ਫ਼ੱਗਣ ਦੇ ਖੁੱਲ੍ਹੇ ਦਿਨਾਂ ਦੀ ਵੇਹਲੀ ਰੁੱਤ ਹੋਣ ਕਰ ਕੇ ਪਿੰਡ ਦੇ ਲੋਕ ਸਵੇਰ ਦੀ ਰੋਟੀ ਖਾਣ ਸਾਰ ਹੀ ਸੱਥ ‘ਚ ਆ ਜੁੜੇ। ਤਾਸ਼ ਖੇਡਣ ਵਾਲਿਆਂ ਨੇ ਵੱਖ ਵੱਖ ਜੋੜੀਆਂ ਬਣਾ ਕੇ ਤਾਸ਼ ਖੇਡਣੀ ਸ਼ੁਰੂ ਕਰ ਦਿੱਤੀ। ਬਾਬਾ ਨੰਦ ਸਿਉਂ ਤੇ ਸੰਤੋਖਾ ਬੁੜ੍ਹਾ ਵੀ ਵੋਟਾਂ ਦੀਆਂ ਗੱਲਾਂ ਕਰਦੇ ਕਰਦੇ ਸੱਥ ‘ਚ ਆ ਪਹੁੰਚੇ। ਸੱਥ ਵਾਲੇ ਥੜ੍ਹੇ ‘ਤੇ ਖੇਸ ਦੀ ਬੁੱਕਲ ਮਾਰੀ ਬੈਠਾ ਨਾਥਾ ਅਮਲੀ ਬਾਬੇ ਨੰਦ ਸਿਉਂ ਦੇ ਥੜ੍ਹੇ ‘ਤੇ ਬੈਠਣ ਤੋਂ ਪਹਿਲਾਂ ਹੀ ਬਾਬੇ ਨੂੰ ਕਹਿੰਦਾ, ”ਸਣਾ ਬਈ ਬਾਬਾ ਕੀ ਹਾਲੇ ਬਾਲੇ ਐ। ਐਤਕੀਂ ਫ਼ਿਰ ਵੋਟਾਂ ‘ਚ ਕੀਹਨੂੰ ਜਤਾਈ ਜਾਨੈਂ?”
ਬਾਬੇ ਨੰਦ ਸਿਉਂ ਦੇ ਨਾਲ ਆਇਆ ਸੰਤੋਖਾ ਬੁੜ੍ਹਾ ਕਹਿੰਦਾ, ”ਅਸੀਂ ਅਮਲੀਆ ਬੁੜ੍ਹਿਆਂ ਨੇ ਕੀ ਜਤਾਉਣੈ ਕਿਸੇ ਨੂੰ। ਸਾਨੂੰ ਤਾਂ ਦੋ ਡੰਗਾਂ ਦੀ ਰੋਟੀਓ ਈ ਮਿਲੀ ਜਾਵੇ ਸਾਡੀਆਂ ਤਾਂ ਇਹੀ ਵੋਟੈਂ। ਨਾਲੇ ਜਿਨ੍ਹਾਂ ਨੇ ਵੋਟ ਪਾਉਣੀ ਐ ਉਹ ਵੀ ਖ਼ਾਹਮਖ਼ਾਹ ਈ ਔਖੇ ਐ, ਜੀਹਨੇ ਵੋਟਾਂ ਲੈਣੀਐ, ਉਨ੍ਹਾਂ ਦੇ ਊਂ ਜੂਤ ਖੜਕਦੇ ਐ।”
ਸੰਤੋਖੇ ਬੁੜ੍ਹੇ ਦੀ ਗੱਲ ਸੁਣ ਕੇ ਬਾਬਾ ਨੰਦ ਸਿਉਂ ਸੰਤੋਖੇ ਨੂੰ ਕਹਿੰਦਾ, ”ਇੱਕ ਗੱਲ ਦੀ ਸਮਝ ਨ੍ਹੀ ਆਈ ਸੰਤੋਖ ਸਿਆਂ ਮੈਨੂੰ। ਬਈ ਜਦੋਂ ਇਹੀ ਜੁੱਤੀ ਪਹਿਲੀ ਵਾਰ ਦਿੱਲੀ ਚੱਲੀ ਸੀ, ਉਦੋਂ ਬੜੇ ‘ਨਾਮ ਸ਼ਨਾਮ ਦੇਣ ਨੂੰ ਕਾਹਲੇ ਹੋਏ ਸੀ ਆਪਣੇ ਲੀਡਰ। ਹੁਣ ਜਦੋਂ ਉਹੀ ਜੁੱਤੀ ਦਿੱਲੀਉਂ ਪੰਜਾਬ ‘ਚ ਆ ਕੇ ਚੱਲ ਪੀ, ਹੁਣ ਕਿਸੇ ਨੇ ਕਿਸੇ ‘ਨਾਮ ਸ਼ਨਾਮ ਦਾ ਅਲਾਨ ਈ ਨ੍ਹੀ ਕੀਤਾ। ਇਹ ਤਾਂ ਪੱਖਪਾਤ ਆਲੀ ਗੱਲ ਐ।”
ਨਾਥਾ ਅਮਲੀ ਟਿੱਚਰ ‘ਚ ਬਾਬੇ ਨੰਦ ਸਿਉਂ ਨੂੰ ਕਹਿੰਦਾ, ”ਮੈਂ ਤਾਂ ਬਾਬਾ ਸੁਣਿਐ ਬਈ ਕਹਿੰਦੇ ਜਿਹੜੀ ਜੁੱਤੀ ਪੰਜਾਬ ‘ਚ ਚੱਲੀ ਐ ਉਹ ਸਰਕਾਰ ਨੇ ‘ਮਰੀਕਾ ਭੇਜੀ ਐ ਇਹ ਪਤਾ ਕਰਨ ਲਈ ਬਈ ਇਹ ਜੁੱਤੀ ਕਿਹੜੇ ਸ਼ਹਿਰ ਦੇ ਮੋਚੀ ਨੇ ਬਣਾਈ ਐ। ਕਹਿੰਦੇ ਉਹ ਮੋਚੀ ਨੂੰ ‘ਨਾਮ ਦੇਣ ਬਾਰੇ ਵਿਚਾਰ ਕਰ ਰਹੀ ਐ ਸਰਕਾਰ। ਬਾਕੀ ਭਾਈ ਫ਼ੇਰ ਪਤਾ ਮਨ੍ਹੀ ਕੀ ਕੁਸ ਹੋਣੈ। ਸਰਕਾਰਾਂ ਦੀਆਂ ਮਰਜੀਆਂ ਹੁੰਦੀਐਂ, ਖਣੀ ਟਕੂਏ ਨਾਲ ਵੱਢ ਕੇ ਛੱਪੜ ਚੀ ਨਾ ਸਿੱਟ ‘ਤੀ ਹੋਵੇ ਇਹ ਮਨ੍ਹੀ ਪਤਾ।”
ਸੂਬੇਦਾਰ ਰਤਨ ਸਿਉਂ ਨਾਥੇ ਅਮਲੀ ਦੇ ਮੂੰਹੋਂ ਟਿੱਚਰ ਸੁਣ ਕੇ ਕਹਿੰਦਾ, ”ਆਂਏਂ ਕਿਤੇ ਅਮਲੀਆ ਇਨਕਲਾਬ ਆਉਂਦਾ ਹੁੰਦੈ ਬਈ ਇੱਕ ਚੰਮ ਦਾ ਛਿੱਤਰ ਕਿਸੇ ਘਾਗ ਲੀਡਰ ਦੇ ਮਾਰ ਕੇ ਆਵਦੀ ਮਨਮਰਜੀ ਦੀ ਸਰਕਾਰ ਚੁਣੀ ਜਾ ਸਕੇ। ਇਹ ਬੇਵਕੂਫ਼ਾਂ ਦੇ ਕੰਮ ਹੁੰਦੇ ਐ ਇਹੋ ਜੇ। ਹਾਂ! ਠੀਕ ਐ ਜੁੱਤੀ ਤਾਂ ਉਹ ਮਾਰ ਬੈਠਾ, ਹੁਣ ਉਹਦੇ ਨਾਲ ਕੌਣ ਖੜੂ ਇਹ ਵੇਖਣ ਆਲੀ ਗੱਲ ਐ। ਮਸੀਬਤ ਵੇਲੇ ਆਵਦੇ ਵੀ ਸਾਥ ਛੱਡ ਜਾਂਦੇ ਐ। ਨਾਲੇ ਕੁਰਸੀਆਂ ਦੇ ਲਾਲਚ ਵਿੱਚ ਇਹ ਲੀਡਰ ਜੇ ਹੋਰ ਈ ਤਾਣਾ ਪੇਟਾ ਜਾ ਉਲਝਾ ਲੈਂਦੇ ਐ। ਆਹ ਇੱਕ ਸਾਡਾ ਫ਼ੌਜੀ ਵੀ ਮਦਾਨੇ ਜੰਗ ‘ਚ ਉਤਰ ਆਇਆ। ਇਹਦਾ ਵੇਖੋ ਕੀ ਬਣੂ?”
ਸੀਤੇ ਮਰਾਸੀ ਨੇ ਸੂਬੇਦਾਰ ਨੂੰ ਪੁੱਛਿਆ, ”ਸੋਡਾ ਫ਼ੌਜੀਆ ਕਿਹੜਾ ਆਗਿਆ ਮਦਾਨ ‘ਚ ਬਈ?”
ਸੂਬੇਦਾਰ ਕਹਿੰਦਾ, ”ਫ਼ੌਜ ਦਾ ਸਭ ਤੋਂ ਵੱਡਾ ਮੁਖੀ ਸੀ। ਇਹ ਵੋਟਾਂ ਤਾਂ ਘਰਾਂ ‘ਚ ਐਹੋ ਜਾ ਕਲੇਸ ਖੜ੍ਹਾ ਕਰ ਦਿੰਦੀਐਂ, ਪੀੜ੍ਹੀ ਦਰ ਪੀੜ੍ਹੀ ਦੁਸ਼ਮਣੀ ਨ੍ਹੀ ਜਾਂਦੀ। ਇਨ੍ਹਾਂ ਵੋਟਾਂ ਨੇ ਤਾਂ ਯਾਰ ਦੋ ਫ਼ੌਜੀ ਆਪਸ ‘ਚ ਟਕਰਾਅ ‘ਤੇ।”
ਬਾਬੇ ਨੰਦ ਸਿਉਂ ਨੇ ਪੁੱਛਿਆ, ”ਦੂਜਾ ਫ਼ੌਜੀ ਕਿਹੜਾ ਰਤਨ ਸਿਆਂ?”
ਸੂਬੇਦਾਰ ਰਤਨ ਸਿਉਂ ਕਹਿੰਦਾ, ”ਇੱਕ ਤਾਂ ਕੈਪਟਨ ਐ। ਫੌਜ ਵਿੱਚ ਈ ਕਪਤਾਨ ਸੀ ਓਹੋ। ਦੂਜਾ ਆਹ ਫ਼ੌਜ ਦਾ ਮੁਖੀ ਐ ਜਿਹੜਾ ਸੇਵਾ ਮੁਕਤ ਹੋਇਐ। ਇਹਨੇ ਪਤੰਦਰ ਨੇ ਗੱਲ ਈ ਸਿਰੇ ਲਾ ‘ਤੀ। ਜਿੱਥੇ ਵੀ ਰੈਲੀ ‘ਚ ਬੋਲਣ ਜਾਂਦੈ, ਗੱਲ ਗੱਲ ‘ਤੇ ਗਾਲ੍ਹ, ਗੱਲ ਗੱਲ ‘ਤੇ ਗਾਲ੍ਹ। ਬਈ ਤੂੰ ਐਡੇ ਅਹੁਦੇ ਤੋਂ ਰਟਾਇਰ ਹੋਇਐਂ, ਮਾੜੀ ਮੋਟੀ ਸਮਝਦਾਰੀ ਨਾਲ ਤਾਂ ਬੋਲ। ਇਹਦੇ ‘ਚ ਫ਼ੌਜ ਦੀ ਕਿੱਡੀ ਬੇਜਤੀ ਐ। ਲੋਕ ਕੀ ਕਹਿੰਦੇ ਹੋਣਗੇ ਬਈ ਫ਼ੌਜ ‘ਚ ਗਾਲ੍ਹਾਂ ਕੱਢਣ ਦਾ ਕੋਰਸ ਵੀ ਕਰਾਉਂਦੇ ਐ ਬਈ। ਭੈਣ ਦੇਣਾ ਦਾ ਭੈਣ ਦੇਣਾ ਦਾ ਈ ਕਹੀ ਜਾਊ। ਗਾਲ੍ਹਾਂ ਕੱਢਣ ਆਲਿਆਂ ਨੂੰ ਤਾਂ ਲੋਕਾਂ ਨੇ ਵੋਟਾਂ ਪਾਉਣੀਆਂ ਈ ਨ੍ਹੀ।”
ਸੀਤਾ ਮਰਾਸੀ ਸੂਬੇਦਾਰ ਨੂੰ ਕਹਿੰਦਾ, ”ਗਾਲ੍ਹਾਂ ਤਾਂ ਫ਼ੌਜੀਆਂ ਸਾਰੇ ਲੀਡਰ ਈ ਕੱਢੀ ਜਾਂਦੇ ਐ। ਜੇ ਗਾਲ੍ਹਾਂ ਵੱਲ ਦੇਖੀਏ ਤਾਂ ਜਿੱਤੂ ਫ਼ਿਰ ਕਿਹੜਾ?”
ਨਾਥਾ ਅਮਲੀ ਸੂਬੇਦਾਰ ਤੇ ਸੀਤੇ ਮਰਾਸੀ ਦੇ ਸਵਾਲ ਜਵਾਬ ਸੁਣ ਕੇ ਬਾਬੇ ਨੰਦ ਸਿਉਂ ਦੇ ਗੋਡੇ ‘ਤੇ ਹੱਥ ਮਾਰ ਕੇ ਟਿੱਚਰ ‘ਚ ਹੱਸ ਕੇ ਕਹਿੰਦਾ, ”ਕਿਤੇ ਉਹ ਗੱਲ ਨਾ ਹੋਵੇ ਬਾਬਾ ਜਿਮੇਂ ਗੁਰੂ ਸਾਹਿਬ ਨੇ ਬੁੱਧੂ ਸ਼ਾਹ ਨੂੰ ਕਿਹਾ ਸੀ ‘ਕੱਚਾ ਰਹਿ ਜੁ ਬੁੱਧੂ ਤੇਰਾ ਆਵਾ, ਪੱਕਿਆਂ ਦੇ ਭਾਅ ਵਿੱਕ ਜੂ’। ਬਈ ਰੌਲਾ ਰੱਪਾ ਤਾਂ ਚਿੱਟੇ ਤੇ ਝਾੜੂ ਆਲੇ ਪਾਉਂਦੇ ਰਹਿ ਜਾਣ ਬਈ ਜਿੱਤਗੇ, ਜਿੱਤਗੇ, ਜਿੱਤਗੇ, ਤੇ ਮੋਰਚੇ ‘ਤੇ ਕਬਜਾ ‘ਕਾਲੀਓ ਈ ਕਰ ਜਾਣ ਦਬਾਰੇ ਤੇ ਦੂਜੀਆਂ ਪਾਲਟੀਆਂ ਆਲੇ ਰੌਲੇ ਰੱਪੇ ‘ਚ ਕਾਂ ਡੋਡ ਆਂਗੂ ਵੇਂਹਦੇ ਈ ਰਹਿ ਜਾਣ ਜਿਮੇਂ ਭੁੱਖ ਦਾ ਮਾਰਿਆ ਕਾਂ ਡੋਡ ਖੰਨੀ ਰੋਟੀ ਦੇ ਭਲੇਖੇ ਸਾਰੀ ਦਿਹਾੜੀ ਨਸਵਾਰ ਆਲੇ ਡੱਬੇ ਦੇ ਢੱਕਣ ਵੱਲ ਈ ਵੇਖੀ ਗਿਆ ਸੀ। ਜੇ ਬਾਬਾ ਕਿਤੇ ਫ਼ੇਰ ਆ ਗਏ ਨਾ ‘ਕਾਲੀ, ਬਿੱਲੀ ਦੇ ਗਲ ਟੱਲੀ ਬੰਨ੍ਹਣ ਆਲੀ ਗੱਲ ਹੋ ਜੂ।”
ਬਾਬਾ ਨੰਦ ਸਿਉਂ ਕਹਿੰਦਾ, ”ਆਉਣ ਨਾ ਆਉਣ ਦਾ ਤਾਂ ਅਮਲੀਆ ਪਤਾ ਨ੍ਹੀ, ਪਰ ਜਿੰਨਾਂ ਚਿਰ ਵੋਟਾਂ ਦਾ ਕੰਮ ਨਿੱਬੜਦਾ ਨ੍ਹੀ ਨਾ, ਉਨਾਂ ਚਿਰ ਸਾਰੀਆਂ ਪਾਲਟੀਆਂ ਆਲਿਆਂ ਨੂੰ ਡਰ ਦਾ ਤਾਪ ਈ ਚੜ੍ਹਿਆ ਰਹੂ ਬਈ ਜਿੰਨ੍ਹਾਂ ਦੇ ਤਾਂ ਜੁੱਤੀਆਂ ਰੋੜੇ ਵੱਜਗੇ ਉਹ ਤਾਂ ਭੁਗਤਗੇ ਤੇ ਬਾਕੀ ਦੇ ਸੋਚਦੇ ਹੋਣਗੇ ਹੁਣ ਸਾਡੀਆਂ ਨਾਸਾਂ ਨੂੰ ਨਾ ਕਿਤੇ ਕੋਈ ਗ੍ਰਹਿਣ ਲਾ ਦੇ।”
ਨਾਥਾ ਅਮਲੀ ਬਾਬੇ ਨੰਦ ਸਿਉਂ ਦੀ ਗੱਲ ਸੁਣ ਕੇ ਕਹਿੰਦਾ, ”ਛਿੱਤਰ ਪਤਾਨ ਤਾਂ ਬਾਬਾ ਇੱਕ ਧੜੇ ਨਾਲ ਹੋਇਆ, ਡਰ ਦੇ ਮਾਰੇ ਦੂਜੇ ਵੀ ਰੋੜੇ ਛਿੱਤਰਾਂ ਨੂੰ ਇਉਂ ‘ਡੀਕਦੇ ਐ ਜਿਮੇਂ ਵਿਆਹ ‘ਚੋਂ ਰੁੱਸ ਕੇ ਭੱਜੇ ਫ਼ੁੱਫ਼ੜ ਨੂੰ ਮੋੜਣ ਗਏ ਆਲਿਆਂ ਨੂੰ ਸਾਰਾ ਟੱਬਰ ‘ਡੀਕਦਾ ਹੁੰਦਾ। ਰੋੜੇ ਛਿੱਤਰ ਤਾਂ ਕਿਸੇ ਹੋਰ ਦੇ ਵੱਜੇ ਐ, ਡਰੀ ਦੂਜੇ ਜਾਂਦੇ ਐ। ਇਹ ਤਾਂ ਉਹ ਗੱਲ ਹੋ ਗਈ, ਕੇਰਾਂ ਆਪਣੇ ਗੁਆੜ ਆਲੇ ਲੜਾਕਿਆਂ ਦੇ ਮੁੰਡਿਆਂ ਤੇ ਤਿੰਨ ਚਾਰਾਂ ਹੋਰਾਂ ਨੇ ਆਹ ਤੇਲ ਮੰਗਣ ਆਲੇ ਦੋ ਬਾਹਮਣਾਂ ਨੂੰ ਘੇਰ ਲਿਆ। ਪੰਡਤਾਂ ਦੇ ਰੱਖੇ ਵੇ ਸੀ ਵੱਡੇ ਵੱਡੇ ਬੋਦੇ। ਲੜਾਕਿਆਂ ਦਾ ਤੋਗਾ ਬਾਹਮਣਾਂ ਨੂੰ ਕਹਿੰਦਾ ‘ਆਹ ਸਿਰ ‘ਤੇ ਕੀ ਰੱਖਿਆ ਓਏ’? ਅਕੇ ਬਾਹਮਣ ਕਹਿੰਦੇ ‘ਇਹ ਬੋਦੇ ਐ। ਇਹ ਸਾਡੇ ਬ੍ਰਾਹਮਣ ਤਾਂ ਕਰ ਕੇ ਰੱਖਦੇ ਹੁੰਦੇ ਐ ਬਈ ਸਾਡੀ ਜਾਤੀ ਸਾਰਿਆਂ ਤੋਂ ਉੱਚੀ ਹੁੰਦੀ ਐ’। ਤੋਗਾ ਕਹਿੰਦਾ ‘ਇਨ੍ਹਾਂ ਬੋਦਿਆਂ ਨੂੰ ਕਹਿੰਦੇ ਕੀਅ੍ਹੈ’? ਅਕੇ ਬਾਹਮਣ ਕਹਿੰਦਾ ਇਹਨੂੰ ਅਚਰੂ ਕਹਿੰਦੇ ਐ’। ਮਕੰਦੇ ਰਾਹੀ ਕਾ ਗੱਲ੍ਹੀ ਕਹਿੰਦਾ ‘ਇਹ ਤਾਂ ਸਾਡੇ ਪਿੰਡ ਆਲੇ ਰੰਗੀ ਭਾਂਬੜ ਦੇ ਸਿਰ ‘ਤੇ ਵੀ ਰੱਖੇ ਵੇ ਐ’। ਇੱਕ ਬਾਹਮਣ ਨੇ ਪੁੱਛਿਆ ‘ਸੋਡੇ ਜੱਟਾਂ ਦੇ ਅਚਰੂ ਦਾ ਕੀ ਨਾਉਂ ਐ’? ਗੱਲ੍ਹੀ ਕਹਿੰਦਾ ‘ਸਾਡੇ ਇਹਨੂੰ ਫ਼ਟੜੂ ਢਠੜੂ ਖਟੜੂ ਕਹਿੰਦੇ ਐ’। ਬਾਹਮਣੇ ਨੇ ਪੁੱਛਿਆ ‘ਉਹ ਕੀ ਹੁੰਦੈ’? ਅਕੇ ਤੋਗਾ ਕਹਿੰਦਾ ‘ਇਹਦਾ ਮਤਲਬ ਹੁੰਦੈ ਬਈ ਫ਼ੜ ਲੋ, ਢਾਹ ਲੋ ਤੇ ਖੜਕਾਅ ਦਿਉ’। ਜਦੋਂ ਬਾਹਮਣਾਂ ਨੇ ਇਹ ਗੱਲ ਸੁਣੀ, ਉਹ ਤਾਂ ਭਾਈ ਇੱਕਦਮ ਇਉਂ ਭੱਜੇ ਜਿਮੇਂ ਤੰਦੂਰ ‘ਚ ਫ਼ਸਿਆ ਸੂਰ ਨਿਕਲ ਕੇ ਭੱਜਿਆ ਹੋਵੇ। ਬਾਹਮਣਾਂ ਦੀਆਂ ਤੇਲ ਆਲੀਆਂ ਗਬੜੀਆਂ ਓੱਥੇ ਇਉਂ ਰੁੜ੍ਹਦੀਆਂ ਫ਼ਿਰਨ ਜਿਮੇਂ ਫ਼ੈਨੇ ਕੀ ਟਰੈਲੀ ‘ਚੋਂ ਡਾਲਾ ਖੁੱਲ੍ਹੇ ਤੋਂ ਖਰਬੂਜੇ ਰੁੜ੍ਹਗੇ ਸੀ। ਉਹ ਗੱਲ ਵੋਟਾਂ ‘ਚ ਉੱਠੇ ਲੀਡਰਾਂ ਦੀ ਐ ਹੁਣ। ਇਨ੍ਹਾਂ ਦਾ ਵੀ ਬਾਹਮਣਾਂ ਆਲਾ ਹਾਲ ਈ ਐ। ਇਹ ਵੀ ‘ਕੱਠ ਨੂੰ ਵੇਖ ਕੇ ਹੁਣ ਇਉਂ ਕੰਬਦੇ ਐ ਜਿਮੇਂ ਲੱਕੜ ਦੀ ਪੌੜੀ ‘ਤੇ ਸੁੱਕਣਾ ਪਾਇਆ ਸੁੱਥੂ ਹਵਾ ਨਾਲ ਹਿੱਲਦਾ ਹੁੰਦੈ ਬਈ ਕਿਤੇ ਐਧਰੋਂ ਨਾ ਛਿੱਤਰ ਚੱਲ ਜੇ, ਕਿਤੇ ਐਧਰੋਂ ਰੋੜਾ ਨਾ ਵੱਜ ਜੇ। ਜੇ ਕਿਸੇ ਵੱਢ ਖਾਣੇ ਹਰਖੇ ਵੇ ਦੇ ਕਿਤੇ ਨੇੜੇ ਹੋ ਗੇ ਤਾਂ ਲਫ਼ੇੜਾ ਈ ਨਾ ਵੱਜ ਜੇ।”
ਸੀਤਾ ਮਰਾਸੀ ਅਮਲੀ ਨੂੰ ਕਹਿੰਦਾ, ”ਨਾਲੇ ਅਮਲੀਆ ਕਹਿੰਦੇ ਹੁੰਦੇ ਐ ਬਈ ਜੀਹਦੇ ਛਿੱਤਰ ਲਫ਼ੇੜ ਵੱਜ ਜੇ ਉਹ ਮਸ਼ਹੂਰ ਈ ਬੜਾ ਹੋ ਜਾਂਦੈ। ਇਹ ਲੀਡਰ ਜੇ ਫ਼ਿਰ ਵੀ ਮਸ਼ਹੂਰ ਹੋਣ ਤੋਂ ਕਿਉਂ ਡਰਦੇ ਐ?”
ਅਮਲੀ ਨੇ ਸੀਤੇ ਮਰਾਸੀ ਨੂੰ ਪੁੱਛਿਆ, ”ਤੂੰ ਇਉਂ ਦੱਸ ਬਈ ਤੂੰ ਮਸ਼ਹੂਰ ਹੋਣੈ?”
ਮਾਹਲਾ ਨੰਬਰਦਾਰ ਨਾਥੇ ਅਮਲੀ ਨੂੰ ਟਿੱਚਰ ਕਹਿੰਦਾ, ”ਅਮਲੀਆ ਜੇ ਮਰਾਸੀ ਨੂੰ ਮਸ਼ਹੂਰ ਕਰਨਾ ਹੋਇਆ ਤਾਂ ਡਫ਼ਰਾਂ ਦੇ ਮੁੰਡਿਆਂ ਤੋਂ ਮਸ਼ਹੂਰ ਕਰਾਇਉ। ਦੂਰ ਦੂਰ ਤਕ ਤਾਂ ਓਹੀ ਮਸ਼ਹੂਰ ਕਰਨਗੇ।”
ਬਾਬੇ ਨੰਦ ਸਿਉਂ ਨੇ ਪੁੱਛਿਆ, ”ਉਨ੍ਹਾਂ ‘ਚ ਕੀ ਐਹੋ ਜੀ ਕੀ ਕਲਾ ਬਈ ਜਿਹੜੀ ਛੇਤੀ ਮਸ਼ਹੂਰ ਕਰ ਦਿੰਦੀ ਐ?”
ਨਾਥਾ ਅਮਲੀ ਕਹਿੰਦਾ, ”ਉਨ੍ਹਾਂ ਦੇ ਹੱਥ ਈ ਇੱਲ੍ਹ ਦੇ ਖੰਭਾਂ ਜਿੱਡੇ-ਜਿੱਡੇ ਐ। ਇੱਕ ਵਾਰੀ ਕਿਸੇ ਮੂੰਹ ‘ਤੇ ਵੱਜ ਜੇ ਸਹੀ, ਜਿਮੇਂ ਪਾਪਲੀਨ ਦੇ ਲੀੜੇ ‘ਤੇ ਗੈਂਡੇ ਦੀ ਫ਼ੋਟੂ ਵਾਹੀ ਹੁੰਦੀ ਐ, ਇਉਂ ਨਸ਼ਾਨ ਪਾ ਦਿੰਦੇ ਐ। ਹੋਰ ਉਹ ਕਿਹੜਾ ਚਿੰਗ ਫ਼ੁੰਗਲੀ ਜਾਦੂਗਰ ਐ ਬਈ ਫ਼ੂਕ ਮਾਰ ਕੇ ਚੰਦ ‘ਤੇ ਚੜ੍ਹਾਅ ਦਿੰਦੇ ਐ।”
ਅਮਲੀ ਦੀ ਗੱਲ ਸੁਣ ਕੇ ਪ੍ਰਤਾਪਾ ਭਾਊ ਕਹਿੰਦਾ, ”ਫ਼ੇਰ ਲੀਡਰਾਂ ਵੱਲ ਛਿੱਤਰ ਚਲਾਉਣ ਕੀ ਲੋੜ ਐ। ਛਿੱਤਰ ਵੱਜੇ ਨਾ ਵੱਜੇ ਲਫ਼ੇੜਾ ਤਾਂ ਸੁੱਕਾ ਜਾਂਦਾ ਈ ਨ੍ਹੀ।”
ਸੀਤਾ ਮਰਾਸੀ ਕਹਿੰਦਾ, ”ਲਫ਼ੇੜਾ ਨ੍ਹੀ ਭਾਊ ਵੱਜਦਾ। ਜੇ ਕੋਈ ਨੇੜੇ ਹੋਣ ਦੇਊ ਤਾਂ ਈ ਲਫ਼ੇੜਾ ਵੱਜੂ।”
ਨਾਥਾ ਅਮਲੀ ਕਹਿੰਦਾ, ”ਆਹ ਪਿੱਛੇ ਜੇ ਲਫ਼ੇੜੇ ਤੋਂ ਈ ਮਹੂਰਤ ਹੋਇਆ ਸੀ। ਇੱਕ ਲੀਡਰ ਦੇ ਲਫ਼ੇੜਾ ਵੀ ਮਾਰਿਆ ਸੀ। ਜਦੋਂ ਖਿੱਚ ਕੇ ਮਾਰਿਆ ਸੀ ਤਾਂ ਪੱਗ ਪੱਠਿਆਂ ਆਲੀ ਟੋਕਰੀ ਆਂਗੂੰ ਦਸ ਫ਼ੁੱਟ ਦੂਰ ਜਾ ਕੇ ਡਿੱਗੀ ਸੀ। ਲਫ਼ੇੜੇ ਵੀ ਵੱਜ ਹਟੇ ਐ। ਰੋੜੇ ਵੀ ਚੱਲੇ ਐ। ਛਿੱਤਰ ਦੀ ਵੱਜ ਗਿਆ। ਕੀ ਕੁਸ ਨ੍ਹੀ ਹੋਇਆ।”
ਬਾਬਾ ਨੰਦ ਸਿਉਂ ਟਿੱਚਰ ‘ਚ ਕਹਿੰਦਾ, ”ਛਿੱਤਰ ਸੰਘਾਉਂਦੇ ਹੁੰਦੇ ਤਾਂ ਸੁਣੇ ਐਂ, ਵੱਜਦੇ ਨ੍ਹੀ ਸੁਣੇ।”
ਅਮਲੀ ਕਹਿੰਦਾ, ”ਕਲਜੁੱਗ ਐ ਬਾਬੇ। ਹੁਣ ਸਭ ਕੁਝ ਈ ਮਨਜੂਰ ਐ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਸੰਤੋਖੇ ਬੁੜ੍ਹੇ ਦਾ ਪੋਤਾ ਬੁੜ੍ਹੇ ਨੂੰ ਆ ਕੇ ਕਹਿੰਦਾ, ”ਬਾਪੂ! ਘਰੇ ਆਈਂ ਵੋਟਾਂ ਆਲੇ ਆਏ ਐ।”
ਜਿਉਂ ਹੀ ਸੰਤੋਖਾ ਬੁੜ੍ਹਾ ਆਪਣੇ ਪੋਤੇ ਦੀ ਗੱਲ ਸੁਣ ਕੇ ਸੱਥ ‘ਚੋਂ ਉੱਠ ਕੇ ਘਰ ਨੂੰ ਜਾਣ ਲੱਗਿਆ ਤਾਂ ਨਾਥਾ ਅਮਲੀ ਕਹਿੰਦਾ, ”ਛਿੱਤਰ ਲਫ਼ੇੜਾ ਮਾਰਨ ਤੋਂ ਪਹਿਲਾਂ ਵੇਖ ਲੀਂ ਤਾਊ ਬਈ ਕੋਈ ਵੱਡਾ ਲੀਡਰ ਆਇਆ ਕੁ ਐਮੇਂ ਮਾੜਾ ਮੋਟਾ ਕੋਈ ਲੀੜੇ ਚੱਕਣ ਆਲਾ ਈ ਐ।”
ਜਿਉਂ ਹੀ ਸੰਤੋਖਾ ਬੁੜ੍ਹਾ ਸੱਥ ‘ਚੋਂ ਉੱਠ ਕੇ ਘਰ ਨੂੰ ਚੱਲ ਪਿਆ ਤਾਂ ਬਾਕੀ ਦੀ ਸੱਥ ਵਾਲੇ ਵੀ ਆਪੋ ਆਪਣੇ ਘਰਾਂ ਨੂੰ ਚੱਲ ਪਏ।

LEAVE A REPLY