ਵਿੱਚ ਉਹ ਇੱਕ ਬਹੁਤ ਹੀ ਜਹੀਨ ਸ਼ਖਸੀਅਤ ਦੀ ਮਾਲਕ ਹੈ”। ਜਦੋਂ ਮੈਂ ਲਵੀਨ ਗਿੱਲਅ ਦੀ ‘ਮੈਂ ਘਾਹ ਨਹੀਂ’ ਨੂੰ ਪੜ੍ਹਿਆ ਤਾਂ ਮੈਨੂੰ ਸੁਰਤੀਜ ਸੌ ਫੀਸਦੀ ਸੱਚ ਜਾਪੀ। ਮੈਨੂੰ ਜਾਪਿਆ ਕਿ ਉਸ ਕੋਲ ਸੰਕਲਪ ਤੇ ਸ਼ਕਤੀ ਦੋਵੇਂ ਹੀ ਆਪਾਰ ਹਨ। ਆਪਣੀ ਪੁਸਤਕ ਬਾਰੇ ‘ਦੋ ਕੁ ਗੱਲਾਂ’ ਕਰਦੀ ਹੋਈ ਉਹ ਕਹਿੰਦੀ ਹੈ:
ਮੈਂ ਯਾਤਰੀ ਹਾਂ,
ਸਫਰ ਲਿਖਦੀ ਹਾਂ, ਸਫਰ ਲੋਚਦੀ ਹਾਂ,
ਉਡਾਣ ਦੀ ਆਸ਼ਿਕ ਹਾਂ,
ਚੰਨ ਵੱਲ ….
ਰੋਜ਼ਾਨਾ ਦਾ ਸਫਰ, ਵਿੰਗ-ਵਲੇਂਵੇ, ਖੱਡੇ-ਟੋਏ ਤੇ ਸਿੱਧ-ਪੱਧਰੇ ਰਾਹਾਂ ‘ਤੇ ਚੱਲਦਿਆਂ ਜੋ ਮਹਿਸੂਸ ਹੁੰਦਾ ਹੈ, ਲਿਖਦੀ ਹਾਂ, ਨਕਸ਼ੇ ਬਣਾਉਂਦੀ ਹਾਂ ਕਲ੍ਹ ਲਈ ਵੀ, ਤਾਂ ਜੋ ਅਗਲੀ ਸਵੇਰੇ ਸਫਰ ਸੁਖਾਲਾ ਹੋਵੇ, ਖੁਸ਼ਹਾਲ ਹੋਵੇ।
ਕੈਨੇਡਾ ਵਾਸੀ ਲਵੀਨ ਦੀ ਸਮੁੱਚੀ ਕਵਿਤਾ ਵਿੱਚੋਂ ਇੱਕ ਗੱਲ ਤਾਂ ਉਭਰਵੇਂ ਰੂਪ ਵਿੱਚ ਨਜ਼ਰ ਪੈਂਦੀ ਹੈ ਕਿ ਉਹ ਸਮਾਜ ਲਈ ਕੁਝ ਨਵਾਂ ਕਰਨਾ ਲੋਚਦੀ ਹੈ। ਪੰਜਾਬੀ ਸਮਾਜ ਵਿੱਚ ਜੰਮਣ ਤੋਂ ਪਹਿਲਾਂ ਅਤੇ ਜੰਮਣ ਤੋਂ ਬਾਅਦ ਔਰਤ ਜਾਤ ਨਾਲ ਹੋ ਰਹੇ ਵਿਤਕਰੇ ਨੇ ਉਸਨੁੰ ਜ਼ਖਮੀ ਸ਼ੇਰਨੀ ਦੀ ਭੂਮਿਕਾ ਵਿੱਚ ਲਿਆ ਦਿੱਤਾ ਹੈ। ਉਸ ਨੂੰ ਸਾਡੇ ਸਮਾਜ ਵਿਚਲੇ ਫੈਲੇ ਕੈਂਸਰ ਦੀ ਪੂਰੀ ਤਰ੍ਹਾਂ ਸਮਝ ਹੈ।” ਸਾਡੀ ਨੀਂਹ ਵਿੱਚ ਸਿਰਫ ਦਿਖਾਵਾ ਹੈ। ਤੇ ਸੈਲਫਿਸ਼ਨੈਸ ਹੈ, ਇਸੇ ਨੀਂਹ ਨੂੰ ਭਰਦਿਆਂ ਅਸੀਂ ਮਰ ਜਾਂਦੇ ਹਾਂ।” ਉਹ ਪੰਜਾਬੀ ਸਮਾਜ ਦੇ ਬਿਮਾਰ ਅੰਗਾਂ ਨੂੰ ਕੱਟਣਾ ਚਾਹੁੰਦੀ ਹੈ ਤਾਂ ਜੋ ਨਵਾਂ ਅਤੇ ਨਿੱਗਰ ਸਮਾਜ ਪੁੰਗਰ ਸਕੇ। ਲਵੀਨ ਚੇਤੰਨ, ਸੁਚੇਤ, ਹਿੰਮਤੀ ਅਤੇ ਦ੍ਰਿੜ੍ਹ ਵਿਸ਼ਵਾਸੀ ਕੁੜੀ ਹੈ, ਉਹ ਹਰ ਸਮੇਂ ਕੁਝ ਨਾ ਕੁਝ ਕਰ ਗੁਜ਼ਰਨ ਉਤੇ ਉਤਾਰੂ ਹੈ। ਉਹ ਔਰਤਾਂ ਦੀ ਅਜਿਹੀ ‘ਸਰਪੰਚ’ ਹੈ ਜੋ ਨਾ ਆਪ ਟਿਕ ਕੇ ਬੈਠਦੀ ਹੈ ਅਤੇ ਨ ਹੀ ਆਪਣੇ ਪੰਚਾਂ ਨੂੰ ਬੈਠਣ ਦਿੰਦੀ ਹੈ। ਬਾਇਦ ਇਸੇ ਬਿਰਤੀ ਕਾਰਨ ਉਸਦੀ ‘ਅਮਰ ਕਰਮਾ ਆਰਗਨ ਡੋਨੇਸ਼ਨ ਆਰਗੇਨਾਈਜੇਸ਼ਨ’ ਨੁੰ ਜਨਮ ਦਿੱਤਾ। ਉਹ ਹਰ ਹੀਲੇ ਪੰਜਬੀ ਸਮਾਜ ਨੂੰ ਸਮੱਸਿਆਵਾਂ ਦੀ ਜਿੱਲਣ, ਖੌਭੇ, ਚਰਘਲ-ਚਿੱਕੜ ਵਿੱਚੋਂ ਕੱਢਣ ਲਈ ਸਾਰਾ ਜ਼ੋਰ ਲਗਾ ਰਹੀ ਹੈ। ਉਸਦੇ ਸ਼ਬਦਾਂ ਵਿੱਚੋਂ ਵੀ ਸਕਾਰਾਤਮਕ ਸੋਚ ਡੁੱਲ੍ਹ-ਡੁੱਲ੍ਹ ਪੈਂਦੀ ਹੈ:
ਤੇ ਅਸੀਂ ਵਾਦਾ ਕੀਤਾ,
ਜਲਣ ਦਾ ਨਹੀਂ, ਜਗਣ ਦਾ
ਜਦੋਂ ਤੱਕ ਤੇਲ ਹੈ ਸਾਹਾਂ ਵਿੱਚ
ਆਪਾਂ ਤਾਂ ਦੋਵੇਂ ਜਾਗਾਂਗੇ।
ਵਕਤ ਨਾਲ ਸਾਂਝੇਦਾਰੀ ਹੈ,
ਹਵਾਵਾਂ ਵਿੱਚ ਵਰਤਾਂਗੇ,
ਹਾਂ, ਵਾਅਦਾ, ਆਪਾਂ ਜਾਗਾਂਗੇ।
ਮੈਨੂੰ ਲਗਦੈ ਕਿ ਲਵੀਲ ਗਿੱਲ ਅਜਿਹੀ ਔਰਤ ਹੈ ਜਿਸਦੇ ਲਹੂ ਵਿੱਚ ਹਰ ਸਮੇਂ ਛਣਕਾਟਾ ਛਿੜਿਆ ਰਹਿੰਦਾ ਹੈ। ਇਸੇ ਕਾਰਨ ਉਹ ਸੂਰਜ ਨਾਲ ਵੀ ਅੱਖ ਮਿਲਾਉਣ ਤੋਂ ਨਹੀਂ ਝਿਜਕਦੀ ਜਾਂ ਫਿਰ ਝੱਖੜਾਂ ਨਾਲ ਖਹਿਣ ਲਈ ਤਿਆਰ ਰਹਿੰਦੀ ਹੈ:
ਜੋ ਹਵਾਵਾਂ ਮੈਨੂੰ,
ਦਿਸ਼ਾਹੀਣ ਕਰਦੀਆਂ ਹੋਣ
ਉਹਨਾਂ ਤੋਂ ਦਿਸ਼ਾ ਬਦਲਣਾ,
ਮੈਨੂੰ ਆਉਂਦਾ

ਐਵੇਂ ਨਹੀਂ,
ਚੰਨ ਨੇ ਕਿਹਾ
ਆਪਣੇ ਤੇ ਮਾਣ ਕਰ,
ਸੂਰਜ ਨਾਲ ਵੀ ਨਜ਼ਰ ਮਿਲਾਉਣਾ
ਮੈਨੂੰ ਆਉਂਦਾ।
ਉਕਤ ਕਵਿਤਾਵਾਂ ਵਾਂਗ ਆਪਣੇ ਕਿਤਾਬ ਦੇ ਮੁੱਖ ਬੰਦ ਵਿੱਚ ਲਵੀਨ ਗਿੱਲ ਹਲਫੀਆ ਬਿਆਨ ਦਿੰਦੀ ਹੋਈ ਕਹਿ ਰਹੀ ਹੈ ”ਮੈਂ ਉਹਨਾਂ ਔਰਤਾਂ ਦੀ ਭੀੜ ਦਾ ਹਿੱਸਾ ਨਹੀਂ, ਜਿਹਨਾਂ ਨੂੰ ਆਪਣੀ ਜਾਨ ਦੀ ਭੀਖ ਮੰਗਣੀ ਪਵੇ। ਨਹੀਂ, ਮੈਂ ਉਹਨਾਂ ਵਿੱਚੋਂ ਨਹੀਂ, ਜ਼ਿੰਦਗੀ ਮੇਰੇ ਲਈ ਸਾਹ ਲੈਣਾ ਨਹੀਂ, ਮੈਂ ਬੋਲਾਂਗੀ, ਮੈਂ ਲਿਖਾਂਗੀ, ਮੈਂ ਲੜਾਂਗੀ, ਕਿਉਂਕਿ ਮੈਂ ਘਾਹ ਨਹੀਂ। ਉਹ ਸਿਰਫ ਆਪ ਹੀ ਇਸ ਬਿਮਾਰ ਸਿਸਟਮ ਖਿਲਾਫ ਲੜਨ ਦਾ ਵਾਅਦਾ ਹੀ ਨਹੀਂ ਕਰਦੀ ਸਗੋਂ ਲੋਕਾਈ ਨੂੰ ਪ੍ਰੇਰਦੀ ਹੋਈ ਕਹਿੰਦੀ ਹੈ:
ਮੰਨਿਆ ਹਵਾ ਕੁਝ ਸਰਦ ਹੈ
ਹਰ ਤਰਫ ਮੌਸਮੀ ਗਰਜ਼ ਹੈ,
ਬਰਫਾਂ ‘ਚੋਂ ਦੋ ਘੁੱਟ ਪੀਣ
ਹੌਸਲਾ ਤਾਂ ਰੱਖ।
ਸਾਹ ਤਾਂ ਲੈ ਲੈਂਦੇ ਨੇ ਬੰਨ੍ਹੇ ਹੋਏ ਪਸ਼ੂ ਵੀ
ਖੁਦ ਦਾ ਸਹੀ ਸ਼ਹਿਨਸ਼ਾਹ ਹੈਂ ਤੂੰ
ਆਪਣੇ ਹੁਕਮ ਤੇ ਜੀਣ ਦਾ ਹੌਸਲਾ ਤਾਂ ਰੱਖ।
ਪੰਜਾਬ ਦਾ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬੇਦੀ ਲਵੀਨ ਕੌਰ ਗਿੰਲ ਬਾਰੇ ਲਿਖਦਾ ਹੈ ”ਮੈਂ ਘਾਹ ਨਹੀਂ’ ਪੁਸਤਕ ਵਿੱਚ ਉਹ ‘ਚਿੱੜੀਆਂ ਦਾ ਚੰਬਾ’, ਵੈਲੇਨਟਾਈਨ ਡੇਅ ਅਤੇ ਕਰਵਾ ਚੌਥ ਜਿਹੇ ਤਿਉਹਾਰ ਅਤੇ ਅਖੌਤਾਂ ‘ਤੇ ਆਪਣੀਆਂ ਕਵਿਤਾਵਾਂ ਰਾਹੀਂ ਭਰਪੂਰ ਵਿਅੰਗ ਕਰਦੀ ਹੈ। ਉਹ ਤਾਂ ਵਿਆਹ ਜਿਹੀ ਸੰਸਥਾ ਨੂੰ ਵੀ ਨਕਾਰਦੀ ਹੈ, ਜੋ ਇਸਤਰੀ ਪੁਰਖ ਨੂੰ ਇੱਕ-ਦੂਜੇ ਨੂੰ ਸਮਾਜਿਗ ਵਲਗਣਾਂ ਦਾ ਗੁਲਾਮ ਬਣਾਉਂਦੀ ਹੈ। ਉਸਦੀ ਇਹ ਪੁਸਤਕ ਪੰਜਾਬੀ ਕਾਵਿ-ਸਾਹਿਤ ‘ਚ ਇੱਕ ਵੱਖਰਾ ਮੁਹਾਵਰਾ ਲੈ ਕੇ ਪੇਸ਼ ਹੋਈ ਹੈ।” ਕੁਝ ਅਜਿਹੇ ਹੀ ਖਿਆਲ ਸ਼ਾਇਰਾ ਸੁਰਜੀਤ ਕੌਰ ਦੇ ਹਨ”। ਲਵੀਨ ਇੱਕ ਨਵੀਂ ਸੋਚ ਦੀ ਲਖਾਇਕ ਹੈ ਜੋ ਕਿ ਰੂੜੀਵਾਦੀ ਸੋਚ ਨੂੰ ਹਲੂਣ ਕੇ ਇਸ ਦੁਨੀਆਂ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਵੇਖਣ ਦਾ ਸੁਨੇਹਾ ਦਿੰਦੀ ਹੈ। ਮੈਂ ਉਸਦੇ ਮੂੰਹੋਂ ਹੀ ਪਹਿਲੀ ਵਾਰ ਇਹੋ ਜਿਹੀਆਂ ਗੱਲਾਂ ਸੁਣੀਆਂ ਕਿ ਜੇ ਪੇਪਰ ਕੱਪ ਨੂੰ ਨਵਿਆਇਆ ਜਾ ਸਕਦਾ ਹੈ ਤਾਂ ਮ੍ਰਿਤਕ ਮਨੁੱਖੀ ਸਰੀਰ ਨੂੰ ਕਿਉਂ ਨਹੀਂ। ਜੇ ਮਧੂ-ਮੱਖੀਆਂ ਵਲੰਟੀਅਰ ਹੋ ਸਕਦੀਆਂ ਹਨ ਤਾਂ ਮਨੁੱਖ ਕਿਉਂ ਨਹੀਂ।”
ਲਵੀਨ ਕੌਰ ਗਿੱਲ ਆਪਣੇ ਬਾਰੇ ਦੱਸਦੀ ਹੋਈ ਲਿਖਦੀ ਹੈ ਕਿ ‘ਮੇਰੀ ਇੱਕ ਦੋਸਤ ਜੋ ਮੈਨੂੰ ਅਕਸਰ ਖਾੜਕੂ ਕਹਿ ਕੇ ਬੁਲਾਵੁਂਦੀ ਹੈ’ ਉਸਦੀਆਂ ਕਵਿਤਾਵਾਂ ਵੀ ਅਜਿਹੇ ਕੁਝ ਹੀ ਕਹਿੰਦੀਆਂ ਲੱਗਦੀਆਂ ਹਨ:
ਤੂਫਾਨ ਚਾਹੇ ਮੈਨੂੰ ਰੋਕਣ ਲੲ. ਵਾਹ ਲਗਾ ਲੈ,
ਮੈਂ ਚਲਦੀ ਜਾਵਾਂਗੀ,
ਮੈਨੂੰ ਪਰਵਾਹ ਨਹੀਂ ਮੌਸਮਾਂ ਦੀ,
ਮੇਰੀ ਮੌਜ ਨੂੰ ਦੇਖ ਹਾਲਾਤ ਬਦਲਦੇ ਨੇ
ਤੂਫਾਨ ਨਾਲ ਮੱਥਾ ਲਾਉਣ ਦਾ ਹੌਸਲਾ ਰੱਖਣ ਵਾਲੀ ਇਹ ਕਵਿਤਰੀ ਕਲਮ ਅਤੇ ਕਰਮ ਨਾਲ ਕੁਝ ਨਵਾਂ ਕਰਨ ਲਈ ਯਤਨਸ਼ੀਲ ਹੈ। ਲਵੀਨ ਦੀ ‘ਸੰਸਥਾ’ ਅਮਰ ਕਰਮਾ ਆਰਗਨ ਡੋਨੇਸ਼ਨ ਆਰਗੇਨਾਈਜੇਸ਼ਨ’ ਬਾਰੇ ਮੈਨੂੰ ਮੇਰੇ ਮਿੱਤਰ ਅਤੇ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਟਰਾਂਟੋ ਚੈਪਟਰ ਦੇ ਜਨਰਲ ਸਕੱਤਰ ਕੁਲਵਿੰਦਰ ਸੈਣੀ ਤੋਂ ਪਤਾ ਲੱਗਦਾ ਰਹਿੰਦੀ ਸੀ। ਪਿਛਲੇ ਸਾਲ 29 ਅਕਤੂਬਰ ਨੂੰ ਡਾ. ਕੁਲਜੀਤ ਸਿੰਘ ਜੰਜੂਆ ਅਤੇ ਸੁਰਜੀਤ ਕੌਰ ਅਤੇ ਹੋਰ ਮਿੰਤਰਾਂ ਨੇ ਗਲੋਬਲ ਪੰਜਾਬ ਫਾਊਂਡੇਸ਼ਨ ਵੱਲੋਂ ਜੋ ਫ਼ੰਕਸ਼ਨ ਆਯੋਜਿਤ ਕੀਤਾ ਸੀ, ਉਸ ਵਿੱਚ ਲਵੀਨ ਕੌਰ ਗਿੱਲ ਨੇ ਵੀ ਸ਼ਮੂਲੀਅਤ ਕੀਤੀ ਸੀ ਅਤੇ ਕਾਵਿ ਮਹਿਫਲ ਦਾ ਹਿੱਸਾ ਬਣੀ ਸੀ। ਹਾਲਾਂਕਿ ਮੈਨੂੰ ਇਹ ਪੁਸਤਕ ‘ਮੈਂ ਘਾਹ ਨਹੀਂ’ ਪਹਿਲਾਂ ਹੀ ਕੁਲਵਿੰਦਰ ਸੈਣੀ ਨੇ ਦਿੱਤੀ ਸੀ ਪਰ ਉਸ ਦਿਨ ਲਵੀਨ ਕੌਰ ਗਿੱਲ ਨੇ ਮੈਨੂੰ ਇੱਕ ਕਾਪੀ ਹੋਰ ਭੇਂਟ ਕੀਤੀ ਸੀ। ਮੈਂ ਜਦੋਂ ਉਸਨੂੰ ਆਪਣੀ ਪੁਸਤਕ ‘ਜਿੱਤ ਦਾ ਮੰਤਰ’ ਭੇਂਟ ਕਰ ਰਿਹਾ ਸੀ ਤਾਂ ਸੋਚ ਰਿਹਾ ਸੀ ਕਿ ਕਦੇ ਉਹ ਦਿਨ ਆਵੇਗਾ ਕਿ ਲਵੀਨ ਇਸ ਪੁਸਤਕ ਦੇ ਪਾਤਰਾਂ ਵਾਂਗ ਜਿੱਤ ਪ੍ਰਾਪਤ ਕਰੇਗੀ। ਮੈਨੂੰ ਆਸ ਹੈ ਜ਼ਰੂਰ ਕਰੇਗੀ ਅਤੇ ਇਹ ਮੇਰੀ ਅਰਦਾਸ ਵੀ ਹੈ।