ਅੱਜ ਦੁਨੀਆਂ ਦਾ ਸਭ ਤੋਂ ਚਰਚਿਤ ਵਿਅਕਤੀ ਅਮਰੀਕਾ ਦਾ 45ਵਾਂ ਰਾਸ਼ਟਰਪਤੀ ਡੌਨਲਡ ਟਰੰਪ ਹੈ। ਵਿਵਾਦਾਂ ਅਤੇ ਟਰੰਪ ਦਾ ਗੂੜ੍ਹਾ ਸਬੰਧ ਹੈ। ਪੰਜਾਬ ਦੇ ਕਿਸੇ ਅੱਖੜ ਜੱਟ ਵਰਗੀ ਬਿਰਤੀ ਦਾ ਮਾਲਕ ਡੌਨਲਡ ਟਰੰਪ ਬੜਾ ਮੂੰਹਫ਼ੱਟ ਹੈ। ਮੂੰਹ ਬਾਤ ਨੁੰ ਮੂੰਹ ਵਿੱਚ ਨਹੀਂ ਰੱਖਦਾ ਸਗੋਂ ਦੂਜੇ ਦੇ ਮੂੰਹ ‘ਤੇ ਮਾਰਦਾ ਹੈ। 20 ਜਨਵਰੀ ਨੂੰ ਟਰੰਪ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਬਾਅਦ ਉਸਨੇ ਅਮਰੀਕਨਾਂ ਨਾਲ ਵਾਅਦੇ ਕਰਦੇ ਹੋਏ ਕਿਹਾ ਕਿ ਅੱਜ ਦੇ ਦਿਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂਕਿ ਅੱਜ ਫ਼ਿਰ ਲੋਕ ਸ਼ਾਸਕ ਬਣੇ ਹਨ। ਇਹ ਸਹੁੰ ਸਾਰੇ ਅਮਰੀਕਾ ਵਾਸੀਆਂ ਦੇ ਪ੍ਰਤੀ ਨਿਸ਼ਠਾ ਪ੍ਰਗਟਾਉਂਦੀ ਹੈ। ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਸੀ ਕਿ ਅਸੀਂ ਆਪਣੇ ਦੇਸ਼ ਨੂੰ ਬਚਾਉਣ ਦੀ ਬਜਾਏ ਹੋਰ ਦੇਸ਼ਾਂ ਦੀਆਂ ਸੀਮਾਵਾਂ ਦੀ ਰੱਖਿਆ ਕਰਦੇ ਰਹੇ ਪਰ ਅੱਜ ਤੋਂ ਸਭ ਤੋਂ ਪਹਿਲਾਂ ਅਮਰੀਕਾ। ਅਸੀਂ ਪਹਿਲਾਂ ਅਮਰੀਕਾ ਦੀਆਂ ਸਰਹੱਦਾਂ ਦੀ ਰਾਖੀ ਕਰਾਂਗੇ। ਆਪਣੀਆਂ ਨੌਕਰੀਆਂ ਅਤੇ ਸੁਪਨੇ ਵਾਪਸ ਲਿਆਵਾਂਗੇ। ਡੌਨਲਡ ਟਰੰਪ ਨੇ ਸਪਸ਼ਟ ਕੀਤਾ ਕਿ ਵਪਾਰ, ਕਰ, ਵਿਦੇਸ਼ੀ ਮਾਮਲੇ ਅਤੇ ਪ੍ਰਵਾਸੀਆਂ ਨਾਲ ਸਾਰੇ ਜੁੜੇ ਫ਼ੈਸਲੇ ਅਮਰੀਕੀ ਪਰਿਵਾਰਾਂ ਅਤੇ ਕਰਮਚਾਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸਲਾਮੀ ਕੱਟਰਵਾਦ ਦੇ ਖਿਲਾਫ਼ ਉਹ ਸਾਰੀ ਦੁਨੀਆਂ ਨੂੰ ਇੱਕਜੁਟ ਕਰਨਗੇ ਅਤੇ ਇਸ ਨੂੰ ਉਹ ਇਸ ਧਰਤੀ ਤੋਂ ਮਿਟਾ ਦੇਣਗੇ। ਟਰੰਪ ਨੇ ਅਮਰੀਕਾ ਦੇ ਲੋਕਾਂ ਨੂੰ ਕਿਹਾ ਕਿ ਤੁਹਾਡੀ ਕਦੇ ਵੀ ਅਣਦੇਖੀ ਨਹੀਂ ਹੋਵੇਗੀ। ਮੈਂ ਹਰ ਸਾਹ ਨਾਲ ਤੁਹਾਡੇ ਹਿੱਤਾਂ ਲਈ ਲੜਾਂਗਾ। ਅਮਰੀਕਾ ਦੀ ਇੱਕ ਵਾਰ ਫ਼ਿਰ ਜਿੱਤ ਹੋਵੇਗੀ”। ਇਸ ਤਰ੍ਹਾਂ ਦੇ ਵਾਅਦੇ ਡੌਨਲਡ ਟਰੰਪ ਨੇ ਆਪਣੀ ਸਹੁੰ ਚੁੱਕਣ ਦੀ ਰਸਮ ਸਮੇਂ ਕੀਤੇ।
ਡੌਨਲਡ ਟਰੰਪ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਜੋ ਗੱਲਾਂ ਕੀਤੀਆਂ ਹਨ, ਉਹ ਉਸਨੇ ਚੋਣ ਮੁਹਿੰਮ ਦੌਰਾਨ ਵੀ ਕੀਤੀਆਂ ਸਨ। ਉਸਨੇ ਇਲੈਕਸ਼ਨ ਜਿੱਤਣ ਉਪਰੰਤ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਕਰੋੜਾਂ ਤੋਂ ਵੱਧ ਪ੍ਰਵਾਸੀਆਂ ਨੂੰ ਬਾਹਰ ਕੱਢਣ, ਇਸਲਾਮਿਕ ਅੱਤਵਾਦ ਖਤਮ ਕਰਨ ਤੇ ਅਮਰੀਕਨ ਸ਼ਹਿਰੀਆਂ ਵਸਤੇ ਨੌਕਰੀਆਂ ਦੇਣਦੇ ਵਾਅਦੇ ਕਰਕੇ ਚੰਗੀ ਹਮਾੲਤ ਹਾਸਲ ਕਰ ਲਈ ਸੀ। ਉਸਦੇ ਭਾਸ਼ਣਾਂ ਨੇ ਬਹੁਤੇ ਅਮਰੀਕਨਾਂ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ ਸੀ। ਮੀਡੀਆ ਵਿੱਚ ਟਰੰਪ ਦੇ ਭਾਸ਼ਣਾਂ ਨੇ ਵਿਵਾਦ ਖੜ੍ਹਾ ਕਰ ਦਿੱਤਾ ਸੀ। ਅਮਰੀਕੀ ਮੀਡੀਆ ਨੇ ਹਿਲੇਰੀ ਕਲਿੰਟਨ ਦੇ ਹੱਕ ਵਿੱਚ ਨਾਅਰਾ ਮਾਰਿਆ ਸੀ। ਟਰੰਪ ਨੇ ਮੁੱਖ ਧਾਰਾ ਦੇ ਮੀਡੀਆ ਨੂੰ ਛੱਡ ਕੇ ਸੋਸ਼ਲ ਮੀਡੀਆ ‘ਤੇ ਜ਼ਿਆਦਾ ਨਿਰਭਰਤਾ ਵਿਖਾਈ ਸੀ। ਮੀਡੀਆ ਬਾਰੇ ਟਰੰਪ ਦੇ ਵਿੱਚਾਰ ਕੋਈ ਜ਼ਿਆਦਾ ਸਕਾਰਾਤਮਕ ਨਹੀਂ ਸਨ। ਮੀਡੀਆ ਵਿੱਚ ਅਮਰੀਕਾ ਦੇ ਹਰ ਚੋਣ ਵਿਸ਼ਲੇਸ਼ਣਕਾਰ ਨੇ ਹਿਲੇਰੀ ਕਲਿੰਟਨ ਦੇ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ ਪਰ ਸਾਰੀਆਂ ਕਿਆਸ ਅਰਾਈਆਂ ਨੂੰ ਰੱਣ ਕਰਦੇ ਹੋਏ ਟਰੰਪ ਨੇ ਵੱਡੀ ਜਿੱਤ ਪ੍ਰਾਪਤ ਕੀਤੀ। ਟਰੰਪ ਜਿੱਤ ਤਾਂ ਗਿਆ ਪਰ ਮੀਡੀਆ ਪ੍ਰਤੀ ਉਸਦੀ ਨਾਂਹ ਪੱਖੀ ਪਹੁੰਚ ਹੋਰ ਪੱਕੀ ਹੋ ਗਈ।
ਚੋਣਾਂ ਦੌਰਾਨ ਡੌਨਲਡ ਟਰੰਪ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਬਾਖੂਬੀ ਕੀਤਾ ਅਤੇ ਚੋਣ ਜਿੱਤਣ ਤੋਂ ਬਾਅਦ ਵੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਰਾਬਤਾ ਬਣਾਈ ਰੱਖਣ ਦਾ ਵਾਅਦਾ ਕੀਤਾ। ਦੂਜੇ ਪਾਸੇ ਟਰੰਪ ਨੇ ਮੁੱਖ ਧਾਰਾ ਦੇ ਰਵਾਇਤੀ ਮੀਡੀਆ ਵਿਰੁੱਧ ਆਪਣੀ ਜੰਗ ਹੋਰ ਭਖਾ ਦਿੱਤੀ। ਉਸਨੇ ਪੱਤਰਕਾਰਾਂ ਨੂੰ ਦੁਨੀਆਂ ਦਾ ਸਭ ਤੋਂ ਭ੍ਰਿਸ਼ਟ ਤਬਕਾ ਕਰਾਰ ਦਿੱਤਾ ਹੈ। ਟਰੰਪ ਨੇ ਮੀਡੀਆ ‘ਤੇ ਦੋਸ਼ ਲਾਇਟਾ ਹੈ ਕਿ ਉਸਦੇ ਸਹੁੰ ਚੁੱਕ ਸਮਾਗਮ ਨੂੰ ਟੀ. ਵੀ. ਮੀਡੀਆ ਨੇ ਸਹੀ ਢੰਗ ਨਾਲ ਕਵਰ ਨਹੀਂ ਕੀਤਾ। ਟਰੰਪ ਦਾ ਦੋਸ਼ ਹੈ ਕਿ ਮੀਡੀਆ ਨੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਨੂੰ ਘਟਾ ਕੇ ਪੇਸ਼ ਕੀਤਾ। ਦੂਜੇ ਪਾਸੇ ਟਰੰਪ ਵਿਰੁੱਧ ਹੋਏ ਮੁਜ਼ਾਹਰਿਆਂ ਵਿੱਚ ਸ਼ਾਮਲ ਔਰਤਾਂ ਦੀ ਗਿਣਤੀ ਵਧਾ-ਚੜ੍ਹਾ ਕੇ ਪੇਸ਼ ਕੀਤੀ ਗਈ। ਇਹ ਗੱਲ ਤਾਂ ਸੱਚ ਹੈ ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਿਰੁੱਧ ਮੁਜ਼ਾਹਰੇ ਹੋੲੈ ਅਤੇ ਇਹਨਾਂ ਰੋਸ ਮੁਜ਼ਾਹਰਿਆਂ ਵਿੱਚ ਸਿਰਫ਼ ਅਮਰੀਕੀ ਔਰਤਾਂ ਹੀ ਨਹੀਂ ਸਗੋਂ ਗੁਆਂਢੀ ਮੁਲਕ ਕੈਨੇਡਾ ਸਮੇਤ ਦੁਨੀਆਂ ਦੇ ਹੋਰਨਾਂ ਮੁਲਕਾਂ ਤੋਂ ਵੀ ਔਰਤਾਂ ਪੁੱਜੀਆਂ ਹੋਈਆਂ ਸਨ। ਅਮਰੀਕੀ ਮੀਡੀਆ ਨੇ ਇਨ੍ਹਾਂ ਰੋਸ ਮੁਜ਼ਾਹਰਿਆਂ ਦੀ ਚੰਗੀ ਕਵਰੇਜ ਕੀਤੀ, ਜਿਸ ਕਾਰਨ ਟਰੰਪ ਦੇ ਮਨ ਵਿੱਚ ਗੁੱਸਾ ਆਉਣਾ ਸੁਭਾਵਿਕ ਸੀ। ਟਰੰਪ ਨੇ ਆਪਣੇ ਗੁੱਸੇ ਨੂੰ ਜੁਬਾਨ ਦਿੰਦੇ ਹੋਏ ਕਿਹਾ ਕਿ ‘ਮੇਰਾ ਮੀਡੀਆ ਨਾਲ ਯੁੱਧ ਚੱਲ ਰਿਹਾ ਹੈ।’ ਟਰੰਪ ਦਾ ਮੰਨਣਾ ਹੈ ਕਿ ਮੀਡੀਆ ਨੇ ਸਹੁੰ ਚੁੱਕ ਸਮਾਗਮ ਦੀ ਰਿਪੋਰਟਿੰਗ ਠੀਕ ਢੰਗ ਨਾਲ ਨਹੀਂ ਕੀਤੀ ਅਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਮਾਗਮ ਵਿੱਚ ਕਾਫ਼ੀ ਘੱਟ ਗਿਣਤੀ ਵਿੱਚ ਲੋਕ ਪਹੁੰਚੇ। ਅਮਰੀਕੀ ਰਾਸ਼ਟਰਪਤੀ ਨੇ ਚਿਤਾਵਨੀ ਦਿੱਤੀ ਕਿ ‘ਮੀਡੀਆ ਇਸ ਕਾਰਵਾਈ ਲਈ ਨਤੀਜੇ ਭੁਗਤਣ ਲਈ ਤਿਆਰ ਰਹੇ।’
ਟਰੰਪ ਨੇ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ‘ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਸਨ। ਤੁਸੀਂ ਉਨ੍ਹਾਂ ਨੂੰ ਵੇਖਿਆ। ਲੋਕਾਂ ਨਾਲ ਖਚਾਖਚ ਭਰੇ ਮੈਦਾਨ ਸਨ। ਮੈਂ ਅੱਜ ਸਵੇਰੇ ਉਠਿਆ, ਮੈਂ ਇੱਕ ਚੈਨਲ ਲਗਾਇਆ ਅਤੇ ਉਹ ਖਾਲੀ ਮੈਦਾਨ ਵਿਖਾ ਰਿਹਾ ਸੀ” ਟਰੰਪ ਦਾ ਕਹਿਣਾ ਸੀ ਕਿ ”ਮੈਂ ਭਾਸ਼ਣ ਦਿੱਤਾ, ਉਥੇ ਲੱਖਾਂ ਲੋਕ ਦਿਸ ਰਹੇ ਸਨ। ਉਹ ਅਜਿਹਾ ਮੈਦਾਨ ਵਿਖਾ ਰਹੇ ਸਨ, ਜਿੱਥੇ ਅਸਲ ਵਿੱਚ ਕੋਈ ਖੜ੍ਹਾ ਨਹੀਂ ਸੀ।” ਟਰੰਪ ਨੇ ਦੱਸਿਆ ਕਿ ਮੀਡੀਆ ਦਾ ਕਹਿਣਾ ਸੀ ਕਿ ਮੈਂ ਵੱਡਾ ਇੱਕੱਠ ਨਹੀਂ ਕਰ ਸਕਿਆ। ਜਦੋਂ  ਕਿ ਮੇਰਾ ਮੰਨਣਾ ਹੈ ਕਿ ਮੀਂਹ ਪੈ ਰਿਹਾ ਸੀ, ਮੀਂਹ ਨੇ ਜ਼ਿਆਦਾ ਲੋਕਾਂ ਨੂੰ ਆਉਣ ਤੋਂ ਰੋਕਿਆ। ਪਰ ਮੇਰੇ ਲਈ ਸਭ ਕੁਝ ਬਹੁਤ ਚੰਗਾ ਸੀ ਕਿਉਂਕਿ ਉਥੇ ਲੱਖਾਂ ਲੋਕ ਦਿਸ ਰਹੇ ਸਨ।
ਇਉਂ ਡੌਨਲਡ ਟਰੰਪ ਅਤੇ ਮੀਡੀਆ ਦੇ ਮਤਭੇਦ ਜੱਗ ਜ਼ਾਹਿਰ ਹਨ।
ਸਿਰਫ਼ ਟਰੰਪ ਹੀ ਨਹੀਂ, ਮੀਡੀਆ ਬਾਰੇ ਖੁੱਲ੍ਹ ਕੇ ਟਿੱਪਣੀਆਂ ਕਰ ਰਹੇ, ਦੂਜੇ ਪਾਸੇ ਅਮਰੀਕੀ ਮੀਡੀਆ ਵੀ ਆਪਣੇ ਤਰਕ ਪੇਸ਼ ਕਰਨ ਤੋਂ ਪਿੱਛੇ ਨਹੀਂ ਹੋਇਆ। ਅਮਰੀਕੀ ਪ੍ਰੈਸ ਕੋਰ ਨੇ ਸਪਸ਼ਟ ਕੀਤਾ ਕਿ ਟਰੰਪ ਮੀਡੀਆ ‘ਤੇ ਹੁਕਮ ਨਹੀਂ ਚਲਾ ਸਕਦੇ। ਪੱਤਰਕਾਰ ਆਪਣੇ ਨਿਯਮ ਖੁਦ ਤਹਿ ਕਰਨਗੇ। ਕੋਲੰਬੀਆ ਜਰਨਲਿਜ਼ਮ ਰਿਵੀਵ (ਜੇ. ਜੇ. ਆਰ) ਦੇ ਪ੍ਰਧਾਨ ਸੰਪਾਦਕ ਅਤੇ ਪ੍ਰਕਾਸ਼ਕ ਕਾਇਲੀ ਪੋਪ ਨੇ ਟਰੰਪ ਦੇ ਨਾਮ ਲਿਖੇ ਖੁੱਲ੍ਹੇ ਪੱਤਰ ਵਿੱਚ ਕਿਹਾ ਕਿ ਤੁਹਾਡੇ ਸਹੁੰ ਚੁੱਕ ਸਮਾਗਮ ਤੋਂ ਕੁਝ ਦਨਿ ਪਹਿਲਾਂ ਅਸੀਂ ਸੋਚਿਆ ਕਿ ਸਪਸ਼ਟ ਕਰਨਾ ਠੀਕ ਰਹੇਗਾ ਕਿ ਅਸੀਂ ਅਮਰੀਕੀ ਪ੍ਰੈਸ ਕੋਰ ਅਤੇ ਤੁਹਾਡੇ ਪ੍ਰਸ਼ਾਸਨ ਦੇ ਸਬੰਧਾਂ ਨੂੰ ਕਿਵੇਂ ਦੇਖਦੇ ਹਾਂ। ਪੋਪ ਨੇ ਸਪਸ਼ਟ ਕੀਤਾ ਸੀ ਕਿ ਮੀਡੀਆ ਅਤੇ ਰਾਸ਼ਟਰਪਤੀ ਦੇ ਸਬੰਧ ਤਣਾਅਪੂਰਨ ਹਨ। ਪੋਪ ਨੇ ਕਿਹਾ ਕਿ ”ਵਾਈਟ ਹਾਊਸ ਵਿੱਚੋਂ ਸਮਾਚਾਰ ਮੀਡਆ ਦੇ ਦਫ਼ਤਰਾਂ ਨੂੰ ਬੰਦ ਕਰਨ ਬਾਰੇ ਤੁਹਾਡੇ ਪ੍ਰੈਸ ਸਕੱਤਰ ਬਾਰੇ ਆ ਰਹੀਆਂ ਖਬਰਾਂ ਉਸੇ ਤਰਜ਼ ‘ਤੇ ਹਨ ਜੋ ਤੁਹਾਡੀ ਚੋਣ ਮੁਹਿੰਮ ਦੌਰਾਨ ਦਿਖਾਈ ਦੇ ਰਿਹਾ ਸੀ। ਉਸ ਵੇਲੇ ਤੁਸੀਂ ਮੀਡੀਆ ਨੂੰ ਕਵਰ ਤੋਂ ਰੋਕ ਦਿੱਤਾ ਸੀ।” ਪੋਪ ਨੇ ਟਰੰਪ ਨੂੰ ਸਪਸ਼ਟ ਕੀਤਾ ਕਿ ਜੇ ਰਾਸ਼ਟਰਪਤੀ ਨੂੰ ਆਪਣੇ ਨਿਯਮ ਬਣਾਉਣ ਦਾ ਅਧਿਕਾਰ ਹੈ ਤਾਂ ਪ੍ਰੈਸ ਨੂੰ ਵੀ ਆਪਣੇ ਨਿਯਮ ਘੜਨ ਦਾ ਅਧਿਕਾਰ ਹੈ। ਮੀਡੀਆ ਨੂੰ ਜਾਣਕਾਰੀ ਨਾ ਦੇਣਾ ਟਰੰਪ ਦੀ ਗਲਤੀ ਹੋਵੇਗੀ ਅਤੇ ਮੀਡੀਆ ਸੂਚਨਾ ਹਾਸਲ ਕਰਨ ਦੇ ਹੋਰ ਤਰੀਕੇ ਲੱਭ ਲਵੇਗਾ।
ਮੀਡੀਆ ਨਾਲ ਟਰੰਪ ਦੇ ਸਬੰਧ ਚੰਗੇ ਨਹੀਂ, ਸ਼ਾਇਦੇ ਇਸੇ ਕਾਰਨ ਅਮਰੀਕੀ ਰਾਸ਼ਟਰਪਤੀ ਸੋਸ਼ਲ ਮੀਡੀਆ ਨੂੰ ਤਰਜੀਹ ਦੇ ਰਹੇ ਹਨ। ਉਂਝ ਅਮਰੀਕਾ ਦਾ ਇਹ 70 ਸਾਲਾ ਰਾਸ਼ਟਰਪਤੀ ਗੈਰ ਰਾਜਨੀਤਿਕ ਪਿੱਠਭੂਮੀ ਵਾਲਾ ਰਾਸ਼ਟਰਪਤੀ ਹੈ। 88 ਅਰਬ ਡਾਲਰ ਦੀ ਜਾਇਦਾਦ ਦਾ ਮਾਲਕ ਡੌਨਲਡ ਟਰੰਪ ਅਮਰੀਕਾ ਦਾ 150ਵਾਂ ਅਮੀਰ ਵਿਅਕਤੀ ਹੈ। ਟਰੰਪ ਨੇ ਸਾਬਕਾ ਉਲੰਪਿਕ ਖਿਡਾਰੀ, ਇੱਕ ਹੀਰੋਇਨ ਅਤੇ ਮਾਡਲ ਨਾਲ ਵਿਆਹ ਰਚਾਏ ਅਤੇ ਉਸਦੇ ਤਿੰਨ ਸ਼ਾਦੀਆਂ ਵਿੱਚੋਂ ਪੰਜ ਬੱਚੇ ਹਨ। ਅਰਬਾਂ ਰੁਪਏ ਦਾ ਮਾਲਕ ਬਣਨ ਤੋਂ ਬਾਅਦ ਟਰੰਪ ਦਾ ਸੁਪਨਾ ਅਮਰੀਕਾ ਦਾ ਰਾਸ਼ਟਰਪਤੀ ਬਣਨ ਦਾ ਬਣਿਆ। 2013 ਵਿੱਚ ਉਸਨੇ 10 ਲੱਖ ਡਾਲਰ ਖਰਚ ਕਰਕੇ ਇੱਕ ਖੋਜ ਏਜੰਸੀ ਤੋਂ ਸਰਵੇ ਕਰਵਾਇਆ ਕਿ ਉਸਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਦੇ ਕਿੰਨੇ ਕੁ ਚਾਂਸ ਹਨ। ਸਰਵੇਖਣ ਦੇ ਨਤੀਜਿਆਂ ਤੋਂ ਉਤਸ਼ਾਹਿਤ ਹੋ ਕੇ ਉਸਨੇ ਰਿਪਬਲਿਕਨ ਪਾਰਟੀ ਵੱਲੋਂ ਚੋਣ ਲੜਨ ਦੇ ਇਰਾਦੇ ਦਾ ਐਲਾਨ ਕਰ ਦਿੱਤਾ। ਆਖਿਰ ਉਹ ਸੈਨੇਟਰ ਟੈਡ ਕਰੂਜ਼ ਨੂੰ ਹਰਾ ਕੇ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦਾ ਉਮੀਦਵਾਰ ਬਣਿਆ। ਉਸਦਾ ਸਿੱਧਾ ਮੁਕਾਬਲਾ ਡੈਮੋਕਰੇਟ ਪਾਰਟੀ ਦੀ ਹਿਲੇਰੀ ਕਲਿੰਟਨ ਨਾਲ ਸੀ। ਉਸਨੇ ਮੀਡੀਆ ਦੀਆਂ ਸਭ ਕਿਆਸ ਅਰਾਈਆਂ ਨੂੰ ਫ਼ੇਲ੍ਹ ਕਰਦੇ ਹੋਏ ਇਹ ਚੋਣ ਜਿੱਤ ਲਈ। 20 ਜਨਵਰੀ ਨੂੰ ਅਮਰੀਕਾ ਦੇ ਤਖਤ ‘ਤੇ ਬੈਠੇ ਇਸ ਸਖਸ਼ ਨੇ ਮੀਡੀਆ ਨੂੰ ਦੁਨੀਆਂ ਦਾ ਸਭ ਤੋਂ ਭ੍ਰਿਸ਼ਟ ਤਬਕਾ ਦੱਸ ਕੇ ਇੱਕ ਹੋਰ ਵੱਡੇ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਇੱਕ ਗੱਲ ਤਾਂ ਸਪਸ਼ਟ ਹੈ ਕਿ ਟਰੰਪ ਦੇ ਰਾਜ ਕਾਲ ਦੌਰਾਨ ਰਵਾਇਤੀ ਮੀਡੀਆ ਦੇ ਮੁਕਾਬਲੇ ਸੋਸ਼ਲ ਮੀਡੀਆ ਨੂੰ ਹੀ ਤਰਜੀਹ ਮਿਲੇਗੀ। ਦੂਜੇ ਪਾਸੇ ਇਹ ਵੀ ਸਪਸ਼ਟ ਹੈ ਕਿ ਕਿਸੇ ਵੀ ਲੋਕਤੰਤਰ ਵਿੱਚ ਲੋਕਾਂ ਕੋਲ ਸੂਚਨਾ ਦਾ ਅਧਿਕਾਰ ਹੁੰਦਾ ਹੈ। ਮੀਡੀਆ ਨੂੰ ਜਾਣਕਾਰੀ ਕਰਨ ਦਾ ਅਧਿਕਾਰ ਇਸ ਲਈ ਵੀ ਹੁੰਦਾ ਹੈ ਕਿਉਂਕਿ ਉਸਨੇ ਪ੍ਰਾਪਤ ਕੀਤੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣੀ ਹੁੰਦੀ ਹੈ। ਮੀਡੀਆ ਨੂੰ ਲੋਕਤੰਤਰ ਦਾ ਚੌਥਾ ਸਤੰਭ ਮੰਨਿਆ ਗਿਆ ਹੈ। ਮੀਡੀਆ ਦੀ ਸਾਰਥਕ ਭੂਮਿਕਾ ਬਿਨਾਂ ਲੋਕਤੰਤਰ ਦੀ ਹੋਂਦ ਦੀ ਕਲਪਨਾ ਕਰਨੀ ਵੀ ਔਖੀ ਹੁੰਦੀ ਹੈ। ਅਮਰੀਕਾ ਵਰਗੇ ਲੋਕਤੰਤਰ ਵਿੱਚ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਮਨੁੱਖ ਦਾ ਮੀਡੀਆ ਬਾਰੇ ਇਸ ਤਰ੍ਹਾਂ ਦਾ ਰਵੱਈਆ ਕਿਸੇ ਵੀ ਤਰ੍ਹਾਂ ਸਹੀ ਨਹੀਂ ਮੰਨਿਆ ਜਾ ਸਕਦਾ ਅਤੇ ਨਾ ਹੀ ਟਰੰਪ ਵੱਲੋਂ ਸਮੁੱਚੇ ਮੀਡੀਆ ਨੂੰ ਭ੍ਰਿਸ਼ਟ ਕਹਿਣਾ ਉਚਿਤ ਹੈ।

LEAVE A REPLY