‘ਤੁਹਾਨੂੰ ਪਤਾ ਹੈ ਮੇਰੀ ਪਤਨੀ ਦਾ ਕੱਦ ਕਿੰਨਾ ਹੈ? ਇਹ ਤੁਹਾਨੂੰ ਹੀ ਸਾਢੇ ਚਾਰ ਫੁਟੀ ਨਜ਼ਰ ਆਵੁਂਦੀ ਹੈ ਪਰ ਜਿੰਨੀ ਇਹ ਧਰਤੀ ਦੇ ਉਪਰ ਹੈ, ਉਦੂੰ ਜ਼ਿਆਦਾ ਥੱਲੇ ਹੈ’ ਮੇਰੇ ਇਕ ਮਿੱਤਰ ਨੇ ਮਜ਼ਾਕ-ਮਜ਼ਾਕ ਵਿਚ ਆਪਣੀ ਪਤਨੀ ਬਾਰੇ ਟਿੱਪਣੀ ਕੀਤੀ। ਮੈਨੂੰ ਅਤੇ ਮੇਰੀ ਪਤਨੀ ਨੂੰ ਇਹ ਸਮਝ ਹੀ ਨਾ ਲੱਗੀ ਕਿ ਇਸ ਟਿੱਪਣੀ ‘ਤੇ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਕਰੀਏ ਪਰ ਅਸੀਂ ਹੱਸ ਉਕਾ ਹੀ ਨਾ ਸਕੇ। ਅਸੀਂ ਵੇਖਿਆ ਕਿ ਉਸਦੀ ਪਤਨੀ ਦਾ ਮੂੰਹ ਉਤਰ ਗਿਆ ਸੀ। ਸਿਰਫ ਉਹ ਮਿੱਤਰ ਹੀ ਸੀ ਜੋ ਆਪਣੀ ਗੱਲ ਕਰਕੇ ਆਪ ਹੀ ਹੱਸ ਰਿਹਾ ਸੀ। ਮੈਂ ਕਲਪਨਾ ਕਰ ਰਿਹਾ ਸੀ ਕਿ ਉਸਦੀ ਪਤਨੀ ਦੇ ਮਨ ਵਿਚ ਕੀ ਚੱਲ ਰਿਹਾ ਹੋਵੇਗਾ ਅਤੇ ਨਾਲ ਹੀ ਮੈਂ ਇਹ ਕਲਪਨਾ ਕਰ ਰਿਹਾ ਸੀ ਕਿ ਅਜਿਹਾ ਮੂੰਹ ਫੱਟ ਪਤੀ ਆਪਣੀ ਪਤਨੀ ਤੋਂ ਸਤਿਕਾਰ ਅਤੇ ਪਿਆਰ ਕਿਵੇਂ ਹਾਸਲ ਕਰ ਸਕਦਾ ਹੈ। ਸਿਆਦੇ ਪਤੀ ਕਦੇ ਵੀ ਦੂਜਿਆਂ ਸਾਹਮਣੇ ਆਪਣੀ ਪਤਨੀ ਦੀ ਨਾ ਤਾਂ ਆਲੋਚਨਾ ਕਰਦੇ ਹਨ ਅਤੇ ਨਾ ਹੀ ਉਸਨੂੰ ਮਜ਼ਾਕ ਦਾ ਮੌਜੂ ਬਣਾਉਂਦੇ ਹਨ।
ਆਪਣੇ ਮਨ ਤੋਂ ਪੁੱਛੋ ਕਿ ਤੁਸੀਂ ਕਦੇ ਦੂਜਿਆਂ ਦੇ ਸਾਹਮਣੇ ਆਪਣੀ ਪਤਨੀ ਦੇ ਕੰਮਾਂ ਦੀ, ਉਸਦੀਆਂ ਘਾਟਾਂ ਦੀ, ਪਤਨੀ ਦੇ ਪੇਕਿਆਂ ਦੀ, ਉਸਦੀ ਮਾਂ ਦੀ, ਪਿਓ ਦੀ ਅਤੇ ਜਾਂ ਭਰਾਵਾਂ ਦੀ ਆਲੋਚਨਾ ਕੀਤੀ ਹੈ। ਉਸਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਹੈ। ਜੇ ਹਾ ਤਾਂ ਸਮਝੋ ਤੁਸੀਂ ਆਪਣੀ ਪਤਨੀ ਦੇ ਮਨ ਵਿਚ ਨਫਰਤ ਦਾ ਬੀਜ ਬੀਜ ਦਿੱਤਾ ਹੈ। ਅਜਿਹੇ ਪਲ ਉਹ ਸਾਰੀ ਉਮਰ ਚਾਹ ਕੇ ਵੀ ਨਹੀਂ ਭੁਲਾ ਸਕੇਗੀ। ਅਜਿਹੇ ਦਿੱਤੇ ਜ਼ਖਮਾਂ ਦੀ ਕੋਈ ਮੱਲ੍ਹਮ ਨਹੀਂ ਹੁੰਦੀ। ਅਜਿਹੀ ਭੁੱਲ ਦੀ ਮਾਫੀ ਬੜੀ ਮੁਸ਼ਕਿਲ ਨਾਲ ਮਿਲਦੀ ਹੈ। ਸਿਆਣੇ ਪਤੀ ਇਸ ਪੱਖੋਂ ਆਪਣੀ ਪਤਨੀ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹਨ। ਪਤਨੀ ਦਾ ਦਿਲ ਜਿੱਤਣ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਹਨ। ਹਰ ਮਨੁੱਖ ਨੂੰ ਪ੍ਰਸੰਸਾ ਦੀ ਚਾਹਤ ਹੁੰਦੀ ਹੈ ਅਤੇ ਆਪਣੇ ਪਤੀ ਦੇ ਮੂੰਹੋੱ ਪ੍ਰਸੰਸਾ ਦੇ ਬੋਲ ਸੁਣਨ ਲਈ ਪਤਨੀ ਦੇ ਕੰਨ ਤਰਸਦੇ ਰਹਿੰਦੇ ਹਨ। ”ਇਹਨਾਂ ਦਾ ਮੂੰਹ ਟੁੱਟਜੇ ਜੇ ਕਦੇ ਇਨ੍ਹਾਂ ਨੇ ਮੇਰੀ ਤਾਰੀਫ ਵਿਚ ਦੋ ਸ਼ਬਦ ਵੀ ਕਹੇ ਹੋਣ। ਹੋਰਨਾਂ ਦੀ ਜਿੰਨੀ ਮਰਜ਼ੀ ਪ੍ਰਸੰਸਾ ਕਰਵਾ ਲੋ”। ਅਜਿਹੇ ਸ਼ਿਕਵੇ ਭਰੇ ਬੋਲ ਅਕਸਰ ਔਰਤਾਂ ਦੇ ਮੂੰਹੋਂ ਸੁਣਨ ਨੁੰ ਮਿਲ ਜਾਂਦੇ ਹਨ। ਸਿਆਣੇ ਪਤੀਆਂ ਨੂੰ ਇਹ ਮੰਤਰ ਹਮੇਸ਼ਾ ਯਾਦ ਰਹਿੰਦਾ ਹੈ ਕਿ ਆਪਣੀ ਪਤਨੀ ਦੀ ਮੌਕੇ ‘ਤੇ ਸਹੀ ਪ੍ਰਸੰਸਾ ਕਰਨ. ਜ਼ਰੂਰੀ ਹੈ। ਦੇਖਿਆ ਗਿਆ ਹੈ ਕਿ ਔਰਤ ਬੜੇ ਚਾਅ ਨਾਲ ਸੱਜ ਧੱਜ ਕੇ, ਤਿਆਰ ਹੋ ਕੇ ਆਪਣੇ ਪਤੀ ਦੇ ਸਾਹਮਣੇ ਇਸ ਆਸ ਨਾਲ ਜਾਂਦੀ ਹੈ ਕਿ ਅੱਜ ਉਹ ਮੇਰੇ ਸੁਹੱਪਣ ਦੀ ਪ੍ਰਸੰਸਾ ਜ਼ਰੂਰ ਕਰੇਗਾ ਪਰ ਜਦੋਂ ਪਤੀ ਦੇਵ ਇਕ ਨਜ਼ਰ ਉਠਾ ਕੇ ਵੀ ਨਹੀਂ ਵੇਖਦਾ ਤਾਂ ਉਹ ਅੰਦਰੋਂ ਅੰਦਰ ਮਾਯੂਸ ਹੋ ਜਾਂਦੀ ਹੈ। ਪਤੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਪਤਨੀ ਦੇ ਕੱਪੜਿਆਂ, ਕੰਮਾਂ ਅਤੇ ਸੁੰਦਰਤਾ ਦੀ ਤਾਰੀਫ ਕਰਨ ਦੇ ਮੌਕੇ ਹੱਥੋਂ ਨਾ ਜਾਣ ਦੇਣ। ਅਜਿਹਾ ਕਰਨ ਵਾਲੇ ਪਤੀ ਪਤਨੀਆਂ ਤੋਂ ਅਥਾਹ ਇੱਜਤ ਪ੍ਰਾਪਤ ਕਰ ਲੈਂਦੇ ਹਨ। ਅਮੀਰੀ ਸਿਰਫ ਪੈਸਿਆਂ ਦੀ ਹੀ ਨਹੀਂ ਸਗੋਂ ਪਿਆਰ ਦੀ ਵੀ ਹੁੰਦੀ ਹੈ।
ਅਕਸਰ ਵੇਖਿਆ ਗਿਆ ਹੈ ਕਿ ਬੰਦਿਆਂ ਨੂ ਦੁਨੀਆਂਦਾਰੀ ਦੀਆਂ ਸਾਰੀਆਂ ਗੱਲਾਂ ਚੇਤੇ ਰਹਿੰਦੀਆਂ ਹਨ ਪਰ ਆਪਣੀ ਪਤਨੀ ਦਾ ਜਨਮ ਦਿਨ ਅਕਸਰ ਭੁੱਲ ਜਾਂਦਾ ਹੈ। ਆਪਣੇ ਵਿਆਹ ਦੀ ਮਿਤੀ ਵੀ ਯਾਦ ਨਹੀਂ ਰਹਿੰਦੀ। ਇ ਦੋਵੇਂ ਦਿਨ ਹਨ ਜਦੋਂ ਤੁਹਾਨੂੰ ਆਪਣੀ ਪਤਨੀ ਨੂੰ ਤੋਹਫਾ ਦੇਣਾ ਬਣਦਾ ਹੈ। ਅਜਿਹੇ ਦਿਨਾਂ ਨੂੰ ਉਚੇਚੇ ਤੌਰ ‘ਤੇ ਮਨਾਉਣਾ ਚਾਹੀਦਾ ਹੈ। ਪਤੀ ਦਾ ਕੋਈ ਜ਼ਰੂਰੀ ਪੇਪਰ ਨਹੀਂ ਲੱਭ ਰਿਹਾ ਸੀ। ਕਾਗਜ਼ ਬਹੁਤ ਜ਼ਰੂਰੀ ਸੀ ਅਤੇ ਪਤੀ ਪ੍ਰੇਸ਼ਾਨ ਸੀ। ਉਸਨੇ ਪਤਨੀ ਨੂੰ ਇਕ ਦੋ ਵਾਰ ਪੁੱਛਿਆ ਪਰ ਪਤਨੀ ਆਪਣੇ ਕੰਮ ਵਿਚ ਮਗਨ ਸੀ, ਉਸਨੇ ਪਤੀ ਨੂੰ ਕੋਈ ਸੰਤੋਸ਼ਜਨਕ ਉਤਰ ਨਹੀਂ ਦਿੱਤਾ ਅਤੇ ਨਾ ਹੀ ਉਸ ਪੇਪਰ ਲਭਾਉਣ ਵਿਚ ਪਤੀ ਦੀ ਕੋਈ ਮਦਦ ਕੀਤੀ। ਆਖਿਰ ਪਤੀ ਦੇ ਸਬਰ ਦਾ ਪਿਆਲਾ ਉਛਲ ਪਿਆ ਅਤੇ ਉਸਨੇ ਉਚੀ ਆਵਾਜ਼ ਵਿਚ ਪਤਨੀ ਨੂੰ ਝਿੜਕਿਆ। ਨਤੀਜੇ ਵਜੋਂ ਪਤਨੀ ਰੌਣ ਲੱਗੀ ਅਤੇ ਘਰ ਵਿਚ ਤਣਾਅ ਭਰਿਆ ਮਾਹੌਲ ਬਣ ਗਿਆ। ਇਸੇ ਤਰ੍ਹਾਂ ਦੇ ਮਾਹੌਲ ਵਿਚ ਮੈਂ ਉਨ੍ਹਾਂ ਦੇ ਘਰ ਪਹੁੰਚ ਗਿਆ। ਮੈਨੂੰ ਦੇਖ ਉਹ ਹੋਰ ਉਚੀ ਉਚੀ ਰੋਣ ਲੱਗੀ ਤੇ ਕਹਿਣ ਲੱਗੀ:
‘ਮੈਂ ਨੀ ਇਹਨਾਂ ਕੋਲ ਰਹਿਣਾ। ਮੈਂ ਸਾਰਾ ਦਿਨ ਟੁੱਟ ਟੁੱਟ ਮਰਦੀ ਆਂ ਇਸ ਘਰ ਲਈ ਪਰ ਇਨ੍ਹਾਂ ਨੂੰ ਮੇਰੀ ਪਰਵਾਹ ਨਹੀਂ। ਅੱਜ ਇਨ੍ਹਾਂ ਮੇਰੀ ਮੇਡ ਸਾਹਮਣੇ ਮੇਰੀ ਬੇਇਜ਼ਤੀ ਕੀਤੀ, ਅਜਿਹੀ ਬੇਇੱਜ਼ਤੀ ਨਹੀਂ ਮੈਂ ਸਹਾਰ ਸਕਦੀ।”
ਇਸ ਕੇਸ ਵਿਚ ਪਤਨੀ ਦੀ ਸ਼ਿਕਾਇਤ ਸੀ ਕਿ ਉਸਦੇ ਪਤੀ ਨੇ ਉਸਦੀ ਨੌਕਰਾਣੀ ਸਾਹਮਣੇ ਬੇਇਜ਼ਤੀ ਕੀਤੀ। ਉਚੀ ਆਵਾਜ਼ ਵਿਚ ਝਿੜਕਿਆ। ਇੱਥੇ ਪਤਨੀ ਠੀਕ ਸੀ। ਉਸਦੇ ਕਾਗਜ਼ ਪੱਤਰ ਨਹੀਂ ਮਿਲ ਰਹੇ ਸਨ, ਇਸ ਵਿਚ ਪਤਨੀ ਦਾ ਕੋਈ ਕਸੂਰ ਨਹੀਂ ਸੀ। ਅਜਿਹੇ ਸਮੇਂ ਪਤੀ ਨੂੰ ਸਬਰ ਕੰਮ ਲੈਣਾ ਚਾਹੀਦਾ ਸੀ। ਸਿਆਣੇ ਪਤੀ ਕਦੇ ਵੀ ਦੂਜਿਆਂ ਦੇ ਸਾਹਮਣੇ ਆਪਣੀ ਪਤਨੀ ਨੂੰ ਨਹੀਂ ਝਿੜਕਦੇ। ਇਕ ਖੋਜ ਅਨੁਸਾਰ ਦੁਨੀਆਂ ਦੀਆਂ 70 ਫੀਸਦੀ ਘਰੇਲੂ ਲੜਾਈਆਂ ਉਚੀ ਆਵਾਜ਼ ਵਿਚ ਬੋਲਣ ਕਾਰਨ ਹੁੰਦੀਆਂ ਹਨ। ਜੇ ਕਿਸੇ ਗੱਲ ਤੋਂ ਇਨਕਾਰ ਵੀ ਕਰਨਾ ਹੋਵੇ ਤਾਂ ਵੀ ਧੀਮੀ ਆਵਾਜ਼ ਹੀ ਠੀਕ ਹੁੰਦੀ ਹੈ। ਘਰ ਵਿਚ ਬਹਿਸ ਤੋਂ ਬਚਣਾ ਚਾਹੀਦਾ ਹੈ। ਤਕਰਾਰ ਤੋਂ ਬਚਣਾ ਚਾਹੀਦਾ ਹੈ। ਜੇ ਪਤੀ ਪਤਨੀ ਦੀ ਰਾਏ ਵਿਚ ਇਕਸਾਰਤਾ ਨਾ ਵੀ ਹੋਵੇ ਤਾਂ ਵੀ ਕਦੇ ਵੀ ਉਚੀ ਆਵਾਜ਼ ਵਿਚ ਇਨਕਾਰ ਨਹੀਂ ਕਰਨਾ ਚਾਹੀਦਾ।
ਘਰ ਵਿਚ ਪਤੀ ਦੀ ਭੈਣ ਆਈ ਹੈ। ਉਸਨੇ ਖਾਣਾ ਬਣਾਇਟਾ ਹੈ ਅਤੇ ਪਤੀ ਨੇ ਭੈਣ ਦੀ ਬਣਾਈ ਸਬਜ਼ੀ ਦੀ ਤੁਲਨਾ ਪਤਨੀ ਦੀ ਬਣਾਈ ਸਬਜ਼ੀ ਨਾਲ ਕਰ ਦਿੱਤੀ ਅਤੇ ਭੈਣ ਨੂੰ ਵਧੀਆ ਕੁਕ ਐਲਾਂਨ ਦਿੱਤਾ ਤਾਂ ਸਮਝੋ ਲੜਾਈ ਦਾ ਮੁੱਢ ਬੱਝ ਗਿਆ। ਸੂਤਰ ਇਹ ਹੈ ਕਿ ਆਪਣੀ ਪਤਨੀ ਦੀ ਕਿਸੇ ਵੀ ਪੱਖ ਤੋਂ ਦੂਜੀਆਂ ਔਰਤਾਂ ਨਾਲ ਤੁਲਨਾ ਨਾ ਕਰੋ। ਕਦੇ ਵੀ ਆਪਣੀ ਪਤਨੀ ਸਾਹਮਣੇ ਦੂਜੀ ਔਰਤ ਦੇ ਸੁਹੱਪਣ ਦੀ ਵਡਿਆਈ ਨਾ ਕਰੋ। ਆਪਣੀ ਪਤਨੀ ਨੂੰ ਕਦੇ ਵੀ ਛੁਟਿਆਉਣਾ ਨਹੀਂ ਚਾਹੀਦਾ। ਹਾਂ, ਜੇ ਹੋ ਸਕੇ ਤਾਂ ਅਜਿਹੀ ਤੁਲਨਾ ਕਰ ਸਕਦੇ ਹੋ ਜਿਸ ਵਿਚ ਤੁਸੀਂ ਆਪਣੀ ਪਤਨੀ ਨੂੰ ਸ੍ਰੇਸ਼ਟ ਕਹਿ ਸਕੋ।
ਮੈਨੂੰ ਇਕ ਸਕੂਲ ਅਧਿਆਪਕਾ ਨੇ ਦੱਸਿਆ ਕਿ ਉਸਦਾ ਪਤੀ ਬਹੁਤ ਸ਼ੱਕੀ ਹੈ। ਨੌਕਰੀ ਸਮੇਂ ਕਿੰਨੇ ਪੁਰਸ਼ਾਂ ਨਾਲ ਵਾਹ ਪੈਂਦਾ ਹੈ, ਪਰ ਉਹ ਇਸ ਗੱਲ ਤੋਂ ਦੁਖੀ ਰਹਿੰਦਾ ਹੈ। ਜੇ ਉਹ ਕਿਸੇ ਪੁਰਸ਼ ਨਾਲ ਗੱਲ ਕਰਦੇ ਹੋਏ ਵੇਖ ਲਵੇ ਤਾਂ ਘਰ ਵਿਚ ਕਲੇਸ਼ ਸ਼ੁਰੂ ਹੋ ਜਾਂਦਾ ਹੈ। ਪਤੀਆਂ ਨੂੰ ਚਾਹੀਦਾ ਹੈ ਕਿ ਜੇ ਪਤਨੀ ਤੋਂ ਸਰਵਿਸ ਕਰਵਾਉਣੀ ਹੈ ਤਾਂ ਸ਼ੱਕ ਕਰਨਾ ਛੱਡ ਦੇਣ। ਆਪਣੀ ਪਤਨੀ ‘ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਜੇ ਪਤਨੀ ਨੂੰ ਤੁਹਾਡੇ ‘ਤੇ ਵਿਸ਼ਵਾਸ ਹੈ ਤਾਂ ਤੁਹਾਨੂੰ ਕਿਉਂ ਨਹੀਂ।
ਪਤੀ ਦੀ ਆਮਦਨ ਜੇ ਘੱਟ ਹੋਵੇ ਤਾਂ ਉਸਨੂੰ ਆਪਣੇ ਗ੍ਰਹਿਸਥੀ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਇਕ ਤੋਂ ਵੱਧ ਕੰਮ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। ਚੰਗੀ ਆਮਦਨ ਵਾਲਾ ਪਤੀ ਹੀ ਪਤਨੀ ਦਾ ਦਿਲ ਜਿੱਤਣ ਵਿਚ ਕਾਮਯਾਬ ਹੁੰਦਾ ਹੈ। ਪੁਰਸ਼ ਨੂੰ ਵਿਆਹ ਹੀ ਉਦੋਂ ਕਰਵਾਉਣਾ ਚਾਹੀਦਾ ਹੈ ਜਦੋਂ ਉਹ ਗ੍ਰਹਿਸਥੀ ਦਾ ਭਾਰ ਆਸਨੀ ਨਾਲ ਚੁੱਕਣ ਯੋਗ ਹੋਵੇ। ਆਪਣੀ ਆਮਦਨ ਵਿਚੋਂ ਪਤਨੀ ਨੂੰ ਕੁਝ ਰੁਪਿਆ ਉਸਦੀ ਮਰਜ਼ੀ ਅਨੁਸਾਰ ਖਰਚਣ ਲਈ ਦੇਣਾ ਚਾਹੀਦਾ ਹੈ। ਪਤਨੀ ਕੋਲੋਂ ਹਰ ਵਕਤ ਰੁਪਿਆਂ ਦਾ ਹਿਸਾਬ ਮੰਗਣ ਦੀ ਆਦਤ ਵੀ ਠੀਕ ਨਹੀਂ।
ਪਤਨੀ ਦਾ ਦਿਲ ਜਿੱਤਣ ਦੀ ਲੋੜ ਹੁੰਦੀ ਹੈ, ਬਦਨ ਨਹੀਂ। ਪਤਨੀ ਤੁਹਾਡੀ ਅਰਧਾਂਗਣੀ ਹੈ, ਤੁਹਾਡੇ ਪਰਿਵਾਰ ਦਾ ਹਿੱਸਾ ਹੈ, ਤੁਹਾਡਾ ਆਪਣਾ ਹਿੱਸਾ ਹੈ, ਤੁਹਾਡੀ ਗੁਲਾਮ ਨਹੀਂ। ਪਤਨੀ ਦੇ ਸਰੀਰ ‘ਤੇ ਕਬਜ਼ਾ ਕਰਨ ਵਾਲਾ ਉਸਦੀਆਂ ਭਾਵਨਾਵਾਂ ਦਾ ਖਿਆਲ ਨਾ ਕਰਨ ਵਾਲਾ ਬੰਦਾ ਮਰਦ ਤਾਂ ਹੋ ਸਕਦਾ ਹੈ ਪਰ ਮਹਿਰਮ ਨਹੀਂ। ਦਿਲ ਦਾ ਮਹਿਰਮ ਬਣਨ ਲਈ ਮੁਹੱਬਤ ਲੋੜੀਂਦੀ ਹੈ। ਮੋਹ ਅਤੇ ਪਿਆਰ ਦੀਆਂ ਤੰਦਾਂ ਮਜ਼ਬੂਤ ਕਰਨ ਦੀ ਜ਼ਰੂਰਤ ਹੁੰਦੀ ਹੈ। ਪਤਨੀ ਦਾ ਦਿਲ ਜਿੱਤਣ ਦੇ ਗੁਰ ਪੜ੍ਹ ਕੇ ਅਨੇਕਾਂ ਪ੍ਰਤੀਕਿਰਿਆਵਾਂ ਫੋਨ ਦੇ ਜ਼ਰੀਏ ਮੇਰੇ ਕੋਲ ਆ ਰਹੀਆਂ ਹਨ। ਇਕ ਔਰਤ ਦੀ ਸਮੱਸਿਆ ਬਹੁਤ ਗੰਭੀਰ ਹੈ। ਉਸਦਾ ਕਹਿਣਾ ਹੈ: ”ਮੇਰੀ ਇਕ 2 ਵਰ੍ਹਿਆਂ ਦੀ ਬੇਟੀ ਹੈ। ਮੈਂ ਸਰਕਾਰੀ ਨੌਕਰੀ ਕਰ ਰਹੀ ਹੈ। ਭਾਵੇਂ ਬਹੁਤ ਸੁੰਦਰ ਨਹੀਂ ਪਰ ਠੀਕ ਠਾਕ ਹਾਂ ਪਰ ਮੇਰੇ ਘਰਵਾਲੇ ਨੂੰ ਬਾਹਰ ਹੱਥ ਪੈਰ ਮਾਰਨ ਦੀ ਆਦਤ ਹੈ। ਅੱਜਕਲ੍ਹ ਉਹ ਮੇਰੀ ਤੁਲਨਾ ਮੇਰੀ ਜਠਾਣੀ ਨਾਲ ਕਰ ਰਿਹਾ ਹੈ ਅਤੇ ਮੈਨੂੰ ਕਹਿ ਰਿਹਾ ਹੈ ਕਿ ਮੈਂ ਵੀ ਆਪਣੀ ਜਠਾਣੀ ਵਾਂਗ ਬਣ ਠਣ ਕੇ ਰਿਹਾ ਕਰਾਂ। ਮੈਂ ਆਪਣੀ ਜ਼ਿੰਦਗੀ ਬਰਬਾਦ ਹੁੰਦੀ ਵੇਖ ਰਹੀ ਹਾਂ। ਹਰ ਰੋਜ਼ ਉਸ ਨਾਲ ਲੜਦੀ ਹਾਂ। ਘਰ ਨਰਕ ਬਣ ਗਿਆ ਹੈ। ਮੈਂ ਦੱਸੋ ਕੀ ਕਰਾਂ। ਕਿਹੜਾ ਖੂਹ ਪੁੱਟਾਂ।”
ਸੱਚਮੁਚ ਹੀ ਇਸ ਪਤਨੀ ਦੀ ਸਮੱਸਿਆ ਬਹੁਤ ਗੰਭੀਰ ਹੈ। ਅਜਿਹੇ ਚਰਿੱਤਰ ਦੇ ਮਾਲਕ ਲੋਕ ਦਿਲਾਂ ਦੇ ਨਹੀਂ ਸਰੀਰਾਂ ਦੇ ਵਪਾਰੀ ਹੁੰਦੇ ਹਨ। ਪਵਿੱਤਰ ਰਿਸ਼ਤਿਆਂ ‘ਤੇ ਕਲੰਕ ਹੁੰਦੇ ਹਨ। ਅਜਿਹੇ ਲੋਕਾਂ ਤੋਂ ਵਫਾ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਪਰ ਇਸ ਕੇਸ ਵਿਚ ਇਸ ਔਰਤ ਨੂੰ ਸਬਰ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਲੜਾਈ ਝਗੜੇ ਦਾ ਨਤੀਜਾ ਤਲਾਕ ‘ਤੇ ਨਿੱਬੜਦਾ ਹੈ ਅਤੇ ਬੱਚਿਆਂ ਦਾ ਭਵਿੱਖ ਦਾਅ ‘ਤੇ ਲੱਗ ਜਾਦਾ ਹੈ। ਘਰ ਦੇ ਸਿਆਣੇ ਬਜ਼ੁਰਗਾਂ ਨੂੰ ਅੱਗੇ ਆ ਕੇ ਬੰਦੇ ਨੂੰ ਸਮਝਾਉਣਾ ਚਾਹੀਦਾ ਹੈ। ਇਹ ਗੱਲ ਪੱਕੀ ਹੈ ਕਿ ਅਜਿਹੇ ਬੰਦੇ ਦੀ ਠਾਹਰ ਅੰਤ ਵਿਚ ਉਸਦਾ ਘਰ ਹੀ ਹੁੰਦਾ ਹੈ। ਉਂਝ ਕੋਈ ਵੀ ਸਿਆਣਾ ਪਤੀ ਪਤਨੀ ਦੇ ਰਿਸ਼ਤੇ ਦੀ ਪਵਿੱਤਰਤਾ ਦੀ ਅਹਿਮੀਅਤ ਨੂੰ ਸਮਝਦਾ ਹੋਇਆ ਇਸ ਤਰੀਕੇ ਨਾਲ ਆਪਣੀ ਪਤਨੀ ਦੀਆਂ ਨਜ਼ਰਾਂ ਵਿਚੋਂ ਨਹੀਂ ਗਿਰਦਾ। ਜੇ ਤੁਸੀਂ ਪਤਨੀ ਤੋਂ ਵਫਾ ਭਾਲਦੇ ਹੋ ਤਾਂ ਉਸਨੂੰ ਵਫਾ ਦਿਓ। ਜੋ ਬੀਜੋਗੇ ਉਹੀ ਵੱਢੋਗੇ। ਬਹੁਤ ਸਾਰੀਆਂ ਔਰਤਾਂ ਬਦਲੇ ਵਿਚ ਖੁਦ ਨਜਾਇਜ਼ ਸਬੰਧ ਬਣਾ ਕੇ ਪਤੀ ਨੂੰ ਤੰਗ ਕਰਕੇ ਖੁਸ਼ੀ ਮਹਿਸੂਸ ਕਰਨ ਲੱਗ ਪੈਂਦੀਆਂ ਹਨ। ਇਸ ਦੌੜ ਤੋਂ ਬਚਣ ਦਾ ਇਕੋ ਇਕ ਢੰਗ ਹੈ ਕਿ ਪਤੀ ਪਤਨੀ ਪ੍ਰਤੀ ਵਫਾਦਾਰੀ ਦਾ ਸਬੂਤ ਦੇਵੇ। ਪਤਨੀ ਬਹੁਤ ਵਾਰ ਤਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਹੀ ਖੁਸ਼ ਹੋ ਜਾਂਦੀ ਹੈ। ਬੱਸ, ਪਤੀ ਨੂੰ ਛੋਟੀਆਂ ਛੋਟੀਆਂ ਗੱਲਾਂ ਦੀ ਸਮਝ ਹੋਣੀ ਚਾਹੀਦੀ ਹੈ। ਪਤਨੀ ਚਾਹੁੰਦੀ ਹੈ ਕਿ ਉਸਦਾ ਪਤੀ ਉਸਨੂੰ ਕਿਤੇ ਬਾਹਰ ਘੁੰਮਾ ਕੇ ਲਿਆਵੇ, ਔਰਤਾਂ ਖਰੀਦਦਾਰੀ ਦੀਆਂ ਵੀ ਸ਼ੌਕੀਨ ਹੁੰਦੀਆਂ ਹਨ। ਗਾਹੇ ਬਗਾਹੇ ਉਨ੍ਹਾਂ ਦਾ ਇਹ ਸ਼ੌਂਕ ਵੀ ਪੂਰਾ ਕਰ ਦੇਣਾ ਚਾਹੀਦਾ ਹੈ। ਮਹੀਨੇ ਵਿਚ ਇਕ ਦੋ ਵਾਰ ਪਤੀ-ਪਤਨੀ ਘੁੰਮਣ ਲਈ ਬਾਹਰ ਜਾਣ ਤਾਂ ਅੱਛਾ ਹੈ। ਕਦੇ ਕਦੇ ਪਤਨੀ ਨੂੰ ਘਰ ਦੀ ਰਸੋਈ ਤੋਂ ਛੁੱਟੀ ਮਿਲਣੀ ਚਾਹੀਦੀ ਹੈ ਅਤੇ ਖਾਣਾ ਹੋਟਲ ‘ਤੇ ਖਾਣ ਲਈ ਜਾਣਾ ਚਾਹੀਦਾ ਹੈ। ਇਉਂ ਕਰਕੇ ਤਾਂ ਵੇਖੋ, ਤੁਹਾਡੀ ਪਤਨੀ ਕਿੰਨੀ ਖੁਸ਼ ਹੋਵੇਗੀ। ਜਦੋਂ ਕਦੇ ਵੀ ਤੁਹਾਡੀ ਪਤਨੀ ਦੀ ਸਿਹਤ ਠੀਕ ਨਹੀਂ ਰਹਿੰਦੀ, ਉਸਨੂੰ ਘਬਰਾਹਟ ਹੁੰਦੀ ਹੈ। ਉਸ ਵਿਚ ਚਿੜਚਿੜਾਪਣ ਆ ਜਾਂਦਾ ਹੈ ਤਾਂ ਅਜਿਹੀ ਹਾਲਤ ਵਿਚ ਪਤੀ ਨੂੰ ਹੋਰ ਚੌਕਸ ਹੋ ਕੇ ਪਤਨੀ ਦੀ ਨਾ ਸਿਰਫ ਸਹਾਇਤਾ ਕਰਨੀ ਚਾਹੀਦੀ ਹੈ ਸਗੋਂ ਉਸਨੂੰ ਪਿਆਰ ਜਤਾਉਣਾ ਚਾਹੀਦਾ ਹੈ। ਉਸਨੂੰ ਮਾਨਸਿਕ ਤੌਰ ‘ਤੇ ਚੜ੍ਹਦੀ ਕਲਾ ਵਿਚ ਰੱਖਣ ਦੇ ਉਪਰਾਲੇ ਕਰਨੇ ਚਾਹੀਦੇ ਹਨ।
ਪਤਨੀ ਦਾ ਦਿਲ ਜਿੱਤਣ ਲਈ ਪਤੀ ਨੂੰ ਥੈਂਕਸ ਅਤੇ ਸੌਰੀ ਸ਼ਬਦਾਂ ਦਾ ਸਹੀ ਇਸਤੇਮਾਲ ਕਰਨਾ ਆਉਣਾ ਚਾਹੀਦਾ ਹੈ। ਜੇ ਪਤਨੀ ਤੁਹਾਡਾ ਅਤੇ ਤੁਹਾਡੇ ਮਹਿਮਾਨਾਂ ਲਈ ਖਾਣਾ ਬਣਾ ਰਹੀ ਹੈ ਜਾਂ ਤੁਹਾਡਾ ਕੋਈ ਛੋਟਾ ਮੋਟਾ ਕੰਮ ਵੀ ਕਰਦੀ ਹੈ ਤਾਂ ਉਸਨੂੰ ‘ਧੰਨਵਾਦ’ ਕਰਨਾ ਜ਼ਰੂਰੀ ਹੈ। ਇਹ ਦੋਵੇਂ ਸ਼ਬਦ ਸਿਰਫ ਬਗਾਨਿਆਂ ਲਈ ਹੀ ਨਹੀਂ ਸਗੋਂ ਪਤਨੀ ਲਈ ਹੁੰਦੇ ਹਨ। ਇਸਦੇ ਨਾਲ ਹੀ ਪਤਨੀ ਦੇ ਕੰਮਾਂ ਵਿਚ ਹੱਥ ਵਟਾਉਣਾ ਵੀ ਜ਼ਰੂਰੀ ਹੁੰਦਾ ਹੈ। ਖਾਸ ਤੌਰ ਤੇ ਉਥੇ ਜਿੱਥੇ ਦੋਵੇਂ ਆਦਮੀ ਤੀਵੀਂ ਕੰਮ ਕਰਦੇ ਹੋਣ। ਇਹ ਜੁਗਤਾਂ ਅਪਦਾ ਕੇ ਵੇਖੋ, ਤੁਹਾਡੀ ਜ਼ਿੰਦਗੀ ਬਦਲ ਜਾਵੇਗੀ।

LEAVE A REPLY