ਮਾਈਗ੍ਰੇਨ ਦੀ ਪ੍ਰੌਬਲਮ ਲੋਕਾਂ ‘ਚ ਅੱਜਕਲ ਆਮ ਸੁਣਨ ਨੂੰ ਮਿਲ ਰਹੀ ਹੈ। ਇਹ ਇੱਕ ਤਰ੍ਹਾਂ ਦਾ ਸਿਰਦਰਦ ਹੈ, ਜੋ ਕਾਫ਼ੀ ਤਕਲੀਫ਼ਦੇਹ ਹੋ ਸਕਦਾ ਹੈ। ਇਸ ਕਾਰਨ ਸਿਰ ਦੇ ਅੱਧੇ ਹਿੱਸੇ ‘ਚ ਤੇਜ਼ ਦਰਦ ਸ਼ੁਰੂ ਹੋ ਜਾਂਦਾ ਹੈ, ਜੋ ਲਗਾਤਾਰ ਕਈ ਘੰਟੇ ਰਹਿ ਸਕਦਾ ਹੈ। ਦਿਮਾਗ ‘ਚ ਰਸਾਇਣਾਂ ਦੇ ਅਸੰਤੁਲਨ, ਬਦਲਦਾ ਮੌਸਮ ਅਤੇ ਮਾਨਸਿਕ ਤਣਾਅ ਇਸਦੇ ਕਾਰਨ ਹੋ ਸਕਦੇ ਹਨ।
ਮਾਈਗ੍ਰੇਨ ਦੇ ਲੱਛਣ
ਇਹ ਦਰਦ ਅਚਾਨਕ ਸ਼ੁਰੂ ਹੋ ਕੇ ਆਪਣੇ-ਆਪ ਹੀ ਠੀਕ ਹੋ ਜਾਂਦਾ ਹੈ। ਇਸ ਨਾਲ ਸਬੰਧਿਤ ਲੱਛਣਾਂ ‘ਚ ਤਣਾਅ, ਬੇਚੈਨੀ, ਥਕਾਨ, ਫ਼ੋਟੋਫ਼ੋਬੀਆ (ਰੋਸ਼ਨੀ ਪ੍ਰਤੀ ਜ਼ਿਆਦਾ ਸੰਵੇਦਨਸ਼ੀਲਤਾ) ਅਤੇ ਫ਼ੋਨੋਫ਼ੋਬੀਆ (ਆਵਾਜ਼ ਪ੍ਰਤੀ ਜ਼ਿਆਦਾ ਸੰਵੇਦਨਸ਼ੀਲਤਾ) ਸ਼ਾਮਲ ਹਨ। ਇਹ ਕਿਸੇ ਵੀ ਉਮਰ ਦੇ ਸ਼ਖਸ ਨੂੰ ਹੋ ਸਕਦਾ ਹੈ। ਇਸ ਦਰਦ ਤੋਂ ਪੀੜਤ ਇੱਕ ਤਿਹਾਈ ਲੋਕਾਂ ਨੂੰ ਔਰਾ ਦੇ ਮਾਧਿਅਮ ਰਾਹੀਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ, ਜਿਸ ਨਾਲ ਗਤੀ ਪੈਦਾ ਕਰਨ ਵਾਲੀਆਂ ਨਸਾਂ ‘ਚ ਰੁਕਾਵਟ ਪੈਦਾ ਹੋ ਜਾਂਦੀ ਹੈ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਜਲਦੀ ਹੀ ਸਿਰਦਰਦ ਸ਼ੁਰੂ ਹੋਣ ਵਾਲਾ ਹੈ।
ਘਰੇਲੂ ਤਰੀਕਿਆਂ ਨਾਲ ਕਿਵੇਂ ਪਾਈਏ ਦਰਦ ਤੋਂ ਛੁਟਕਾਰਾ
ਇਸ ਦਰਦ ਦੇ ਨਿਵਾਰਣ ਲਈ ਡਾਕਟਰ ਕਈ ਤਰ੍ਹਾਂ ਦੀਆਂ ਦਵਾਈਆਂ ਦਿੰਦੇ ਹਨ ਪਰ ਲਗਾਤਾਰ ਦਵਾਈਆਂ ਦੇ ਇਸਤੇਮਾਲ ਨਾਲ ਸਰੀਰ ‘ਤੇ ਮਾੜਾ ਅਸਰ ਪੈਂਦਾ ਹੈ ਅਤੇ ਸਰੀਰ ਦਵਾਈਆਂ ਦਾ ਆਦੀ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਕਈ ਘਰੇਲੂ ਨੁਸਖੇ ਵੀ ਹਨ, ਜੋ ਇਸ ਦਰਦ ਤੋਂ ਰਾਹਤ ਦਿਵਾਉਣ ‘ਚ ਮਦਦਗਾਰ ਸਾਬਤ ਹੁੰਦੇ ਹਨ।
ਤਣਾਅ ਤੋਂ ਦੂਰ
ਮਾਈਗ੍ਰੇਨ ਕੰਮ ਦੇ ਜ਼ਿਆਦਾ ਪ੍ਰੈਸ਼ਰ, ਪੂਰੀ ਨੀਂਦ ਨਾ ਲੈਣ ਅਤੇ ਤਣਾਅ ਕਾਰਨ ਹੁੰਦਾ ਹੈ। ਇਸ ਤੋਂ ਬਚਣ ਲਈ ਆਪਣੇ ਖਾਣ-ਪੀਣ ਦਾ ਧਿਆਨ ਰੱਖੋ ਅਤੇ ਲਾਈਫ਼ ਸਟਾਈਲ ਨੂੰ ਬਦਲੋ। ਭੱਜਦੌੜ ਤੇ ਟੈਨਸ਼ਨ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਮੱਖਣ ‘ਚ ਮਿਸ਼ਰੀ ਨੂੰ ਮਿਲਾ ਕੇ ਖਾਣ ਨਾਲ ਵੀ ਮਾਈਗ੍ਰੇਨ ‘ਚ ਰਾਹਤ ਮਿਲਦੀ ਹੈ।
ਸਿਰ ਦੀ ਮਾਲਿਸ਼
ਹਲਕੇ ਹੱਥਾਂ ਨਾਲ ਕੀਤੀ ਗਈ ਮਸਾਜ ਦਵਾਈ ਤੋਂ ਜ਼ਿਆਦਾ ਅਤੇ ਜਲਦੀ ਅਸਰ ਕਰਦੀ ਹੈ। ਮਾਈਗ੍ਰੇਨ ਦਾ ਦਰਦ ਹੋਣ ‘ਤੇ ਸਿਰ, ਗਰਦਨ ਅਤੇ ਮੋਢਿਆਂ ‘ਤੇ ਹਲਕੇ ਹੱਥਾਂ ਨਾਲ ਮਾਲਸ਼ ਕਰੋ। ਧਿਆਨ ਰਹੇ ਕਿ ਜਿਸ ਤੇਲ ਨਾਲ ਤੁਸੀਂ ਮਾਲਿਸ਼ ਕਰ ਰਹੇ ਹੋ ਉਹ ਤੇਜ਼ ਖੁਸ਼ਬੂ ਵਾਲਾ ਨਾ ਹੋਵੇ। ਤੁਸੀਂ ਕਿਸੇ ਚੰਗੇ ਤੇਲ ਜਾਂ ਦੇਸੀ ਘਿਓ ਵਿੱਚ ਕਪੂਰ ਮਿਲਾ ਕੇ ਮਾਲਿਸ਼ ਕਰ ਸਕਦੇ ਹੋ।
ਮਿੱਠਾ ਤੇ ਮੱਧਮ ਸੰਗੀਤ
ਕੁਝ ਲੋਕ ਸੰਗੀਤ ਸੁਣ ਕੇ ਫ਼ਰੈੱਸ਼ ਮਹਿਸੂਸ ਕਰਦੇ ਹਨ। ਮਾਈਗ੍ਰੇਨ ਦਰਦ ਹੋਣ ‘ਤੇ ਹਲਕਾ ਅਤੇ ਮਿੱਠਾ  ਸੰਗੀਤ ਸੁਣਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਆਪਣੇ ਮਨਪਸੰਦ ਗਾਣਿਆਂ ਨੂੰ ਸੁਣੋ, ਇਸ ਨਾਲ ਨਾ-ਸਿਰਫ਼ ਦਰਦ ਘਟੇਗਾ ਬਲਕਿ ਤੁਹਾਨੂੰ ਰਾਹਤ ਵੀ ਮਿਲੇਗੀ।

LEAVE A REPLY