ਸਿਆਸਤ ਵਿਚ ਸੌਦੇਬਾਜ਼ੀ ਵਿਚ ਮੰਡੀ ਬਣੇ ਵੋਟਰੋ, ਮੈਂ ਤੁਹਾਨੂੰ ਮੁਖਾਤਬ ਹਾਂ। ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਘਾਗ ਸਿਆਸਤਦਾਨਾਂ ਵੱਲੋਂ ਸੁਪਨੇ ਵੇਚਣ ਦਾ ਧੰਦਾ ਜਾਰੀ ਹੈ। ਉਹ ਸਿਰਫ਼ ਸੁਹਾਵਣੇ ਸੁਪਨੇ ਹੀ ਨਹੀਂ ਵਿਖਾਉਂਦੇ ਸਗੋਂ ਉਹ ਤਾਂ ਤੁਹਾਨੂੰ ਭਿਖਾਰੀ ਬਣਾ ਰਹੇ ਹਨ। ਕੋਈ ਆਟਾ, ਦਾਲ, ਚੀਨੀ ਦੇ ਰਿਹਾ ਹੈ, ਕੋਈ ਨਾਲ ਚਾਹ ਪੱਤੀ ਅਤੇ ਦੁੱਧ ਦਾ ਵਾਅਦਾ ਕਰ ਰਿਹਾ ਹੈ। ਹੁਣ ਘਿਓ, ਚੌਲ, ਕੁੱਕਰ ਅਤੇ ਮੈਸ ਸਟੋਵ ਦੇਣ ਦਾ ਚੋਗਾ ਵੀ ਪਾਇਆ ਜਾ ਰਿਹਾ ਹੈ। ਜੇ ਇਕ ਸਮਾਰਟ ਫ਼ੋਨ ਦੇ ਰਿਹਾ ਹੈ ਤਾਂ ਦੂਜਾ ਸਕੂਟੀ ਦੇਣ ਦਾ ਚੋਗਾ ਪਾ ਰਿਹਾ ਹੈ। ਇਹਨਾਂ ਲੀਡਰਾਂ ਨੇ ਵੋਟਰਾਂ ਨੂੰ ਵਿਕਾਊ ਮਾਲ ਬਣਾ ਕੇ ਰੱਖ ਦਿੱਤਾ ਹੈ। ਸੁਪਨੇ ਵੇਚਣ ਵਾਲਾ ਤੁਹਾਡੀਆਂ ਵੋਟਾਂ ਸਦਕੇ ਜਿੱਤ ਦਾ ਸਿਹਰਾ ਬੰਨ੍ਹ ਕੇ ਤਖਤ ‘ਤੇ ਜਾ ਬੈਠਦਾ ਹੈ। ਸੁਪਨੇ ਖਰੀਣ ਵਾਲੇ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਦੇ ਹਨ। ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਲੋਕਾਂ ਦੇ ਦਿਲਾਂ ਅੰਦਰ ਰਾਜਸੀ ਆਗੂਆਂ ਪ੍ਰਤੀ ਭਰੋਸਾ ਅਤੇ ਵਿਸ਼ਵਾਸ ਲੱਗਭੱਗ ਪੂਰੀ ਤਰ੍ਹਾਂ ਤਿੜਕ ਚੁੱਕਾ ਹੈ। ਤਿੜਕੇ ਵੀ ਕਿਉਂ ਨਾ ਲੀਡਰ ਅਮੀਰ ਹੋ ਰਿਹਾ ਹੈ ਅਤੇ ਵੋਟਰ ਗਰੀਬ। ਜੇਤੂ ਨੇਤਾ ਆਪਣਾ ਭਵਿੱਖ ਸੁਰੱਖਿਅਤ ਰੱਖਣ ਲਈ ਧਨ ਕੁਬੇਰਾਂ ਕੋਲੋਂ ਪੈਸਾ ਇਕੱਠਾ ਕਰਕੇ ਆਪਣੀਆਂ ਤਿਜੋਰੀਆਂ ਭਰਨ ਵਿਚ ਕੋਈ ਕਸਰ ਨਹੀਂ ਛੱਡਦਾ।
ਪੰਜਾਬੀ ਪਿਆਰਿਓ! ਮੈਨੂੰ ਮਾਫ਼ ਕਰਿਓ, ਜੇ ਮੈਂ ਕਹਾਂ ਕਿ ਤੁਹਾਡੇ ਅਵੇਸਲੇਪਣ ਨੇ, ਤੁਹਾਡੇ ਭੋਲੇਪਣ ਨੇ, ਤੁਹਾਡੀ ਜਾਗਰੂਕਤਾ ਦੀ ਕਮੀ ਨੇ, ਸਿਆਸਤਦਾਨਾਂ ਨੂੰ ਧਾਂਦਲੀਆਂ ਮਚਾਉਣ ਦਾ ਮੌਕਾ ਦਿੱਤਾ। ਪੰਜਾਬ ਦੀ ਲੁੱਟ ਅਤੇ ਕੁੱਟ ਵਿਚ ਲੋਕਾਂ ਦੀ ਸਿਆਸੀ ਨੀਂਦ ਦਾ ਵੀ ਹਿੱਸਾ ਹੈ। ਪੰਜਾਬ ਦੀ ਰਾਜਨੀਤੀ ਵਿਚੋਂ ਕਮਿਊਨਿਸਟ ਲਹਿਰ ਹਾਸ਼ੀਏ ‘ਤੇ ਧੱਕੇ ਜਾਣ ਤੋਂ ਬਾਅਦ ਜ਼ਮੀਨੀ ਪੱਧਰ ‘ਤੇ ਲੋਕ ਜਾਗਰਤੀ ਨੂੰ ਹੋਰ ਵੀ ਸੋਕਾ ਲੱਗਿਆ। ਨਤੀਜੇ ਵਜੋਂ ਲੋਕ ਰੋਹ ਉਨਾ ਤਿੱਖਾ ਨਹੀਂ ਹੋ ਸਕਿਆ, ਜਿੰਨੀ ਇਸ ਦੀ ਲੋੜ ਸੀ। ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀਆਂ ਨੇ ‘ਤੂੰ ਉਤਰ ਕਾਟੋ, ਮੈਂ ਚੜ੍ਹਨਾ’ ਦਾ ਖੇਲ ਜਾਰੀ ਰੱਖਿਆ ਅਤੇ ਆਪਣੀ ਆਪਣੀ ਵਾਰੀ ਖੂਬ ਚੌਕੇ ਛਿੱਕੇ ਲਾਏ। ਪਹਿਲੀ ਵਾਰ ਪੰਜਾਬ ਦੇ ਚੋਣ ਦੰਗਲ ਵਿਚ ਤਿਕੋਣੀ ਟੱਕਰ ਵੇਖਣ ਨੂੰ ਮਿਲ ਰਹੀ ਹੈ। ਦੁੱਖ ਇਸ ਗੱਲ ਦਾ ਹੈ ਕਿ ਸਾਡੀ ਰਾਜਨੀਤੀ ਪੂਰੀ ਤਰ੍ਹਾਂ ਸਿਧਾਂਤਹੀਣ ਹੁੰਦੀ ਜਾ ਰਹੀ ਹੈ। ਸਾਡੇ ਦੇਸ਼ ਦਾ ਲੋਕਤੰਤਰ ਇਕ ਉਮਰ ਦੇ ਨਾਲ ਪ੍ਰੋੜ੍ਹ ਹੋਣ ਦੀ ਬਜਾਏ ਇਕ ਕਿਸਮ ਦਾ ਬਾਜ਼ਾਰ ਬਣਦਾ ਜਾ ਰਿਹਾ ਹੈ। ਜਿਸ ਵਿਚ ਵੋਟਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਖਰੀਦਿਆ ਜਾ ਰਿਹਾ ਹੈ। ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਖੈਰਾਤਾਂ ਦੇ ਪੁਲੰਦੇ ਬਣ ਕੇ ਰਹਿ ਗਏ।
ਪਿਆਰੇ ਪੰਜਾਬੀਓ, ਉਨੀਂਦਰੀਆਂ ਅੱਖਾਂ ਖੁਆਬ ਨਹੀਂ ਦੇਖ ਸਕਦੀਆਂ। ਕਰਜ਼ੇ ਨਾਲ ਝੁਕੀਆਂ ਅੱਖਾਂ ਉਚੇ ਉਚੇ ਮੀਨਾਰਾਂ ਵਿਚ ਰਹਿਣ ਵਾਲੇ ਬਗਲੇ ਭਗਤਾਂ ਦੇ ਟੀਰ ਵੇਖਣ ਦੀ ਸਮਰੱਥਾ ਨਹੀਂ ਰੱਖਦੀਆਂ। ਗਹਿਣੇ ਪਈ ਜ਼ਮੀਨ ‘ਤੇ ਵੱਧ ਰਹੇ ਕਰਜ਼ੇ ਦੇ ਨਾਲ ਨਾਲ ਵਿਆਹ ਦੀ ਉਮਰ ਟਪਾ ਚੁੱਕੀ ਧੀ ਦੇ ਵਾਲਾਂ ਵਿਚ ਆ ਰਹੇ ਧੌਲੇ ਬਾਪੂ ਦੀਆਂ ਅੱਖਾਂ ਦੇ ਧੁੰਦਲੇ ਨੂੰ ਇੰਨਾ ਗੂੜ੍ਹਾ ਕਰ ਦਿੰਦੇ ਹਨ ਕਿ ਉਸਨੂੰ ਸਿਆਸੀ ਨਾਟਕ ਦਾ ਕੋਈ ਕੋਈ ਦ੍ਰਿਸ਼ ਸਾਫ਼ ਦਿਖਾਈ ਨਹੀਂ ਦਿੰਦਾ। ਪੰਜ ਵਰਿਆਂ ਬਾਅਦ ਹੁੰਦੇ ਇਸ ਸਿਆਸੀ ਨਾਟਕ ਦੀ ਸਕਰਿਪਟ ਨੂੰ ਮੁੜ ਲਿਖਣ ਦੀ ਜ਼ਰੂਰਤ ਹੈ ਤਾਂ ਕਿ ਆਮ ਦਰਸ਼ਕ ਵੀ ਇਸ ਨੂੰ ਸਮਝ ਸਕੇ। ਸਾਡੀ ਐਨ. ਜੀ. ਓ. ਗਲੋਬਲ ਪੰਜਾਬ ਫ਼ਾਊਂਡੇਸ਼ਨ ਦਾ ਲੋਕ ਏਜੰਡਾ ਇਸ ਪਾਸੇ ਲਿਆ ਇਕ ਕਦਮ ਹੈ। ਮੈਂ ਸਮਝਦਾ ਹੈ ਕਿ ਸਾਡੇ ਲੋਕਤੰਤਰ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਹੇਠ ਲਿਖੇ ਕੁਝ ਸੁਧਾਰ ਕਰਨੇ ਜ਼ਰੂਰੀ ਹਨ:
1. ਚੋਣ ਮੈਨੀਫ਼ੈਸਟੋ ਨੂੰ ਸੰਵਿਧਾਨਕ ਦਰਜਾ ਦੇਣਾ ਜ਼ਰੂਰੀ ਹੈ। ਅੱਜ ਚੋਣ ਮਨੋਰਥ ਪੱਤਰ ਲਾਰੇ ਲੱਪਿਆਂ ਨਾਲ ਭਰਿਆ ਦਸਤਾਵੇਜ਼ ਹੀ ਬਣ ਕੇ ਰਹਿ ਗਿਆ ਹੈ ਅਤੇ ਚੋਣਾਂ ਉਪਰੰਤ ਇਹਨਾਂ ਚੋਣ ਮਨੋਰਥ ਪੱਤਰਾਂ ‘ਤੇ ਧੂੜ ਪੈਂਦੀ ਰਹਿੰਦੀ ਹੈ। ਸਿਆਸੀ ਪਾਰਟੀਆਂ ਚੋਣ ਮੈਨੀਫ਼ੈਸਟੋ ਨੂੰ ਇਕ ਰਸਮੀ ਕਾਰਵਾਈ ਸਮਝਦੀਆਂ ਹਨ ਅਤੇ ਪਾਰਟੀਆਂ ਵੱਡੇ ਵੱਡੇ ਵਾਅਦੇ ਕਰਕੇ ਚੋਣਾਂ ਜਿੱਤ ਲੈਂਦੀਆਂ ਹਨ। ਫ਼ਿਰ ਪੰਜ ਵਰ੍ਹਿਆਂ ਬਾਅਦ ਚੋਣ ਮੈਨੀਫ਼ੈਸਟੋ ਵਾਲੇ ਪੇਪਰਾਂ ਤੋਂ ਮਿੱਟੀ ਝਾੜ ਕੇ ਥੋੜ੍ਹਾ ਬਹੁਤਾ ਫ਼ੇਰਬਦਲ ਕਰਕੇ ਮੁੜ ਜਨਤਾ ਸਾਹਮਣੇ ਰੱਖ ਦਿੱਤਾ ਜਾਂਦਾ ਹੈ। ਸਾਡਾ ਮੀਡੀਆ ਇਸ ਪੱਖੋਂ ਸਾਰਥਕ ਭੂਮਿਕਾ ਨਿਭਾਉਣ ਵਿਚ ਨਾਕਾਮ ਰਿਹਾ ਹੈ। ਜੇ ਮਨੋਰਥ ਪੱਤਰ ਨੂੰ ਸੰਵਿਧਾਨਕ ਦਰਜਾ ਮਿਲ ਸਕੇ ਤਾਂ ਸੱਤਾਧਾਰੀ ਪਾਰਟੀ ਨੂੰ ਇਸ ਉਤੇ ਕਾਨੂੰਨੀ ਪਹਿਰਾ ਦੇਣਾ ਜ਼ਰੂਰੀ ਹੋਵੇਗਾ। ਜੋ ਅਜਿਹਾ ਨਹੀਂ ਕਰੇਗਾ, ਉਸਨੂੰ ਵੋਟਰਾਂ ਨਾਲ ਧੋਖਾ ਦੇਣ ਬਦਲੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ। ਜੋ ਉਮੀਦਵਾਰ ਵੋਟਾਂ ਦਾ 50 ਪ੍ਰਤੀਸ਼ਤ ਤੋਂ ਵੱਧ ਵੋਟਾਂ ਲਵੇ ਉਸਨੂੰ ਹੀ ਜੇਤੂ ਕਰਾਰ ਦਿੱਤਾ ਜਾਵੇ। ਇਸ ਤਰ੍ਹਾਂ ਲੋਕਾਂ ਵਿਚ ਮਕਬੂਲ ਚਿਹਰੇ ਹੀ ਚੋਣ ਜਿੱਤ ਸਕਣਗੇ। ਅਜਿਹੇ ਲੋਕ ਹੀ ਸਹੀ ਅਰਥਾਂ ਵਿਚ ਲੋਕਾਂ ਦੀ ਨੁਮਾਇੰਦਗੀ ਕਰਨ ਦੇ ਹੱਕਦਾਰ ਹੋਣਗੇ।
ਚੋਣਾਂ ਦਰਮਿਆਨ ਭ੍ਰਿਸ਼ਟ ਹੱਥਕੰਡਿਆਂ ਰਾਹੀਂ ਜਿੱਥੇ ਵੋਟਰਾਂ ਨੂੰ ਭਰਮਾਇਆ ਜਾਂਦਾ ਹੈ, ਉਥੇ ਸਿਧਾਂਤਹੀਣਤਾ ਦੀ ਸਿਖਰ ‘ਤੇ ਜਾ ਕੇ ਦਲ ਬਦਲੀਆਂ ਦਾ ਦੌਰ ਵੀ ਦੇਖਣ ਨੂੰ ਮਿਲਦਾ ਹੈ। ਜੇ ਕਿਸੇ ਪਾਰਟੀ ਵੱਲੋਂ ਟਿਕਟ ਨਹੀਂ ਮਿਲਦੀ ਤਾਂ ਪਾਰਟੀ ਬਦਲ ਕੇ ਟਿਕਟ ਲੈਣ ਦਾ ਚਲਨ ਜ਼ੋਰਾਂ ‘ਤੇ ਹੈ। ਇਸ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਦਲ ਬਦਲੀ ਬਾਰੇ ਕਾਨੂੰਨ ਬਣਾਉਣ ਦੀ ਲੋੜ ਹੈ। ਦਲ ਬਦਲਣ ਤੋਂ ਪੰਜ ਵਰ੍ਹੇ ਬਾਅਦ ਹੀ ਚੋਣ ਲੜਨ ਦਾ ਅਧਿਕਾਰ ਕਿਸੇ ਦਲ ਬਦਲੂ ਨੂੰ ਮਿਲਣਾ ਚਾਹੀਦਾ ਹੈ। ਇਸ ਤਰ੍ਹਾਂ ਨਾਲ ਮੌਕਾਪ੍ਰਸਤੀ ਅਤੇ ਸਿਆਸੀ ਦਗਾਬਾਜ਼ੀ ‘ਤੇ ਰੋਕ ਲਗਾਈ ਜਾ ਸਕਦੀ ਹੈ।
ਇਸੇ ਤਰ੍ਹਾਂ ਜੇ ਕੋਈ ਨੌਕਰਸ਼ਾਹ ਚੋਣ ਲੜਨਾ ਚਾਹੇ ਤਾਂ ਉਸਨੂੰ ਘੱਟੋ ਘੱਟ ਪੰਜ ਵਰ੍ਹੇ ਪਾਰਟੀ ਵਿਚ ਕੰਮ ਕਰਨ ਤੋਂ ਬਾਅਦ ਹੀ ਚੋਣ ਲੜਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਇਸ ਤਰ੍ਹਾ ਨਹੀਂ ਹੋਣਾ ਚਾਹੀਦਾ ਕਿ ਆਪਣੇ ਅਹੁਦੇ ‘ਤੇ ਰਹਿੰਦੇ ਸਮੇਂ ਸੱਤਾਧਾਰੀ ਪਾਰਟੀ ਲਈ ਰੱਜ ਕੇ ਕੰਮ ਕਰੋ ਅਤੇ ਇਵਜ਼ ਵਿਚ ਪਾਰਟੀ ਟਿਕਟ ਲੈ ਲਵੋ। ਇਹ ਅਨੈਤਿਕ ਕਾਰਵਾਈ ਸਮਝੀ ਜਾਣੀ ਚਾਹੀਦੀ ਹੈ। ਇਉਂ ਨੌਕਰਸ਼ਾਹਾਂ ਦੀ ਲੋਕਾਂ ਪ੍ਰਤੀ ਪ੍ਰਤੀਬੱਧਤਾ ‘ਤੇ ਸਵਾਲੀਆ ਨਿਸ਼ਾਨ ਲੱਗਦਾ ਹੈ ਅਤੇ ਅਫ਼ਸਰ ਲੋਕਾਂ ਦੀ ਬਜਾਏ ਪਾਰਟੀ ਦੀ ਵਫ਼ਾਦਾਰੀ ਨਿਭਾਉਣ ਦਾ ਵਿਖਾਵਾ ਕਰਨ ਲਈ ਹਰ ਜਾਇਜ਼-ਨਜਾਇਜ਼ ਕੰਮ ਕਰਨ ਲੱਗ ਜਾਣਗੇ।ਵੋਟਰ ਨੁੰ ਜੇ ਸੁਣਨ ਦਾ ਅਧਿਕਾਰ ਹੈ ਤਾਂ ਉਸਨੂੰ ਰੱਦ ਕਰਨ ਦਾ ਅਧਿਕਾਰ ਵੀ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਨਾਲ ਜੇ ਕਿਸੇ ਵਿਧਾਨ ਸਭਾ ਹਲਕੇ ਵਿਚ ਖੜ੍ਹੇ ਉਮੀਦਵਾਰ ਵਿਚੋਂ 50 ਪ੍ਰਤੀਸ਼ਤ ਤੋਂ ਵੱਧ ਲੋਕ ਸਾਰੇ ਉਮੀਦਵਾਰਾਂ ਨੂੰ ਰੱਦ ਕਰਦੇ ਹਨ ਤਾਂ ਚੋਣ ਦੁਬਾਰਾ ਹੋਣਾ ਲਾਜ਼ਮੀ ਹੋਵੇ।
ਚੋਣਾਂ ਵੇਲੇ ਮੁੱਦਿਆਂ ਦੀ ਥਾਂ ਨਿੱਜੀ ਦੂਸ਼ਣਬਾਜ਼ੀ ਅਤੇ ਅਸੱਭਿਅਕ ਭਾਸ਼ਾ ਵਿਚ ਕੀਤੀ ਇਲਜ਼ਾਮ ਤਰਾਸੀ ਬੰਦ ਹੋਣੀ ਚਾਹੀਦੀ ਹੈ। ਚੋਣ ਪ੍ਰਚਾਰ ਦੌਰਾਨ ਘਟੀਆ ਸ਼ਬਦਾਂ ਰਾਹੀਂ ਨਿੱਜੀ ਹਮਲਿਆਂ ਦੀ ਬਜਾਏ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ। ਅਸੱਭਿਅਕ ਭਾਸ਼ਾ ਵਰਤਣ ਵਾਲੇ ਨੇਤਾਵਾਂ ‘ਤੇ ਕਾਨੂੰਨੀ ਰੋਕ ਲੱਗਣੀ ਚਾਹੀਦੀ ਹੈ। ਮੀਡੀਆ ਨੂੰ ਵੀ ਅਸੱਭਿਅਕ ਅਤੇ ਗਾਲੀ ਗਲੋਚ ਵਾਲੇ ਬਿਆਨਾਂ ਨੂੰ ਕਵਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਚੋਣਾਂ ਜਿੱਤਣ ਤੋਂ ਬਾਅਦ ਸੱਤਾਧਾਰੀ ਧਿਰ ਤਕਰੀਬਨ ਚਾਰ ਵਰ੍ਹੇ ਖੁੱਲ੍ਹ ਕੇ ਮਨਮਾਨੀ ਕਰਦੀ ਹੈ। ਲੁੱਟਾਂ, ਖੋਹਾਂ, ਠੱਗੀਆਂ, ਨਜਾਇਜ਼ ਕਬਜ਼ਿਆਂ, ਬਲਾਤਕਾਰਾਂ ਦਾ ਦੌਰ ਚਲਦਾ ਹੈ। ਹਰ ਤਰ੍ਹਾਂ ਮੁਨਾਫ਼ੇ ਵਾਲੇ ਕਾਰੋਬਾਰਾਂ ‘ਤੇ ਕਬਜ਼ੇ ਕੀਤੇ ਜਾਂਦੇ ਹਨ। ਕਾਰਪੋਰੇਟ ਜਗਤ, ਤਸਕਰਾਂ ਅਤੇ ਕਾਲੇ ਧੰਦੇ ਵਾਲੇ ਲੋਕਾਂ ਨਾਲ ਹੱਥ ਮਿਲਾਏ ਜਾਂਦੇ ਹਨ। ਚੋਣਾਂ ਵੇਲੇ ਕੀਤੇ ਵਾਅਦੇ ਭੁੱਲ ਕੇ ਪੈਸਾ ਕਮਾਇਆ ਜਾਂਦਾ ਹੈ। ਇਸ ਕੰਮ ‘ਤੇ ਰੋਕ ਲਾਉਣ ਲਈ ਜ਼ਰੂਰੀ ਹੈ ਕਿ ਜਿੱਤਣ ਤੋਂ ਬਾਅਦ ਸੱਤਾਧਾਰੀ ਪਾਰਟੀ ਨੂੰ ਆਪਣੇ ਵਿਕਾਸ ਦੇ ਕੰਮਾਂ ਨੂੰ ਪੰਜ ਸਾਲ ਵਿਚ ਵੰਡ ਕੇ ਕਰਨ ਲਈ ਕੋਈ ਕਾਨੂੰਨ ਬਣੇ। ਇਹ ਨਹੀਂ ਕਿ ਚਾਰ ਸਾਲ ਆਨੰਦ ਲਵੋ, ਖਾਓ-ਪੀਓ ਅਤੇ ਮੌਜ ਕਰੋ ਅਤੇ ਚੋਣਾਂ ਤੋਂ ਪਹਿਲਾਂ ਅਖੀਰਲੇ ਸਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਹਿੱਤ ਫ਼ੰਡਾਂ ਦੀ ਵਰਤੋਂ ਕਰਕੇ ਚੋਣ ਜਿੱਤਣ ਦੇ ਉਪਰਾਲੇ ਕਰੋ। ਅਜਿਹਾ ਹੋਣ ਨਾਲ ਸਾਡੇ ਲੋਕਤੰਤਰ ਦੀ ਚੋਣ ਪ੍ਰਕਿਰਿਆ ਵਿਚ ਸਾਰਥਕ ਤਬਦੀਲੀ ਆਉਣ ਦੇ ਆਸਾਰ ਹਨ, ਜੋ ਭਵਿੱਖ ਵਿਚ ਸਿਆਸੀ ਬੇਈਮਾਨੀ, ਦਗਾਬਾਜ਼ੀ ਅਤੇ ਵਿਸ਼ਵਾਸਘਾਤ ਉਤੇ ਰੋਕ ਲਗਾਉਣ ਦੇ ਸਮਰੱਥ ਹੋਣਗੀਆਂ। ਹਕੀਕੀ ਲੋਕਤੰਤਰ ਲਈ ਅਜਿਹਾ ਹੋਣਾ ਜ਼ਰੂਰੀ ਹੈ।
ਨਿਰਸੰਦੇਹ ਉਕਤ ਚੋਣ ਸੁਧਾਰਾਂ ਦੀ ਲੋੜ ਹੈ ਪਰ ਇਸ ਲਈ ਲੋਕ ਰਾਏ ਬਣਾਉਣੀ ਪਵੇਗੀ, ਜਿਸ ਲਈ ਵਕਤ ਲੱਗੇਗਾ। ਦੂਜੇ ਪਾਸੇ ਪੰਜਬੀਆਂ ਲਈ ਇਮਤਿਹਾਨ ਦੀ ਘੜੀ ਹੈ। ਪੰਜਾਬੀਆਂ ਨੂੰ, ਦਾਨਸ਼ਵਰਾਂ ਨੂੰ, ਵੋਟਰਾਂ ਨੂੰ ਇਸ ਮੌਕੇ ਹੋਰ ਸੁਚੇਤ ਹੋਣ ਦੀ ਲੋੜ ਹੈ। ਜਿਹਨਾਂ ਸਿਆਸਤਦਾਨਾਂ ਨੇ ਪੰਜਾਬੀਆਂ ਨੂੰ ਵਿਕਾਊ ਮਾਲ ਸਮਝ ਕੇ ਤਰ੍ਹਾਂ-ਤਰ੍ਹਾਂ ਦਾ ਚੋਗਾ ਖਿਲਾਰਿਆ ਹੈ, ਉਹਨਾਂ ਨੂੰ ਜਵਾਬ ਦੇਣ ਦਾ ਵਕਤ ਆ ਗਿਆ ਹੈ। ਮੋਹਨ ਸ਼ਰਮਾ ਠੀਕ ਹੀ ਆਖਦਾ ਹੈ:
ਜ਼ਮੀਰ ਵੇਚਕੇ ਵੋਟਾਂ ਜੇ ਅਸੀਂ ਪਾਈਆਂ
ਪੰਜ ਸਾਲ ਫ਼ਿਰ ਚੁਗਾਂਗੇ ਕੰਚ ਲੋਕੋ।
‘ਵਿਕਾਊ ਮਾਲ’ ਬਣਕੇ ਫ਼ਿਰ ਵੇਖ ਲੈਣਾ
ਸਾਡੇ ਨਾਂ ਨੂੰ ਲੱਗੂ ਕਲੰਕ ਲੋਕੋ।

LEAVE A REPLY