ਸੀਰਤ, ਜੋ ਸਿਰਫ਼ ਨਾਂ ਦੀ ਹੀ ਸੀਰਤ ਨਹੀਂ ਸੀ, ਗੁਣ, ਰੰਗ ਰੂਪ ਅਤੇ ਆਚਰਣ ਦੀ ਵੀ ਸੀਰਤ ਸੀ। ਘਰ ਦੇ ਸਾਰੇ ਕੰਮਾਂ ਕਾਰਾਂ ਤੋਂ ਲੈ ਕੇ ਕਾਲਜ ਦੀ ਪੜ੍ਹਾਈ ਵਿਚ ਵੀ ਬਹੁਤ ਹੁਸ਼ਿਆਰ ਸੀ। ਉਸ ਦੀ ਸ਼ਖ਼ਸੀਅਤ ਵਿਚ ਅਜਿਹੀ ਖਿੱਚ ਸੀ ਕਿ ਹਰ ਕਿਤੇ ਉਹ ਖਿੱਚ ਦਾ ਕੇਂਦਰ ਬਣ ਜਾਂਦੀ ਸੀ, ਉਸ ਦੀਆਂ ਸਿਆਣੀਆਂ ਤੇ ਸੋਹਣੀਆਂ ਗੱਲਾਂ ਸਭ ਦੇ ਦਿਲਾਂ ਨੂੰ ਛੂਹ ਲੈਂਦੀਆਂ ਸਨ। ਐੱਮਏ ਪੰਜਾਬੀ ਪਹਿਲੇ ਦਰਜੇ ਵਿੱਚ ਕਰਨ ਤੋਂ ਬਾਅਦ ਉਸ ਨੇ ਯੂਜੀਸੀ ਦਾ ਟੈਸਟ ਵੀ ਵਧੀਆ ਨੰਬਰਾਂ ਨਾਲ ਪਾਸ ਕਰ ਲਿਆ, ਜਿਸ ਕਰਕੇ ਆਸਾਨੀ ਨਾਲ ਉਸ ਨੂੰ ਇਕ ਕਾਲਜ ਵਿਚ ਲੈਕਚਰਾਰ ਦੀ ਨੌਕਰੀ ਮਿਲ ਗਈ ਸੀ। ਸਾਰੇ ਬਹੁਤ ਖੁਸ਼ ਸਨ ਕਿ ਉਨ੍ਹਾਂ ਦੀ ਧੀ ਬਹੁਤ ਸੋਹਣਾ ਕੰਮ ਕਰ ਰਹੀ ਹੈ। ਸੀਰਤ ਹੁਣ ਉਮਰ ਦੇ ਉਸ ਪੜਾਅ ਵਿਚ ਪਹੁੰਚ ਚੁੱਕੀ ਸੀ ਕਿ ਉਸ ਦੇ ਘਰਦੇ ਹੁਣ ਉਸ ਦਾ ਵਿਆਹ ਕਰਨਾ ਚਾਉਂਦੇ ਸਨ ਪਰ ਉਹ ਚਾਹੁੰਦੀ ਸੀ ਕਿ ਉਹ ਹੋਰ ਪੜ੍ਹਾਈ ਕਰੇ ਤੇ ਕਿਸੇ ਉੱਚੇ ਮੁਕਾਮ ‘ਤੇ ਪਹੰਚੇ। ਉਹ ਚਾਹੁੰਦੀ ਸੀ ਕਿ ਗ਼ਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਵੇ ਪਰ ਜਿਵੇਂ ਆਮ ਤੌਰ ‘ਤੇ ਘਰਾਂ ਵਿਚ ਕਹਿ ਦਿੱਤਾ ਜਾਂਦਾ ਹੈ ਕਿ ਏਨਾਂ ਪੜ੍ਹ ਲਿਆ…ਹੋਰ ਪੜ੍ਹ ਕੇ ਕੀ ਕਰਨਾ, ਜਾਂ ਤੂੰ ਵਿਆਹ ਕਰਵਾ ਲੈ ਤੇ ਅਗਲੇ ਘਰ ਜਾ ਕੇ ਕਰ ਲਈ ਜੋ ਪੜ੍ਹਾਈ ਕਰਨੀ ਹੈ। ਇਸ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਉਸ ਨੂੰ ਵਿਆਹ ਲਈ ਰਾਜ਼ੀ ਕੀਤਾ ਜਾਣ ਲੱਗਾ। ਘਰਦਿਆਂ ਦੇ ਬਹੁਤ ਜ਼ੋਰ ਪਾਉਣ ‘ਤੇ ਉਹ ਰਾਜ਼ੀ ਹੋ ਗਈ। ਸਰਬਗੁਣ ਸੰਪੰਨ ਸੀਰਤ ਲਈ ਰਿਸ਼ਤਿਆਂ ਦੀ ਕੋਈ ਘਾਟ ਨਹੀਂ ਸੀ। ਉਲਟਾ ਉਸ ਦੇ ਬਰਾਬਰ ਦਾ ਸਾਕ ਲੱਭਣ ਵਿਚ ਮੁਸ਼ਕਿਲਾਂ ਆ ਰਹੀਆਂ ਸਨ। ਮਹੀਨੇ ਬਾਅਦ ਮਾਸੀ ਵੱਲੋਂ ਦੱਸੇ ਇਕ ਰਿਸ਼ਤੇ ਨੂੰ ਸੀਰਤ ਦੇ ਘਰਦਿਆਂ ਨੇ ਹਾਂ ਕਹਿ ਦਿੱਤੀ। ਬਹੁਤ ਅਮੀਰ ਪਰਵਾਰ ਦਾ ਇੱਕੋ-ਇਕ ਮੁੰਡਾ ਸੀ ਪਰ ਸੀਰਤ ਨੂੰ ਇਹ ਰਿਸ਼ਤਾ ਪਸੰਦ ਨਹੀਂ ਸੀ, ਕਿਉਂਕ ਮੁੰਡਾ ਜ਼ਿਆਦਾ ਪੜ੍ਹਿਆ-ਲਿਖਿਆ ਨਹੀਂ ਸੀ ਤੇ ਨਾ ਹੀ ਉਹ ਆਪਣੇ ਸਿਰ ‘ਤੇ ਕੋਈ ਕੰਮ-ਧੰਦਾ ਕਰਦਾ ਸੀ। ਸੀਰਤ ਚਾਹੁੰਦੀ ਸੀ ਕਿ ਉਸ ਦਾ ਜੀਵਨ ਸਾਥੀ ਭਾਵੇਂ ਜ਼ਿਆਦਾ ਅਮੀਰ ਨਾ ਹੋਵੇ ਪਰ ਉਹ ਪੜ੍ਹਿਆ ਲਿਖਿਆ, ਸੁਲਝਿਆ ਤੇ ਖੁੱਲ੍ਹੀ ਸੋਚ ਵਾਲਾ ਇਨਸਾਨ ਹੋਵੇ, ਤਾਂ ਜੋ ਉਹ ਉਸ ਦੀਆਂ ਭਾਵਨਾਵਾਂ ਦੀ ਕਦਰ ਕਰੇ ਤੇ ਉਸ ਨੂੰ ਸਮਝ ਸਕਦਾ ਹੋਵੇ, ਉਸ ਦੇ ਸੁਪਨਿਆਂ ਨੂੰ ਪੂਰੇ ਕਰਨ ਵਿਚ ਮੋਢੇ ਨਾਲ ਮੋਢਾ ਜੋੜ ਕੇ ਤੁਰੇ, ਪਰ ਘਰਦੇ ਅਤੇ ਰਿਸ਼ਤੇਦਾਰ ਮੁੰਡੇ ਵਾਲਿਆਂ ਦੀ ਜ਼ਮੀਨ ਜਾਇਦਾਦ ਵੇਖ ਕੇ ਹੀ ਖੁਸ਼ ਸਨ ਕਿ ਏਡੇ ਵੱਡੇ ਘਰ ਜਾ ਕੇ ਸਾਡੀ ਕੁੜੀ ਐਸ਼ਾਂ ਕਰੂਗੀ। ਕਿਸੇ ਨੇ ਇਹ ਨਾ ਸੋਚਿਆ ਕਿ ਏਨੀਂ ਪੜ੍ਹੀ-ਲਿਖੀ ਤੇ ਕਾਬਲ ਕੁੜੀ ਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ। ਉਹ ਆਪਣੀ ਜ਼ਿੰਦਗੀ ਆਪਣੇ ਦਮ ‘ਤੇ ਬਹੁਤ ਵਧੀਆ ਜੀ ਸਕਦੀ ਹੈ ਪਰ ਸਾਡੇ ਸਮਾਜ ਦੀ ਤੰਗ ਸੋਚ ਕੁੜੀ ਨੂੰ ਹਮੇਸ਼ਾ ਤੰਗ ਨਜ਼ਰ, ਨਿਮਾਣੀ ਤੇ ਦੂਜੇ ਦੇ ਆਸਰੇ ‘ਤੇ ਪਲਣ ਵਾਲੀ ਹੀ ਸਮਝਦੇ ਹਨ। ਘਰਦਿਆਂ ਅਤੇ ਰਿਸ਼ਤੇਦਾਰਾਂ ਦੇ ਦਬਾਅ ਕਰਕੇ ਸੀਰਤ ਨੇ ਵੀ ਰਿਸ਼ਤੇ ਨੂੰ ਹਾਂ ਕਹਿ ਦਿੱਤੀ ਪਰ ਉਸ ਨੇ ਇਹ ਸ਼ਰਤ ਰੱਖੀ ਕਿ ਵਿਆਹ ਤੋਂ ਬਾਅਦ ਉਹ ਆਪਣੀ ਪੜ੍ਹਾਈ ਤੇ ਨੌਕਰੀ ਜਾਰੀ ਰੱਖੇਗੀ। ਮੁੰਡੇ ਵਾਲਿਆਂ ਨੇ ਆਪਣੀ ਖੁੱਲ੍ਹੀ ਸੋਚ ਦਾ ਮੁਜ਼ਾਹਰਾ ਕਰਦੇ ਹੋਏ ਉਸ ਦੀਆਂ ਸ਼ਰਤਾਂ ਨੂੰ ਹੱਸ ਕੇ ਪ੍ਰਵਾਨ ਕਰ ਲਿਆ॥ਥੋੜ੍ਹੇ ਦਿਨਾਂ ਬਾਅਦ ਉਸ ਦਾ ਵਿਆਹ ਧੂਮ- ਧਾਮ ਨਾਲ ਕਰਨ ਤੋਂ ਬਾਅਦ ਉਸ ਦੇ ਮਾਂ-ਬਾਪ ਨਿਸ਼ਚਿੰਤ ਹੋ ਗਏ ਕਿ ਉਨ੍ਹਾਂ ਦੀ ਧੀ ਦੀ ਜ਼ਿੰਦਗੀ ਹੁਣ ਬਿਲਕੁਲ ਵਧੀਆ ਹੈ। ਏਧਰ ਸੀਰਤ ਵੀ ਇਹ ਸੋਚ ਕੇ ਖ਼ੁਸ਼ ਸੀ ਕਿ ਉਸ ਦੇ ਘਰਦੇ ਖੁਸ਼ ਹਨ ਤੇ ਉਸ ਦੇ ਸਹੁਰੇ ਪਰਵਾਰ ਨੇ ਉਸ ਨੂੰ ਪੜ੍ਹਾਈ ਤੇ ਨੌਕਰੀ ਕਰਨ ਤੋਂ ਰੋਕਿਆ ਨਹੀਂ। 2-3 ਮਹੀਨਿਆਂ ਤਕ ਸਭ ਕੁਝ ਵਧੀਆ ਚੱਲਦਾ ਰਿਹਾ, ਜ਼ਿੰਦਗੀ ਜਿਵੇਂ ਬਿਲਕੁਲ ਸਹੀ ਰਾਹ ਤੇ ਚੱਲ ਰਹੀ ਹੋਵੇ।ਪਰ ਇਕ ਦਿਨ ਅਚਾਨਕ ਕੁਝ ਐਸਾ ਵਾਪਰ ਗਿਆ, ਜਿਸ ਨੇ ਸੀਰਤ ਦੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਸੀਰਤ ਦਾ ਸਹੁਰਾ, ਪਰਵਾਰ ਜੋ ਬਹੁਤ ਅਮੀਰ ਹੋਣ ਦਾ ਦਾਅਵਾ ਕਰਦਾ ਸੀ, ਉਹ ਅਸਲ ਵਿਚ ਸਭ ਕੁਝ ਵਿਖਾਵਾ ਸੀ ਅਤੇ ਉਨ੍ਹਾਂ ਦੀ ਸਾਰੀ ਜ਼ਮੀਨ ਜਾਇਦਾਦ ਬੈਂਕ ਕੋਲ ਗਹਿਣੇ ਪਈ ਹੋਈ ਸੀ ਤੇ ਹੋਰ ਵੀ ਪਤਾ ਨਹੀਂ ਉਨ੍ਹਾਂ ਨੇ ਕਿੰਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਹੋਈਆਂ ਸਨ। ਹੌਲੀ-ਹੌਲੀ ਜਦ ਲੈਣਦਾਰਾਂ ਦਾ ਘਰ ਵਿਚ ਆਉਣਾ-ਜਾਣਾ ਵਧ ਗਿਆ ਤਾਂ ਉਸ ਨੂੰ ਅਹਿਸਾਸ ਹੋਣ ਲੱਗਾ ਕਿ ਕੁਝ ਤਾਂ ਗੜਬੜ ਹੈ, ਪੁੱਛਣ ‘ਤੇ ਉਹ ਟਾਲ ਮਟੋਲ ਕਰ ਕੇ ਗੱਲ ਘੁਮਾ ਦਿੰਦੇ ਪਰ ਸੱਚ ਆਖ਼ਰ ਕਦ ਤਕ ਲੁਕਿਆ ਰਹਿ ਸਕਦਾ ਸੀ? ਹੁਣ ਉਸ ਦਾ ਸਹੁਰਾ ਪੱਰਵਾਰ ਆਪਣੇ ਰੰਗ ਵਿਖਾਉਣੇ ਸ਼ੁਰੂ ਕਰਨ ਲੱਗ ਗਿਆ ਸੀ। ਉਹ ਸੀਰਤ ਤੋਂ ਉਸ ਦੀ ਤਨਖ਼ਾਹ ਦੇ ਪੈਸਿਆਂ ਦੀ ਮੰਗ ਕਰਨ ਲੱਗ ਪਏ। ਸੀਰਤ ਇਹ ਸੋਚ ਕੇ ਪੈਸੇ ਦੇ ਦਿੰਦੀ ਸੀ ਕੇ ਉਸ ਦਾ ਪਰਿਵਾਰ ਹੈ ਤੇ ਹੋ ਸਕਦਾ ਹੈ ਉਨ੍ਹਾਂ ਨੂੰ ਲੋੜ ਹੋਵੇ। ਪਰ ਏਦਾਂ ਦੀਆਂ ਮੰਗਾਂ ਦਿਨੋਂ-ਦਿਨ ਵਧਣ ਲੱਗੀਆਂ। ਉਨ੍ਹਾਂ ਨੇ ਸੀਰਤ ਨੂੰ ਮਾਪਿਆਂ ਤੋਂ ਪੈਸੇ ਮੰਗਵਾਉਣ ਲਈ ਕਹਿਣਾ ਸ਼ੁਰੂ ਕਰ ਦਿੱਤਾ। ਥੋੜ੍ਹੇ ਜਿਹੇ ਸਮੇਂ ਵਿਚ ਹੀ ਉਨ੍ਹਾਂ ਦੇ ਅਸਲੀ ਚਿਹਰੇ ਸਾਹਮਣੇ ਆ ਗਏ। ਦਿਨੋਂ- ਦਿਨ ਪੈਸਿਆਂ ਦੀ ਮੰਗ ਵਧਣ ਲੱਗੀ ਤੇ ਉਸ ‘ਤੇ ਜ਼ੁਲਮ ਹੋਣੇ ਸ਼ੁਰੂ ਹੋ ਗਏ। ਹਾਲਾਤ ਏਨੇ ਗੰਭੀਰ ਹੋ ਗਏ ਕਿ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਲੱਗੀ, ਉਸ ਦੇ ਪਤੀ ਤੇ ਉਸ ਦਾ ਪਰਿਵਾਰ ਮਿਲ ਕੇ ਉਸ ਨਾਲ ਕੁੱਟਮਾਰ ਕਰਨ ਲੱਗੇ। ਕੰਮ ਜਦ ਹੱਦ ਤੋਂ ਵਧ ਗਿਆ ਤਾਂ ਉਸ ਨੇ ਮਜਬੂਰਨ ਆਪਣੇ ਮਾਪਿਆਂ ਨੂੰ ਸਭ ਕੁਝ ਦੱਸਿਆ। ਇਸ ਗੱਲ ਦਾ ਪਤਾ ਲੱਗਣ ਤੇ ਸੀਰਤ ਦੇ ਪਿਤਾ ਨੇ ਉਸ ਦੇ ਸਹੁਰਾ ਪਰਿਵਾਰ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਬੇਨਤੀ ਕੀਤੀ ਕੇ ਉਹ ਉਨ੍ਹਾਂ ਦੀ ਧੀ ਨਾਲ ਏਦਾਂ ਨਾ ਕਰਨ ਪਰ ਉਨ੍ਹਾਂ ਨੇ ਸਾਫ਼ ਕਹਿ ਦਿੱਤਾ ਕੇ ਜੇ ਤੁਸੀਂ ਚਾਹੁੰਦੇ ਹੋ ਕੇ ਉਨ੍ਹਾਂ ਦੀ ਧੀ ਦਾ ਘਰ ਵਸਦਾ ਰਹੇ ਤਾਂ 10 ਲੱਖ ਰੁਪਏ ਦਾ ਇੰਤਜ਼ਾਮ ਕਰ ਦਿਓ। ਸੀਰਤ ਦੇ ਪਿਤਾ ਨੇ ਇਹ ਸੋਚ ਕੇ ਸ਼ਰਤ ਮਨਜ਼ੂਰ ਕਰ ਲਈ ਕਿ ਜੇ ਪੈਸੇ ਦੇ ਕੇ ਵੀ ਉਨ੍ਹਾਂ ਦੀ ਧੀ ਦਾ ਘਰ ਵਸਦਾ ਹੈ ਤਾਂ ਪੈਸੇ ਦੇਣੇ ਬਿਹਤਰ ਹਨ। ਉਨ੍ਹਾਂ ਨੇ ਪੈਸੇ ਦੇ ਦਿੱਤੇ ਤੇ ਪੈਸੇ ਦੇਣ ਤੋਂ ਕੁਝ ਸਮਾਂ ਬਾਅਦ ਤਕ ਸਭ ਕੁਝ ਠੀਕ ਠਾਕ ਰਿਹਾ ਪਰ ਫ਼ਿਰ ਉਹੀ ਸਭ ਸ਼ੁਰੂ ਹੋ ਗਿਆ। ਸੀਰਤ ਨੇ ਇਸ ਵਾਰੀ ਇਹ ਸੋਚ ਕੇ ਘਰ ਕੁਝ ਨਾ ਦੱਸਿਆ ਕਿ ਉਸ ਦੇ ਮਾਪਿਆਂ ਕੋਲ ਪੈਸੇ ਨਹੀਂ ਹਨ ਤੇ ਜੇ ਉਨ੍ਹਾਂ ਨੂੰੰ ਪਤਾ ਲੱਗਾ ਤਾਂ ਉਨ੍ਹਾਂ ਦਾ ਫ਼ਿਕਰ ਵਧ ਜਾਵੇਗਾ। ਇਕ ਤਾਂ ਧੀ ਦੇ ਦੁੱਖ ਕਰਕੇ ਫ਼ਿਕਰ ਤੇ ਦੂਜਾ ਪੈਸੇ ਇਕੱਠੇ ਕਰਨ ਦਾ ਫ਼ਿਕਰ। ਉਹ ਮਨ ਮਾਰ ਕੇ ਸਭ ਸਹਿਣ ਲੱਗੀ। ਉਸ ਦੀ ਜੋ ਤਨਖ਼ਾਹ ਆਉਂਦੀ, ਉਹ ਉਦੋਂ ਹੀ ਉਸ ਤੋਂ ਲੈ ਲੈਂਦੇ। ਜ਼ੁਲਮ ਵਧਣ ਲੱਗੇ। ਕੁੱਟਮਾਰ ਹਰ ਰੋਜ਼ ਹੋਣ ਲੱਗੀ। ਇਕ ਦਿਨ ਸਭ ਜ਼ੁਲਮਾਂ ਦੀ ਹੱਦ ਟੁੱਟ ਗਈ। ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਤੇਲ ਪਾ ਕੇ ਸਾੜਨ ਦੀ ਕੋਸ਼ਿਸ ਕੀਤੀ, ਜਿਸ ਵਿਚ ਉਹ ਕਾਫ਼ੀ ਹੱਦ ਤਕ ਕਾਮਯਾਬ ਹੋ ਗਏ ਤੇ ਸੀਰਤ ਕਾਫ਼ੀ ਹੱਦ ਤਕ ਝੁਲਸ ਗਈ। ਪੁਲਿਸ ਨਾਲ ਲੈ ਦੇ ਕੇ ਇਸ ਨੂੰ ਰਸੋਈ ‘ਚ ਹੋਇਆ ਹਾਦਸਾ ਸਾਬਤ ਕਰ ਦਿੱਤਾ ਗਿਆ। ਉਸ ਦੇ ਆਚਰਣ ਨੂੰ ਆਧਾਰ ਬਣਾ ਕੇ ਗੰਦੇ ਇਲਜ਼ਾਮ ਲਗਾ ਕੇ ਤਲਾਕ ਦਾ ਕੇਸ ਕਰ ਕੇ ਸੀਰਤ ਨੂੰ ਉਸ ਦੇ ਮਾਪਿਆਂ ਘਰ ਭੇਜ ਦਿੱਤਾ ਗਿਆ। ਹਾਲਾਤ ਏਨੇਂ ਮਾੜੇ ਹੋ ਗਏ ਕਿ ਸੋਹਣੀ ਤੇ ਖ਼ੂਬਸੂਰਤ ਸ਼ਕਲ ਨੂੰ ਝੁਲਸਾ ਕੇ ਡਰਾਉਣੀ ਕਰ ਦਿੱਤਾ ਗਿਆ ਤੇ ਇਕ ਕਾਬਲ ਕੁੜੀ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ ਗਿਆ। ਦਿਨ-ਰਾਤ ਸਭ ਆਪਣੀ ਕਿਸਮਤ ਨੂੰ ਕੋਸਦੇ ਤੇ ਆਪਣੀ ਧੀ ਵੱਲ ਵੇਖ-ਵੇਖ ਕੇ ਰੋਂਦੇ ਰਹਿੰਦੇ। ਦੋ-ਤਿੰਨ ਸਾਲ ਇਹੀ ਕੁਝ ਚੱਲਦਾ ਰਿਹਾ। ਸੀਰਤ ਨੇ ਆਪਣੇ ਆਪ ਨੂੰ ਘਰ ਵਿਚ ਬੰਦ ਕਰ ਲਿਆ, ਏਦਾਂ ਲਗਦਾ ਸੀ ਜਿਵੇਂ ਖ਼ੁਸ਼ੀਆਂ ਦੀ ਮੌਤ ਹੋ ਗਈ ਹੋਵੇ। ਫ਼ਿਰ ਇਕ ਦਿਨ ਕੁਝ ਐਸਾ ਹੋਇਆ, ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ, ਕੋਈ ਵੀ ਨਹੀਂ ਸੀ ਸੋਚ ਸਕਦਾ ਕਿ ਸੀਰਤ ਐਡਾ ਵੱਡਾ ਕਦਮ ਉਠਾ ਸਕਦੀ ਹੈ। ਬਹੁਤ ਮਹੀਨਿਆਂ ਦੀ ਚੁੱਪ ਤੋਂ ਬਾਅਦ ਉਸ ਨੇ ਆਪਣੀ ਚੁੱਪ ਤੋੜੀ ਤੇ ਆਪਣੇ ਪਰਿਵਾਰ ਨੂੰ ਆਪਣਾ ਫ਼ੈਸਲਾ ਸੁਣਾਇਆ ਕਿ ਉਹ ਆਪਣੀ ਜ਼ਿੰਦਗੀ ਫ਼ਿਰ ਤੋਂ ਸ਼ੁਰੂ ਕਰਨਾ ਚਾਉਂਦੀ ਹੈ। ਉਹ ਫ਼ਿਰ ਤੋਂ ਪੜ੍ਹਾਈ ਕਰਨਾ ਚਾਉਂਦੀ ਹੈ। ਆਪਣੇ ਅਧੂਰੇ ਸਪਨਿਆਂ ਲਈ ਲੜਨਾ ਚਾਹੁੰਦੀ ਹੈ। ਘਰਦੇ ਇਸ ਗੱਲ ਤੋਂ ਖੁਸ਼ ਵੀ ਹੋਏ ਤੇ ਪਰੇਸ਼ਾਨ ਵੀ ਕਿ ਕਿਵੇਂ ਇਸ ਤਰ੍ਹਾਂ ਦੇ ਚਿਹਰੇ ਨਾਲ ਲੋਕਾਂ ਵਿਚ ਵਿਚਰੇਗੀ, ਕਿਵੇਂ ਲੋਕਾਂ ਦੀਆਂ ਨਜ਼ਰਾਂ ਦਾ ਸਾਹਮਣਾ ਕਰੇਗੀ, ਕਿਵੇਂ ਲੋਕਾਂ ਦੇ ਸਵਾਲਾਂ ਨਾਲ ਲੜੂਗੀ? ਸੀਰਤ ਦੇ ਪਿਤਾ ਨੇ ਉਸ ਨੂੰ ਸਮਝਾਉਣਾ ਚਾਹਿਆ ਕਿ ਜੋ ਕਿਸਮਤ ਵਿਚ ਸੀ, ਉਹ ਸਾਨੂੰ ਮਿਲ ਗਿਆ ਹੈ, ਉਹ ਆਪਣਾ ਇਹ ਫ਼ੈਸਲਾ ਛੱਡ ਦੇਵੇ ਤੇ ਘਰ ਵਿਚ ਹੀ ਰਹੇ ਪਰ ਸੀਰਤ ਨੇ ਜਿਵੇਂ ਆਪਣਾ ਮਨ ਪੱਕਾ ਬਣਾ ਲਿਆ ਸੀ ਕਿ ਉਹ ਆਪਣੇ ਨਾਲ ਹੋਏ ਧੱਕੇ ਨੂੰ ਕਿਸਮਤ ਦਾ ਨਾਂ ਦੇ ਕੇ ਚੁੱਪ ਨਹੀਂ ਰਹੇਗੀ ਤੇ ਆਪਣੇ ਸਪਿਨਿਆਂ ਦੀ ਮੌਤ ਨਹੀਂ ਹੋਣ ਦੇਵੇਗੀ। ਉਸ ਦਾ ਇਹ ਪੱਕਾ ਇਰਾਦਾ ਸੀ ਕਿ ਉਹ ਇਹ ਲੜਾਈ ਜ਼ਰੂਰ ਲੜੇਗੀ, ਚਾਹੇ ਉਸ ਲਈ ਕੁਝ ਵੀ ਕਰਨਾ ਪਵੇ। ਇਹ ਹੁਣ ਉਸ ਦੀ ਇਕੱਲੀ ਦੀ ਲੜਾਈ ਨਹੀਂ ਸੀ। ਇਹ ਉਸ ਵਰਗੀਆਂ ਲੱਖਾਂ ਕੁੜੀਆਂ ਦੀ ਲੜਾਈ ਸੀ, ਜੋ ਇਸ ਤਰ੍ਹਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਖਤਮ ਕਰ ਚੁੱਕੀਆਂ ਸਨ ਜਾਂ ਜ਼ਿੰਦਾ ਲਾਸ਼ ਬਣ ਕੇ ਦਿਨ ਗੁਜ਼ਾਰ ਰਹੀਆਂ ਸਨ। ਇਹ ਲੜਾਈ ਉਨ੍ਹਾਂ ਲੱਖਾਂ ਧੀਆਂ ਦੀ ਹੈ ਜੋ ਕਦੇ ਇਸ ਤਰ੍ਹਾਂ ਦੇ ਜ਼ੁਲਮ ਦੀਆਂ ਸ਼ਿਕਾਰ ਹੋ ਸਕਦੀਆਂ ਹਨ। ਹੁਣ ਇਹ ਉਸ ਦੀ ਨਿੱਜੀ ਲੜਾਈ ਜਾਂ ਸਿਰਫ਼ ਜ਼ਿਦ ਨਹੀਂ ਸੀ। ਇਕ ਪਰਪੱਕ ਤੇ ਆਸ਼ਾਵਾਦੀ ਸੋਚ ਸੀ। ਆਖ਼ਰ ਉਸ ਦੇ ਘਰਦਿਆਂ ਨੇ ਮੰਨ ਲਿਆ ਤੇ ਹਰ ਤਰੀਕੇ ਨਾਲ ਉਸ ਦਾ ਸਾਥ ਦੇਣ ਲੱਗੇ। ਸੀਰਤ ਨੇ ਫ਼ਿਰ ਪੜ੍ਹਾਈ ਸ਼ੁਰੂ ਕਰ ਦਿੱਤੀ ਤੇ ਨਾਲ-ਨਾਲ ਉਹ ਕੁੜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਾਗਰੁਕ ਕਰਨ ਲੱਗੀ। ਉਸ ਨੇ ਇਕ ਸੰਸਥਾ ਬਣਾਈ, ਜਿਸ ਵਿਚ ਉਹ ਆਪਣੇ ਵਰਗੀਆਂ ਕੁੜੀਆਂ ਦੇ ਸੁਪਨਿਆਂ ਦੀ ਲੜਾਈ ਵਿਚ ਸਾਥ ਦੇਣ ਲੱਗੀ। ਇਸ ਤਰ੍ਹਾਂ ਕੰਮ ਕਰਦੇ-ਕਰਦੇ ਉਸ ਨੇ ਨਾਲ-ਨਾਲ ਪੀਐੱਚਡੀ ਦੀ ਡਿਗਰੀ ਵੀ ਕਰ ਲਈ ਤੇ ਆਪਣੀ ਸੰਸਥਾ ਨੂੰ ਵੀ ਬਹੁਤ ਉਚੇ ਪੱਧਰ ‘ਤੇ ਲੈ ਗਈ। ਉਸ ਨੇ ਆਪਣੀ ਹਿੰਮਤ ਨੂੰ ਆਪਣਾ ਹਥਿਆਰ ਬਣਾਇਆ ਤੇ ਆਪਣੇ ਵਰਗੀਆਂ ਅਣਗਿਣਤ ਲੜਕੀਆਂ ਨੂੰ ਜੀਣ ਦਾ ਰਾਹ ਵਿਖਾਇਆ। ਉਸ ਨੇ ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ ਫ਼੍ਰੀ ਸਿੱਖਿਆ ਦੇਣ ਲਈ ਸਕੂਲ ਖੋਲ੍ਹਿਆ, ਜਿਥੇ ਉਸ ਲੋੜਵੰਦ ਤੇ ਯੋਗ ਕੁੜੀਆਂ ਨੂੰ ਯੋਗਤਾ ਦੇ ਅਨੁਸਾਰ ਨੌਕਰੀਆਂ ਦਿੱਤੀਆਂ। ਲੋਕਾਂ ਨੇ ਵੀ ਇਸ ਕੰਮ ਵਿਚ ਪੂਰਾ ਸਹਿਯੋਗ ਦਿੱਤਾ। ਸੀਰਤ ਆਪਣੇ ਆਪ ‘ਚ ਇਕ ਮਿਸਾਲ ਬਣ ਗਈ, ਜਿਸ ਨੂੰ ਵੇਖ ਕੇ ਦੂਜੀਆਂ ਕੁੜੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸੇਧ ਮਿਲਣ ਲੱਗੀ। ਸੀਰਤ ਨੇ ਆਪਣੇ ਨਾਂ ਨੂੰ ਸਿਰਫ਼ ਨਾਂ ਹੀ ਨਹੀਂ ਰਹਿਣ ਦਿੱਤਾ ਸਗੋਂ ਉਸ ਨੂੰ ਅਸਲੀਅਤ ਵਿਚ ਸਾਬਤ ਵੀ ਕੀਤਾ। ਬਾਅਦ ਵਿਚ ਪਤਾ ਲੱਗਾ ਕੇ ਉਸ ਦੇ ਸਹੁਰਾ ਪਰਿਵਾਰ ਨੂੰ ਪੈਸੇ ਲੈਣ ਵਾਲੇ ਲੋਕਾਂ ਨੇ ਕੁੱਟ-ਕੁੱਟ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਜਿਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਨੂਰ

LEAVE A REPLY