ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਅਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਮੁੱਖ ਚੋਣ ਦਫਤਰ ਵੱਲੋਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਹ ਖੁਲਾਸਾ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀ ਸਿਬਨ ਸੀ. ਨੇ ਅੱਜ ਇਥੇ ਮੁੱਖ ਚੋਣ ਅਫਸਰ ਦੇ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਸ੍ਰੀ ਸਿਬਨ ਨੇ ਕਿਹਾ ਕਿ 4 ਫਰਵਰੀ ਨੂੰ 117 ਵਿਧਾਨ ਸਭਾ ਦੀਆਂ ਸੀਟਾਂ ਦੀ ਚੋਣ ਲਈ 51 ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਮਿਲਾ ਕੇ ਕੁੱਲ 1145 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ 9 ਉਮੀਦਵਾਰ ਮੈਦਾਨ ਵਿੱਚ ਹਨ। ਉਨ੍ਹਾਂ ਕਿਹਾ ਕਿ ਰਾਜ ਵਿੱਚ ਵੋਟਾਂ ਪਵਾਉਣ ਲਈ ਕੁੱਲ 31,460 ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਹਿਲੀ ਵਾਰ ਪੰਜਾਬ ਸੂਬੇ ਵਿੱਚ 33 ਵਿਧਾਨ ਸਭਾ ਹਲਕਿਆਂ ਵਿੱਚ ਵੀ.ਵੀ.ਪੀ.ਏ.ਟੀ. ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਵੀ 2 ਵਿਧਾਨ ਸਭਾ ਹਲਕਿਆਂ ਵਿੱਚ ਵੀ.ਵੀ.ਪੀ.ਏ.ਟੀ. ਮਸ਼ੀਨਾਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਚੋਣਾਂ ਸਬੰਧੀ ਸਮੁੱਚੀ ਸਮੱਗਰੀ ਦੀ ਮੁਕੰਮਲ ਵੰਡ ਕਰ ਦਿੱਤੀ ਗਈ ਹੈ ਅਤੇ ਵੋਟਾਂ ਲਈ ਡਿਊਟੀ ਕਰ ਰਹੇ ਮੁਲਾਜ਼ਮਾਂ ਲਈ ਮੈਡੀਕਲ ਕਿੱਟਾਂ ਵੀ ਦਿੱਤੀਆਂ ਜਾ ਚੁੱਕੀਆਂ ਹਨ। ਵੋਟਰਾਂ ਨੂੰ ਵੋਟਰ ਸਲਿੱਪਾਂ ਉਨ੍ਹਾਂ ਦੇ ਘਰ ਤੱਕ ਵੰਡਣ ਦਾ ਕੰਮ 31 ਜਨਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 60 ਹਜ਼ਾਰ ਅੰਗਹੀਣ ਵੋਟਰਾਂ ਲਈ ਪੋਲਿੰਗ ਸਟੇਸ਼ਨਾਂ ‘ਤੇ ਹਰ ਤਰ੍ਹਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਹਨ।
ਵੀ.ਵੀ.ਪੀ.ਏ.ਟੀ. ਮਸ਼ੀਨਾਂ ਲੱਗਣ ਵਾਲੇ ਵਿਧਾਨ ਸਭਾ ਹਲਕਿਆਂ ਦੇ ਨਾਵਾਂ ਬਾਰੇ ਖੁਲਾਸਾ ਕਰਦਿਆਂ ਵਧੀਕ ਮੁੱਖ ਚੋਣ ਅਫਸਰ ਨੇ ਦੱਸਿਆ ਕਿ ਪਠਾਨਕੋਟ, ਕਾਦੀਆ, ਮਜੀਠਾ, ਅੰਮ੍ਰਿਤਸਰ ਉਤਰੀ, ਭੁਲੱਥ, ਕਪੂਰਥਲਾ, ਜਲੰਧਰ ਕੇਂਦਰੀ, ਜਲੰਧਰ ਕੈਂਟ, ਹੁਸ਼ਿਆਰਪੁਰ, ਚੱਬੇਵਾਲ, ਨਵਾਂਸ਼ਹਿਰ, ਆਨੰਦਪੁਰ ਸਾਹਿਬ, ਰੋਪੜ, ਐਸ.ਏ.ਐਸ. ਨਗਰ, ਫਤਹਿਗੜ੍ਹ ਸਾਹਿਬ, ਆਤਮ ਨਗਰ, ਰਾਏਕੋਟ, ਮੋਗਾ, ਫਿਰੋਜ਼ਪੁਰ ਸ਼ਹਿਰੀ, ਗੁਰੂ ਹਰਸਹਾਏ, ਜਲਾਲਾਬਾਦ, ਫਾਜ਼ਿਲਕਾ, ਲੰਬੀ, ਮੁਕਤਸਰ, ਫਰੀਦਕੋਟ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਮਾਨਸਾ, ਲਹਿਰਾ, ਸੰਗਰੂਰ, ਬਰਨਾਲਾ, ਸਨੌਰ ਤੇ ਪਟਿਆਲਾ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਇਸ ਵੇਲੇ 487 ਫਲਾਇੰਗ ਸੁਕੈਅਲ ਟੀਮਾਂ ਅਤੇ 506 ਸਪੈਸ਼ਲ ਸੁਕੈਅਡ ਟੀਮਾਂ ਚੈਕਿੰਗ ਦਾ ਕੰਮ ਕਰ ਰਹੀਆਂ ਹਨ। ਉਨ੍ਹਾਂ ਅਗਾਂਹ ਦੱਸਿਆ ਕਿ ਪੰਜਾਬ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਦੇ 4000 ਪੋਲਿੰਗ ਸਟੇਸ਼ਨਾਂ ਤੋਂ ਵੈਬਕਾਸਟਿੰਗ ਰਾਹੀਂ ਚੋਣ ਅਮਲ ਦਾ ਨਿਗਰਾਨੀ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੇਡ ਨਿਊਜ਼ ਸਬੰਧੀ 50 ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਵਿੱਚੋਂ 19 ਮਾਮਲੇ ਵਿੱਚ ਪੇਡ ਨਿਊਜ਼ ਐਲਾਨੀ ਗਈ ਜਦੋਂ ਕਿ 7 ਮਾਮਲੇ ਖਾਰਜ ਕੀਤੇ ਗਏ ਜਦੋਂ ਕਿ 24 ਮਾਮਲੇ ਕਾਰਵਾਈ ਅਧੀਨ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀ ਵੈਬਸਾਈਟ ਉਪਰ ਹੁਣ ਤੱਕ ਕੁੱਲ 4431 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 4218 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਜਦੋਂ ਕਿ 183 ਸਮਾਂ ਰਹਿੰਦਿਆਂ ਕਾਰਵਾਈ ਅਧੀਨ ਹੈ। ਇਸ ਤੋਂ ਇਲਾਵਾ 30 ਮਾਮਲੇ ਮਿੱਥੇ ਸਮੇਂ ਤੋਂ ਬਾਅਦ ਵੀ ਕਾਰਵਾਈ ਅਧੀਨ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਵਿਧਾ ਐਪ ਰਾਹੀਂ ਹੁਣ ਤੱਕ 12792 ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋਂ 12119 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ 523 ਸਮਾਂ ਰਹਿੰਦਿਆਂ ਕਾਰਵਾਈ ਅਧੀਨ ਹੈ ਜਦੋਂ ਕਿ 150 ਮਾਮਲੇ ਮਿੱਥੇ ਸਮੇਂ ਤੋਂ ਬਾਅਦ ਵੀ ਕਾਰਵਾਈ ਅਧੀਨ ਹਨ।
ਸ੍ਰੀ ਸਿਬਨ ਨੇ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ ਵੱਲੋਂ ਚੋਣ ਪ੍ਰਚਾਰ ਵਿੱਚ ਹਿੱਸਾ ਲੈਣ ਸਬੰਧੀ ਮੁੱਖ ਚੋਣ ਅਫਸਰ ਵੱਲੋਂ ਭਾਰਤੀ ਚੋਣ ਕਮਿਸ਼ਨ ਦੀ ਅਗਵਾਈ ਮੰਗੀ ਗਈ ਸੀ ਜਿਸ ‘ਤੇ ਭਾਰਤੀ ਚੋਣ ਕਮਿਸ਼ਨ ਨੇ ਪੱਤਰ ਲਿਖ ਕੇ ਦੱਸਿਆ ਕਿ ਇਸ ਸਬੰਧੀ ਵਿਦੇਸ਼ ਮੰਤਰਾਲੇ ਨੂੰ ਲਿਖ ਕੇ ਇਹ ਸਪੱਸ਼ਟੀਕਰਨ ਮੰਗਿਆ ਹੈ ਕਿ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਵਿੱਚ ਆਪਣੇ ਠਹਿਰਾਅ ਦੌਰਾਨ ਕੋਈ ਗਤੀਵਿਧੀ ਕਰਨ ਸਬੰਧੀ ਵੀਜ਼ੇ ਵਿੱਚ ਕੋਈ ਸ਼ਰਤ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਸਪੱਸ਼ਟੀਕਰਨ ਦੀ ਉਡੀਕ ਕੀਤੀ ਜਾ ਰਹੀ ਹੈ। ਉਮੀਦਵਾਰਾਂ ਨੂੰ ਜਾਰੀ ਨੋਟਿਸਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੁੱਲ 1061 ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ।
ਵਧੀਕ ਮੁੱਖ ਚੋਣ ਅਫਸਰ ਨੇ ਹੁਣ ਤੱਕ ਪੁਲਿਸ ਜਾਂ ਹੋਰ ਏਜੰਸੀਆਂ ਵੱਲੋਂ ਜ਼ਬਤ ਕੀਤੀ ਸਮੱਗਰੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਤੱਕ 12 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 5.90 ਕਰੋੜ ਰੁਪਏ ਨਗਦ, 26 ਕਰੋੜ ਰੁਪਏ ਦਾ ਸੋਨਾ, 2.50 ਕਰੋੜ ਰੁਪਏ ਦੀ ਸ਼ਰਾਬ ਜ਼ਬਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 91 ਫੀਸਦੀ ਅਸਲਾ ਲਾਇਸੰਸ ਧਾਰਕਾਂ ਵੱਲੋਂ ਆਪਣਾ ਅਸਲਾ ਜਮ੍ਹਾਂ ਕਰਵਾਇਆ ਜਾ ਚੁੱਕਾ ਹੈ।

LEAVE A REPLY