ਸਿਆਸਤ ਵਿੱਚ ਬਦਲਵੀਂ ਰਾਜਨੀਤੀ ਲੈ ਕੇ ਆਉਣ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦਾ ਵਾਅਦਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਹਾਰ ਨੇ ਜਿੱਥੇ ਪੰਜਾਬ ਵਿੱਚ ਤੀਜੇ ਬਦਲ ਵਾਲੇ ਸੁਪਨੇ ਨੂੰ ਚਕਨਾਚੂਰ ਕਰ ਦਿੱਤਾ, ਉਥੇ ਹਜ਼ਾਰਾਂ ਨੌਜਵਾਨਾਂ ਦੇ ਉਤਸ਼ਾਹ ਨੂੰ ਘੋਰ ਨਿਰਾਸ਼ਾ ਵਿੱਚ ਬਦਲ ਦਿੱਤਾ। ਹਾਰ ਤੋਂ ਬਾਅਦ ਨਿਰਾਸ਼ਾ ਨਾਲੋਂ ਵੱਧ ਹਾਰ ਦੇ ਕਾਰਨਾਂ ਦੀ ਪੜਚੋਲ ਜ਼ਰੂਰੀ ਹੁੰਦੀ ਹੈ। ਪੰਜਾਬ ਵਿੱਚ ‘ਆਪ’ ਦੀ ਸੰਭਾਵੀ ਜਿੱਤ ਤੋਂ ਦੂਰ ਜਾਣ ਦੇ ਜਾਂ ਮਾੜੀ ਕਾਰਗੁਜ਼ਾਰੀ ਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ।
1. ਹਾਰ ਦੇ ਵੱਡੇ ਕਾਰਨਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਆਪਣੀ ਸ਼ਖਸੀਅਤ ਤਾਨਾਸ਼ਾਹੀ ਨਾਲ ਭਰਪੂਰ ਹੋਣਾ ਇੱਕ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੁੰ ਆਪਣੇ ਹਾਣ ਦਾ ਕੋਈ ਦੂਜਾ ਨੇਤਾ ਪਾਰਟੀ ਵਿੱਚ ਨਹੀਂ ਚਾਹੀਦਾ। ਕੇਜਰੀਵਾਲ ਨਹੀਂ ਚਾਹੁੰਦਾ ਕਿ ਕੋਈ ਵੀ ਕੱਦਾਵਰ ਨੇਤਾ ਪਾਰਟੀ ਫ਼ਰੰਟ ‘ਤੇ ਉਸ ਨੂੰ ਕੋਈ ਸਵਾਲ ਕਰੇ। ਇਸਦੇ ਸਬੂਤ ਵਜੋਂ ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਖਾਲਸਾ ਤੋਂ ਇਲਾਵਾ ਸੁੱਚਾ ਸਿੰਘ ਛੋਟੇਪੁਰ ਵਰਗੀਆਂ ਅਨੇਕਾਂ ਉਦਾਹਰਣਾਂ ਲਈਆਂ ਜਾ ਸਕਦੀਆਂ ਹਨ। ਨਵਜੋਤ ਸਿੰਘ ਸਿੱਧੂ ਅਤੇ ਜਗਮੀਤ ਬਰਾੜ ਨੂੰ ਵੀ ਸ਼ਾਇਦ ਇਸੇ ਕਾਰਨ ਪਾਰਟੀ ਵਿੱਚ ਨਹੀਂ ਲਿਆ। ਇਹ ਕੇਜਰੀਵਾਲ ਦੀ ਰੁਚੀ ਹੈ ਜਾਂ ਅਸੁਰੱਖਿਆ ਦੀ ਭਾਵਨਾ ਪਰ ਇਹ ਗੱਲ ਸਪਬਟ ਹੈ ਕਿ ਉਸ ਦੇ ਸੁਭਾਅ ਮੁਤਾਬਕ ਜੇ ਪਾਰਟੀ ਵਿੱਚ ਰਹਿਣਾ ਹੈ ਤਾਂ ਜੀ ਹਜ਼ੂਰ ਬਣ ਕੇ ਰਹੋ।
2. ਦੂਜੀ ਵੱਡੀ ਗੱਲ ਜੋ ਪੰਜਾਬੀਆਂ ਖਾਸ ਤੌਰ ‘ਤੇ ਸਿੱਖਾਂ ਨੂੰ ਅੱਖਰਦੀ ਰਹੀ ਹੈ, ਉਹ ਹੈ ਕੇਜਰੀਵਾਲ ਦਾ ਸਿੱਖ ਵਿਰੋਧੀ ਹੋਣ ਦਾ ਪ੍ਰਭਾਵ। ਦਿੱਲੀ ਦੀ ਸਰਕਾਰ ਵਿੱਚ ਕੋਈ ਵੀ ਸਿੱਖ ਮੰਤਰੀ ਨਾ ਲੈਣਾ। ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ 10 ਮੈਂਬਰਾਂ ਵਿੱਚ ਕੋਈ ਵੀ ਸਿੱਖ ਨਹੀਂ। ਨਾ ਐਚ. ਐਸ. ਫ਼ੂਲਕਾ, ਨਾ ਜਰਨੈਲ ਸਿੰਘ ਅਤੇ ਨਾ ਹੀ ਭਗਵੰਤ ਮਾਨ। ਇਸ ਗੱਲ ਨਾਲ ਇਹ ਪ੍ਰਭਾਵ ਜਾਂਦਾ ਹੈ ਕਿ ਉਸਨੂੰ ਪੰਜਾਬੀਆਂ ਅਤੇ ਸਿੱਖਾਂ ‘ਤੇ ਵਿਸ਼ਵਾਸ ਨਹੀਂ।
3. ਪਾਣੀਆਂ ਦੇ ਮਸਲੇ ‘ਤੇ ਹਰਿਆਣਵੀ ਮੂਲ ਦੇ ਕੇਜਰੀਵਾਲ ਉਤੇ ਪੰਜਾਬੀਆਂ ਨੇ ਵਿਸ਼ਵਾਸ ਨਹੀਂ ਕੀਤਾ ਜਾਂ ਇਉਂ ਕਹਿ ਲਓ ਕਿ ਵਿਰੋਧੀਆਂ ਦੇ ਪ੍ਰਚਾਰ ਦਾ ਸਹੀ ਤਰੀਕੇ ਨਾਲ ਜਵਾਬ ਦੇਣ ਵਿੱਚ ਕਾਮਯਾਬ ਨਹੀਂ ਹੋ ਸਕੇ।
4. ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਜਿਸ ਤਰੀਕੇ ਨਾਲ ਪਾਰਟੀ ਤੋਂ ਬੇਇੱਜ਼ਤ ਕਰਕੇ ਕੱਢੇ ਗਏ, ਉਹ ਵੀ ਬਹੁਤ ਸਾਰੇ ਪੰਜਾਬੀਆਂ ਨੂੰ ਹਜ਼ਮ ਨਹੀਂ ਆਇਆ। ਛੋਟੇਪੁਰ ਦੇ ਜਵਾਬੀ ਹਮਲਿਆਂ ਨੇ ਅਰਵਿੰਦ ਕੇਜਰੀਵਾਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਰੋਧੀ ਸਾਬਤ ਕਰਨ ਦੇ ਨਾਲ ਨਾਲ ਦਿੱਲੀ ਅਤੇ ਪੰਜਾਬ ਦੇ ਨੇਤਾਵਾਂ ਦਾ ਝਗੜਾ ਜਾਂ ਵਿਵਾਦ ਖੜ੍ਹਾ ਕਰਨ ਵਿੱਚ ਕਾਮਯਾਬੀ ਹਾਸਲ ਕਰ ਲਈ। ਨਤੀਜੇ ਵਜੋਂ ਸੰਜੇ ਸਿੰਘ, ਦੁਰਗੇਸ਼ ਪਾਠਕ ਅਤੇ ਅਰਵਿੰਦ ਦੀ ਬਾਹਰੋਂ ਭੇਜੀ ਫ਼ੌਜ ਉਤੇ ਹਰ ਕਿਸਮ ਦੇ ਇਲਜ਼ਾਮ ਧੜਾਧੜ ਲੱਗਣੇ ਸ਼ੁਰੂ ਹੋ ਗਏ। ਦੂਜੇ ਪਾਸੇ ਇਨ੍ਹਾਂ ਏਲਚੀਆਂ ਹੱਥੋਂ ਪੰਜਾਬ ਦੇ ਮਿਹਨਤੀ ਵਰਕਰ ਬੇਇੱਜ਼ਤ ਹੋਇਆ ਮਹਿਸੂਸ ਕਰਨ ਲੱਗੇ।
5. ਟਿਕਟਾਂ ਦੀ ਵੰਡ ਵੇਲੇ ਵੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਮ ਵਰਕਰ ਠੱਗੇ ਸਮਝਣ ਲੱਗੇ ਕਿਉਂਕਿ ਟਿਕਟਾਂ ਦੀ ਵੰਡ ਵਿੱਚ ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਸੀ। ਟਿਕਟਾਂ ਦੀ ਵੰਡ ਵੇਲੇ ਵੱਡੀ ਪੱਧਰ ‘ਤੇ ਆਪ ਵਰਕਰਾਂ ਦਾ ਮੋਹ ਭੰਗ ਹੋਇਆ। ਗੋਮਤੀ ਡੋਗਰ ਵਰਗੇ ਸੀਨੀਅਰ ਮੈਂਬਰ ਵੀ ਪਾਰਟੀ ਛੱਡ ਗਏ। ਟਿਕਟਾਂ ਹੋਰਨਾਂ ਪਾਰਟੀਆਂ ਵਿੱਚੋਂ ਆਏ ਲੋਕਾਂ ਨੂੰ ਦਿੱਤੀਆਂ ਗਈਆਂ। ਨਤੀਜੇ ਦੱਸਦੇ ਹਨ ਕਿ ‘ਆਪ’ ਦੀ ਟਿਕਟ ‘ਤੇ ਜਿੱਤਣ ਵਾਲੇ ਜ਼ਿਆਦਾ ਨਵੇਂ ਅਤੇ ਆਮ ਵਰਕਰ ਹੀ ਹਨ ਜਦੋਂ ਕਿ ਦਲ-ਬਦਲੂਆਂ ਨੂੰ ਮੂੰਹ ਦੀ ਖਾਣੀ ਪਈ।
6. ਹਰਮਿੰਦਰ ਸਿੰਘ ਜੱਸੀ ਦੇ ਕਾਫ਼ਲੇ ‘ਤੇ ਹੋਏ ਬੰਬ ਨਾਲ ਹਮਲੇ ਦੀ ਘਟਨਾ ਅਤੇ ਕੇਜਰੀਵਾਲ ਦਾ ਮੋਗੇ ਵਿਖੇ ਸਾਬਕਾ ਖਾੜਕੂ ਦੀ ਕੋਠੀ ਵਿੱਚ ਰਹਿਣਾ ਵੀ ‘ਆਪ’ ਨੂੰ ਮਹਿੰਗਾ ਪਿਆ। ਅਰਵਿੰਦ ਕੇਜਰੀਵਾਲ ਦੇ ਗਰਮਦਲੀਏ ਸਿੱਖਾਂ ਨਾਲ ਸਬੰਧ ਉਜਾਗਰ ਹੋਣ ਨਾਲ ਪੰਜਾਬ ਦੇ ਕਾਲੇ ਦਿਨਾਂ ਨੂੰ ਯਾਦ ਕਰਨ ਵਾਲੇ ਹਿੰਦੂ ਅਤੇ ਸ਼ਹਿਰੀ ਵੋਟਰ ਕਾਂਗਰਸ ਵੱਲ ਖਿਸਕ ਗਏ।
7. ਡੇਰਾ ਸਿਰਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਹਮਾਇਤ ਜਿੱਥੇ ਅਕਾਲੀਆਂ ਨੂੰ ਸ਼ਰਮਨਾਕ ਹਾਰ ਤੋਂ ਬਚਾ ਗਈ, ਉਥੇ ‘ਆਪ’ ਦਾ ਵੱਡਾ ਨੁਕਸਾਨ ਕਰ ਗਈ।
8. ਆਪ ਵੱਲੋਂ ਕਿਸੇ ਨੂੰ ਵੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਨਾ ਪੇਸ਼ ਕਰਨਾ ਵੀ ਮਹਿੰਗਾ ਪਿਆ।
9. ਭਗਵੰਤ ਮਾਨ ਦੀ ਮਿਹਨਤ ਬਾਰੇ ਕੋਈ ਸ਼ੱਕ ਨਹੀਂ ਪਰ ਚੁਟਕਲੇਬਾਜ਼ੀ, ਜੁਮਲੇਬਾਜ਼ੀ ਅਤੇ ਮਜਮਿਆਂ ਨਾਲੋਂ ਵੋਟਰਾਂ ਨੇ ਮੁੱਦਿਆਂ ਪ੍ਰਤੀ ਗੰਭੀਰ ਪਹੁੰਚ ਨੂੰ ਹੁੰਗਾਰਾ ਦਿੱਤਾ।
10. ਪਾਰਟੀ ਸਿਰਫ਼ ਮਾਲਵੇ ਦੇ ਸਿਰ ‘ਤੇ ਜਿੱਤਣਾ ਚਾਹ ਰਹੀ ਸੀ। ਦੁਆਬੇ ਅਤੇ ਮਾਝੇ ਨੂੰ ਜ਼ਿਆਦਾ ਤਵੱਜੋਂ ਨਹੀਂ ਦਿੱਤੀ।
11. ਪੰਜਾਬੀਆਂ ਨੇ ਅਰਵਿੰਦ ਕੇਜਰੀਵਾਲ ਦੀ ਦਿੱਲੀ ਵਾਲੀ ਟਕਰਾਅ ਦੀ ਨੀਤੀ ਨੂੰ ਵੀ ਪਸੰਦ ਨਹੀਂ ਕੀਤਾ।
12. ਪੰਜਾਬ ਦੇ ਵੋਟਰਾਂ ਨੂੰ ਲੀਡਰਾਂ ਦੀ ਕਹਿਣੀ ਅਤੇ ਕਰਨੀ ਦੇ ਫ਼ਰਕ ਦਾ ਪਤਾ ਲੱਗਦਾ ਜਾ ਰਿਹਾ ਹੈ। ਜਦੋਂ ਕੇਜਰੀਵਾਲ ਮਜੀਠੀਆ ਨੂੰ ਜੇਲ੍ਹ ਭੇਜਣ ਦੀ ਚੁਣੌਤੀ ਦਿੰਦਾ ਸੀ, ਉਸ ਵੇਲੇ ਲੋਕ ਯਾਦ ਕਰਦੇ ਸਨ ਕਿ ਦਿੱਲੀ ਚੋਣਾਂ ਸਮੇਂ ਇੰਨੇ ਹੀ ਉਚੇ ਸੁਰ ਵਿੱਚ ਉਹ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਵੀ ਜੇਲ੍ਹ ਭੇਜਣ ਦੀਆਂ ਗੱਲਾਂ ਕਰਦਾ ਰਿਹਾ ਸੀ। ਲੋਕ ਅਤੇ ਮੀਡੀਆ ਅਕਸਰ ਸਵਾਲ ਕਰਦੇ ਸਨ ਕਿ ਸ਼ੀਲਾ ਦੀਕਸ਼ਿਤ ਨੂੰ ਜੇਲ੍ਹ ਭੇਜਣ ਲਈ ਕੀ ਕੀਤਾ।
13. ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਚੋਂ ਮਾਲਵੇ ਵਿੱਚ 69, ਮਾਝੇ ਵਿੱਚ 25 ਅਤੇ ਦੁਆਬੇ ‘ਚ 23 ਸੀਟਾਂ ਹਨ। ਆਮ ਆਦਮੀ ਪਾਰਟੀ ਦਾ ਬਹੁਤਾ ਪ੍ਰਭਾਵ ਮਾਲਵੇ ਵਿੱਚ ਹੀ ਦੇਖਣ ਨੂੰ ਮਿਲਿਆ। ‘ਆਪ’ ਦੇ ਲੀਡਰਾਂ ਨੇ ਮਾਲਵੇ ਦੇ ਸਿਰ ‘ਤੇ ਪੰਜਾਬ ਜਿੱਤਣ ਦਾ ਸੁਪਨਾ ਸਿਰਜ ਲਿਆ ਅਤੇ ਮਾਝੇ ਅਤੇ ਦੁਆਬੇ ਦੀਆਂ 48 ਸੀਟਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਦੂਜੇ ਪਾਸੇ ਕਾਂਗਰਸ ਨੇ ਮਾਲਵੇ ਦੇ ਨਾਲ ਨਾਲ ਮਾਝੇ ਅਤੇ ਦੁਆਬੇ ਵੱਲ ਵੀ ਪੂਰਾ ਧਿਆਨ ਦਿੱਤਾ। ਨਵਜੋਤ ਸਿੱਧੂ ਦੀ ਆਮਦ ਨਾਲ ਮਾਝੇ ਵਿੱਚ ਕਾਂਗਰਸ ਹੋਰ ਵੀ ਮਜ਼ਬੂਤ ਹੋ ਗਈ। ਨਤੀਜੇ ਵਜੋਂ ਜਿੱਥੇ ਮਾਲਵੇ ਵਿੱਚ ‘ਆਪ’ ਦੀ ਹਾਰ ਹੋਈ ਅਤੇ 69 ਵਿੱਚੋਂ ਸਿਰਫ਼ 15 ਹਲਕਿਆਂ ਵਿੱਚ ਹੀ ਜਿੱਤ ਪ੍ਰਾਪਤ ਹੋਈ, ਉਥੇ ਕਾਂਗਰਸ 40 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ। ਮਾਝੇ ਵਿੱਚ ‘ਆਪ’ ਖਾਤਾ ਵੀ ਨਹੀਂ ਖੋਲ੍ਹ ਸਕੀ ਅਤੇ ਦੁਆਬੇ ਵਿੱਚ ਸਿਰਫ਼ 2 ਵਿਧਾਨ ਸਭਾ ਹਲਕਿਆਂ ਵਿੱਚ ਹੀ ‘ਆਪ’ ਨੂੰ ਜਿੱਤ ਮਿਲੀ। ਹੋਰ ਤਾਂ ਹੋਰ ‘ਆਪ’ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਵੀ ਹਾਰ ਗਿਆ।
14. ਆਮ ਆਦਮੀ ਪਾਰਟੀ ਨੇ ਇੱਕ ਜੁਗਤ ਦੇ ਤਹਿਤ ਆਪਦੇ ਸਾਰੇ ਵੱਡੇ ਨੇਤਾ ਭਗਵੰਤ ਮਾਨ, ਜਰਨੈਲ ਸਿੰਘ ਅਤੇ ਹਿੰਮਤ ਸਿੰਘ ਸ਼ੇਰਗਿੱਲ ਨੂੰ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਦੇ ਖਿਲਾਫ਼ ਖੜ੍ਹਾ ਕਰ ਦਿੱਤਾ ਪਰ ਉਨ੍ਹਾਂ ਦੀ ਇਹ ਜੁਗਤ ਪੁੱਠੀ ਪੈ ਗਈ ਅਤੇ ਲੋਕਾਂ ਨੇ ਇਨ੍ਹਾਂ ਨੂੰ ਬਾਹਰੀ ਆਦਮੀ ਸਮਝ ਕੇ ਬੁਰੀ ਤਰ੍ਹਾਂ ਹਰਾ ਦਿੱਤਾ। ਇਉਂ ਆਮ ਆਦਮੀ ਪਾਰਟੀ ਨੇ ਆਪਣੇ ਵੱਡੇ ਨੇਤਾਵਾਂ ਦੀ ਤਾਕਤ ਗਵਾ ਦਿੱਤੀ।
15. ਆਮ ਆਦਮੀ ਪਾਰਟੀ ਦੀ ਹਾਰ ਦਾ ਇੱਕ ਕਾਰਨ ਇਸਦੇ ਨੇਤਾਵਾਂ ਵਿੱਚ ਹੱਦੋਂ ਵੱਧ ਵਿਸ਼ਵਾਸ ਦਾ ਹੋਣਾ ਸੀ। ਇਹ ਨਾ ਸਿਰਫ਼ ਵਿਸ਼ਵਾਸ ਸੀ ਸਗੋਂ ਹੰਕਾਰ ਵੀ ਸੀ। ਅਰਵਿੰਦ ਕੇਜਰੀਵਾਲ ਦੀ ਦਿੱਲੀ ਦੀ ਟੀਮ ਪੰਜਾਬੀਆਂ ਦਾ ਨਾ ਸਿਰਫ਼ ਮਜ਼ਾਕ ਉਡਾਉਣ ਲੱਗੀ ਬਲਕਿ ਉਨ੍ਹਾਂ ਤੋਂ ਜਾਇਜ਼-ਨਜਾਇਜ਼ ਕੰਮ ਵੀ ਲੈਣ ਲੱਗੀ। ਨਵੇਂ ਬਣੇ ਆਪ ਦੇ ਲੀਡਰਾਂ ਨੇ ਟਿਕਟਾਂ ਦੀ ਖਾਤਰ ਇਨ੍ਹਾਂ ਦੀ ਧੌਂਸ ਮੰਨਣੀ ਸ਼ੁਰੂ ਕਰ ਦਿੱਤੀ ਪਰ ਬਹੁਤ ਸਾਰੇ ਗੈਰਤਮੰਦ ਲੋਕ ਇਨ੍ਹਾਂ ਤੋਂ ਦੂਰ ਵੀ ਹੋ ਗਏ। ਅਰਵਿੰਦ ਕੇਜਰੀਵਾਲ ਦੇ ਇਸ ਹੱਦੋਂ ਵੱਧ ਵਿਸ਼ਵਾਸ ਨੇ ਹੀ ਨਵਜੋਤ ਸਿੱਧੂ, ਪ੍ਰਗਟ ਸਿੰਘ, ਜਗਮੀਤ ਬਰਾੜ ਵਰਗੇ ਕਿੰਨੇ ਹੀ ਨੇਤਾਵਾਂ ਨੂੰ ਪਾਰਟੀ ਤੋਂ ਦੂਰ ਰੱਖਿਆ। ਡਾ. ਧਰਮਵੀਰ ਗਾਂਧੀ ਅਤੇ ਸੁੱਚਾ ਸਿੰਘ ਛੋਟੇਪੁਰ ਵੀ ਅਸਲ ਵਿੱਚ ਅਰਵਿੰਦ ਕੇਜਰੀਵਾਲ ਦੇ ਹੰਕਾਰ ਦਾ ਸਿੱਟਾ ਹੀ ਹਨ।
16. ਗੋਆ ਅਤੇ ਪੰਜਾਬ ਦੋਵਾਂ ਥਾਵਾਂ ‘ਤੇ ਇੱਕੋ ਦਿਨ ਚੋਣਾਂ ਹੋਣਾ ਵੀ ਆਮ ਆਦਮੀ ਪਾਰਟੀ ਦੇ ਵਿਰੁੱਧ ਗਿਆ। ਸਿਰਫ਼ ਦੋ ਸਾਲ ਪੁਰਾਣੀ ਪਾਰਟੀ ਕੋਲ ਸਾਧਨਾਂ ਅਤੇ ਰੁਪਏ ਦੀ ਕਮੀ ਹੋਣਾ ਸੁਭਾਵਿਕ ਸੀ। ਦੋਵੇਂ ਥਾਵਾਂ ‘ਤੇ ਅਰਵਿੰਦ ਕੇਜਰੀਵਾਲ ਦੀ ਲੋੜ ਸੀ ਕਿਉਂਕਿ ਉਸਦੇ ਨਾਮ ‘ਤੇ ਹੀ ਵੋਟਾਂ ਮੰਗੀਆਂ ਜਾ ਰਹੀਆਂ ਸਨ ਅਤੇ ਉਹ ਵੋਟਰਾਂ ਦੀ ਖਿੱਚ ਦਾ ਕੇਂਦਰ ਸੀ। ਕੇਜਰੀਵਾਲ ਕਦੇ ਪੰਜਾਬ ਅਤੇ ਗੋਆ ਜਾਂਦਾ। ਸਮੇਂ ਅਤੇ ਸਾਧਨਾਂ ਦੀ ਕਮੀ ਵੀ ਆਮ ਆਦਮੀ ਪਾਰਟੀ ਦੀ ਹਾਰ ਦਾ ਇੱਕ ਕਾਰਨ ਮੰਨੀ ਜਾ ਸਕਦੀ ਹੈ।
ਪੰਜਾਬ ਦੀਆਂ ਚੋਣਾਂ ਨੇ ਸੋਸ਼ਲ ਮੀਡੀਆ ਦੀ ਪੋਲ ਵੀ ਖੋਲ੍ਹ ਦਿੱਤੀ। ਇਹ ਸਪਸ਼ਟ ਹੋ ਗਿਆ ਕਿ ਜੋ ਕੁਝ ਫ਼ੇਸਬੁੱਕ ‘ਤੇ ਨਜ਼ਰ ਆ ਰਿਹਾ ਹੈ, ਉਹ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਵੀ ਹੋ ਸਕਦਾ ਹੈ। ਫ਼ੇਸਬੁੱਕ ‘ਤੇ ਭਗਵੰਤ ਮਾਨ ਛਾਅ ਰਿਹਾ ਸੀ ਪਰ ਵੋਟਾਂ ਦੀ ਗਿਣਤੀ ਵੇਲੇ ਕੁਝ ਹੋਰ ਹੀ ਨਿਕਲਿਆ। ਉਂਝ ਫ਼ੇਸਬੁੱਕ ਲਾਈਵ ਨੇ ਜਿੱਥੇ ਚੋਣਾਂ ਵੇਲੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਪ੍ਰਿੰਟ ਅਤੇ ਟੀ. ਵੀ. ਮੀਡੀਆ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ, ਉਥੇ ਸੰਜੇ ਸਿੰਘ ਅਤੇ ਅਰਵਿੰਦ ਕੇਜਰੀਵਾਲ ਦੇ ਹੋਰ ਏਲਚੀਆਂ ਦੀ ਵਾਇਰਲ ਹੋਈ ਵੀਡੀਓ ਉਪਰ ਦਿੱਤੇ 15 ਨੰਬਰ ਨੁਕਤੇ ਦੀ ਗਵਾਹੀ ਭਰਦੀ ਹੈ। ਇਸ ਵੀਡੀਓ ਵਿੱਚ ਉਹ ਚੋਣਾਂ ਤੋਂ ਇੱਕ ਦਿਨ ਬਾਅਦ ਭਗਵੰਤ ਮਾਨ, ਫ਼ੂਲਕਾ ਸਾਹਿਬ ਅਤੇ ਹੋਰਾਂ ਦਾ ਮਜ਼ਾਕ ਉਡਾਉਂਦੇ ਵੇਖੇ ਜਾ ਸਕਦੇ ਹਨ। ਦੂਜੇ ਪਾਸੇ ਇਹ ਗੱਲ ਫ਼ਿਰ ਵੀ ਤਸੱਲੀ ਵਾਲੀ ਹੈ ਕਿ ਮਹਿਜ਼ ਦੋ ਸਾਲ ਪੁਰਾਣੀ ਪਾਰਟੀ ਨੇ ਹਿੰਦੁਸਤਾਨ ਦੀ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪਛਾੜ ਦਿੱਤਾ ਹੈ। ਇਹ ਗੱਲ ਵੀ ਠੀਕ ਹੈ ਕਿ ਪੰਜਾਬ ਦੇ ਲੋਕ ਤਬਦੀਲੀ ਦੇ ਹੱਕ ਵਿੱਚ ਉਠ ਖੜ੍ਹੇ ਸਨ। ਪਰ ਉਕਤ ਕਿਸਮ ਦੀਆਂ ਗਲਤੀਆਂ ਕਾਰਨ ਇਹ ਪਾਰਟੀ ਨਵਾਂ ਇਤਿਹਾਸ ਸਿਰਜਣ ਤੋਂ ਉਕ ਗਈ। ਪਰਟੀ ਦੀ ਹਾਰ ਦੇ ਕਾਰਨਾਂ ਬਾਰੇ ਗੰਭੀਰ ਹੋ ਕੇ ਵਿਸ਼ਲੇਸ਼ਣ ਅਤੇ ਪੜਚੋਲ ਕਰਨ ਦੀ ਲੋੜ ਹੈ। ਇਸ ਤਰ੍ਹਾਂ ਕਰਨਾ ਪਾਰਟੀ ਲਈ ਭਵਿੱਖ ਵਿੱਚ ਲਾਹੇਵੰਦ ਹੋ ਸਕਦਾ ਹੈ।