ਇੰਟਰਨੈਟ ਦੀ ਆਮਦ ਨੇ ਸੰਚਾਰ ਮਾਧਿਅਮ ਨੂੰ ਇਕ ਨਵੇਂ ਦੌਰ ਵਿਚ ਦਾਖਲ ਕਰ ਦਿੱਤਾ ਸੀ। ਇੰਟਰਨੈਟ ਦੇ ਕੱਨੇੜੇ ਚੜ੍ਹ ਕੇ ਸੋਸ਼ਲ ਮੀਡੀਆ ਨੇ ਦੁਨੀਆਂ ਨੂੰ ਸੱਚਮੁਚ ਹੀ ਮੁੱਠੀ ਵਿਚ ਬੰਦ ਕਰ ਦਿੱਤਾ। ਸੋਸ਼ਲ ਮੀਡੀਆ ਨੇ ਹੋਰ ਖੇਤਰਾਂ ਦੇ ਨਾਲ ਨਾਲ ਰਾਜਨੀਤੀ ਦਾ ਰੂਪ ਵੀ ਬਦਲ ਕੇ ਰੱਖ ਦਿੱਤਾ ਹੈ। ਇਕ ਸਮਾਂ ਸੀ ਜਦੋਂ ਸਿਆਸੀ ਲੋਕਾਂ ਨੂੰ ਸੁਣਨ ਲਈ ਲੋਕ ਸਿਆਸੀ ਕਾਨਫਰੰਸਾਂ ਵਿਚ ਜਾਂਦੇ ਸਨ। 1920 ਦੇ ਦਹਾਕੇ ਵਿਚ ਰੇਡੀਓ ਦਾ ਪ੍ਰਸਾਰਣ ਸ਼ੁਰੂ ਹੋਇਆ ਤਾਂ ਨੇਤਾਵਾਂ ਦੀ ਆਵਾਜ਼ ਘਰ-ਘਰ ਪਹੁੰਚਣ ਲੱਗੀ। ਫਿਰ ਟੀ. ਵੀ. ਆਇਆ। ਟੈਲੀਵਿਜ਼ਨ ਨੇ ਰਾਜਨੀਤਿਕ ਨੇਤਾਵਾਂ ਦਾ ਧਿਆਨ ਖਿੱਚਿਆ। ਟੀ. ਵੀ. ਨੇ ਸਿਆਸੀ ਲੋਕਾਂ ਅਤੇ ਸਿਆਸਤ ‘ਤੇ ਕਾਫੀ ਪ੍ਰਭਾਵ ਪਾਇਆ। ਪ੍ਰਾਈਵੇਟ ਚੈਨਲਾਂ ਦੇ ਆਉਣ ਨਾਲ ਜਿੱਥੇ ਮੁਕਾਬਲਾ ਵਧਿਆ, ਉਥੇ ਟੀ. ਵੀ. ਮਾਧਿਅਮ ਲਗਾਤਾਰ ਮਹਿੰਗਾ ਹੁੰਦਾ ਗਿਆ।
ਭਾਵੇਂ ਇਹ ਮਾਧਿਅਮ ਮਹਿੰਗਾ ਸੀ ਪਰ ਸਿਆਸਤ ਨੂੰ ਬਹੁਤ ਰਾਸ ਆਇਆ। ਅਮਰੀਕਾ ਦੀ ਸਿਆਸਤ ਵਿਚ ਟੀ. ਵੀ. ਦੀ ਭੂਮਿਕਾ ਅਹਿਮ ਰਹੀ। ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਉਮੀਦਵਾਰਾਂ ਨੂੰ ਬਹਿਸ ਲਈ ਇਸ ਮਾਧਿਅਮ ਨੇ ਇਕ ਪਾਰਦਰਸ਼ੀ ਮੰਚ ਪ੍ਰਦਾਨ ਕੀਤਾ। ਅਮਰੀਕੀ ਨੇਤਾਵਾਂ ਤੋਂ ਪ੍ਰਭਾਵਿਤ ਹੋ ਕੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਭਾਰਤੀ ਨੇਤਾਵਾਂ ਨੇ ਆਪਣੀ ਗੱਲ ਕਹਿਦ ਲਈ ਟੀ. ਵੀ. ਮਾਧਿਅਮ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ।
ਸੂਚਨਾ ਕ੍ਰਾਂਤੀ ਨੇ ਜਦੋਂ ਲੋਕਾਂ ਦੇ ਦਰਾਂ ‘ਤੇ ਦਸਤਕ ਦਿੱਤੀ ਅਤੇ ਸੋਸ਼ਲ ਮੀਡੀਆ ਦੇ ਰੂਪ ਵਿਚ ਫੇਸਬੁੱਕ, ਟਵਿੱਟਰ, ਵਟਸਅੱਪ, ਬਲਾਗ ਅਤੇ ਹੋਰ ਆਨਲਾਈਨ ਮਾਧਿਅਮ ਉਪਲਬਧ ਕਰਵਾਏ ਤਾਂ ਸਿਆਸਤਦਾਨਾਂ ਦੇ ਹੱਥਾਂ ਵਿਚ ਤਾਂ ਜਿਵੇਂ ਅੱਲਾਦੀਨ ਦਾ ਚਿਰਾਗ ਹੀ ਆ ਗਿਆ। ਇਸ ਮਾਧਿਅਮ ਦੀ ਖੂਬਸੂਰਤੀ ਇਹ ਹੈ ਕਿ ਇਹ ਪ੍ਰਿੰਟ, ਰੇਡੀਓ ਅਤੇ ਟੀ. ਵੀ. ਦੇ ਮੁਕਾਬਲੇ ਬਿਲਕੁਲ ਮੁਫਤ ਹੈ। ਸੋਸ਼ਲ ਮੀਡੀਆ ਨੂੰ ਸਿਆਸੀ ਕਾਰਜ ਲਈ ਵਰਤੋਂ ਵਿਚ ਲਿਆਉਣ ਦਾ ਪਹਿਲਾ ਸਫਲ ਪ੍ਰਯੋਗ 2008 ਵਿਚ ਅਮਰੀਕਾ ਦੀ ਰਾਸ਼ਟਰਪਤੀ ਦੀ ਚੋਣ ਸਮੇਂ ਬਰਾਕ ਓਬਾਮਾ ਵੱਲੋਂ ਕੀਤਾ ਗਿਆ। ਇਸ ਚੋਣ ਵਿਚ ਸੋਸ਼ਲ ਮੀਡੀਆ ਦੇ ਪਏ ਪ੍ਰਭਾਵ ਦੇਖ ਕੇ ਇਸ ਚੋਣ ਨੂੰ ‘ਫੇਸਬੁੱਕ ਇਲੈਕਸ਼ਨਜ਼ ਆਫ 2008’ ਕਿਹਾ ਗਿਆ। ਬਰਾਕ ਓਬਾਮਾ ਤੋਂ ਪ੍ਰੇਰਿਤ ਹੋ ਕੇ ਦੁਨੀਆਂ ਦੇ ਸਿਆਸਤਦਾਨਾਂ ਨੇ ਸੋਸ਼ਲ ਮੀਡੀਆ ਨੂੰ ਵਰਤਣ ਵੱਲ ਕੁਝ ਪੁਲਾਂਘਾਂ ਪੁੱਟੀਆਂ। 2009 ਵਿਚ ਭਾਰਤੀ ਸਿਆਸਤਦਾਨ ਸਸੀ ਥਰੂਰ ਕਾਫੀ ਕਿਰਿਆਸ਼ੀਲ ਹੋ ਚੁੱਕੇ ਸਨ। ਹੌਲੀ-ਹੌਲੀ ਸਾਰੇ ਨਵੇਂ ਪੁਰਾਣੇ ਸਿਆਸੀ ਨੇਤਾ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲੱਗੇ। ਅੱਜ ਕੋਈ ਵਿਰਲਾ ਸਿਆਸਤਦਾਨ ਹੀ ਹੋਵੇਗਾ, ਜਿਸਦਾ ਫੇਸਬੁੱਕ ਜਾਂ ਟਵਿੱਟਰ ‘ਤੇ ਅਕਾਊਂਟ ਨਾ ਹੋਵੇ। ਸੋਸ਼ਲ ਮੀਡੀਆ ਤੋਂ ਪਹਿਲਾਂ ਆਏ ਸੰਚਾਰ ਮਾਧਿਅਮਾਂ, ਜਿਵੇਂ ਰੇਡੀਓ ਨੇ ਲੋਕਾਂ ਤੱਕ ਪਹੁੰਚਣ ਲਈ 38 ਸਾਲ ਲਗਾਏ, ਟੀ. ਵੀ. ਮਾਧਿਅਮ ਨੇ 14 ਸਾਲ ਲਗਾਏ ਸਨ ਪਰ ਦੂਜੇ ਪਾਸੇ ਫੇਸਬੁੱਕ 9 ਮਹੀਨੇ ਵਿਚ ਹੀ ਲੋਕਾਂ ਤੱਕ ਪਹੁੰਚ ਗਈ ਸੀ।
ਵਰਤਮਾਨ ਵਿਚ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਸੋਸ਼ਲ ਮੀਡੀਆ ਦੀ ਮਹੱਤਤਾ ਸਮਝ ਲਈ ਹੈ। ਫਰਵਰੀ 2015 ਵਿਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਆਮ ਆਦਮੀ ਪਾਰਟੀ ਨੇ ਜਿਸ ਪ੍ਰਭਾਵਸ਼ਾਲੀ ਤਰੀਕੇ ਨਾਲ ਫੇਸਬੁੱਕ ਅਤੇ ਟਵਿੱਟਰ ਦੀ ਵਰਤੋਂ ਕੀਤੀ। ਉਸ ਨਾਲ ਸੋਸ਼ਲ ਮੀਡੀਆ ਦੀ ਮਹੱਤਤਾ ਚੰਗੀ ਤਰ੍ਹਾਂ ਉਜਾਗਰ ਹੋ ਗਈ। ਸੋਸ਼ਲ ਮੀਡੀਆ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ 15 ਅਪ੍ਰੈਲ 2014 ਨੂੰ ਅਰਵਿੰਦ ਕੇਜਰੀਵਾਲ ਨੇ ਟਵਿੱਟਰ ਉਤੇ ਅਪੀਲ ਕੀਤੀ ਕਿ ਰਾਹੁਲ ਗਾਂਧੀ ਅਤੇ ਮੋਦੀ ਨਾਲ ਲੜਨ ਲਈ ਉਸਨੂੰ ਪੈਸਾ ਚਾਹੀਦਾ ਹੈ ਤਾਂ ਦੋ ਦਿਨ ਵਿਚ ਆਮ ਆਦਮੀ ਪਾਰਟੀ ਨੂੰ ਇਕ ਕਰੋੜ ਰੁਪਿਆ ਇਕੱਠਾ ਹੋ ਗਿਆ ਸੀ। 4 ਫਰਵਰੀ 2017 ਨੁੰ ਹੋਣ ਜਾ ਰਹੀਆਂ ਚੋਣਾਂ ਲਈ ਪੰਜਾਬ, ਉਤਰ ਪ੍ਰਦੇਸ਼, ਉਤਰਾਖੰਡ ਅਤੇ ਗੋਆ ਆਦਿ ਵਿਚ ਲੱਗਭੱਗ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਲਈ ਪੇਸ਼ਾਵਰ ਲੋਕ ਕੰਮ ‘ਤੇ ਲਾਏ ਹੋਏ ਹਨ। ਵਰਤਮਾਨ ਸਮੇ ਵਿਚ ਅਖਬਾਰਾਂ, ਰੇਡੀਓ, ਟੀ. ਵੀ. ਆਦਿ ਰਵਾਇਤੀ ਸੰਚਾਰ ਮਾਧਿਅਮਾਂ ਉਪਰ ਨਿਰਭਰਤਾ ਖਤਮ ਹੋ ਗਈ ਹੈ। ਵੋਟਰਾਂ ਤੱਕ ਪਹੁੰਚ ਕਰਨ ਲਈ ਸੋਸ਼ਲ ਮੀਡੀਆ ਸਭ ਤੋਂ ਵਧੀਆ ਆਸਾਨ ਅਤੇ ਸਸਤਾ ਮਾਧਿਅਮ ਹੈ। ਇਸ ਨਾਲ ਨਾ ਸਿਰਫ ਚੋਣ ਪ੍ਰਚਾਰ ਹੀ ਕੀਤਾ ਜਾ ਸਕਦਾ ਹੈ ਸਗੋਂ ਲੋਕਾਂ ਦੇ ਵਿਚਾਰ ਅਤੇ ਪ੍ਰਤੀਕਿਰਿਆਵਾਂ ਵੀ ਨੇਤਾਵਾਂ ਕੋਲ ਆਸਾਨੀ ਨਾਲ ਪਹੁੰਚ ਜਾਂਦੀਆਂ ਹਨ। ਸੋਬਲ ਮੀਡੀਆ ਜਿੰਨੀ ਪਾਰਦਰਸ਼ਤਾ ਕਿਸੇ ਹੋਰ ਸੰਚਾਰ ਮਾਧਿਅਮ ਕੋਲ ਸੰਭਵ ਹੀ ਨਹੀਂ। ਫੇਸਬੁੱਕ ਲਾਈਵ ਵਰਗੀ ਸੁਵਿਧਾ ਨਾਲ ਘਰ ਬੈਠਿਆਂ ਵੋਟਰਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ।
ਪੰਜਾਬ ਦੀਆਂ 2017 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਵੱਲੋਂ ਸੋਸ਼ਲ ਮੀਡੀਆ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ। ‘ਆਪ’ ਵੱਲੋਂ ਟੀ. ਵੀ. ਚੈਨਲਾਂ ਅਤੇ ਅਖਬਾਰਾਂ ਨਾਲੋਂ ਸੋਸ਼ਲ ਮੀਡੀਆ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ‘ਆਪ’ ਦੇ ਸਟਾਂਰ ਪ੍ਰਚਾਰਕ ਭਗਵੰਤ ਮਾਨ ਤਾਂ ਆਪਣੀ ਹਰ ਸਿਆਸੀ ਮੀਟਿੰਗ ਅਤੇ ਰੈਲੀ ਨੂੰ ਫੇਸਬੁੱਕ ਲਾਈਵ ਰਾਹੀਂ ਲੋਕਾਂ ਤੱਕ ਪਹੁੰਚਾ ਰਿਹਾ ਹੈ। ਇਕੱਲਾ ਭਗਵੰਤ ਮਾਨ ਹੀ ਨਹੀਂ ਸਗੋਂ ਪਾਰਟੀ ਦਾ ਸਮੁੱਚਾ ਚੋਣ ਪ੍ਰਚਾਰ ਸੋਸ਼ਲ ਮੀਡੀਆ ਰਾਹੀਂ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੇ ਕੋਲ ਬਾਕੀ ਪਾਰਟੀਆਂ ਦੇ ਮੁਕਾਬਲੇ ਵਲੰਟੀਅਰਜ਼ ਜ਼ਿਆਦਾ ਹਨ ਜੋ ਸੋਸ਼ਲ ਮੀਡੀਆ ਦੀ ਵਰਤੋਂ ਚੋਣ ਪ੍ਰਚਾਰ ਲਈ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਇਸ ਕੰਮ ਲਈ ਪੇਸ਼ਾਵਰ ਲੋਕਾਂ ‘ਤੇ ਨਿਰਭਰ ਕਰ ਰਹੀਆਂ ਹਨ। ਪੰਜਾਬ ਵਿਚ ਕਾਂਗਰਸ ਦਾ ਕੰਮ ਪ੍ਰਸ਼ਾਂਤ ਕਿਸ਼ੋਰ ਦੇਖ ਰਹੇ ਹਨ। ਪ੍ਰਸ਼ਾਂਤ ਕਿਸ਼ੋਰ ਨੇ ਹੀ ਕੈਪਟਨ ਅਮਰਿੰਦਰ ਸਿੰਘ ਲਈ ‘ਕਾਫੀ ਵਿਦ ਕੈਪਟਨ’ ਅਤੇ ‘ਪੰਜਾਬ ਦਾ ਕੈਪਟਨ’ ਆਦਿ ਨਾਅਰੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਏ। ਦੇਸ਼ ਵਿਚ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਅਜਿਹੇ ਪੇਸ਼ਾਵਰ ਮਾਹਿਰ ਦੇ ਤੌਰ ‘ਤੇ ਪ੍ਰਸਿੱਧ ਹੋਇਆ ਹੈ, ਜਿਸ ਨੇ ਕਈ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਦੀ ਬੇੜੀ ਬੰਨੇ ਲਾਈ। ਇਸ ਕੰਮ ਵਿਚ ਪ੍ਰਸ਼ਾਂਤ ਕਿਸ਼ੋਰ ਨੂੰ 16 ਮਈ 2014 ਦੀਆਂ ਆਮ ਚੋਣਾਂ ਵਿਚ ਉਦੋਂ ਪ੍ਰਸਿੱਧੀ ਮਿਲੀ ਜਦੋਂ ਉਸਨੇ ਨਰਿੰਦਰ ਮੋਦੀ ਨੁੰ ਵੱਡੇ ਲੀਡਰ ਦੇ ਤੌਰ ‘ਤੇ ਉਭਾਰਨ ਲਈ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਤੋਂ ਬਾਅਦ ਬਿਹਾਰ ਚੋਣਾਂ ਵਿਚ ਉਸਨੇ ਨਿਤੀਸ਼ ਕੁਮਾਰ ਲਈ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕੀਤਾ ਸੀ। ਮੋਦੀ ਦੀ ‘ਚਾਯ ਪਰ ਚਰਚਾ’ ਅਤੇ ਨਿਤੀਸ਼ ਕੁਮਾਰ ਲਈ ‘ਬਿਹਾਰੀ ਬਨਾਮ ਬਾਹਰੀ’ ਨਾਅਰੇ ਸੋਸ਼ਲ ਮੀਡੀਆ ‘ਤੇ ਪ੍ਰਚਾਰਨ ਦਾ ਸਿਹਰਾ ਵੀ ਪ੍ਰਸ਼ਾਂਤ ਕਿਸ਼ੋਰ ਨੂੰ ਜਾਂਦਾ ਹੈ। ਇਸੇ ਤਰਜ਼ ‘ਤੇ ਸੁਖਬੀਰ ਬਾਦਲ ਨੇ ਵੀ ਇਕ ਪੂਰੀ ਟੀਮ ਨੂੰ ਸੋਸ਼ਲ ਮੀਡੀਆ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਕਰਨ ਲਈ ਲਾਇਆ ਹੋਇਆ ਹੈ।
ਫਰਵਰੀ 2017 ਦੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਲਈ ਬਹੁਤ ਅਹਿਮ ਹਨ। ਭਾਰਤੀ ਜਨਤਾ ਪਾਰਟੀ ਉਤਰ ਪ੍ਰਦੇਸ਼ ਨੂੰ ਜਿੱਤਣ ਲਈ ਹਰ ਹੀਲਾ ਵਰਤ ਰਹੀ ਹੈ। ਇਸੇ ਕਾਰਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਵਰਕਰਾਂ ਅਤੇ ਨੇਤਾਵਾਂ ਨੂੰ ਸੋਸ਼ਲ ਮੀਡੀਆ ਵਿਚ ਮਾਹਿਰ ਬਣਾਉਣ ਲਈ ਵਿਸ਼ੇਸ਼ ਟਰੇਨਿੰਗ ਕੈਂਪ ਲਗਾਉਣੇ ਸ਼ੁਰੂ ਕੀਤੇ ਹਨ।
ਅਮਿਤ ਸ਼ਾਹ ਨੇ ਇੱਥੋਂ ਤੱਕ ਕਿਹਾ ਸੀ ਕਿ ਜਿਸ ਨੇਤਾ ਦੇ ਸੋਸ਼ਲ ਮੀਡੀਆ ‘ਤੇ 25000 ਤੋਂ ਘੱਟ ਫਾਲੋਅਰਜ਼ ਹੋਣਗੇ, ਉਸਨੂੰ ਟਿਕਟ ਨਹੀਂ ਦਿੱਤੀ ਜਾਵੇਗੀ। ਭਾਜਪਾ ਪ੍ਰਧਾਨ ਦਾ ਕਹਿਣਾ ਹੈ ਕਿ ਜੋ ਨੇਤਾ ਮੁਫਤ ਦੇ ਸੋਸ਼ਲ ਮੀਡੀਆ ਦਾ ਉਪਯੋਗ ਨਹੀਂ ਕਰ ਸਕਦਾ, ਉਹ ਟਿਕਟ ਲੈਣ ਤੋਂ ਬਾਅਦ ਆਪਣੇ ਸਾਥੀਆਂ ਅਤੇ ਵੋਟਰਾਂ ਨਾਲ ਰਾਬਤਾ ਕਿਵੇਂ ਰੱਖੇਗਾ।
ਬੀ. ਐਸ. ਐਫ. ਦੀ 27ਵੀਂ ਬਟਾਲੀਅਨ ਦੇ ਕਸ਼ਮੀਰ ਵਿਚ ਤਾਇਨਾਤ ਜਵਾਨ ਤੇਜ ਬਹਾਦਰ ਯਾਦਵ ਦੀ ਘਟੀਆ ਖਾਣਾ ਮਿਲਣ ਵਾਲੀ ਵੀਡੀਓ ਕਲਿੱਪ ਨੇ ਦੇਸ਼ ਵਿਚ ਜੋ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ, ਉਹ ਗੰਲ ਇਹ ਸਿੱਧ ਕਰਦੀ ਹੈ ਕਿ ਸੋਸ਼ਲ ਮੀਡੀਆ ਦਾ ਪ੍ਰਭਾਵ ਹੋਰ ਸੰਚਾਰ ਮਾਧਿਅਮਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਅਤੇ ਤੇਜ਼ੀ ਨਾਲ ਪੈਂਦਾ ਹੈ। ਪ੍ਰਿੰਟ ਮੀਡੀਆ ਦੇ ਮੁਕਾਬਲੇ ਟੈਲੀਵਿਜ਼ਨ ਅਤੇ ਟੈਲੀਵਿਜ਼ਨ ਦੀ ਤੁਲਨਾ ਵਿਚ ਸੋਸ਼ਲ ਮੀਡੀਆ ਕਿਤੇ ਜ਼ਿਆਦਾ ਪਾਰਦਰਸ਼ੀ ਮਾਧਿਅਮ ਹੈ। ਜਿਹੜੀ ਵੀਡੀਓ ਨੂੰ ਨਿਊਜ਼ ਚੈਨਲ ਵਿਖਾਉਣ ਨੂੰ ਤਿਆਰ ਨਹੀਂ ਹੁੰਦੇ ਜਾਂ ਆਪਣੇ ਤਰੀਕੇ ਨਾਲ ਆਡਿਟ ਕਰਕੇ ਹੀ ਦਿਖਾਉਂਦੇ ਹਨ, ਉਸਨੂੰ ਸੋਸ਼ਲ ਮੀਡੀਆ ਹੂ-ਬ-ਹੂ ਵਿਖਾ ਦਿੰਦਾ ਹੈ। ਜੋ ਨੇਤਾ ਲੋਕ ਗਲਤ ਕੰਮ ਕਰਦੇ ਹਨ, ਅਨੈਤਿਕ ਕੰਮ ਕਰਦੇ ਹਨ, ਆਮ ਲੋਕਾਂ ਨਾਲ ਠੀਕ ਵਿਵਹਾਰ ਨਹੀਂ ਕਰਦੇ, ਉਹਨਾਂ ਲਈ ਸੋਸ਼ਲ ਮੀਡੀਆ ਇਕ ਵੱਡਾ ਚੈਕ ਹੈ। ਆਪਣੇ ਨੇਤਾਵਾਂ ਦੀ ਕਾਰਗੁਜ਼ਾਰੀ ਬਾਰੇ ਵੀ ਲੋਕ ਬੇਇਜਕ ਹੋ ਕੇ ਸੋਸ਼ਲ ਮੀਡੀਆ ‘ਤੇ ਲਿਖ ਸਕਦੇ ਹਨ। ਸੋਸ਼ਲ ਮੀਡੀਆ ਕਾਰਨ ਹੁਣ ਕੋਈ ਗੱਲ ਲੁਕੀ ਨਹੀਂ ਰਹਿ ਸਕਦੀ। ਜਦੋਂ ਇਕ ਅਕਾਲੀ ਮੰਤਰੀ ਬੇਰੁਜ਼ਗਾਰ ਅਧਿਆਪਕਾਂ ਦੇ ਥੱਪੜ ਮਾਰਦਾ ਹੈ ਤਾਂ ਉਹ ਵੀਡੀਓ ਕਲਿੱਪ ਮਿੰਟਾਂ-ਸਕਿੰਟਾਂ ਵਿਚ ਸਾਰੀ ਦੁਨੀਆ ਵਿਚ ਨਸ਼ਰ ਹੋ ਜਾਂਦਾ ਹੈ।
ਇਵੇਂ ਹੀ ਜੇ ਭਗਵੰਤ ਮਾਨ ਬਸੀ ਪਠਾਣਾਂ ਵਿਚ ਮੀਡੀਆ ਕਰਮੀਆਂ ਨਾਲ ਦੁਰਵਿਵਹਾਰ ਕਰਦਾ ਹੈ ਤਾਂ ਉਹ ਵੀਡੀਓ ਵੀ ਵਾਇਰਲ ਹੋ ਜਾਂਦਾ ਹੈ। ਸੋਸ਼ਲ ਮੀਡੀਆ ਲੋਕਾਂ ਦੇ ਹੱਥਾਂ ਵਿਚ ਉਹ ਹਥਿਆਰ ਹੈ ਜੋ ਸਿਆਸੀ ਨੇਤਾਵਾਂ ਨੂੰ ਸਿੱਧੇ ਰਾਹ ‘ਤੇ ਰੱਖਣ ਲਈ ਬਹੁਤ ਕਾਰਗਰ ਹੈ।
ਸੋਸ਼ਲ ਮੀਡੀਆ ਸਿਰਫ ਸਿਆਸੀ ਚੋਣ ਪ੍ਰਚਾਰ ਲਈ ਹੀ ਕਾਰਗਰ ਨਹੀਂ ਸਗੋਂ ਇਸਨੂੰ ਹਰ ਪੱਖ ਤੋਂ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਵਿਸ਼ਵ ਜਾਣਦਾ ਹੈ ਕਿ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਚੋਣ ਮੁਹਿੰਮ ਦੇ ਦੌਰਾਨ ਸੋਸ਼ਲ ਮੀਡੀਆ ਦੀ ਖੂਬ ਵਰਤੋਂ ਕੀਤੀ ਸੀ। ਹੁਣ ਟਰੰਪ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਨੂੰ ਸੰਭਾਲਣ ਤੋਂ ਪਹਿਲਾਂ ਹੀ ਉਸਦੇ ਸਾਥੀ ਟਰੰਪ ਦੇ ਸੋਸ਼ਲ ਮੀਡੀਆ ਅਪਣਾਉਣ ਨੂੰ ਹੋਰ ਹਰਮਨ ਪਿਆਰਾ ਬਣਾਉਣ ਵਿਚ ਜੁਟੇ ਹੋਏ ਹਨ। ਇਹ ਕਿਆਸ ਅਰਾਈਆਂ ਹਨ ਕਿ ਰਾਸ਼ਟਰਪਤੀ ਟਰੰਪ ਪ੍ਰੈਸ ਕਾਨਫਰੰਸ ਕਰਨ ਦੀ ਥਾਂ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਤਰਜੀਹ ਦੇਣਗੇ। ਇਸ ਬਾਰੇ ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸੋਸ਼ਲ ਮੀਡੀਆ ਜ਼ਿਆਦਾ ਤੇਜ਼ ਗਤੀ ਦਾ ਮਾਧਿਅਮ ਹੈ ਅਤੇ ਉਹ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਸੰਪਰਕ ਬਣਾਈ ਰੱਖਣ ਨੂੰ ਤਰਜੀਹ ਦੇਣਗੇ।
ਸੋ, ਉਕਤ ਚਰਚਾ ਸਪਸ਼ਟ ਕਰਦੀ ਹੈ ਕਿ ਅੱਜ ਦੀ ਸਿਆਸਤ ਵਿਚ ਸੋਸ਼ਲ ਮੀਡੀਆ ਦੀ ਮਹੱਤਤਾ ਬਹੁਤ ਵੱਧ ਚੁੱਕੀ ਹੈ। ਜਿਹੜੀ ਰਾਜਨੀਤਿਕ ਪਾਰਟੀ ਅਤੇ ਜਿਹੜਾ ਰਾਜਨੀਤਿਕ ਨੇਤਾ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰੇਗਾ, ਉਸਦਾ ਰਾਜਨੀਤੀ ਵਿਚ ਟਿਕੇ ਰਹਿਣਾ ਬਹੁਤ ਮੁਸ਼ਕਿਲ ਹੋਵੇਗਾ।

LEAVE A REPLY