ਸਾਡੇ ਮੁਲਕ ਘਵਿੱਚ ਕੈਂਸਰ ਨੂੰ ਬਹੁਤ ਹੀ ਭਿਆਨਕ ਅਤੇ ਜਾਨਲੇਵਾ ਬਿਮਾਰੀ ਸਮਝਿਆ  ਜਾਂਦਾ ਹੈ, ਪਰ ਹਕੀਕਤ ਇਹ ਨਹੀਂ ਹੈ। ਅਮਰੀਕਾ ਸਮੇਤ ਕਈ ਹੋਰ ਵਿਕਸਿਤ ਮੁਲਕਾਂ ਵਿੱਚ ਕੈਂਸਰ ਦੀ ਬਿਮਾਰੀ ਸਾਡੇ ਮੁਲਕ ਤੋਂ ਲਗਪਗ ਦਸ ਗੁਣਾ ਜ਼ਿਆਦਾ ਹੈ ਪਰ ਉੱਥੇ ਕੈਂਸਰ ਦੀ ਬਿਮਾਰੀ ਕਾਰਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਸਾਡੇ ਮੁਲਕ ਤੋਂ ਕਿਤੇ ਘੱਟ ਹੈ। ਇਸ ਦਾ ਕਾਰਨ ਇਹ ਹੈ ਕਿ ਅਮਰੀਕਾ ਵਿੱਚ ਕੈਂਸਰ ਦੇ ਰੋਗ ਸਬੰਧੀ ਲੋਕਾਂ ਵਿੱਚ ਵਧੇਰੇ ਜਾਗਰੂਕਤਾ ਅਤੇ ਸਾਡੇ ਮੁਕਾਬਲੇ ਜ਼ਿਆਦਾ ਡਾਕਟਰੀ ਸਹੂਲਤਾਂ ਦਾ ਉਪਲੱਬਧ ਹੋਣਾ ਹੈ। ਸਾਡੇ ਦੇਸ਼ ਵਿੱਚ ਕੈਂਸਰ ਸਬੰਧੀ ਜਾਗਰੂਕਤਾ ਘੱਟ ਹੋਣ ਕਰਕੇ ਲੋਕਾਂ ਵਿੱਚ ਕੈਂਸਰ ਸਬੰਧੀ ਕਈ ਕਿਸਮ ਦੇ ਡਰ, ਵਹਿਮ ਅਤੇ ਸ਼ੱਕ ਪੈਦਾ ਹੋ ਚੁੱਕੇ ਹਨ। ਇਸ ਕਰਕੇ ਵੱਡੀ ਗਿਣਤੀ ਵਿੱਚ ਕੈਂਸਰ ਦੇ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਇਸ ਦਾ ਸਹੀ ਇਲਾਜ ਕਰਵਾਉਣ ਦੀ ਥਾਂ ਅੰਧ-ਵਿਸ਼ਵਾਸਾਂ ਵਿੱਚ ਫ਼ਸ ਕੇ ਨੀਮ-ਹਕੀਮਾਂ ਕੋਲ ਦੇਸੀ ਢੰਗ-ਤਰੀਕਿਆਂ ਨਾਲ ਇਲਾਜ ਕਰਾਉਣ ਲੱਗ ਜਾਂਦੇ ਹਨ। ਇਸ ਸਭ ਦਾ ਫ਼ਾਇਦਾ ਹੋਣ ਦੀ ਥਾਂ ਸਭ ਤੋਂ ਅਹਿਮ ਨੁਕਸਾਨ ਇਹ ਹੁੰਦਾ ਹੈ ਕਿ ਇਸ ਚੱਕਰ ਵਿੱਚ ਪੈਣ ਨਾਲ ਕੈਂਸਰ ਦੀ ਬਿਮਾਰੀ ਦੀ ਸਟੇਜ ਵਧ ਜਾਂਦੀ ਹੈ ਅਤੇ ਇਸ ਦਾ ਸਹੀ ਤੇ ਪੱਕਾ ਇਲਾਜ ਹੋਣ ਦੀਆਂ ਸੰਭਾਵਨਾਵਾਂ ਮੱਧਮ ਪੈ ਜਾਂਦਿਆਂ ਹਨ। ਕੈਂਸਰ ਦਾ ਸਮੇਂ ਸਿਰ ਸਹੀ ਇਲਾਜ ਸ਼ੁਰੂ ਨਾ ਕਰਨ ਕਰਕੇ ਹੀ ਸਾਡੇ ਮੁਲਕ ਵਿੱਚ ਇਸ ਰੋਗ ਕਾਰਨ ਹੋਣ ਵਾਲੀਆਂ ਮੌਤਾਂ ਦੀ  ਗਿਣਤੀ ਵੱਧ ਹੈ। ਲਾਪਰਵਾਹੀ ਜਾਂ ਅਣਜਾਣਪੁਣੇ ਵਿੱਚ ਹੋਈ ਗ਼ਲਤੀ ਨਾਲ ਹੋਣ ਵਾਲੀਆਂ ਮੌਤਾਂ ਹੀ ਕੈਂਸਰ ਦੇ ਜਾਨਲੇਵਾ ਅਤੇ ਭਿਆਨਕ ਹੋਣ ਸਬੰਧੀ ਵਹਿਮ ਤੇ ਡਰ ਪੈਦਾ ਹੋ ਗਿਆ ਹੈ। ਇਹ ਧਾਰਨਾ ਦਰਅਸਲ, ਸੱਪ ਦੇ ਡੰਗ ਮਾਰਨ ਕਾਰਨ ਹੋਣ ਵਾਲੀ ਮੌਤ ਵਰਗੀ ਹੈ।  ਭਾਰਤ ਦੇ ਲਗਪਗ 90 ਫ਼ੀਸਦੀ ਸੱਪ ਅਜਿਹੇ ਹਨ ਜਿਨ੍ਹਾਂ ਦੇ ਕੱਟੇ ਜਾਣ ਕਾਰਨ ਮਨੁੱਖ ਮਰਦਾ ਨਹੀਂ ਪਰ ਫ਼ਿਰ ਵੀ ਸੱਪ ਦੇ ਕੱਟੇ ਜਾਣ ‘ਤੇ 90 ਫ਼ੀਸਦੀ ਲੋਕ ਮਰ ਜਾਂਦੇ ਹਨ। ਦਰਅਸਲ, ਉਹ ਸੱਪ ਦੇ ਡੰਗ ਕਾਰਨ ਜਾਂ ਉਸ ਦੀ ਜ਼ਹਿਰ ਕਰਕੇ ਨਹੀਂ ਮਰਦੇ ਬਲਕਿ ਸੱਪ ਸਬੰਧੀ ਮਨ ਵਿੱਚ ਪਏ ਵਹਿਮ ਅਤੇ ਡਰ ਕਾਰਨ ਦਿਲ ਫ਼ੇਲ੍ਹ ਹੋ ਜਾਣ ਕਰਕੇ ਮਰ ਜਾਂਦੇ ਹਨ। ਕੁਝ ਇਸ ਤਰ੍ਹਾਂ ਦਾ ਡਰ ਹੀ ਇਸ ਬਿਮਾਰੀ ਨਾਲ ਵੀ ਜੁੜਿਆ ਹੋਇਆ ਹੈ, ਕੁਝ ਲੋਕ ਕੈਂਸਰ ਦੀ ਬਿਮਾਰੀ ਕਾਰਨ ਤਾਂ ਨਹੀਂ ਮਰਦੇ ਪਰ   ਉਸ ਪ੍ਰਤੀ ਮਨ ਵਿੱਚ ਅਗਾਊਂ ਬੈਠੇ ਡਰ ਅਤੇ ਵਹਿਮ ਕਾਰਨ ਹੀ ਜਾਨ ਤੋਂ ਹੱਥ ਧੋ ਬੈਠਦੇ ਹਨ।
ਇਹ ਜਾਣਨਾ ਜ਼ਰੂਰੀ ਹੈ ਕਿ ਕੈਂਸਰ ਵੀ ਆਮ ਰੋਗਾਂ ਵਰਗੀ ਹੀ ਇੱਕ ਬਿਮਾਰੀ ਹੈ ਅਤੇ ਇਸ ਦੀਆਂ 90 ਫ਼ੀਸਦੀ ਕਿਸਮਾਂ ਦਾ ਪੱਕਾ ਇਲਾਜ ਸੰਭਵ ਹੈ, ਬਸ਼ਰਤੇ ਉਨ੍ਹਾਂ ਦੀ ਪਛਾਣ ਮੁਢਲੀ ਸਟੇਜ ਉੱਤੇ ਹੀ ਹੋ ਜਾਵੇ ਅਤੇ ਇਲਾਜ ਸਹੀ ਸਮੇਂ ‘ਤੇ ਸਹੀ ਡਾਕਟਰ ਕੋਲ ਸ਼ੁਰੂ ਹੋ ਜਾਵੇ।  ਕੈਂਸਰ ਦੀਆਂ ਕੇਵਲ 10 ਫ਼ੀਸਦੀ ਕਿਸਮਾਂ ਨੂੰ ਹੀ ਜ਼ਿਆਦਾ ਖ਼ਤਰਨਾਕ ਮੰਨਿਆ ਜਾ ਸਕਦਾ ਹੈ ਪਰ ਉਹ ਵੀ ਜਾਨਲੇਵਾ ਨਹੀਂ ਹਨ। ਸਮੇਂ ਸਿਰ ਸਹੀ ਇਲਾਜ ਨਾਲ ਇਸ ਬਿਮਾਰੀ ਦੇ ਮਰੀਜ਼ ਕਾਫ਼ੀ ਲੰਮਾਂ ਸਮਾਂ ਚੰਗੀ ਜ਼ਿੰਦਗੀ ਜਿਉਂ ਸਕਦੇ ਹਨ। ਇਹ ਵਾਚਣ ਦੀ ਜ਼ਰੂਰਤ ਹੈ ਕਿ ਦੇਸ਼ ਦੇ ਆਜ਼ਾਦ ਹੋਣ ਸਮੇਂ ਸਾਡੇ ਮੁਲਕ ਦੇ ਲੋਕਾਂ ਦੀ ਔਸਤ ਉਮਰ 38 ਸਾਲ ਸੀ। ਉਦੋਂ ਕੈਂਸਰ ਨਾ-ਮਾਤਰ ਹੀ ਸੀ ਪਰ ਛੂਤ ਦੀਆਂ ਬਿਮਾਰੀਆਂ ਜ਼ਿਆਦਾ ਸਨ। ਆਜ਼ਾਦੀ ਤੋਂ ਬਾਅਦ ਛੂਤ ਦੀਆਂ ਬਿਮਾਰੀਆ ਉੱਤੇ ਕਾਬੂ ਪਾਉਣ ਨਾਲ ਔਸਤ ਉਮਰ ਵਧ ਕੇ ਅੱਜਕੱਲ੍ਹ 70 ਸਾਲ ਹੋ ਗਈ ਹੈ ਹਾਲਾਂਕਿ ਇਸ ਸਮੇਂ ਦੌਰਾਨ ਕੈਂਸਰ ਦਾ ਰੋਗ ਵੀ ਵਧਿਆ ਹੈ।
ਕੈਂਸਰ ਦੇ ਪੈਦਾ ਹੋਣ ਅਤੇ ਵਧਣ-ਫ਼ੁੱਲਣ ਦੇ ਭਾਵੇਂ ਅਨੇਕਾਂ ਕਾਰਨ ਹਨ ਪਰ ਸਾਡੇ ਮੁਲਕ ਵਿੱਚ ਇਸ ਦਾ ਮੁੱਖ ਕਾਰਨ ਪ੍ਰਦੂਸ਼ਿਤ ਵਾਤਾਵਰਣ ਅਤੇ ਨਸ਼ਿਆਂ ਦੀ ਵਧ ਰਹੀ ਵਰਤੋਂ ਹੈ। ਤੰਬਾਕੂ-ਯੁਕਤ ਨਸ਼ੇ, ਮਾਸ ਅਤੇ ਸ਼ਰਾਬ ਦੀ ਵਰਤੋਂ ਮਨੁਖੀ ਸ਼ਰੀਰ ਅੰਦਰਲੇ ਸਿਹਤਮੰਦ ਸੈੱਲਾਂ ਨੂੰ ਕਮਜ਼ੋਰ ਕਰ ਦਿੰਦੀ ਹੈ ਜਿਸ ਨਾਲ ਕੈਂਸਰ ਅਤੇ ਹੋਰ ਬਿਮਾਰੀਆਂ ਦੇ ਸੈੱਲ ਭਾਰੂ ਹੋ ਜਾਂਦੇ ਹਨ ਅਤੇ ਸਾਡੇ ਸ਼ਰੀਰ ਨੂੰ ਰੋਗਾਂ ਵਿੱਚ ਜਕੜ ਲੈਂਦੇ ਹਨ। ਜਿਨ੍ਹਾਂ ਮੁਲਕਾਂ ਵਿੱਚ ਸ਼ਰਾਬ ਅਤੇ ਤੰਬਾਕੂ-ਯੁਕਤ ਨਸ਼ਿਆਂ ਦੀ ਮਨਾਹੀ ਹੈ, ਉੱਥੇ ਕੈਂਸਰ ਬਹੁਤ ਘੱਟ ਹੁੰਦਾ ਹੈ। ਸਿੱਖਾਂ ਵਿੱਚ ਵੀ ਤੰਬਾਕੂ ਕਾਰਨ ਹੋਣ ਵਾਲਾ ਕੈਂਸਰ ਘੱਟ ਹੈ ਪਰ ਸ਼ਰਾਬ ਦੀ ਵਰਤੋਂ ਵੱਧ ਕਰਨ ਕਰਕੇ ਇਹ ਵੀ ਕੈਂਸਰ ਦੀ ਮਾਰ ਹੇਠ ਆ ਗਏ ਹਨ। ਸ਼ਰਾਬ ਅਤੇ ਤੰਬਾਕੂ-ਯੁਕਤ ਨਸ਼ਿਆਂ ਨੂੰ ਰੋਕਣਾ ਸਾਡੇ ਆਪਣੇ ਹੱਥ ਵੱਸ ਹੈ। ਅਜਿਹਾ ਕਰਕੇ ਅਸੀਂ ਕੈਂਸਰ ਹੋਣ ਨੂੰ ਮੁੱਢੋਂ ਹੀ ਖਾਰਜ਼ ਕਰ ਸਕਦੇ ਹਾਂ। ਵਾਤਾਵਰਣ ਪ੍ਰਦੂਸ਼ਣ ਦਾ ਮਸਲਾ ਸਰਕਾਰ ਅਤੇ ਸਮਾਜ ਨਾਲ ਜੁੜਿਆ ਹੋਇਆ ਹੈ ਪਰ ਫ਼ਿਰ ਵੀ ਅਸੀਂ ਇਸ ਨੂੰ ਘਟਾਉਣ ਵਿੱਚ ਕਿਸੇ ਹੱਦ ਤਕ ਯੋਗਦਾਨ ਪਾ ਕੇ ਕੈਂਸਰ ਤੋਂ ਬਚਾਅ ਕਰ ਸਕਦੇ ਹਾਂ। ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਪ੍ਰਦੂਸ਼ਣ ਰਹਿਤ ਵਾਤਾਵਰਣ ਵਿੱਚ ਰਹਿਣ, ਸ਼ਰਾਬ, ਨਸ਼ਿਆਂ ਤੇ ਫ਼ਿਕਰਾਂ ਤੋਂ ਰਹਿਤ, ਸਾਦਾ ਸਾਫ਼ ਅਤੇ ਸ਼ੁੱਧ ਭੋਜਨ ਖਾਣ ਵਾਲੇ ਵਿਆਕਤੀ ਨੂੰ ਕੈਂਸਰ ਬਹੁਤ ਘੱਟ ਹੁੰਦਾ ਹੈ। ਲਗਾਤਾਰ ਹੋ ਰਹੀਆਂ ਖੋਜਾਂ, ਦਵਾਈਆਂ, ਤਕਨੀਕਾਂ, ਡਾਕਟਰੀ ਮੁਹਾਰਤ ਅਤੇ ਚੇਤਨਾ ਵਧਣ ਸਦਕਾ ਹੁਣ ਕੈਂਸਰ ਜਾਨਲੇਵਾ ਰੋਗ ਨਹੀਂ ਰਿਹਾ।
ਆਪਣੀ ਜੀਵਨ ਸ਼ੈਲੀ ਸੁਧਾਰ ਕੇ ਕੁਝ ਹੱਦ ਤਕ ਤਾਂ ਕੈਂਸਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕਦਾ ਹੈ ਜਦੋਂਕਿ ਕਾਫ਼ੀ ਹੱਦ ਤਕ ਇਸ ਦਾ ਪੂਰਾ ਇਲਾਜ ਵੀ ਸੰਭਵ ਹੈ। ਕੈਂਸਰ ਦੇ ਰੋਗ ਤੋਂ ਮੁਕਤੀ ਇਸ ਦੇ ਸਮੇਂ ਸਿਰ ਪਤਾ ਲੱਗਣ ਅਤੇ ਉਸ ਦੀ ਸਟੇਜ ਉੱਤੇ ਨਿਰਭਰ ਕਰਦੀ ਹੈ। ਇਸ ਮੰਤਵ ਲਈ ਕੈਂਸਰ ਦਾ ਥੋੜ੍ਹਾ ਬਹੁਤਾ ਸ਼ੱਕ ਪੈਣ ‘ਤੇ ਕੈਂਸਰ ਦੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਸਾਲ ਵਿੱਚ ਇੱਕ ਵਾਰ ਆਪਣੇ ਸ਼ਰੀਰ ਦੀ ਕੈਂਸਰ ਮਾਹਿਰ ਤੋਂ ਜਾਂਚ ਕਰਵਾ ਲੈਣੀ ਫ਼ਾਇਦੇਮੰਦ ਹੋ ਸਕਦੀ ਹੈ। ਜਦੋਂ ਕਿਸੇ ਵਿਅਕਤੀ ਉੱਪਰ ਕੈਂਸਰ ਦੇ ਹਮਲੇ ਦੀ ਜਾਣਕਾਰੀ ਹੋ ਜਾਵੇ ਤਾਂ ਦੇਸੀ ਨੀਮ ਹਕੀਮਾਂ, ਜਾਦੂ-ਟੂਣਿਆਂ ਅਤੇ ਧਾਗੇ-ਤਵੀਤਾਂ ਦੇ ਚੱਕਰ ਵਿੱਚ ਪੈਣ ਦੀ ਬਜਾਏ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਕੈਂਸਰ ਮਾਹਿਰ  ਡਾਕਟਰ ਤੋਂ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ।ਇਹ ਭੁਲੇਖੇ ਵੀ ਮਨ ਵਿੱਚੋਂ ਦੂਰ ਕਰ ਲੈਣ ਦੀ ਜ਼ਰੂਰਤ ਹੈ ਕਿ ਕੈਂਸਰ ਦਾ ਇਲਾਜ ਬਹੁਤ ਜ਼ਿਆਦਾ ਮਹਿੰਗਾ ਹੈ। ਹਕੀਕਤ ਇਹ ਹੈ ਕਿ ਇਸ ਦਾ ਇਲਾਜ ਵੀ ਦੂਜੀਆਂ ਹੋਰ ਬਿਮਾਰੀਆਂ ਵਰਗਾ ਹੀ ਹੈ ਅਤੇ ਪੈਸੇ ਵੀ ਲਗਪਗ ਉਨ੍ਹਾਂ ਦੇ ਇਲਾਜ ਜਿੰਨੇ ਹੀ ਲਗਦੇ ਹਨ, ਬਸ਼ਰਤੇ ਕਿ ਡਾਕਟਰ ਦੀ ਚੋਣ ਸਹੀ ਕੀਤੀ ਜਾਵੇ। ਇਹ ਠੀਕ ਹੈ ਕਿ ਇਸ ਦੀਆਂ ਦਵਾਈਆਂ ਜ਼ਰੂਰ ਕੁਝ ਮਹਿੰਗੀਆਂ ਹਨ ਪਰ ਸੂਝਵਾਨ ਮਾਹਿਰ ਡਾਕਟਰ ਉਨ੍ਹਾਂ ਦੀ ਸੁਯੋਗ ਵਰਤੋਂ ਕਰਕੇ ਪੀੜਤਾਂ ਦਾ ਖ਼ਰਚ ਕਾਫ਼ੀ ਘਟਾ ਸਕਦਾ ਹੈ। ਬਿਮਾਰੀ ਦਾ ਪਤਾ ਲੱਗਣ ‘ਤੇ ਤੁਰੰਤ ਮਾਹਿਰ ਡਾਕਟਰ ਤੋਂ ਇਲਾਜ ਸ਼ੁਰੂ ਕਰਾਉਣਾ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਸਲਾਮਤ ਇਲਾਜ ਨਾਲ ਹੀ ਰਹਿ ਸਕਦੀ ਹੈ।
-ਡਾ. ਦੇਵਿੰਦਰ ਸਿੰਘ ਸੰਧੂ

LEAVE A REPLY