ਪਿਆਰ ਇਕ ਖੂਬਸੂਰਤ ਅਹਿਸਾਸ ਹੁੰਦਾ ਹੈ ਜੋ ਹਰ ਪਤਨੀ ਦੀ ਚਾਹਤ ਹੁੰਦੀ ਹੈ। ਇਸ ਅਹਿਸਾਸ ਨਾਲ ਘਰ ਸਵਰਗ ਬਣ ਜਾਂਦਾ ਹੈ। ਪਤੀ-ਪਤਨੀ ਰਿਸ਼ਤੇ ਵਿਚ ਜਦੋਂ ਪਿਆਰ ਦੀ ਖੁਸ਼ਬੂ ਸਾਰੇ ਘਰ ਵਿਚ ਮਹਿਕਦੀ ਹੈ ਤਾਂ ਸਾਰੀ ਕਾਇਨਾਤ ਵਿਚ ਹਜ਼ਾਰੋਂ ਫੁੱਲ ਖਿੜ ਜਾਂਦੇ ਹਨ। ਦੋਵਾਂ ਨੂੰ ਜ਼ਿੰਦਗੀ ਜਿਊਣ ਦਾ ਮਕਸਦ ਮਿਲ ਜਾਂਦਾ ਹੈ। ਘਰ ਦੇ ਬਗੀਚੇ ਵਿਚ ਖਿੜੇ ਫੁੱਲਾਂ ਦੀ ਮਹਿਕ ਸਮੁੱਚੇ ਵਾਤਾਵਰਣ ਨੂੰ ਰੰਗੀਨ ਅਤੇ ਹੁਸੀਨ ਬਣਾ ਦਿੰਦੀ ਹੈ। ਜਦੋਂ ਢਲਦੇ ਸੂਰਜ ਪਤੀ ਘਰ ਵੱਲ ਨੂੰ ਮੋੜ ਕੱਟਦਾ ਹੈ ਤਾਂ ਸੁਹਾਵਣੇ ਮੌਸਮ ਦੀ ਸੁਰਮਈ ਦਸਤਕ ਸੁਣ ਪਤਨੀ ਸਵਾਗਤ ਲਈ ਤਿਆਰ ਹੁੰਦੀ ਹੈ। ਉਹ ਆਪਣੇ ਮੱਥੇ ‘ਤੇ ਆਂਚਲ ਸੰਵਾਰ ਕੇ ਹੋਰ ਖੂਬਸੂਰਤ ਬਣਾ ਲੈਂਦੀ ਹੈ ਕਿਉਂਕਿ ਉਸਨੂੰ ਪਤਾ ਹੈ ਕਿ ਉਸਦੇ ਸਿਰ ਦੇ ਸਾਈਂ ਨੂੰ ਇਹ ਪਸੰਦ ਹੈ। ਉਨਾਭੀ ਰੰਗ ਦੇ ਦੁਪੱਟੇ ਵਾਲੀ ਆਪਣੀ ਨਾਰ ਨੂੰ ਵੇਖ ਉਸਦੇ ਮਨ ਵਿਚ ਖੇੜਾ ਆ ਜਾਂਦਾ ਹੈ। ਜਿਹੜੀਆਂ ਔਰਤਾਂ ਆਪਣੇ ਪਤੀ ਦੇ ਦਿਲ ‘ਤੇ ਰਾਜ ਕਰਨਾ ਚਾਹੁੰਦੀਆਂ ਹਨ, ਉਹਨਾਂ ਨੂੰ ਪਤੀ ਦੀ ਹਰ ਪਾਸੰਦ ਅਤੇ ਨਾਪਸੰਦ ਚੀਜ਼ ਦਾ ਪਤਾ ਹੁੰਦਾ ਹੈ। ਪਤੀ ਨੂੰ ਕਿਹੜਾ ਰੰਗ ਪਸਦ ਹੈ, ਉਸ ਨੂੰ ਕਿਸ ਕਿਸਮ ਦੇ ਕੱਪੜੇ ਪਸੰਦ ਹਨ। ਕਦੋਂ ਉਸਨੂੰ ਸ਼ੋਰ ਪਸੰਦ ਹੈ ਅਤੇ ਕਦੋਂ ਉਸਦਾ ਦਿਲ ਮਧੁਰ ਸੰਗੀਤ ਲਈ ਲੋਚਦਾ ਹੈ। ਖਾਣ-ਪੀਣਲਈ ਪਤੀ ਦੇ ਪਸੰਦ ਦੀਆਂ ਚੀਜ਼ਾਂ ਦੀ ਸੂਚੀ ਉਸਦੇ ਜ਼ੁਬਾਨੀ ਯਾਦ ਹੁੰਦੀ ਹੈ।
1. ਦਿਲ ਦਾ ਰਸਤਾ ਰਸੋਈ ਵਿਚੋਂ ਦੀ:
ਯਾਦ ਰੱਖੋ, ਜਿਵੇਂ ਮਰਦਾਂ ਨੂੰ ਸੱਜੀ ਸੰਵਰੀ ਅਤੇ ਸਾਫ-ਸੁਥਰੇ ਕੱਪੜੇ ਪਹਿਨੇ ਸਲੀਕੇ ਵਾਲੀ ਔਰਤ ਪਸੰਦ ਹੁੰਦੀ ਹੈ, ਉਵੇਂ ਹੀ ਪਤੀ ਦੇ ਜੀਭ ਦੇ ਸਵਾਦ ਦਾ ਖਿਆਲ ਰੱਖਣ ਵਾਲੀ ਤ੍ਰੀਮਤ ਹਮੇਸ਼ਾ ਪਤੀ ਦੇ ਦਿਲ ਨੇੜੇ ਰਹਿੰਦੀ ਹੈ। ਇਸ ਅਖਾਣ ਵਿਚ ਪੂਰੀ ਸਚਾਈ ਹੈ ਕਿ ਪਤੀ ਦੇ ਦਿਲ ਦੇ ਦਰਵਾਜ਼ੇ ਦਾ ਰਸਤਾ ਰਸੋਈ ਵਿਚੋਂ ਦੀ ਹੋ ਕੇ ਜਾਂਦਾ ਹੈ। ਸਿਆਣੀਆਂ ਔਰਤਾਂ ਪਤੀ ਦੇ ਦਿਲ ‘ਤੇ ਰਾਜ ਕਰਨ ਲਈ ਇਸ ਰਸਤੇ ਨੂੰ ਇਸਤੇਮਾਲ ਕਰਦੀਆਂ ਹਨ। ਆਪਣੀ ਆਰਥਿਕ ਹਾਲਤ ਅਨੁਸਾਰ ਨਿੱਤ ਨਵੇਂ ਪਕਵਾਨ ਪਤੀ ਨੂੰ ਖਿੱਚ ਪਾਉਂਦੇ ਹਨ। ਸਿਆਣੇ ਮਾਪੇ ਆਪਣੀਆਂ ਧੀਆਂ ਨੂੰ ਰਸੋਈ ਦੇ ਕੰਮ ਦੀ ਚੰਗੀ ਤਰ੍ਹਾਂ ਸਿੱਖਿਆ ਦੇ ਕੇ ਭੇਜਦੇ ਹਨ। ਬਹੁਤ ਸਾਰੀਆਂ ਔਰਤਾਂ ਵਿਆਹ ਤੋਂ ਬਾਅਦ ਕੁਕਿੰਗ ਵਿਚ ਮਾਹਿਰ ਹੋ ਜਾਂਦੀਆਂ ਹਨ। ਪਤੀ ਦੀਆਂ ਨਜ਼ਰਾਂ ਵਿਚ ਚੰਗਾ ਬਣਨ ਲਈ ਇਹ ਕੋਈ ਵੱਡੀ ਕੁਰਬਾਨੀ ਨਹੀਂ।
2. ਮਰਦ ਨੂੰ ਆਜ਼ਾਦੀ ਪਸੰਦ
ਇਕ ਹੋਰ ਸੂਤਰ ਬਹੁਤ ਅਹਿਮ ਹੈ ਪਤੀਆਂ ਦਾ ਦਿਲ ਜਿੱਤਣ ਲਈ, ਉਹ ਹੈ ਆਜ਼ਾਦੀ। ਮਰਦ ਆਮ ਤੌਰ ‘ਤੇ ਆਜ਼ਾਦ ਤਬੀਅਤ ਦੇ ਮਾਲਕ ਹੁੰਦੇ ਹਨ। ਘਰ ਆਉਣ ਜਾਣ ਦਾ ਕੋਈ ਬੱਝਵਾਂ ਸਮਾਂ ਨਹੀਂ ਹੁੰਦਾ। ਵਿਆਹ ਤੋਂ ਬਾਅਦ ਬਹੁਤ ਸਾਰੇ ਮਰਦ ਇਸ ਤਰ੍ਹਾਂ ਦੇ ਅਨੁਸ਼ਾਸਨ ਨੁੰ ਆਪਣੀ ਆਜ਼ਾਦੀ ਵਿਚ ਦਖਲਅੰਦਾਜ਼ੀ ਸਮਝਦੇ ਹਨ। ਇਹ ਗੱਲ ਦਰੁੱਸਤ ਹੈ ਕਿ ਵਿਆਹ ਤੋਂ ਬਾਅਦ ਪਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹੁਣ ਕੋਈ ਸਿਰਫ ਉਸਨੂੰ ਉਡੀਕ ਰਿਹਾ ਹੈ। ਭਾਵੇਂ ਘਰ ਵਿਚ ਮਾਂ-ਪਿਓ, ਭੈਣ-ਭਰਾ ਅਤੇ ਹੋਰ ਲੋਕ ਵੀ ਹੋਣ ਪਰ ਪਤਨੀ ਦੀ ਅੱਖ ਤਾਂ ਹਮੇਸ਼ਾ ਆਪਣੇ ਕੰਤ ਨੂੰ ਭਾਲਦੀ ਹੈ। ਪਤੀ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਤਾਂ ਠੀਕ ਹੈ ਪਰ ਦੂਜੇ ਪਾਸੇ ਪਤਨੀ ਵੱਲੋਂ ਇਸ ਗੱਲ ਨੁੰ ਲੈ ਕੇ ਨਿੱਤ ਕਲੇਸ਼ ਕਰਨਾ ਵੀ ਪਤੀ ਨੂੱ ਚਿੜਚਿੜਾ ਬਣਾ ਦਿੰਦਾ ਹੈ। ਇਸ ਪੱਖੋਂ ਪਤਨੀਆਂ ਨੂੰ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਪਤੀਆਂ ਉਪਰ ਜ਼ਿਆਦਾ ਸਖਤੀ ਨਹੀਂ ਵਰਤਣੀ ਚਾਹੀਦੀ। ਪੁਰਾਣੀ ਆਜ਼ਾਦੀ ਨੂੰ ਹੌਲੀ ਹੌਲੀ ਖਤਮ ਕਰਨਾ ਚਾਹੀਦਾ ਹੈ।
3. ਆਪਾ ਗਵਾ ਕੇ ਹੀ ਦਿਲ ਜਿੱਤਿਆ ਜਾਂਦੈ:
ਪਤੀ ਦੇ ਮਨ ਨੂੰ ਭਾਉਣ ਵਾਲੀ ਤ੍ਰੀਮਤ ਬਣਨਾ ਸੌਖਾ ਨਹੀਂ। ਧੀ ਦੀਆਂ ਜੰਮਣ ਤੋਂ ਲੈ ਕੇ ਪਤਨੀ, ਮਾਂ ਅਤੇ ਸੱਸ ਸਾਰੀਆਂ ਭੂਮਿਕਾਵਾਂ ਨਿਭਾਉਣੀਆਂ ਬਹੁਤ ਔਖੀਆਂ ਹਨ। ਸੰਯੁਕਤ ਪਰਿਵਾਰ ਵਿਚ ਰਹਿੰਦਿਆਂ ਸਹੁਰੇ ਪਰਿਵਾਰ ਦੀ ਖੁਸ਼ੀ ਦਾ ਧਿਆਨ ਰੱਖਦਿਆਂ ਪਤੀਦੇਵ ਦੇ ਦਿਲ ਵਿਚ ਥਾਂ ਬਣਾਉਣਾ ਵੱਡਾ ਇਮਤਿਹਾਨ ਹੈ। ਇਹ ਇਮਤਿਹਾਨ ਹੋਰ ਵੀ ਮੁਸ਼ਕਿਲ ਹੁੰਦਾ ਹੈ, ਜਦੋਂ ਔਰਤ ਖੁਦ ਨੌਕਰੀਪੇਸ਼ਾ ਹੋਵੇ। ਜੇ ਕਿਤੇ ਸਹੁਰੇ ਲਾਲਚੀ ਟੱਕਰ ਜਾਣ ਤਾਂ ਜ਼ਿੰਦਗੀ ਦਾ ਨਰਕ ਬਣਨਾ ਲਾਜ਼ਮੀ ਹੁੰਦਾ ਹੈ। ਅਜਿਹੇ ਹਾਲਾਤ ਵਿਚ ਕਿਸੇ ਔਰਤ ਦੀ ਸ਼ਖਸੀਅਤ ਵਿਚਲੇ ਸਬਰ, ਸੰਤੋਖ, ਸਹਿਜ, ਸਹਿਣਸ਼ਕਤੀ ਅਤੇ ਸਿਆਣਪ ਆਦਿ ਗੁਣ ਹੀ ਗ੍ਰਹਿਸਥੀ ਦੀ ਨਈਆ ਨੂੰ ਡੁੱਬਣੋਂ ਬਚਾਉਂਦੇ ਹਨ। ਜਿਸ ਔਰਤ ਵਿਚ ਆਪਾ ਗਵਾਉਣ ਦੀ ਤਾਕਤ ਹੁੰਦੀ ਹੈ, ਉਹ ਦੇਰ ਸਵੇਰ ਆਪਣੇ ਕੰਤ ਦੇ ਦਿਲ ‘ਤੇ ਰਾਜ ਕਰ ਹੀ ਲੈਂਦੀ ਹੈ।
4. ਪਤੀ ਦੇ ਮਹਿਮਾਨਾਂ ਦੀ ਆਓ ਭਗਤ:
ਕਈ ਵਾਰ ਪਤੀ ਬਿਨਾਂ ਪਹਿਲਾਂ ਦੱਸੇ ਦੋ ਚਾਰ ਦੋਸਤਾਂ ਮਿੱਤਰਾਂ ਨੂੰ ਘਰ ਲੈ ਆਉਂਦਾ ਹੈ। ਮਹਿਫਲ ਤੋਂ ਬਾਅਦ ਪ੍ਰਸ਼ਾਦਾ ਪਾਣੀ ਵੀ ਛਕਣਾ ਹੋਇਆ। ਬੱਸ, ਫਿਰ ਕਈ ਵਾਰ ਮਹਿਮਾਨਾਂ ਸਾਹਮਣੇ ਵੀ ਆਪਣੇ ਮੂੰਹ ‘ਤੇ ਝਲਕਦੇ ਗੁੱਸੇ ਨੂੰ ਨਹੀਂ ਛੁਪਾ ਸਕਦੀ ਘਰ ਦੀ ਤ੍ਰੀਮਤ। ਇਸੇ ਤਰ੍ਹਾਂ ਸਹੁਰੇ ਘਰ ਤੋਂ ਆਏ ਮਹਿਮਾਨਾਂ ਨੂੰ ਵੇਖ ਕੇ ਹੀ ਬਹੁਤ ਸਾਰੀਆਂ ਔਰਤਾਂ ਮੂੰਹ ਚਿੜਾ ਲੈਂਦੀਆਂ ਹਨ। ਜੇ ਸੱਚਮੁਚ ਹੀ ਤੁਸੀਂ ਪਤੀ ਨੂੰ ਵੱਸ ਵਿਚ ਕਰਨਾ ਚਾਹੁੰਦੇ ਹੋ ਤਾਂ ਉਸਦੇ ਮਹਿਮਾਨਾਂ ਦੀ ਖਿੜੇ ਮੱਥੇ ਆਓ ਭਗਤ ਕਰਨ ਦੀ ਆਦਤ ਪਾਓ। ਖਾਸ ਤੌਰ ‘ਤੇ ਆਪਣੇ ਸੱਸ, ਸਹੁਰੇ ਅਤੇ ਨਨਾਣ ਆਦਿ ਦੀ ਆਮਦ ‘ਤੇ ਉਵੇਂ ਹੀ ਖੁਸ਼ੀ ਪ੍ਰਗਟ ਕਰੋ ਜਿਵੇਂ ਆਪਣੇ ਮਾਪਿਆਂ ਅਤੇ ਭਰਾਵਾਂ ਦੇ ਆਉਣ ‘ਤੇ ਕਰਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਪਤੀ ਦੇ ਦਿਲ ਵਿਚ ਜਗ੍ਹਾ ਬਣਾ ਸਕੋਗੇ।
5. ਪਤੀ ‘ਤੇ ਸ਼ੱਕ ਨਾ ਕਰੋ
ਅੱਜਕਲ੍ਹ ਦਫਤਰਾਂ ਵਿਚ ਔਰਤ ਮਰਦ ਇਕੱਠੇ ਕੰਮ ਕਰਦੇ ਹਨ। ਬਹੁਤ ਸਾਰੀਆਂ ਔਰਤਾਂ ਅੰਦਰ ਅਸੁਰੱਖਿਆ ਦੀ ਭਾਵਨਾ ਜ਼ਰੂਰਤ ਤੋਂ ਵੱਧ ਹੁੰਦੀ ਹੈ। ਇਸੇ ਭਾਵਨਾ ਦੇ ਅੰਤਰਗਤ ਪਤਨੀ ਆਪਣੇ ਪਤੀ ਨੂੰ ਹਰ ਵਕਤ ਸ਼ੱਕ ਦੀ ਨਿਗ੍ਹਾ ਨਾਲ ਵੇਖਦੀ ਹੈ। ਪਤੀ ਦੇ ਫੋਨ, ਫੇਸਬੁੱਕ ਅਤੇ ਵਟਸਅਪ ਆਦਿ ਦੀ ਪੁਲਸੀਆ ਪਰਖ ਪੜਤਾਲ ਕਰਦੀ ਰਹਿੰਦੀ ਹੈ। ਸ਼ੱਕ ਦੀ ਵਜ੍ਹਾ ਨਾਲ ਕਲੇਸ਼ ਰਹਿੰਦਾ ਹੈ। ਜੇ ਪਤੀ ਜ਼ਰਾ ਟਰੈਫਿਕ ਵਿਚ ਫਸ ਕੇ ਲੇਟ ਹੋ ਜਾਵੇ ਤਾਂ ਅਜਿਹਾ ਕਾਟੋ ਕਲੇਸ਼ ਸ਼ੁਰੂ ਹੋ ਜਾਂਦਾ ਹੈ, ਜਿਸਦਾ ਅੰਤ ਗਾਲੀ-ਗਲੋਚ ਨਾਲ ਹੁੰਦਾ ਹੈ। ਇਹ ਵਰਤਾਰਾ ਸਿਰਫ ਇੱਥੇ ਹੀ ਨਹੀਂ ਸਗੋਂ ਵਿਕਸਤ ਦੇਸ਼ਾਂ ਵਿਚ ਵੀ ਪਾਇਆ ਜਾਂਦਾ ਹੈ। ਕੈਨੇਡਾ ਵਿਚ ਰਹਿੰਦੀ ਮੇਰੀ ਇਕ ਦੋਸਤ ਦਾ ਪੇਸ਼ਾ ਹੀ ਸ਼ੱਕੀ ਔਰਤਾਂ ਅਤੇ ਮਰਦਾਂ ਲਈ ਜਾਸੂਸੀ ਕਰਨਾ ਹੈ। ਉਸਦੇ ਦੱਸਣ ਅਨੁਸਾਰ ਬਹੁਤ ਸਾਰੀਆਂ ਦੇਸੀ ਔਰਤਾਂ ਆਪਣੇ ਪਤੀਆਂ ਦੀ ਜਾਸੂਸੀ ਲਈ ਹਜ਼ਾਰਾਂ ਡਾਲਰ ਖਰਚ ਰਹੀਆਂ ਹਨ। ਜਦੋਂ ਕੋਈ ਔਰਤ ਆਪਣੇ ਪਤੀ ‘ਤੇ ਸ਼ੱਕ ਕਰਦੀ ਹੈ ਜਾਂ ਸ਼ੱਕ ਦੀ ਵਜ੍ਹਾ ਕਾਰਨ ਘਰ ਵਿਚ ਕਲੇਸ਼ ਰਹਿੰਦਾ ਹੈ, ਤਾਂ ਉਥੇ ਪਿਆਰ ਦਾ ਫੁੱਲ ਕਿਵੇਂ ਖਿੜ ਸਕਦਾ ਹੈ। ਪ੍ਰੇਮ ਦੇ ਬੂਟਾ ਲਈ ਤਾਂ ਸ਼ਾਂਤਮਈ ਪਿਆਰ ਭਰਿਆ ਵਾਤਾਵਰਣ ਲੋੜੀਂਦਾ ਹੈ। ਸੋ, ਸ਼ੱਕ ਦੀ ਥਾਂ ਪਿਆਰ ਕਰੋ। ਪਿਆਰ ਨਾਲ ਜਿੱਤੋ ਆਪਣੇ ਪਤੀ ਦਾ ਦਿਲ।
6. ਗੁੱਸੇ ਨਾਲ ਘਰ ਨਹੀਂ ਵੱਸਦੇ :
ਤਿੰਨ ਚੀਜ਼ਾਂ ਬੰਦੇ ਨੂੰ ਘਰੋਂ ਬਾਹਰ ਭੱਜਣ ਨੂੰ ਮਜਬੂਰ ਕਰ ਸਕਦੀਆਂ ਹਨ- ਧੂੰਆ, ਤੇਜ਼ ਬਾਰਿਸ਼ ਅਤੇ ਗੁੱਸੇਖੋਰ ਪਤਨੀ। ਉਕਤ ਮੁਹਾਵਰੇ ਦੀ ਸਚਾਈ ਉਹ ਜਾਣਦੇ ਹਨ, ਜਿਹਨਾਂ ਦੀ ਪਤਨੀ ਦਾ ਸੁਭਾਅ ਗੁਸੈਲਾ ਹੈ। ਸਫਲ ਗ੍ਰਹਿਸਥ ਜ਼ਿੰਦਗੀ ਜਿਊਣ ਵਾਲੀਆਂ ਔਰਤਾਂ ਦਾ ਸੁਭਾਅ ਨਰਮ ਹੁੰਦਾ ਹੈ। ਔਰਤ ਦਾ ਗਰਮ ਸੁਭਾਅ ਘਰ ਨੂੰ ਨਰਕ ਬਣਾ ਦਿੰਦਾ ਹੈ ਅਤੇ ਮਰਦ ਨੂੰ ਚਿੜਚਿੜਾ। ਸਾਊ ਪਤਨੀ ਆਪਣੇ ਪਤੀ ਨੂੰ ਮਾੜੇ ਰਾਹਾਂ ਤੋਂ ਬਚਾ ਕੇ ਰੱਖਦੀ ਹੈ ਅਤੇ ਘਰ ਨੂੰ ਸਵਰਗ ਬਣਾ ਦਿੰਦੀ ਹੈ।
ਗੁੱਸਾ ਦਿਲ ‘ਚ ਬਲਦੀ ਅੱਗ ਹੁੰਦਾ ਹੈ ਅਤੇ ਚੰਗੀ ਪਤਨੀ ਦੇ ਦਿਲ ਵਿਚ ਅੱਗ ਨਹੀਂ ਪਿਆਰ ਹੁੰਦਾ ਹੈ। ਗੁੱਸੇ ਅਤੇ ਕ੍ਰੋਧ ਨਾਲ ਘਰ ਨਹੀਂ ਵੱਸਦੇ, ਇਹ ਗੱਲ ਦੋਵੇਂ ਜੀਆਂ ਨੂੰ ਪੱਲੇ ਬੰਨ੍ਹ ਕੇ ਵਿਆਹ ਕਰਵਾਉਣਾ ਚਾਹੀਦਾ ਹੈ। ਪਤੀ ਅਤੇ ਬੱਚੇ ਪਿਆਰ ਨਾਲ ਸੁਧਰਦੇ ਅਤੇ ਗੁੱਸੇ ਨਾਲ ਵਿਗੜਦੇ ਹਨ। ਹਰ ਛੋਟੀ-ਛੋਟੀ ਗੱਲ ‘ਤੇ ਗੁੱਸਾ ਅਤੇ ਕਲੇਸ਼ ਕਰਨ ਵਾਲੀਆਂ ਔਰਤਾਂ ਨੂੰ ਆਪਣੇ ਸੁਭਾਅ ਵਿਚ ਤਬਦੀਲੀ ਲਿਆ ਕੇ ਪਤੀ ਦਾ ਦਿਲ ਜਿੱਤਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਮਾਂ ਦੇ ਲਾਡਲਿਆਂ, ਜਿਹਨਾਂ ਨੂੰ ਅੰਗਰੇਜ਼. ਵਿਚ ‘ਮਾਮ’ਜ਼ ਬੁਆਏ’ ਕਿਹਾ ਜਾਂਦਾ ਹੈ, ਨੂੰ ਵੀ ਮਾਂ ਵਰਗੇ ਪਿਆਰ ਨਾਲ ਪਤਨੀ ਵੱਸ ਵਿਚ ਕਰ ਸਕਦੀ ਹੈ।
7. ਮਰਦ ਹਉਮੈ ਨੂੰ ਚੈਲਿੰਜ ਕਰਨਾ ਠੀਕ ਨਹੀਂ :
ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਮਰਦ ਹਉਮੈ ਨੂੰ ਲਲਕਾਰਨਾ ਆਪਣੀ ਘਰ ਗ੍ਰਹਿਸਥੀ ਨੂੰ ਬਰਬਾਦੀ ਦੇ ਰਾਹ ਲਿਜਾਣਾ ਹੁੰਦਾ ਹੈ। ਆਪਣੇ ਪਤੀ ਦੀ ਨਾ ਤਾਂ ਕਦੇ ਕਿਸੇ ਹੋਰ ਮਰਦ ਨਾਲ ਤੁਲਨਾ ਕਰੋ ਅਤੇ ਨਾ ਹੀ ਆਲੋਚਨਾ। ਪਤੀ ਦੇ ਦਿਲ ਵਿਚ ਨਫਰਤ ਜਗਾਉਣ ਲਈ ਇੰਨਾ ਕਹਿਣਾ ਕਾਫੀ ਹੈ ਕਿ ਫਲਾਣਾ ਬੰਦਾ ਤੁਹਾਡੇ ਨਾਲ ਹੀ ਪੜ੍ਹਦਾ ਸੀ, ਅੱਜ ਉਸ ਕੋਲ ਕੋਠੀ ਹੈ, ਕਾਰ ਹੈ, ਸਭ ਕੁਝ ਹੈ, ਤੁਹਾਡੇ ਕੋਲ ਕੀ ਹੈ। ਆਰਥਿਕ ਤੰਗੀ ਤੋਂ ਦੁਖੀ ਪਤਨੀ ਨੇ ਇਹ ਕਹਿ ਕੇ ਆਪਣਾ ਗੁਬਾਰ ਤਾਂ ਕੱਢ ਲਿਆ ਪਰ ਉਸ ਭੋਲੀ ਨੂੰ ਇਹ ਨਹੀਂ ਪਤਾ ਕਿ ਉਸਨੇ ਪਤੀ ਦੇ ਮਨ ਵਿਚ ਨਫਰਤ ਬੀਜ ਦਿੱਤੀ ਹੈ। ਇਸੇ ਤਰ੍ਹਾਂ ਕੋਈ ਵੀ ਸਿਆਣੀ ਪਤਨੀ ਸਰੀਰਕ ਸਬੰਧ ਬਣਾਉਣ ਸਮੇਂ ਅਸਫਲ ਰਹਿਣ ਵਾਲੇ ਪਤੀ ਨੂੰ ਮਿਹਣਾ ਨਹੀਂ ਮਾਰਦੀ। ਸਗੋਂ ਪਿਆਰ ਅਤੇ ਸਹਿਯੋਗ ਨਾਲ ਉਸਦੇ ਸੁਆਚੇ ਆਤਮ-ਵਿਸ਼ਵਾਸ ਨੂੰ ਜਗਾਉਣ ਵਿਚ ਮਦਦ ਕਰਦੀ ਹੈ। ਅਜਿਹੇ ਸਮੇਂ ਪਤੀ ਨਾਲ ਕੀਤੇ ਗਲਤ ਵਿਵਹਾਰ ਨਾਲ ਉਹ ਅਹਿਸਾਸ-ਏ-ਕਮਤਰੀ ਦਾ ਸ਼ਿਕਾਰ ਹੋ ਜਾਂਦਾ ਹੈ। ਸੋ, ਸਫਲ ਗ੍ਰਹਿਸਥੀ ਦਾ ਮੰਤਰ ਸਮਝੋ ਅਤੇ ਕਦੇ ਵੀ ਪਤੀ ਦੀ ਕਿਸੇ ਹੋਰ ਨਾਲ ਤੁਲਨਾ ਨਾ ਕਰੋ। ਆਲੋਚਨਾ ਅਤੇ ਨੁਕਤਾਚੀਨੀ ਨਾ ਕਰੋ। ਸਗੋਂ ਉਸਨੂੰ ਸਹਿਯੋਗ, ਹਮਦਰਦੀ ਅਤੇ ਹੌਸਲਾ ਦਿਓ। ਇਹ ਪਤੀ ਦਾ ਮਨ ਜਿੱਤਣ ਦਾ ਮੰਤਰ ਹੈ।
8. ਪ੍ਰਸੰਸਾ ਕਰਨ ਦੀ ਆਦਤ ਪਾਓ:
ਇਹ ਅਟੱਲ ਸਚਾਈ ਹੈ ਕਿ ਹਰ ਵਿਅਕਤੀ ਪ੍ਰਸੰਸਾ ਦੀ ਚਾਹਤ ਰੱਖਦਾ ਹੈ। ਪਤੀ-ਪਤਨੀ ਨੂੰ ਇਕ-ਦੂਜੇ ਦੇ ਸਹੀ ਕੰਮਾਂ ਦੀ ਪ੍ਰਸੰਸਾ ਕਰਨੀ ਚਾਹੀਦੀ ਹੈ। ਪ੍ਰਸੰਸਾ ਕਰਨ ਦੇ ਅਨੇਕਾਂ ਮੌਕੇ ਮਿਲਦੇ ਹਨ ਅਤੇ ਪਤਨੀ ਨੂੰ ਕਦੇ ਵੀ ਚੂਕ ਨਹੀਂ ਕਰਨੀ ਚਾਹੀਦੀ ਹੈ। ਕੱਪੜਿਆਂ ਦੀ ਪ੍ਰਸੰਸਾ, ਚੰਗੇ ਸਰੀਰ ਦੀ ਪ੍ਰਸੰਸਾ, ਚੰਗੇ ਕੰਮਾਂ ਦੀ ਪ੍ਰਸੰਸਾ ਅਤੇ ਚੰਗੀਆਂ ਗੱਲਾਂ ਦੀ ਪ੍ਰਸੰਸਾ ਜ਼ਰੂਰ ਕਰੋ। ਇਹ ਅਹਿਸਾਸ ਕਰਵਾਓ ਕਿ ਉਹ ਤੁਹਾਡੇ ਲਈ ਸਪੈਸ਼ਲ ਹੈ, ਵਿਸ਼ੇਸ਼ ਹੈ, ਉਸ ਵਰਗਾ ਕੋਈ ਹੋਰ ਨਹੀਂ। ਹਰ ਪਿਆਰਾ ਇਹ ਚਾਹੁੰ੿ਦਾ ਹੈ ਕਿ ਉਸਦੀ ਪ੍ਰੇਮਿਕਾ ਦੀ ਨਜ਼ਰ ਵਿਚ ਉਹ ਵਿਸ਼ੇਸ਼ ਹੋਵੇ, ਸਪੈਸ਼ਲ ਹੋਵੇ। ਸਿਆਣੀ ਪਤਨੀ ਅਜਿਹਾ ਅਹਿਸਾਸ ਕਰਾਉਣ ਵਿਚ ਕਾਮਯਾਬ ਹੁੰਦੀ ਹੈ।
10. ਪਤਨੀ ਚੰਗੀ ਸਰੋਤਾ ਹੋਵੇ:
ਸਭ ਤੋਂ ਔਖਾ ਅਤੇ ਜ਼ਰੂਰੀ ਗੁਣ ਸੁਣਨ ਦਾ ਹੁੰਦਾ ਹੈ। ਇਸ ਗੁਣ ਵਿਚ ਮਾਹਿਰ ਔਰਤ ਹਮੇਸ਼ਾ ਚੰਗੀ ਪਤਨੀ ਸਾਬਤ ਹੁੰਦੀ ਹੈ ਜਾਂ ਇਉਂ ਕਹਿ ਲਓ ਚੰਗੀ ਪਤਨੀ ਚੰਗੀ ਸਹੋਤਾ ਹੁੰਦੀ ਹੈ। ਪਤੀ ਨੂੰ ਬੋਲਣ ਦਾ ਮੌਕਾ ਦਿਓ। ਉਸਦੀਆਂ ਗੱਲਾਂ ਨੁੰ ਦਿਲਚਸਪੀ ਨਾਲ ਸੁਣੋ। ਇਹ ਪਗਡੰਡੀ ਵੀ ਤੁਹਾਡੇ ਪਤੀ ਦੇ ਦਿਲ ਵੱਲ ਜਾਂਦੀ ਹੈ। ਬਹੁਤ ਸਾਰੀਆਂ ਔਰਤਾਂ ਪਤੀ ਦੇ ਕੰਮ ਆਉਣ ਦੀ ਉਡੀਕ ਹੀ ਕਰਦੀਆਂ ਹੁੰਦੀਆਂ ਹਨ ਅਤੇ ਆਉਣ ਸਾਰ ਆਪਣੀਆਂ ਸ਼ਿਕਾਇਤਾਂ ਦੀ ਪੋਟਲੀ ਖੋਲ੍ਹ ਕੇ ਰੱਖ ਦਿੰਦੀਆਂ ਹਨ। ਕਦੇ ਸੱਸ ਦੀ ਸ਼ਿਕਾਇਤ, ਕਦੇ ਨਨਾਣ ਦੀ, ਕਦੇ ਦਿਓਰ ਜਾਂ ਜੇਠ ਦੀ ਜਾਂ ਫਿਰ ਬੱਚਿਆਂ ਦੀਆਂ ਸ਼ਿਕਾਹਿਤਾਂ ਨਾਲ ਪਤੀ ਨੂੰ ਖਿਝਾਉਣ ਵਿਚ ਕੋਈ ਕਸਰ ਨਹੀਂ ਛੱਡਦੀਆਂ। ਇਹ ਆਦਤ ਬਦਲਣੀ ਪਵੇਗੀ। ਜੇ ਕੋਈ ਦੁੱਖ ਤਕਲੀਕ ਜਾਂ ਸ਼ਿਕਾਇਤ ਹੈ ਵੀ, ਤਾਂ ਉਸ ਨੂੰ ਸਹੀ ਸਮੇਂ ਅਤੇ ਸਹੀ ਲਫਜ਼ਾਂ ਵਿਚ ਪੇਸ਼ ਕਰਨ ਦੀ ਕਲਾ ਸਿੱਖਣੀ ਚਾਹੀਦੀ ਹੈ।

LEAVE A REPLY