ਇੱਕ ਗਰੀਬ ਕਿਸਾਨ ਸੁਵੱਖਤੇ ਹੀ ਆਪਣੇ ਖੇਤਾਂ ਵਿੱਚ ਜਾ ਪਹੁੰਚਾ। ਉਸ ਕੋਲ ਜੋ ਨਾਸ਼ਤੇ ਵਾਸਤੇ ਰੋਟੀ ਸੀ, ਉਹ ਉਸਨੇ ਆਪਣਾ ਕੋਟ ਲਾਹਕੇ ਉਸ ਵਿੱਚ ਲਪੇਟ ਦਿੱਤੀ ਤੇ ਕੋਟ ਨੇੜੇ ਹੀ ਇੱਕ ਝਾੜੀ ਵਿੱਚ ਰੱਖ ਦਿੱਤਾ। ਫ਼ਿਰ ਉਸਨੇ ਆਪਣਾ ਹੱਲ ਠੀਕ ਕੀਤਾ ਅਤੇ ਜ਼ਮੀਨ ਵਾਹੁਣ ਲੱਗ ਪਿਆ। ਕਾਫ਼ੀ ਚਿਰ ਹੱਲ ਵਾਹੁੰਦਿਆਂ ਹੋ ਗਿਆ ਤਾਂ ਉਸਨੂੰ ਲੱਗਾ ਕਿ ਬੈਲ ਥੱਕ ਗਏ ਹਨ। ਉਸਨੂੰ ਵੀ ਭੁੱਖ ਲੱਗ ਗਈ ਹੈ। ਸੋ ਉਸਨੇ ਬਲਦਾਂ ਨੂੰ ਖੜ੍ਹੇ ਕੀਤਾ ਤੇ ਪੰਜਾਲੀ ਨਾਲੋਂ ਖੋਲ੍ਹਕੇ ਚਰਨ ਲਈ ਖੁੱਲ੍ਹੇ ਛੱਡ ਦਿੱਤਾ ਤੇ ਆਪ ਉਹ ਝਾੜੀ ਵਿੱਚੋਂ ਰੋਟੀ ਲੈਣ ਚਲੇ ਗਿਆ। ਜਦੋਂ ਉਸਨੇ ਕੋਟ ਦੀ ਤਹਿ ਖੋਲ੍ਹੀ ਤਾਂ ਉਸ ਵਿੱਚ ਰੋਟੀ ਨਾ ਦੇਖਕੇ ਉਸਨੂੰ ਹੈਰਾਨੀ ਹੋਈ। ਉਸਨੇ ਕੋਟ ਨੂੰ ਚੰਗੀ ਤਰ੍ਹਾਂ ਝਾੜਿਆ ਅਤੇ ਆਲੇ-ਦੁਆਲੇ ਦੇਖਿਆ ਪਰ ਰੋਟੀ ਕਿਤੇ ਨਾ ਦਿਸੀ। ਕਿਸਾਨ ਦੀ ਸਮਝ ਵਿੱਚ ਨਾ ਆਵੇ ਕਿ ਰੋਟੀ ਗਈ ਕਿਥੇ? ਉਸਨੇ ਤਾਂ ਉਥੇ ਕਿਸੇ ਨੂੰ ਆਉਂਦੇ ਵੀ ਨਹੀਂ ਦੇਖਿਆ। ਉਹ ਹੈਰਾਨ ਹੋਇਆ ਸੋਚ ਰਿਹਾ ਸੀ। ਕੀ ਕੋਈ ਪਹਿਲਾਂ ਹੀ ਉਥੇ ਬੈਠਾ ਸੀ ਜੋ ਉਸਨੂੰ ਦਿਸਿਆ ਨਾ ਹੋਵੇ। ਅਸਲ ਵਿੱਚ ਉਸ ਝਾੜੀ ਵਿੱਚ ਇੱਕ ਪ੍ਰੇਤ ਬੈਠਾ ਸੀ ਜੋ ਕਿਸਾਨ ਨੂੰ ਨਹੀਂ ਦਿੱਸਿਆ। ਪ੍ਰੇਤ ਦਿਸਦੇ ਨਹੀਂ, ਆਪਣਾ ਕੰਮ ਕਰਦੇ ਹਨ। ਉਸਨੇ ਕਿਸਾਨ ਦੀ ਰੋਟੀ ਉਦੋਂ ਚੁਰਾ ਲਈ ਜਦੋਂ ਉਹ ਹੱਲ ਵਾਹ ਰਿਹਾ ਸੀ। ਜਦੋਂ ਕਿਸਾਨ ਰੋਟੀ ਲੈਣ ਗਿਆ ਪ੍ਰੇਤ ਉਦੋਂ ਵੀ ਇਸ ਨਾਲ ਬੈਠਾ ਸੀ ਕਿ ਕਿਸਾਨ ਰੋਟੀ ਨਾ ਮਿਲਣ ਉਤੇ ਭੂਤ ਪ੍ਰੇਤਾਂ ਨੂੰ ਵੱਡੀਆਂ ਵੱਡੀਆਂ ਗਾਲਾਂ ਕੱਢੇਗਾ। ਪਰ ਕਿਸਾਨ ਨੇ ਇਸ ਤਰ੍ਹਾਂ ਨਹੀਂ ਕੀਤਾ, ਸਗੋਂ ਇਹ ਸੋਚਿਆ ਕਿ ”ਜੋ ਕੋਈ ਉਸਦੀ ਰੋਟੀ ਲੈ ਗਿਆ ਹੈ ਉਸਨੂੰ ਰੋਟੀ ਦੀ ਮੇਰੇ ਨਾਲੋਂ ਬਹੁਤੀ ਲੋੜ ਹੋਵੇਗੀ। ਰੱਬ ਉਸ ਦਾ ਭਲਾ ਕਰੇ”। ਫ਼ਿਰ ਕਿਸਾਨ ਉਠਿਆ, ”ਏਦਾ ਤਾਂ ਨਹੀਂ ਸਰਨਾ” ਕਹਿੰਦਿਆਂ ਉਸਨੇ ਖੂਹ ਉਤੇ ਜਾ ਕੇ ਢਿੱਡ ਭਰਕੇ ਪਾਣੀ ਪੀ ਕੇ ਹੀ ਭੁੱਖ ਮਿੱਟਾ ਲਈ। ਥੋੜ੍ਹੀ ਦੇਰ ਆਰਾਮ ਕੀਤਾ ਤੇ ਫ਼ਿਰ ਹੱਲ ਵਾਹੁਣ ਲੱਗ ਪਿਆ। ਇਹ ਸਭ ਦੇਖਕੇ ਪ੍ਰੇਤ ਬਹੁਤ ਹੈਰਾਨ ਹੋਇਆ। ਉਸਨੂੰ ਦੁੱਖ ਇਸ ਗੱਲ ਦਾ ਸੀ ਕਿ ਮੇਰੀ ਮਿਹਨਤ ਅਜਾਈਂ ਗਈ। ਇਸਨੇ ਤਾਂ ਕੋਈ ਗਾਲ੍ਹ ਕੱਢੀ ਹੀ ਨਹੀਂ, ਸਗੋਂ ਆਪ ਭੁੱਖਾ ਰਹਿਕੇ ਉਸਦਾ ਭਲਾ ਮੰਗਿਆ। ਸ਼ੈਤਾਨ ਦੁਖੀ ਹੋਇਆ ਆਪਣੇ ਰਾਜੇ ਕੋਲ ਗਿਆ ਤੇ ਉਸਨੂੰ ਸਾਰੀ ਗੱਲ ਦੱਸੀ, ਕਿ ”ਮੈਂ ਰੋਟੀ ਚੁੱਕ ਕੇ ਉਸਨੂੰ ਭੁੱਖਾ ਵੀ ਰਖਿਆ ਪਰ ਉਸਨੇ ਮੈਨੂੰ ਮੰਦਾ ਨਹੀਂ ਬੋਲਿਆ ਸਗੋਂ ਅਸੀਸ ਹੀ ਦਿੱਤੀ”। ਸ਼ੈਤਾਨ ਦੇ ਮੂੰਹੋਂ ਇਹ ਗੱਲ ਸੁਣਕੇ ਰਾਜਾ ਦੁਖੀ ਹੋ ਗਿਆ। ਗੁੱਸੇ ਵਿੱਚ ਰਾਜੇ ਨੇ ਸ਼ੈਤਾਨ ਨੂੰ ਕਿਹਾ, ਜੇ ਉਸਨੇ ਤੇਰੇ ਨਾਲ ਭਲਾਈ ਕੀਤੀ ਹੈ ਤਾਂ ਇਸ ਵਿੱਚ ਤੇਰਾ ਹੀ ਕਸੂਰ ਹੈ। ਤੈਨੂੰ ਆਪਣੇ ਕੰਮ ਦੀ ਸੂਝ ਨਹੀਂ ਹੈ। ਜੇ ਕਿਸਾਨ ਅਤੇ ਉਸ ਦੀ ਘਰਵਾਲੀ ਇਸੇ ਤਰ੍ਹਾਂ ਨੇਕੀ ਦੇ ਕੰਮ ਕਰਦੇ ਰਹੇ ਤਾਂ ਇਹ ਸਾਨੂੰ ਬਹੁਤ ਵੱਡਾ ਘਾਟਾ ਹੈ। ਜੇ ਇਵੇਂ ਹੀ ਚੱਲਦਾ ਰਿਹਾ ਫ਼ਿਰ ਤਾਂ ਸਾਡਾ ਡਰ ਅਤੇ ਸਾਡੀ ਹੋਂਦ ਹੀ ਖ਼ਤਮ ਹੋ ਜਾਏਗੀ। ਤੂੰ ਜਲਦੀ ਵਾਪਸ ਜਾ ਕੇ ਆਪਣੀਆਂ ਗ਼ਲਤੀਆਂ ਸੁਧਾਰ। ਜੇ ਤਿੰਨ ਸਾਲਾਂ ਵਿੱਚ ਤੂੰ ਆਪਣੇ ਕੰਮ ਵਿੱਚ ਸਫ਼ਲ ਨਾ ਹੋਇਆ ਤਾਂ ਮੈਂ ਤੈਨੂੰ ਪਵਿਤਰ ਜਲ ਵਿੱਚ ਸੁੱਟ ਦਿਆਂਗਾ। ਫ਼ਿਰ ਤੇਰਾ ਵਜੂਦ ਹੀ ਖ਼ਤਮ ਹੋ ਜਾਏਗਾ। ਫ਼ਿਰ ਨਾ ਆਖੀਂ ਦੱਸਿਆ ਨਹੀਂ। ਰਾਜੇ ਦੀ ਗੱਲ ਸੁਣਕੇ ਪ੍ਰੇਤ ਬਹੁਤ ਡਰ ਗਿਆ। ਉਹ ਝੱਟ ਦੇਣੀ ਧਰਤੀ ਉਤੇ ਵਾਪਸ ਆ ਗਿਆ। ਉਸਨੂੰ ਇੱਕ ਉਪਾਅ ਸੁਝਿਆ। ਉਸਨੇ ਮਜ਼ਦੂਰ ਦਾ ਰੂਪ ਧਾਰਿਆ ਅਤੇ ਮਿੰਨਤ ਕਰਕੇ ਕਿਸਾਨ ਨਾਲ ਰੋਟੀ ਬਦਲੇ ਕੰਮ ਕਰਨ ਲੱਗਾ। ਬਿਜਾਈ ਦਾ ਸਮਾਂ ਆ ਗਿਆ, ਉਸਨੇ ਕਿਸਾਨ ਨੂੰ ਸਲਾਹ ਦਿੱਤੀ ਕਿ ਫ਼ਸਲ ਨੀਵੀਂ ਜ਼ਮੀਨ ਉਤੇ ਹੀ ਬੀਜੀਏ। ਕਿਸਾਨ ਨੇ ਉਸਦਾ ਕਿਹਾ ਮੰਨਕੇ ਫ਼ਸਲ ਨੀਵੇਂ ਥਾਵਾਂ ਉਤੇ ਬੀਜ ਦਿੱਤੀ। ਰੱਬੋਂ ਉਸ ਸਾਲ ਔੜ ਲੱਗ ਗਈ, ਜਿਸ ਨਾਲ ਲੋਕਾਂ ਦੀਆਂ ਫ਼ਸਲਾਂ ਤਾਂ ਮਰ ਗਈਆਂ ਪਰ ਕਿਸਾਨ ਦੀ ਫ਼ਸਲ ਵਧੀਆ ਹੋ ਗਈ। ਸ਼ੈਤਾਨ ਫ਼ਿਰ ਦੁਖੀ ਹੋ ਗਿਆ। ਉਸਨੇ ਤਾਂ ਸੋਚਿਆ ਸੀ ਕਿ ਨੀਵੇਂ ਥਾਂ ਪਾਣੀ ਭਰਨ ਨਾਲ ਫ਼ਸਲ ਮਰ ਜਾਏਗੀ। ਇਹ ਉਲਟਾ ਹੋ ਗਿਆ। ਏਹੋ ਸੋਚਕੇ ਸ਼ੈਤਾਨ ਨੇ ਅਗਲੇ ਸਾਲ ਫ਼ਸਲ ਉੱਚੀ ਥਾਂ ਉਤੇ ਬੀਜਣ ਦੀ ਸਲਾਹ ਦਿੱਤੀ। ਕਿਸਾਨ ਨੇ ਫ਼ਿਰ ਉਸਦਾ ਕਿਹਾ ਮੰਨਿਆ। ਐਤਕੀ ਮੀਂਹ ਨੇ ਨੀਵੇਂ ਥਾਂ ਦੀਆਂ ਫ਼ਸਲਾਂ ਬਰਬਾਦ ਕਰ ਦਿੱਤੀਆਂ, ਕਿਸਾਨ ਦੀ ਫ਼ਸਲ ਫ਼ਿਰ ਚੰਗੀ ਹੋ ਗਈ। ਪ੍ਰੇਤ ਫ਼ਿਰ ਦੁਖੀ ਹੋ ਗਿਆ। ਉਸਨੂੰ ਸਮਝ ਨਾ ਲੱਗੇ ਕਿ ਉਹ ਕੀ ਕਰੇ। ਕਿਸਾਨ ਕੋਲ ਏਨਾ ਅਨਾਜ ਹੋ ਗਿਆ ਕਿ ਉਸਨੂੰ ਰੱਖਣ ਲਈ ਥਾਂ ਨਾ ਮਿਲੇ। ਨਿਰਾਸ਼ ਹੋਏ ਪ੍ਰੇਤ ਨੇ ਫ਼ਿਰ ਸਲਾਹ ਦੇ ਦਿੱਤੀ ਕਿ ਸ਼ਾਇਦ ਹੁਣ ਹੀ ਗੱਲ ਬਣ ਜਾਵੇ। ”ਮਾਲਿਕ! ਆਪਣੇ ਕੋਲ ਅਨਾਜ ਬਹੁਤ ਹੋ ਗਿਆ, ਇਸ ਨੂੰ ਸਾਂਭਣ ਲਈ ਥਾਂ ਵੀ ਨਹੀਂ ਹੈ, ਆਪਾਂ ਵਾਧੂ ਅਨਾਜ ਦੀ ਸ਼ਰਾਬ ਬਣਾ ਲਈਏ”। ਕਿਸਾਨ ਨੇ ਹਾਮੀ ਭਰ ਦਿੱਤੀ। ਸ਼ਰਾਬ ਬਣ ਗਈ। ਕਿਸਾਨ ਨੇ ਸੁਆਦ ਦੇਖਿਆ, ਉਸਨੂੰ ਸੁਆਦ ਲੱਗੀ, ਉਹ ਰੋਜ਼ ਪੀਣ ਲੱਗ ਪਿਆ, ਤੇ ਆਪਣੇ ਦੋਸਤਾਂ ਨੂੰ ਪਿਲਾਉਣ ਲੱਗ ਪਿਆ। ਕਿਸਾਨ ਨੇ ਆਪਣੀ ਸਫ਼ਲਤਾ ਵਾਰੇ ਆਪਣੇ ਰਾਜੇ ਨੂੰ ਜਾ ਕੇ ਦੱਸਿਆ। ਸੁਣਕੇ ਰਾਜਾ ਖੁਸ਼ ਹੋਇਆ। ਰਾਜੇ ਨੇ ਕਿਹਾ, ”ਮੈਂ ਆਪ ਉਥੇ ਜਾਕੇ ਸਭ ਕੁਝ ਦੇਖਾਂਗਾ ਕਿ ਤੈਨੂੰ ਕਿੰਨੀ ਸਫ਼ਲਤਾ ਮਿਲੀ ਹੈ?” ਰਾਜਾ ਤੇ ਪ੍ਰੇਤ ਜਦੋਂ ਕਿਸਾਨ ਦੇ ਘਰ ਪਹੁੰਚੇ, ਉਸ ਸਮੇਂ ਘਰ ਵਿੱਚ ਪਾਰਟੀ ਚੱਲ ਰਹੀ ਸੀ। ਕਿਸਾਨ ਦੀ ਘਰਵਾਲੀ ਉਸਦੇ ਦੋਸਤਾਂ ਨੂੰ ਸ਼ਰਾਬ ਵਰਤਾ ਰਹੀ ਸੀ। ਉਸੇ ਵੇਲੇ ਘਰਵਾਲੀ ਦੇ ਹੱਥੋਂ ਸ਼ਰਾਬ ਦਾ ਭਰਿਆ ਗਲਾਸ ਛੁੱਟਕੇ ਜ਼ਮੀਨ ਉਤੇ ਡਿੱਗ ਪਿਆ ਅਤੇ ਟੁੱਟ ਗਿਆ। ਸਾਰੀ ਸ਼ਰਾਬ ਅਤੇ ਕੱਚ ਦੇ ਟੁਕੜੇ ਜ਼ਮੀਨ ਉਤੇ ਖਿੱਲਰ ਗਏ। ਕਿਸਾਨ ਨੇ ਬੜੇ ਗੁੱਸੇ ਨਾਲ ਆਪਣੀ ਪਤਨੀ ਨੂੰ ਘੂਰਿਆ। ”ਇਹ ਕੀ ਕੀਤਾ ਬੇਵਕੂਫ਼ ਔਰਤ! ਇਹ ਸ਼ਰਾਬ ਹੈ ਬਹੁਤ ਕੀਮਤੀ, ਕੋਈ ਮਸੂਲੀ ਪਾਣੀ ਨਹੀਂ ਹੈ, ਜਿਸ ਨਾਲ ਫ਼ਰਸ਼ ਧੋਤਾ ਜਾਏ”। ਇਹ ਸਭ ਦੇਖ ਸੁਣਕੇ ਪ੍ਰੇਤ ਆਪਣੇ ਰਾਜੇ ਵੱਲ ਦੇਖਦਿਆਂ ਬੋਲਿਆ। ”ਰਾਜਨ! ਦੇਖੋ ਇਹ ਉਹੀ ਗਰੀਬ ਕਿਸਾਨ ਹੈ, ਜਿਸਨੇ ਕਿਸੇ ਵੇਲੇ ਆਪਣੀ ਰੋਟੀ ਗੁਆਚਣ ਉਤੇ ਵੀ ਗਮ ਨਹੀਂ ਸੀ ਕੀਤਾ, ਜਦ ਕਿ ਉਸ ਸਮੇਂ ਇਸ ਨੂੰ ਭੁੱਖ ਲੱਗੀ ਹੋਈ ਸੀ। ਸਗੋਂ ਰੋਟੀ ਲੈ ਜਾਣ ਵਾਲੇ ਦਾ ਭਲਾ ਮੰਗਿਆ ਸੀ। ਪਰ ਅੱਜ ਇਹ ਸ਼ਰਾਬ ਦੇ ਇੱਕ ਗਲਾਸ ਬਦਲੇ ਆਪਣੀ ਪਿਆਰੀ ਪਤਨੀ ਨੂੰ ਗੁੱਸੇ ਹੋ ਰਿਹਾ ਹੈ”। ਕਿਸਾਨ ਗੁੱਸੇ ਵਿੱਚ ਆਪਣੇ ਦੋਸਤਾਂ ਨੂੰ ਸ਼ਰਾਬ ਵੰਡਣ ਲੱਗਾ। ਉਸੇ ਵੇਲੇ ਬਾਹਰ ਇੱਕ ਗਰੀਬ ਕਿਸਾਨ ਜੋ ਪਹਿਲਾਂ ਉਸ ਦਾ ਦੋਸਤ ਸੀ, ਪਰ ਉਸਨੂੰ ਪਾਰਟੀ ਲਈ ਸੱਦਾ ਨਹੀਂ ਸੀ ਦਿੱਤਾ ਗਿਆ। ਉਹ ਕੰਮ ਤੋਂ ਮੁੜਦਾ ਹੋਇਆ ਬਿਨ ਪੁੱਛਿਓਂ ਅੰਦਰ ਲੰਘ ਆਇਆ। ਉਸਨੂੰ ਪਤਾ ਲੱਗਾ ਸੀ ਦੋਸਤ ਦੇ ਘਰ ਪਾਰਟੀ ਚੱਲ ਰਹੀ ਹੈ, ਸੋ ਉਹ ਆ ਗਿਆ। ਉਹ ਥੱਕਿਆ ਹੋਇਆ ਸੀ ਤੇ ਉਸਨੂੰ ਬਹੁਤ ਭੁੱਖ, ਪਿਆਸ ਵੀ ਲੱਗੀ ਹੋਈ ਸੀ। ਕਿਸਾਨ ਨੇ ਉਸਨੂੰ ਸੁਲ੍ਹਾ ਤਾਂ ਕੀ ਮਾਰਨੀ ਸੀ, ਸਗੋਂ ਉਸ ਨਾਲ ਔਖਾ ਹੋਕੇ ਬੋਲਿਆ। ”ਏਥੇ ਕੋਈ ਖ਼ੈਰਾਤਖ਼ਾਨਾ ਨਹੀਂ ਖੁੱਲ੍ਹਾ ਜੇੜ੍ਹਾ ਮਰਜ਼ੀ ਅੰਦਰ ਆ ਵੜ੍ਹੇ ਤੇ ਖਾਣ ਪੀਣ ਦੀ ਮੌਜ ਕਰੇ”। ਕਿਸਾਨ ਦੀ ਇਹ ਗੱਲ ਸੁਣਕੇ ਪ੍ਰੇਤ ਅਤੇ ਰਾਜਾ ਬਹੁਤ ਖੁਸ਼ ਹੋਏ। ਪ੍ਰੇਤ ਤਾਂ ਖੁਸ਼ੀ ਨਾਲ ਉਛਲ ਹੀ ਪਿਆ। ਰਾਜੇ ਨੂੰ ਕਹਿਣ ਲੱਗਾ, ”ਰਾਜਨ ਜ਼ਰਾ ਠਹਿਰੋ, ਅੱਗੇ ਦੇਖੋ ਕੀ ਹੁੰਦਾ ਹੈ?” ਕਿਸਾਨ ਨੇ ਅਮੀਰ ਦੋਸਤਾਂ ਨਾਲ ਬੈਠਕੇ ਖੂਬ ਸ਼ਰਾਬ ਪੀਤੀ। ਦੋਸਤ ਮੁਫ਼ਤ ਦੀ ਸ਼ਰਾਬ ਪੀਣ ਲਈ ਖੂਬ ਚਾਪਲੂਸੀ ਕਰਦੇ। ਪ੍ਰੇਤ ਤੇ ਰਾਜਾ ਉਨ੍ਹਾਂ ਦੀਆਂ ਬੇਥਵੀਆਂ ਗੱਲਾਂ ਸੁਣ-ਸੁਣਕੇ ਖੂਬ ਆਨੰਦ ਲੈ ਰਹੇ ਸਨ। ਰਾਜੇ ਨੇ ਪ੍ਰੇਤ ਦੀ ਬਹੁਤ ਤਾਰੀਫ਼ ਕਰਦਿਆਂ ਕਿਹਾ, ”ਸ਼ਰਾਬ ਨੇ ਇਨ੍ਹਾਂ ਸਾਰਿਆਂ ਨੂੰ ਭਿੱਜੀ ਲੂੰਬੜੀ ਵਰਗਾ ਕਰ ਦਿੱਤਾ ਹੈ। ਇਹ ਸਾਰੇ ਇੱਕ ਦੂਜੇ ਨੂੰ ਬੇਵਕੂਫ਼ ਬਣਾ ਰਹੇ ਹਨ। ਇਹ ਸਾਰੇ ਛੇਤੀ ਹੀ ਸਾਡੇ ਹੱਥਾਂ ਵਿੱਚ ਖੇਡਣਗੇ”। ”ਰਾਜਨ ਜ਼ਰਾ ਅਟਕੋ ਤਾਂ ਸਹੀ, ਇਨ੍ਹਾਂ ਨੂੰ ਇੱਕ-ਇੱਕ ਗਲਾਸ ਹੋਰ ਪੀ ਲੈਣ ਦਿਓ, ਇਹ ਜੋ ਲੂੰਬੜੀ ਵਾਂਗੂ ਮਿਚ-ਮਿਚ ਕੁਝ ਕਰ ਰਹੇ ਹਨ, ਹੋਰ ਸ਼ਰਾਬ ਅੰਦਰ ਜਾਂਦਿਆਂ ਹੀ ਇਹ ਬਘਿਆੜਾਂ ਵਾਂਗੂ ਇੱਕ ਦੂਜੇ ਨੂੰ ਪਾੜਣ ‘ਤੇ ਆ ਜਾਣਗੇ”। ਸ਼ੈਤਾਨ ਨੇ ਅਨੁਮਾਨ ਦੱਸਿਆ। ਕਿਸਾਨ ਅਤੇ ਉਸਦੇ ਦੋਸਤਾਂ ਨੇ ਜਦੋਂ ਦੋ-ਦੋ ਗਿਲਾਸ ਸ਼ਰਾਬ ਅੰਦਰ ਸੁੱਟੀ ਤਾਂ ਉਨ੍ਹਾਂ ਦੀਆਂ ਹਰਕਤਾਂ ਵਿੱਚ ਜੰਗਲੀਪਣ ਆਉਣਾ ਸ਼ੁਰੂ ਹੋ ਗਿਆ। ਉਹ ਹਲੀਮੀ ਵਾਲੇ ਬੋਲ ਭੁਲਕੇ ਖਰਵੇਂ ਬੋਲ ਬੋਲਣ ਲੱਗੇ। ਇੱਕ ਦੂਜੇ ਨੂੰ ਗਾਲ੍ਹਾਂ ਦਾ ਪ੍ਰਸ਼ਾਦ ਵੰਡਣ ਲੱਗ ਪਏ। ਦੇਖਦੇ ਹੀ ਦੇਖਦੇ ਕੁਟ ਕੁਟਾਪਾ ਸ਼ੁਰੂ ਹੋ ਗਿਆ। ਪ੍ਰੇਤ ਅਤੇ ਉਸਦਾ ਰਾਜਾ ਬੜੇ ਆਨੰਦ ਹੋਕੇ ਇਹ ਤਮਾਸ਼ਾ ਦੇਖਣ ਲੱਗੇ। ਖੁਸ਼ੀ ਵਿੱਚ ਰਾਜੇ ਦੇ ਮੂੰਹੋਂ ਨਿਕਲਿਆ, ”ਇਹ ਤਾਂ ਬਹੁਤ ਚੰਗੀ ਗੱਲ ਹੋਈ”। ਉਤਸ਼ਾਹਿਤ ਹੋਇਆ ਪ੍ਰੇਤ ਬੋਲਿਆ, ”ਰਾਜਨ ਜ਼ਰਾ ਬੈਠਕੇ ਤਸੱਲੀ ਨਾਲ ਅੱਗੇ ਹੋਰ ਦੇਖੋ, ਕੀ ਹੁੰਦਾ। ਜਦੋਂ ਇੱਕ ਗਲਾਸ ਸ਼ਰਾਬ ਦਾ ਹੋਰਅੰਦਰ ਗਿਆ ਤਾਂ ਸਾਰੇ ਮਾਸ ਦੀ ਬੋਟੀ ਲਈ ਇੱਕ ਦੂਜੇ ਉਤੇ ਟੁੱਟ ਪੈਣਗੇ। ਮੈਂ ਤਾਂ ਰੋਜ਼ ਤਮਾਸ਼ਾ ਦੇਖਦਾ ਹਾਂ। ਉਹ ਦੇਖੋ ਬੁਰੀ ਤਰ੍ਹਾਂ ਚੀਕ ਚਿਹਾੜਾ ਪੈ ਗਿਆ ਹੈ”। ਉਹ ਨਜ਼ਾਰਾ ਦੇਖਕੇ ਰਾਜੇ ਅਤੇ ਪ੍ਰੇਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਕੁਝ ਦੋਸਤ ਆਪਣੇ ਆਪ ਹੀ ਬਾਹਰ ਨੂੰ ਤੁਰ ਪਏ ਤਾਂ ਆਵਾਜ਼ਾਂ ਕੁਝ ਘਟਣ ਲੱਗੀਆਂ। ਕਿਸਾਨ ਉਨ੍ਹਾਂ ਨੂੰ ਤੋਰਨ ਲੱਗਾ। ਹੌਲੀ-ਹੌਲੀ ਸਾਰੇ ਚਲੇ ਗਏ। ਕਿਸਾਨ ਵਾਪਸ ਘਰ ਨੂੰ ਮੁੜਦਾ ਹੋਇਆ ਪੈਰ ਤਿਲਕ ਕੇ ਚਿੱਕੜ ਵਿੱਚ ਡਿਗ ਪਿਆ। ਸ਼ਾਇਦ ਉਸਦੇ ਸੱਟ ਵੀ ਲੱਗ ਗਈ, ਉਹ ਚੀਕਾਂ ਮਾਰ ਰਿਹਾ ਸੀ। ਇਹ ਦੇਖਕੇ ਰਾਜਾ ਬਹੁਤ ਖੁਸ਼ ਹੋਇਆ ਅਤੇ ਉਸਨੇ ਪ੍ਰੇਤ ਨੂੰ ਸ਼ਾਬਾਸ਼ ਦਿੰਦਿਆਂ ਕਿਹਾ, ”ਤੂੰ ਆਦਮੀ ਦੀ ਇੱਜ਼ਤ ਰੋਲਣ ਵਾਸਤੇ ਸ਼ਰਾਬ ਦੀ ਬਹੁਤ ਹੀ ਵਧੀਆ ਕਾਢ ਕੱਢੀ ਹੈ। ਇਸ ਕਾਢ ਨਾਲ ਤੂੰ ਆਪਣੀ ਪਿਛਲੀ ਭੁੱਲ ਨੂੰ ਸੁਧਾਰ ਲਿਆ ਹੈ। ਤੂੰ ਮੈਨੂੰ ਇਹ ਸਮਝਾ ਕਿ ਤੇਰੇ ਦਿਮਾਗ ਵਿੱਚ ਇਹ ਖਿਆਲ ਆਇਆ ਕਿਵੇਂ? ਰਾਜੇ ਨੇ ਉਤਸੁਕਤਾ ਨਾਲ ਪੁੱਛਿਆ। ”ਇਹ ਤਾਂ ਮੈਨੂੰ ਵੀ ਨਹੀਂ ਪਤਾ ਰਾਜਨ, ਪਰ ਇਹ ਆਪਣੇ ਫ਼ਾਇਦੇ ਦਾ ਕੰਮ ਹੋ ਗਿਆ। ਮੈਂ ਤਾਂ ਅਨਾਜ ਵਿਲੇ ਲਾਉਣ ਦੀ ਗੱਲ ਕੀਤੀ ਸੀ। ਕਿਸਾਨ ਕੋਲ ਲੋੜੋਂ ਵੱਧ ਅਨਾਜ ਜਮ੍ਹਾਂ ਹੋ ਗਿਆ ਸੀ, ਮੈਂ ਇਸ ਨੂੰ ਕਿਹਾ ਇਸ ਦਾ ਅਰਕ ਕੱਢਕੇ ਰੱਖ ਲਈਏ। ਅਸੀਂ ਅਰਕ ਕੱਢ ਲਿਆ। ਇੱਕ ਦਿਨ ਇਹ ਉਸਦਾ ਸੁਆਦ ਦੇਖਣ ਲੱਗ ਪਿਆ, ਇਸ ਨੂੰ ਸੁਆਦ ਲੱਗਾ, ਫ਼ਿਰ ਇਹ ਖੁਸ਼ੀ ਨਾਲ ਸਾਰਿਆ ਨੂੰ ਵਰਤਾਉਣ ਲੱਗ ਪਿਆ। ਉਸਦਾ ਨਤੀਜਾ ਤੁਹਾਡੇ ਸਾਮਣੇ ਹੈ”। ”ਜਾਨਵਰਾਂ ਵਾਲੀ ਪ੍ਰਵਿਰਤੀ ਤਾਂ ਬੰਦੇ ਅੰਦਰ ਕਿਸੇ ਪਾਸੇ ਪਈ ਹੁੰਦੀ ਹੈ, ਬੱਸ ਉਸਨੂੰ ਜਗਾਉਣ ਦੀ ਲੋੜ ਹੁੰਦੀ ਹੈ”। ਪ੍ਰੇਤ ਨੇ ਗੱਲ ਅੱਗੇ ਤੋਰੀ। ”ਆਦਮੀ ਕੋਲ ਜਦੋਂ ਕੋਈ ਚੀਜ਼ ਲੋੜ ਅਨੁਸਾਰ ਹੀ ਹੋਵੇ ਤਾਂ ਉਹ ਸੁੱਖ ਸ਼ਾਂਤੀ ਨਾਲ ਰਹਿੰਦਾ ਹੈ। ਜੇ ਬਹੁਤੀ ਹੋ ਜਾਵੇ ਤਾਂ ਉਸਦਾ ਦਿਮਾਗ ਖਰਾਬ ਹੋਣ ਲੱਗ ਜਾਂਦਾ ਹੈ। ਜਿਵੇਂ ਇਸ ਕਿਸਾਨ ਦਾ ਹੋ ਗਿਆ। ਜਦੋਂ ਇਸ ਕੋਲ ਗੁਜ਼ਾਰੇ ਜੋਗਾ ਹੀ ਸੀ ਤਾਂ ਇਹ ਬੜਾ ਸ਼ਾਂਤ ਸੀ। ਉਸ ਦਿਨ ਇਸਦੀ ਰੋਟੀ ਮੈਂ ਚੁੱਕ ਲਈ, ਇਹ ਭੁੱਖਾ ਵੀ ਸੀ, ਪਰ ਇਹ ਬੋਲਿਆ ਤਕ ਨਹੀਂ, ਸਗੋਂ ਮੈਨੂੰ ਅਸੀਸ ਦਿੱਤੀ ਕਿ ਮੇਰਾ ਭਲਾ ਹੋਵੇ। ਪਰ ਅੱਜ ਇਸਦੇ ਭੰਡਾਰ ਭਰੇ ਪਏ ਹਨ। ਇਸ ਦੀ ਪਤਨੀ ਤੋਂ ਅਚਾਨਕ ਸ਼ਰਾਬ ਡੁੱਲ ਗਈ ਤਾਂ ਇਹ ਅੱਗਬਬੂਲਾ ਹੋ ਗਿਆ। ਇਹ ਹੋਰ ਅਨੰਦ ਦਾ ਰਾਹ ਲੱਭਣ ਲੱਗਾ। ਹੁਣ ਇਹ ਆਪਣੇ ਆਨੰਦ ਲਈ ਰੱਬ ਦੀਆਂ ਦਿੱਤੀਆਂ ਬਰਕਤਾਂ ਨੂੰ ਸ਼ਰਾਬ ਵਿੱਚ ਉਜਾੜਣ ਲੱਗਾ। ਇਸਦੇ ਅੰਦਰੋਂ ਲੂੰਬੜੀ ਅਤੇ ਬਘਿਆੜ ਸੁਭਾਓ ਆਪਣੇ ਆਪ ਆਉਣ ਲੱਗ ਪਏ ਹਨ। ਜੇ ਇਹ ਇਸੇ ਤਰ੍ਹਾਂ ਸ਼ਰਾਬ ਪੀਂਦਾ ਰਿਹਾ ਤਾਂ ਜਲਦੀ ਹੀ ਆਪਣਾ ਨਾਸ ਕਰ ਲਵੇਗਾ”। ਰਾਜੇ ਨੇ ਪ੍ਰੇਤ ਦੀ ਬਹੁਤ ਤਾਰੀਫ਼ ਕੀਤੀ ਅਤੇ ਉਸਦੀ ਪਹਿਲੀ ਭੁੱਲ ਮਾਫ਼ ਕਰਕੇ ਉਸਨੂੰ ਸ਼ੈਤਾਨ ਪ੍ਰੇਤਾਂ ਦਾ ਮੁਖੀਆ ਬਣਾ ਦਿੱਤਾ।
ਮੂਲ ਲੇਖਕ: ਲਿਓ ਤਾਲਸਤਾੲ
ਪੰਜਾਬੀ ਅਨੁਵਾਦ: ਭੁਪਿੰਦਰ ਉਸਤਾਦ