ਜਿਉਂ ਹੀ ਬਾਬਾ ਅਮਰ ਸਿਉਂ ਸੱਥ ‘ਚ ਆਇਆ ਤਾਂ ਸੀਤਾ ਮਰਾਸੀ ਬਾਬੇ ਨੂੰ ਕਹਿੰਦਾ, ”ਅੱਜ ਤਾਂ ਬਾਬਾ ਇਉਂ ਲੱਗਦੈਂ ਜਿਮੇਂ ਸਾਲੀ ਦੇ ਵਿਆਹ ਜਾ ਕੇ ਆਇਆ ਹੁੰਨੈਂ।”
ਮਾਹਲੇ ਨੰਬਰਦਾਰ ਨੇ ਮਰਾਸੀ ਨੂੰ ਪੁੱਛਿਆ, ”ਤੈਨੂੰ ਕਿਮੇਂ ਪਤਾ ਸੀਤਾ ਸਿਆਂ ਬਈ ਸਾਲੀ ਦੇ ਵਿਆਹ ਦੇ ਲੱਡੂ ਖਾ ਕੇ ਆਇਐ, ਕੁ ਨਮੇਂ ਲੀੜਿਆਂ ਤੋਂ ਪਛਾਣਿਐਂ ਤੈਂ?”
ਨਾਥਾ ਅਮਲੀ ਕਹਿੰਦਾ, ”ਕਿਉਂ ਯਾਰ ਬੁੜ੍ਹੇ ਬੰਦੇ ਨੂੰ ਟਿੱਚਰਾਂ ਕਰਦੇ ਐਂ। ਨੱਬਿਆਂ ਤੋਂ ਤਾਂ ਉਮਰ ਬਾਬੇ ਦੀ ਟੱਪੀ ਪਈ ਐ, ਹਜੇ ਸਾਲੀ ਦਾ ਵਿਆਹ ਅੜਿਆ ਈ ਪਿਆ। ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰੋ ਕਦੇ।”
ਬੁੱਘਰ ਦਖਾਣ ਸੀਤੇ ਮਰਾਸੀ ਦੀ ਗੱਲ ‘ਤੇ ਪੋਚਾ ਮਾਰਦਾ ਬੋਲਿਆ, ”ਸਾਲੀ ਦੇ ਵਿਆਹ ਨ੍ਹੀ, ਸਾਲੀ ਦੇ ਮੁੰਡੇ ਦੇ ਵਿਆਹ ਜਾ ਕੇ ਆਇਆ ਹੋਣੈ। ਤੁਸੀਂ ਤਾਂ ਪਤੰਦਰੋ ਬਾਹਲ਼ਾ ਈ ਗਾਹਾਂ ਨੰਘ ਜਾਨੇਂ ਐ।”
ਮਾਹਲਾ ਨੰਬਰਦਾਰ ਬਾਬੇ ਅਮਰ ਸਿਉਂ ਨੂੰ ਕਹਿੰਦਾ, ઺ਕਿਉਂ ਅਮਰ ਸਿਆਂ! ਅੱਜ ਤਾਂ ਤੈਨੂੰ ਸਾਰੇ ਈ ਇਉਂ ਚਿੰਬੜਗੇ ਜਿਮੇਂ ਸਾਰੇ ਫ਼ੜਨ ਆਲੀ ਕੌਡੀ ‘ਚ ਛੀਏ ਸੱਤੇ ਜਣੇ ਇੱਕ ਨੂੰ ਈਂ ਚਿੰਬੜ ਜਾਂਦੇ ਹੁੰਦੇ ਐ।”
ਬਾਬਾ ਅਮਰ ਸਿਉਂ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਜੁਆਨੀ ਐ ਨੰਬਰਦਾਰਾ ਇਨ੍ਹਾਂ ‘ਤੇ। ਜੇ ਹੁਣ ਨਾ ਟਿੱਚਰਾਂ ਕਰਨਗੇ ਤਾਂ ਫ਼ੇਰ ਕਦੋਂ ਕਰਨਗੇ ਜਦੋਂ ਆਪਣੇ ਫੰ:ਘਾਂ ਆਂਗੂੰ ਇਨ੍ਹਾਂ ਦੇ ਵੀ ਫ਼ੰਘ ਝੜ੍ਹ ਗੇ। ਆਪਾਂ ਤਾਂ ਪਰਾਣੀਆਂ ਖਰਾਕਾਂ ਖਾਧੀਆਂ ਕਰ ਕੇ ਵਿੰਗੇ ਟੇਢੇ ਜੇ ਹੋ ਕੇ ਤੁਰੇ ਈ ਫ਼ਿਰਦੇ ਆਂ ਹਜੇ, ਇਨ੍ਹਾਂ ਤੋਂ ਤਾਂ ਆਪਣੀ ਉਮਰ ‘ਚ ਜਾ ਕੇ ਮੰਜੀ ਤੋਂ ਮਨ੍ਹੀ ਉਠਿੱਆ ਜਾਣਾ। ਨਾਲੇ ਬੁੜ੍ਹਿਆਂ ਬਿਨਾਂ ਫ਼ਿਰ ਸਰਦਾ ਨ੍ਹੀ ਨਾਲੇ ਚਹੇਡਾਂ ਕਰਦੇ ਐ। ਆਹ ਜਿਹੜਾ ਰਤਨੇ ਬਿੰਬਰ ਦਾ ਮੁੰਡਾ ਬਹੁਤਾ ਬੋਲਦੈ, ਇਹਨੇ ਪਿਉ ਨੂੰ ਤਾਂ ਖੂਹ ‘ਤੇ ਹਲ੍ਹਟ ਦੀ ਰਾਖੀ ਬਹਾ ਛੱਡਿਆ, ਆਪ ਵੇਹਲਾ ਸੱਥ ‘ਚ ਬੁੜ੍ਹਿਆਂ ਨੂੰ ਮਸ਼ਕਰੀਆਂ ਕਰਨ ‘ਤੇ ਐ।”
ਬਾਬੇ ਅਮਰ ਸਿਉਂ ਦੀ ਗੱਲ ਸੁਣ ਕੇ ਰਤਨੇ ਮੈਂਬਰ ਦਾ ਮੁੰਡਾ ਗੋਘਾ ਤਾਂ ਸੱਥ ‘ਚੋਂ ਉੱਠ ਕੇ ਇਉ ਭੱਜ ਗਿਆ ਜਿਮੇਂ ਗਾਰੇ ਨਾਲ ਲਿਬੜੇ ਸੂਰ ਨੂੰ ਚਿੱਕੜ ‘ਚੋਂ ਨਿੱਕਲਦੇ ਨੂੰ ਵੇਖ ਕੇ ਕਤੂਰਾ ਚਊਂ ਚਊਂ ਕਰਦਾ ਭੱਜ ਜਾਂਦਾ ਹੁੰਦੈ। ਮਗਰੋਂ ਫ਼ਿਰ ਨਾਥੇ ਅਮਲੀ ਨੇ ਸਾਂਭਿਆ ਸਪੀਕਰ। ਰਤਨੇ ਦੇ ਮੁੰਡੇ ਦੀ ਗੱਲ ਕਰਦਾ ਅਮਲੀ ਬਾਬੇ ਅਮਰ ਸਿਉਂ ਨੂੰ ਕਹਿੰਦਾ, ”ਗੱਲ ਤਾਂ ਬਾਬਾ ਤੁੰ ਹੁਣ ਛੇੜ ਈ ਲਈ ਐ। ਇਹ ਕੱਲ੍ਹ ਦਾ ਛੋਹਰਾ ਆਵਦੀ ਗੱਲ ਭੁੱਲ ਕੇ ਸੱਥ ‘ਚ ਆ ਕੇ ਬੁੜ੍ਹਿਆਂ ਨੂੰ ਟਿੱਚਰਾਂ ਕਰਨ ਪਿਐ। ਇਹਨੂੰ ਬਾਬਾ ਦੱਸੀਏ ਤਾਂ ਸਹੀ ਬਈ ਤੇਰੇ ਨਾਲ ਤਾਂ ਹੁਣੇ ਈ ਹੋ ਕੇ ਹਟੀ ਐ ਹਜੇ ਛੀ ਮਹੀਨੇ ਮਨ੍ਹੀ ਹੋਏ। ਸਾਲਾ ਚਿੱਬੇ ਨਾਸਾ ਜਾ ਨਾ ਹੋਵੇ ਤਾਂ। ਅਗਲਿਆਂ ਨੇ ਕੁੱਟ ਕੁੱਟ ਕੇ ਅਗਲੇ ਪਿਛਲੇ ਸਾਰੇ ਚਿੱਬ ਇਉਂ ਕੱਢ ‘ਤੇ ਜਿਮੇਂ ਭਾਡਿਆਂ ਆਲਾ ਸੰਤ ਰਾਮ ਪਿੱਤਲ ਦੇ ਭਾਂਡਿਆਂ ਦੇ ਚਿੱਬ ਕੱਢ ਦਿੰਦੈ।”
ਸੀਤੇ ਮਰਾਸੀ ਨੇ ਪੁੱਛਿਆ, ”ਅਮਲੀਆ ਜਿਹੜੀ ਜੰਗੇ ਸੇਵਾ ਕਰਨੇ ਕਿਆਂ ਨੇ ਝਾੜ ਝੰਭ ਕੀਤੀ ਸੀ ਤੂੰ ਉਹੀ ਗੱਲ ਕਰਦੈਂ ਕੁ ਕੋਈ ਹੋਰ ਵੀ ਹੋ ਗੀ?”
ਨਾਥਾ ਅਮਲੀ ਟਿੱਚਰ ‘ਚ ਕਹਿੰਦਾ, ”ਹਜੇ ਤਾਂ ਓਹੀ ਸੁਰਮਾਂ ਨ੍ਹੀ ਅੱਖਾਂ ‘ਚੋਂ ਨਿੱਕਲਿਆ, ਜੇ ਕਿਤੇ ਹੋਰ ਪੈ ਜਾਂਦਾ ਫ਼ੇਰ ਤਾਂ ਖਣੀ ਐਨਕਾਂ ਈ ਨਾ ਲਵਾਉਣੀਆਂ ਪੈਂਦੀਆਂ।”
ਬਾਬਾ ਅਮਰ ਸਿਉਂ ਸੀਤੇ ਮਰਾਸੀ ਨੂੰ ਕਹਿੰਦਾ, ”ਸੀਤਾ ਸਿਆਂ ਯਾਰ ਕੁਸ ਦੱਸੋਂਗੇ ਵੀ ਕੁ ਆਪਸ ਵਿੱਚ ਈ ਹਾਂ ਹੂੰ ਜੀ ਕਰ ਕੇ ਸਾਰ ਦਿਉਂਗੇ?઺
ਬਾਬੇ ਅਮਰ ਸਿਉਂ ਦੀ ਗੱਲ ਸੁਣ ਕੇ ਨਾਥਾ ਅਮਲੀ ਬਾਬੇ ਨੂੰ ਕਹਿੰਦਾ, ”ਦੱਸਦੇ ਆਂ ਬਾਬਾ ਕਾਹਲ਼ਾ ਕਿਉਂ ਹੋਇਐਂ।”
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ”ਅਮਲੀਆ ਪਹਿਲਾਂ ਇਉਂ ਦੱਸ ਬਈ ਜੰਗੇ ਕਿਆਂ ਨੂੰ ਸੇਵਾ ਕਰਨਿਆਂ ਦੇ ਕਾਹਤੋਂ ਕਹਿੰਦੇ ਐ?”
ਸੀਤਾ ਮਰਾਸੀ ਕਹਿੰਦਾ, ”ਇਹ ਨਾਂਅ ਤਾਂ ਲੋਕਾਂ ਨੇ ਓਦਣ ਈਂ ਧਰਿਆ ਜਿੱਦਣ ਇਹਨੂੰ ਗੋਘੇ ਨੂੰ ਛੁਲਕਿਆ ਸੀ। ਇਹ ਕੁੱਟ ਖਾ ਕੇ ਹਜੇ ਮੱਘਰ ਦੀ ਆਟਾ ਚੱਕੀ ‘ਤੇ ਆਇਆ ਈ ਸੀ ਓਦੂੰ ਪਿੱਛੋਂ ਜੰਗੇ ਕਿਆਂ ਨੇ ਭੰਡ ਜੇ ਕੁੱਟ ਧਰੇ। ਅਕੇ ਭੰਡ ਕਹਿੰਦੇ ‘ਸਾਥੋਂ ਕੀ ਕਸੂਰ ਹੋ ਗਿਆ ਸਾਨੂੰ ਕਿਉਂ ਕੁੱਟਦੇ ਐਂ’। ਅਕੇ ਜੰਗੇ ਕੇ ਕਹਿੰਦੇ ‘ਅਸੀਂ ਤਾਂ ਪੁੱਠੇ ਲੋਕਾਂ ਦੀ ਇਉਂ ਈ ਸੇਵਾ ਕਰਦੇ ਹੁੰਨੇ ਆਂ’। ਜਿਹੜੇ ਲੋਕਾਂ ਨੇ ਭੰਡਾਂ ਨੂੰ ਛਡਾਇਆ ਸੀ ਉਨ੍ਹਾਂ ਨੇ ਈਂ ਜੰਗੇ ਕਿਆਂ ਦਾ ਨਾਂਅ ਸੇਵਾ ਕਰਨੇ ਧਰਿਐ। ਹੁਣ ਸਾਰਾ ਪਿੰਡ ਜੰਗੇ ਕਿਆਂ ਨੂੰ ਸੇਵਾ ਕਰਨੇ ਈਂ ਕਹਿੰਦਾ।”
ਬਾਬਾ ਅਮਰ ਸਿਉਂ ਅਮਲੀ ਨੂੰ ਕਹਿੰਦਾ, ”ਅਮਲੀਆ ਜੰਗੇ ਕਿਆਂ ਦੀ ਗੱਲ ਛੱਡ, ਹੁਣ ਗੋਘੇ ਦੀ ਸਣਾ ਯਾਰ ਉਹਦੀ ਕੀ ਗੱਲ ਐ?”
ਨਾਥਾ ਅਮਲੀ ਕਹਿੰਦਾ, ”ਕੁੱਟ ਦੀ ਗੱਲ ਐ ਬਾਬਾ ਹੋਰ ਗੋਘੇ ਨੇ ਕਿਹੜਾ ਐਲ ਬਲੈਲੇ ਦੀ ਸ਼ੀਂਟ ਜਿੱਤੀ ਐ।”
ਮਾਹਲਾ ਨੰਬਰਦਾਰ ਕਹਿੰਦਾ, ”ਅਮਲੀਆ ਗਿੱਲਾ ਜਾ ਪੀਹਣ ਪਾਈ ਬੈਠੈਂ ਯਾਰ। ਤੂੰ ਫੱ:ਟ ਦੇਣੇ ਗੱਲ ਕਿਉਂ ਨ੍ਹੀ ਦੱਸਦਾ। ਲੋਗੜ ਵਕੀਲ ਆਂਗੂੰ ਹੋਰ ਈ ਵਕੀਲੀ ਜੀ ਘੋਟੀ ਜਾਨੈਂ।”
ਅਮਲੀ ਕਹਿੰਦਾ, ”ਵਕੀਲੀ ਨ੍ਹੀ ਨੰਬਰਦਾਰਾ ਇਹੇ। ਗੱਲ ਤਾਂ ਇਉਂ ਐ। ਬਿਸ਼ਨੇ ਕੇ ਜੰਗੇ ਦੀ ਮਰਗੀ ਸੀ ਮਾਂ। ਪਿਉ ਵੀ ਵੇਖ ਲਾ ਖਾਸਾ ਬਜੁਰਗ ਹੋਇਆ ਪਿਐ। ਇਹ ਗੋਘੇ ਨੂੰ ਕਿਤੇ ਘਰ ਦਿਆਂ ਨੇ ਘਰੋਂ ਆਟੇ ਵਾਸਤੇ ਖਾਲੀ ਬੋਰੀ ਦੇ ਕੇ ਤੋਰ ‘ਤਾ ਬਈ ਨਾਲੇ ਤਾਂ ਆਉਂਦਾ ਹੋਇਆ ਤੂੰ ਮੱਘਰ ਦੀ ਚੱਕੀ ਤੋਂ ਆਪਣਾ ਆਟਾ ਚੱਕ ਲਿਆਈਂ, ਨਾਲੇ ਬਿਸ਼ਨੇ ਜੰਗੇ ਕੇ ਉਨ੍ਹਾਂ ਦੀ ਬੁੜ੍ਹੀ ਦਾ ਮਸੋਸ ਕਰਿਆਈਂ। ਇਹਨੇ ਕੰਜਰ ਦੇ ਕਮਲੇ ਨੇ ਮੱਘਰ ਦੀ ਚੱਕੀ ਤੋਂ ਸ਼ੈਂਕਲ ‘ਤੇ ਆਟੇ ਦੀ ਬੋਰੀ ਲੱਦੀ ਤੇ ਜੰਗੇ ਕੇ ਘਰੇ ਬੁੜ੍ਹੀ ਦਾ ਮਸੋਸ ਕਰਨ ਜਾ ਵੜਿਆ। ਜਿੱਥੇ ਲੋਕ ਬੁੜ੍ਹੀ ਦਾ ਮਸੋਸ ਕਰਨ ਬੈਠੇ ਸੀ ਓੱਥੇ ਕੰਧੋਲੀ ਨਾਲ ਜਾ ਲਾਇਆ ਆਟੇ ਆਲੀ ਬੋਰੀ ਲੱਦੀ ਆਲਾ ਸ਼ੈਂਕਲ। ਮਰੀ ਤਾਂ ਜੰਗੇ ਕੀ ਬੁੜ੍ਹੀ ਸੀ ਮਸੋਸ ਜੰਗੇ ਕੇ ਬੁੜ੍ਹੇ ਦਾ ਕਰਨ ਲੱਗ ਪਿਆ। ਜੰਗੇ ਦੇ ਕੋਲ ਬੈਠ ਕੇ ਜੰਗੇ ਨੂੰ ਕਹਿੰਦਾ ‘ਦੇਖ ਲਾ ਜੰਗ ਸਿਆਂ ਰੱਬ ਦੇ ਰੰਗ। ਔਖੀ ਤਾਂ ਦੱਸਦੇ ਸੋਡੀ ਮਾਈ ਸੀ, ਪਰ ਚੰਦਰੀ ਮੌਤ ਲੈ ਗੀ ਸੋਡੇ ਬਾਪੂ ਨੂੰ। ਕਿੱਡਾ ਧੱਕਾ ਕੀਤਾ ਯਾਰ ਰੱਬ ਨੇ। ਜਮਦੂਤਾਂ ਨੂੰ ਸਾਲਿਆਂ ਨੂੰ ਸਿਆਣ ਈ ਨ੍ਹੀ ਆਈ ਬਈ ਕਿੱਥੇ ਬੁੜ੍ਹਾ ਕਿੱਥੇ ਬੁੜ੍ਹੀ’। ਜਦੋਂ ਬਾਬਾ ਗੋਘੇ ਨੇ ਇਹ ਗੱਲ ਕੀਤੀ ਤਾਂ ਜੰਗੇ ਕਿਆਂ ਨੇ ਗੋਘੇ ਨੂੰ ਪਿਛਲੀ ਸਬ੍ਹਾਤ ‘ਚ ਸੱਦ ਕੇ ਕੁੱਟ ਕੁੱਟ ਕੇ ਹੌਲਾ ਫੁੱਲ ਅਰਗਾ ਕਰ ਕੇ ਘਰ ਨੂੰ ਤੋਰਿਆ। ਪਿਛਲੀ ਬੀਹੀ ਆਲੇ ਬਾਰ ਘਰੋਂ ਕੱਢ ਕੇ ਬਾਰ ਬੰਦ ਕਰ ਲਿਆ। ਕਹਿੰਦੇ ‘ਜੇ ਸਾਡੇ ਘਰ ਵੱਲ ਮੂੰਹ ਵੀ ਕੀਤਾ ਨਾਹ ਮੁੜ ਕੇ ਤਾਂ ਆਵਦਾ ਪੜ੍ਹਿਆ ਵਚਾਰ ਲੀਂ’। ਓਦੂੰ ਮਗਰੋਂ ਗੋਘਾ ਕੁੱਟ ਕੱਟ ਖਾ ਕੇ ਮੱਘਰ ਦੀ ਚੱਕੀ ‘ਤੇ ਆ ਬੈਠਾ। ਬਈ ਹੁਣ ਆਟਾ ਵੀ ਜੰਗੇ ਕੇ ਘਰੇ ਰਹਿ ਗਿਆ ਤੇ ਘਰ ਗਏ ਨੂੰ ਗਾਲਾਂ ਵੀ ਪੈਣਗੀਆਂ ਬਈ ਆਟਾ ਕਿਉਂ ਨ੍ਹੀ ਲੈ ਕੇ ਆਇਆ। ਏਧਰ ਮੱਘਰ ਹੋਰ ਆਟਾ ਨਾ ਦੇਵੇ। ਵੱਸ ਇਹ ਸੋਚ ਕੇ ਚੱਕੀ ਦੇ ਬਾਹਰ ਚੱਕੀ ਦੇ ਖ਼ਰਾਬ ਹੋਏ ਅੱਧ ਟੁੱਟੇ ਚੱਕੀ ਦੇ ਪੁੜ ‘ਤੇ ਬੈਠਾ ਰਿਹਾ ਬਈ ਹੋਰ ਘੈਂਟੇ ਦੋ ਘੈਂਟੇ ਨੂੰ ਜਦੋਂ ਜੰਗੇ ਕਿਆਂ ਦਾ ਗੁੱਸਾ ਠੰਢਾ ਹੋਇਆ ਤਾਂ ਜਾ ਕੇ ਆਟੇ ਆਲੀ ਬੋਰੀ ਲੱਦੇ ਸ਼ੈਂਕਲ ਨੂੰ ਲੈ ਆਊਂ। ਹੁਣ ਜੰਗੇ ਕੇ ਠੰਢੇ ਤੱਤੇ ਗੁੱਸੇ ਦਾ ਕਿਮੇਂ ਪਤਾ ਲੱਗੇ। ਓਧਰੋਂ ਕਿਤੇ ਤਿੰਨ ਭੰਡ ਗੋਘੇ ਨੂੰ ਆ ਕੇ ਕਹਿੰਦੇ ‘ਪ੍ਰਭਾ ਏਥੇ ਕੋਈ ਵਿਆਹ ਆਲਾ ਘਰ ਕਿਹੜੈ’? ਗੋਘਾ ਜੰਗੇ ਕੇ ਘਰ ਵੱਲ ਉਂਗਲ ਕਰਕੇ ਕਹਿੰਦਾ ‘ਹੋਅ ਚਿੱਟੀ ਕਲੀ ਕੀਤੇ ਆਲੇ ਘਰੇ ਐ ਵਿਆਹ। ਕੱਲ੍ਹ ਨੂੰ ਜੰਨ ਚੜ੍ਹਣੀ ਐਂ’। ਉਨ੍ਹਾਂ ਭੰਡਾਂ ਨੇ ਜੰਗੇ ਕੇ ਬਾਰ ਵੜਦਿਆਂ ਈ ਵਧਾਈਆਂ ਦੀਆਂ ਛੇੜ ‘ਤੀਆਂ ਤਰਜਾਂ। ਜੰਗੇ ਕਿਆਂ ਨੇ ਭਾਈ ਭੰਡ ਵੀ ਚੰਗੇ ਛੁੱਲਕੇ। ਕਹਿੰਦੇ ‘ਸਾਲਿਉ ਮਰਾਸੀਉ, ‘ਮਰੀ ਤਾਂ ਸਾਡੀ ਬੁੜ੍ਹੀ ਐ, ਸੋਨੂੰ ਮੰਗ ਖਾਣੀਏਂ ਜਾਤੇ ਸੋਹਲੇ ਗਾਉਣ ਦੀ ਬਣੀ ਐ’। ਭੰਡ ਕੁੱਟ ਕੱਟ ਖਾ ਕੇ ਮੱਘਰ ਦੀ ਚੱਕੀ ‘ਤੇ ਆ ਕੇ ਗੋਘੇ ਨੂੰ ਕਹਿੰਦੇ ‘ਤੂੰ ਤਾਂ ਪ੍ਰਭਾ ਸਾਡੇ ਕੁੱਟ ਪੁਆ ‘ਤੀ। ਉਨ੍ਹਾਂ ਦੀ ਤਾਂ ਬੁੜ੍ਹੀ ਮਰੀ ਐ ਤੂੰ ਸਾਨੂੰ ਕਹਿ ‘ਤਾ ਬਈ ਉਨ੍ਹਾਂ ਦੇ ਵਿਆਹ ਕੱਲ੍ਹ ਨੂੰ। ਉਹ ਤਾਂ ਬੰਦੇ ਈ ਬੜੇ ਗਰਮ ਐਂ’। ਗੋਘਾ ਕਹਿੰਦਾ ‘ਮੈਨੂੰ ਵੀ ਪਤਾ ਸੀ ਬਈ ਉਨ੍ਹਾਂ ਦੀ ਬੁੜ੍ਹੀ ਮਰੀ ਐ, ਮੈਂ ਤਾਂ ਸੋਨੂੰ ਇਸ ਕਰ ਕੇ ਭੇਜਿਆ ਸੀ ਬਈ ਮੈਨੂੰ ਸੋਥੋਂ ਪਤਾ ਲੱਗ ਈ ਜਾਣੈ ਬਈ ਉਨ੍ਹਾਂ ਦਾ ਗੁੱਸਾ ਠੰਢਾ ਹੋਇਆ ਕੁ ਨਹੀਂ। ਉਨ੍ਹਾਂ ਦਾ ਗੁੱਸਾ ਤਾਂ ਹਜੇ ਵੀ ਪੂਰਾ ਭਖਿਆ ਵਿਆ ਜਿਹੜਾ ਸੋਨੂੰ ਵੀ ਕੁੱਟ ਧਰਿਆ’। ਭੰਡ ਕਹਿੰਦੇ ‘ਤੂੰ ਉਨ੍ਹਾਂ ਦੇ ਠੰਢੇ ਤੱਤੇ ਗੁੱਸੇ ਤੋਂ ਕੀ ਕਰਾਉਣੈ ਸੀ’? ਅਕੇ ਗੋਘਾ ਕਹਿੰਦਾ ‘ਮੈਂ ਤਾਂ ਉਨ੍ਹਾਂ ਦਾ ਗੁੱਸਾ ਈ ਵੇਖਣਾ ਸੀ ਬਈ ਜੇ ਗੁੱਸਾ ਭੋਰਾ ਠੰਢਾ ਹੋਇਐ ਤਾਂ ਮੈਂ ਆਵਦੀ ਆਟੇ ਆਲੀ ਬੋਰੀ ਲਿਆਉਣੀ ਸੀ ਚੱਕ ਕੇ ਉਨ੍ਹਾਂ ਦੇ ਘਰੋਂ। ਮੇਰਾ ਤਾਂ ਪਤੰਦਰੋ ਸ਼ੈਂਕਲ ਵੀ ਉਨ੍ਹਾਂ ਦੇ ਘਰੇ ਈ ਖੜ੍ਹੈ। ਸੋਡਾ ਉਨ੍ਹਾਂ ਦੇ ਘਰੇ ਕੁਸ ਰਿਹਾ ਨ੍ਹੀ ਵਾਸਤਾ ਨ੍ਹੀ, ਤੁਸੀਂ ਬਾਹਲ਼ੇ ਈ ਔਖੇ ਹੋਏ ਫਿਰਦੇ ਐਂ। ਜੇ ਮੈਂ ਹੁਣੇ ਈ ਉਨ੍ਹਾਂ ਦੇ ਘਰੋਂ ਆਟੇ ਆਲੀ ਬੋਰੀ ਤੇ ਸ਼ੈਂਕਲ ਚੱਕਣ ਜਾਊਂਗਾ ਤਾਂ ਮੇਰੇ ਕੁੱਟ ਪੈਣੀਉਂ ਈ ਪੈਣੀ ਐ। ਜੇ ਆਵਦੇ ਘਰੇ ਆਟਾ ਨਾ ਲੈ ਕੇ ਗਿਆ ਤਾਂ ਘਰਦਿਆਂ ਨੇ ਚਮੜੀ ਪੱਟ ਸਿੱਟਣੀ ਐ। ਸੋਨੂੰ ਸੋਡੇ ਘਰਦਿਆਂ ਨੇ ਤਾਂ ਨ੍ਹੀ ਕਿਸੇ ਨੇ ਕੁਸ ਕਹਿਣਾ ਨ੍ਹੀ’। ਆਹ ਗੱਲ ਐ ਬਾਬਾ ਗੋਘੇ ਦੀ।”
ਮਾਹਲੇ ਨੰਬਰਦਾਰ ਨੇ ਪੁੱਛਿਆ, ઺ਫੇਰ ਆਟੇ ਆਲੀ ਬੋਰੀ ਦਾ ਕੀ ਬਣਿਐਂ?઺
ਸੀਤਾ ਮਰਾਸੀ ਕਹਿੰਦਾ, ઺ਬਣਨਾ ਬਣਾਉਣਾ ਨੰਬਰਦਾਰਾ ਕੀ ਸੀ। ਜੰਗੇ ਕੇ ਕਾਣਾਂ ਮਕਾਣਾਂ ਨੇ ਆਉਣਾ ਸੀ, ਅਗਲਿਆਂ ਨੇ ਆਟਾ ਗੁਨ੍ਹਿਆਂ ਤੇ ਪਕਾ ਲਿਆ। ਕਹਾਣੀ ਖਤਮ।઺
ਬੁੱਘਰ ਦਖਾਣ ਕਹਿੰਦਾ, ઺ਆਟਾ ਤਾਂ ਭਲਾਂ ਗੁੰਨ੍ਹ ਲਿਆ ਹੋਣੈ ਤੇ ਸ਼ੈਂਕਲ ਦਾ ਕੀ ਹੋਇਆ ਹੋਊ?઺
ਨਾਥਾ ਅਮਲੀ ਕਹਿੰਦਾ, ઺ਸ਼ੈਂਕਲ ਮਿੱਠੂ ਕੁਆੜੀਏ ਨੂੰ ਵੇਚ ‘ਤਾ ਹੋਣੈ ਹੋਰ ਕਿਤੇ ਸਸਕਾਰ ‘ਤੇ ਮਰੀ ਵੀ ਬੁੜ੍ਹੀ ਦੇ ਨਾਲ ਤਾਂ ਨ੍ਹੀ ਘੱਲ ‘ਤਾ ਬਈ ਤਰਲੋਕ ‘ਚ ਜਾ ਕੇ ਸ਼ੈਂਕਲ ਬੁੜ੍ਹੀ ਚਲਾ ਲਿਆ ਕਰੂ।઺
ਗੱਲਾਂ ਕਰੀ ਜਾਂਦਿਆਂ ਤੋਂ ਪਿੰਡ ਦੇ ਗੁਰਦੁਆਰੇ ਦੇ ਸਪੀਕਰ ‘ਚੋਂ ਹੋਕਾ ਆ ਗਿਆ ਕਿ ‘ਸੰਤੋਖ ਸਿਉਂ ਰਾਗੀ ਭਾਈ ਚੜ੍ਹਾਈ ਕਰ ਗਿਆ। ਅੱਜ ਚਾਰ ਵਜੇ ਉਹਦਾ ਸਸਕਾਰ ਹੋਣੈ’। ਸਪੀਕਰ ‘ਚੋਂ ਹੋਕਾ ਸੁਣਦੇ ਸਾਰ ਹੀ ਸਾਰੇ ਜਣੇ ਸੱਥ ‘ਚੋਂ ਉੱਠ ਕੇ ਸੰਤੋਖ ਸਿਉਂ ਰਾਗੀ ਦਾ ਅਫ਼ਸੋਸ ਕਰਨ ਉਸਦੇ ਘਰ ਨੂੰ ਚੱਲ ਪਏ।

LEAVE A REPLY