ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਮੂਹ ਪੰਜਾਬੀਆਂ ਦਾ ਅਮਨ-ਅਮਨ ਨਾਲ ਵੋਟਾਂ ਪਾਉਣ ਲਈ ਧੰਨਵਾਦ ਕਰਦਿਆਂ ਕਿਹਾ ਹੈ ਕਿ ਹਰ ਵਰਗੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਅਕਾਲੀ-ਭਾਜਪਾ ਸਰਕਾਰ ਦੀਆਂ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਬਹੁਪੱਖੀ ਵਿਕਾਸ ਪੱਖੀ ਨੀਤੀਆਂ ਉੱਤੇ ਮੋਹਰ ਲਾਈ ਹੈ। ਪਾਰਟੀ ਨੇ ਕਿਹਾ ਹੈ ਕਿ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਦੀਆਂ ਦੁਸ਼ਮਣ ਤਾਕਤਾਂ ਦੀਆਂ ਖਤਰਨਾਕ ਚਾਲਾਂ ਦੇ ਬਾਵਜੂਦ ਪੰਜਾਬੀ ਰਿਵਾਇਤੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਵਧਾਈ ਦੇ ਪਾਤਰ ਹਨ।
ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਨੇ ਆਪਣੇ ਆਗੂਆਂ, ਅਹੁਦੇਦਾਰਾਂ, ਮੈਂਬਰਾਂ, ਸਰਹਰਮ ਵਰਕਰਾਂ ਅਤੇ ਹਿਮਾਇਤੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਚੋਣਾਂ ਵਿਚ ਪਾਰਟੀ ਦੀ ਜਿੱਤ ਲਈ ਸਖ਼ਤ ਮਿਹਨਤੀ ਕੀਤੀ।
ਤਕਰੀਬਨ ਤਿੰਨ ਘੰਟੇ ਚੱਲੀ ਮੀਟਿੰਗ ਦਾ ਵੇਰਵਾ ਦਸਦਿਆਂ, ਪਾਰਟੀ ਦੇ ਬੁਲਾਰੇ ਤੇ ਜਨਰਲ ਸਕੱਤਰ ਹਰਚਰਨ ਸਿੰਘ ਬੈਂਸ ਨੇ ਦਸਿਆ ਕਿ ਹੋਰਨਾਂ ਮੁੱਦਿਆਂ ਤੋਂ ਬਿਨਾਂ ਮੀਟਿੰਗ ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇਸ ਮਹੀਨੇ ਦੇ ਅਖੀਰ ਵਿਚ ਹੋ ਰਹੀਆਂ ਚੋਣਾਂ ਲਈ ਤਿਆਰੀ ਕਰਨ ਤੇ ਰਣਨੀਤੀ ਘੜਣ ਸਬੰਧੀ ਵਿਚਾਰ ਵਟਾਂਦਰਾ ਹੋਇਆ।
ਸ਼੍ਰੀ ਬੈਂਸ ਅਨੁਸਾਰ ਪਾਰਟੀ ਨੇ ਮਹਿਸੂਸ ਕਰ ਰਹੀ ਹੈ ਕਿ ਖਾਲਸਾ ਪੰਥ ਦੀਆਂ ਦੁਸ਼ਮਣ ਤਾਕਤਾਂ ਨੇ ਪੰਥ ਵਿਚ ਫੁੱਟ ਪਾਉਣ ਅਤੇ ਭੰਬਲਭੂਸਾ ਖੜ੍ਹਾ ਕਰਨ ਲਈ ਡੂੰਘੀ ਤੇ ਖਤਰਨਾਕ ਸਾਜਿਸ਼ ਰਚੀ ਹੋਈ ਹੈ। ਇਹ ਤਾਕਤਾਂ ਨਵੀਨਤਮ ਤਕਨਾਲੋਜੀ ਤੇ ਸੰਚਾਰ ਸਾਧਨਾਂ ਰਾਹੀਂ ਗਲਤ ਤੇ ਗੁੰਮਰਾਹਕੁੰਨ ਜਾਣਕਾਰੀ ਫੈਲਾ ਕੇ ਸਿੱਖ ਭਾਈਚਾਰੇ ਨੂੰ ਕਮਜ਼ੋਰ ਕਰਨ ਅਤੇ ਪੰਜਾਬੀ ਏਕਤਾ ਦੀਆਂ ਜੜ੍ਹਾਂ ਵੜਣ ਦੀ ਤਾਕ ਵਿਚ ਹਨ। ਉਹਨਾਂ ਕਿਹਾ ਕਿ ਪਾਰਟੀ ਦਾ ਮੰਨਣਾ ਹੈ ਕਿ ਸਿੱਖ ਭਾਈਚਾਰੇ ਦੀ ਮਾਨਸਿਕਤਾ ਨੂੰ ਜ਼ਖਮੀ ਕਰਨ ਵਾਲੀਆਂ ਕਈ ਘਟਨਾਵਾਂ ਦੇ ਪਿੱਛੇ ਵੀ ਇਹਨਾਂ ਹੀ ਤਾਕਤਾਂ ਦਾ ਹੱਥ ਹੈ। ਇਹ ਤਾਕਤਾਂ ਵਲੋਂ ਲਗਤਾਰ ਚਲਾਈ ਜਾ ਰਹੀ ਸਿੱਖ ਵਿਰੋਧੀ ਮੁਹਿੰਮ ਦਾ ਮਕਸਦ ਇਹ ਹੈ ਕਿ ਸਿੱਖ ਭਾਈਚਾਰੇ ਕੋਲ ਆਪਣੀ ਆਵਾਜ਼ ਉਠਾਉਣ ਲਈ ਕੋਈ ਵੀ ਸਿਆਸੀ, ਧਾਰਮਿਕ ਅਤੇ ਸਮਾਜਿਕ ਪਲੇਟਫਾਰਮ ਨਾ ਰਹੇ। ਸ਼੍ਰੀ ਬੈਂਸ ਨੇ ਕਿਹਾ ਕਿ ਸਿੱਖਾਂ ਦੇ ਭੇਸ ਵਿਚ ਹੀ ਸਿੱਖ ਵਿਰੋਧੀ ਸ਼ਕਤੀਆਂ ਨੇ ਹੁਣੇ ਹੁਣੇ ਹੋ ਕੇ ਹਟੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਇਸ ਦੇ ਆਗੂਆਂ ਵਿਰੁੱਧ ਝੂਠਾ ਤੇ ਜ਼ਹਿਰੀਲਾ ਪ੍ਰਚਾਰ ਕੀਤਾ ਗਿਆ ਹੈ।
ਸ਼੍ਰੀ ਬੈਂਸ ਨੇ ਕਿਹਾ ਕਿ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਪਾਰਟੀ ਉਮੀਦਵਾਰਾਂ ਤੋਂ ਪਾਰਟੀ ਦੇ ਸਥਾਨਕ ਆਗੂਆਂ ਤੇ ਸਰਗਾਰਮ ਵਰਕਰਾਂ ਦੀ ਚੋਣਾਂ ਵਿਚ ਰਹੀ ਸਰਗਰਮੀ, ਕਾਰਗੁਜ਼ਾਰੀ ਅਤੇ ਨਿਭਾਏ ਗਏ  ਰੋਲ ਬਾਰੇ ਵਿਸਥਾਰ ਵਿਚ ਜਾਣਕਾਰੀ ਲਈ ਜਾਵੇ ਕਿਉਂਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਚਾਹੁੰਦੇ ਹਨ ਕਿ ਪਾਰਟੀ ਲਈ ਸਖਤ ਮਿਹਨਤ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਉਹਨਾਂ ਦਾ ਢੁਕਵੇਂ ਤਰੀਕੇ ਨਾਲ ਹੌਸਲਾ ਵੀ ਵਧਾਉਣਾ ਚਾਹੀਦਾ ਹੈ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਜਥੇਦਾਰ ਤੋਤਾ ਸਿੰਘ, ਬੀਬੀ ਜਾਗੀਰ ਕੌਰ, ਬੀਬੀ ਉਪਿੰਦਰਜੀਤ ਕੌਰ, ਜਨਮੇਜਾ ਸਿੰਘ ਸੇਖੋਂ, ਡਾ. ਦਲਜੀਤ ਸਿੰਘ ਚੀਮਾ, ਸੇਵਾ ਸਿੰਘ ਸੇਖਵਾਂ, ਨਿਰਮਲ ਸਿੰਘ ਕਾਹਲੋਂ, ਸਿਕੰਦਰ ਸਿੰਘ ਮਲੂਕਾ, ਮਹੇਸ਼ਇੰਦਰ ਸਿੰਘ ਗਰੇਵਾਲ, ਚਰਨਜੀਤ ਸਿੰਘ ਅਟਵਾਲ, ਗੁਲਜ਼ਾਰ ਸਿੰਘ ਰਣੀਕੇ ਅਤੇ ਹਰਚਰਨ ਸਿੰਘ ਬੈਂਸ ਹਾਜ਼ਰ ਸਨ।

LEAVE A REPLY