ਜਿਉਂ ਹੀ ਨਾਥਾ ਅਮਲੀ ਸੱਥ ‘ਚ ਆਇਆ ਤਾਂ ਬਾਬੇ ਸੰਧੂਰਾ ਸਿਉਂ ਨੇ ਅਮਲੀ ਨੂੰ ਇਉਂ ਘੰਗੂਰਾ ਮਾਰਿਆ ਜਿਵੇਂ ਬਾਬੇ ਨੇ ਅਮਲੀ ਨੁੰ ਦੱਸਿਆ ਹੋਵੇ ਕਿ ਅਮਲੀਆ ਮੈਂ ਵੀ ਸੱਥ ‘ਚ ਹੀ ਬੈਠਾਂ। ਅਮਲੀ ਨੇ ਬਾਬੇ ਦਾ ਘੰਗੂਰਾ ਸੁਣਦੇ ਸਾਰ ਹੀ ਬਾਬੇ ‘ਤੇ ਵਿਅੰਗ ਕਸ ਮਾਰਿਆ, ”ਕਿਮੇਂ ਆਂ ਬਾਬਾ! ਕਿਮੇਂ ਘੰਗੂਰੇ ਮਾਰਦੈਂ ਜਿਮੇਂ ਗਾਹਾਂ ਆਲਮਗੀਰੀਆ ਕਵੀਸ਼ਰ ਹੁੰਨੈਂ, ਕੁ ਗਾਉਣ ਗੂਣ ਲੱਗ ਗਿਐਂ। ਹੁਣ ਤਾਂ ਫ਼ਿਰ ਜਗਰਾਮਾਂ ਦੇ ਰੋਸ਼ਨੀ ਮੇਲੇ ‘ਤੇ ਚੱਲ ਕੇ ‘ਖਾੜਾ ਲਾਈਏ। ਫ਼ੇਰ ਵੇਖੀ ਨੋਟ ਡਿਗਦੇ ਜਿਮੇਂ ਪਾਟੀ ਵੀ ਬੋਰੀ ‘ਚੋਂ ਗੋਂਗਲੂ ਡਿਗਦੇ ਹੁੰਦੇ ਐ। ਚੱਲੇਂਗਾ ਕੁ ਨਹੀਂ?”
ਸੀਤਾ ਮਰਾਸੀ ਬਾਬੇ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਪਿਆ, ”ਗਾਉਣ ਨੂੰ ਇਹ ਕਿਹੜਾ ਗਾਹਾਂ ਫ਼ੱਤਣ ਆਲੀਏ ਚੰਦ ਦਾ ਚੇਲਾ ਬਈ ਸਰੰਗੀ ਮੋਢਿਉਂ ਈ ਨ੍ਹੀ ਲਾਹੁੰਦਾ। ਬਾਬੇ ਨੇ ਤਾਂ ਅਮਲੀਆ ਤੈਨੂੰ ਇਉਂ ਘੰਗੂਰਾ ਮਾਰਿਆ ਬਈ ਮੇਰੀ ਵੀ ਅੱਜ ਕੱਚ ਆਰਗੀ ਦਾ ਕੰਡਾ ਖਾਧਾ ਵਿਐ। ਨਾਲੇ ਕਿਹੜੇ ਨੋਟਾਂ ਦੀ ਗੱਲ ਕਰਦੈਂ ਤੂੰ। ਹੁਣ ਨ੍ਹੀ ਨੋਟ ਡਿਗਣੇ। ਹੁਣ ਤਾਂ ਬੰਦਾ ਮਾਰੇ ਨ੍ਹੀ ਨੋਟ ਮਿਲਦਾ ਤੈਨੂੰ ਕਿਹੜਾ ਦੇ ਦੂ ਪੌਂਡ ਓਏ?”
ਮਰਾਸੀ ਦੀ ਗੱਲ ਸੁਣ ਕੇ ਮਾਹਲਾ ਨੰਬਰਦਾਰ ਕਹਿੰਦਾ, ”ਤੇ ਅਮਲੀ ਕਿਹੜਾ ਘੱਟ ਐ ਕਿਸੇ ਦੀ ਨੂੰਹ ਧੀ ਤੋਂ। ਇਹਦੇ ਦੋ ਕੰਡੇ ਖਾਧੇ ਵੇ ਐ। ਇੱਕ ਕੰਡਾ ਤਾਂ ਇਹਨੇ ਕੱਲ੍ਹ ਈ ਖਾ ਲਿਆ ਸੀ ਜਦੋਂ ਕੌਰੂ ਆਜੜੀ ਦੇ ਬੱਕਰੀਆਂ ਆਲੇ ਵਾੜੇ ‘ਚੋਂ ਅੱਧੀ ਰਾਤ ਨੂੰ ਚੋਰੀਉਂ ਪਠੋਰੀ ਉਠ ਚੱਕਣ ਗਿਆ ਸੀ। ਕੌਰੂ ਨੇ ਵੀ ਵਾੜੇ ਦੁਆਲੇ ਬੇਰੀ ਦੇ ਕੰਡਿਆਂ ਆਲੀ ਵਾੜ ਕੀਤੀ ਵੀ ਸੀ। ਜਦੋਂ ਇਹ ਵਾੜ ਟੱਪਣ ਲੱਗਿਆ ਤਾਂ ਖੱਬੇ ਪੈਰ ‘ਚ ਬੇਰੀ ਦਾ ਕੰਡਾ ਖਾ ਕੇ ਮੁੜਿਆਇਆ। ਦੂਜਾ ਕੰਡਾ ਅਮਲੀ ਅੱਜ ਖਾ ਆਇਆ ਜੰਗੇ ਰਾਹੀ ਕੇ ਖੇਤੋਂ।”
ਬਾਬੇ ਸੰਧੂਰਾ ਸਿਉਂ ਨੇ ਪੁੱਛਿਆ, ”ਜੰਗੇ ਰਾਹੀ ਕੇ ਖੇਤ ਕੀ ਕਰਨ ਗਿਆ ਸੀ ਇਹੇ?”
ਮਰਾਸੀ ਟਿੱਚਰ ‘ਚ ਬਾਬੇ ਨੂੰ ਹੱਸ ਕੇ ਕਹਿੰਦਾ, ”ਕੰਡਾ ਖਾਣ, ਹੋਰ ਕੀ ਵੜੇਮੇਂ ਲੈਣ ਗਿਆ ਸੀ।”
ਬੈਠਾ ਬੈਠਾ ਸੰਤਾ ਬੁੜ੍ਹਾ ਹੱਸ ਕੇ ਕਹਿੰਦਾ, ”ਓਏ ਜੱਭਲੋ ਇਹ ਕੰਡਾ ਨ੍ਹੀ ਓਏ। ਕਾਲੀ ਨਾਗਣੀ ਦੇ ਕੰਡੇ ਦੀ ਗੱਲ ਐ। ਪਤੰਦਰੋ ਸੁਣ ਤਾਂ ਲਿਆ ਕਰੋ। ਹੋਰ ਈ ਉੱਘ ਦੀਆਂ ਸੁੱਘ ਮਾਰੀ ਜਾਨੇਂ ਰਹਿਨੇ ਐਂ।”
ਸੰਤੇ ਬੁੜ੍ਹੇ ਦੀ ਗੱਲ ਸੁਣ ਕੇ ਨਾਥਾ ਅਮਲੀ ਬੁੜ੍ਹੇ ਨੂੰ ਕਹਿੰਦਾ, ”ਕਰ ਲੈਣ ਦੇ ਤਾਊ ਇਨ੍ਹਾਂ ਨੂੰ ਆਵਦਾ ਰਾਂਝਾ ਰਾਜੀ ਉੱਘ ਦੀਆਂ ਪਤਾਲ ਮਾਰ ਕੇ। ਜਦੋਂ ਹੰਭ ਗੇ ਓਦੋਂ ਲਊਂ ਇਨ੍ਹਾਂ ਦੇ ਝੱਗੇ ਦਾ ਮੇਚ। ਫ਼ੇਰ ਵੇਖੀਂ ਕਿਮੇਂ ਚੀਕਣਗੇ ਜਿਮੇਂ ਨੂੜ ਕੇ ਘੜੁੱਕੇ ‘ਚ ਸਿੱਟਿਆ ਵਿਆ ਸੂਰ ਰਿੰਗਦਾ ਹੁੰਦੈ।”
ਬਾਬਾ ਸੰਧੂਰਾ ਸਿਉਂ ਅਮਲੀ ਨੂੰ ਕਹਿੰਦਾ, ”ਅਮਲੀਆ ਝੱਗੇ ਦੇ ਮੇਚ ਲੈਣ ਤੂੰ ਕੀ ਦਰਜੀ ਐਂ। ਆਹ ਤਾਂ ਤੇਰਾ ਅੱਜ ਪਤਾ ਲੱਗਿਆ ਬਈ ਤੂੰ ਝੱਗੇ ਸੁੱਥੂ ਵੀ ਸੀਅ ਲੈਨੈ।”
ਅਮਲੀ ਕਹਿੰਦਾ, ”ਕਾਹਨੂੰ ਬਾਬਾ ਦਰਜੀ ਆਂ ਮੈਂ। ਮੈਂ ਤਾਂ ਸਹਿ ਸਭਾਅ ਗੱਲ ਕੀਤੀ ਸੀ। ਤੂੰ ਮੈਨੂੰ ਦਰਜੀ ਬਣਾਈ ਜਾਨੈਂ। ਸਦਾਗਰ ਸਿਉਂ ਦਾ ਵੱਡਾ ਮੁੰਡਾਂ ਮੈਂ। ਜੱਟ ਕਨਾਲੀ ਪੱਟ ਕਹਿੰਦੇ ਐ ਜੀਹਨੂੰ।”
ਮਾਹਲਾ ਨੰਬਰਦਾਰ ਕਹਿੰਦਾ, ”ਅਮਲੀਆ ਤੇਰੇ ਗੁਆਂਢੀ ਸੁਰਜਨ ਠੇਕੇਦਾਰਾਂ ਦੇ ਘਰੇ ਕੀਹਨੇ ਕਨਾਲੀ ਪੱਟ ‘ਤੀ। ਕਹਿੰਦੇ ਉਨ੍ਹਾਂ ਦੇ ਮੁੰਡੇ ਗੀਸੇ ਨੂੰ ਕੋਈ ਰਾਤ ਨੂੰ ਕੁੱਟ ਕੱਟ ਗਿਆ ਹੈਂਅ। ਸੁਣਿਐ ਖਾਸੀਆਂ ਸੱਟਾਂ ਵੱਜੀਆਂ। ਘਰੇ ਈ ਐ ਬਈ ਕੁ ਹੱਥਪਤਾਲ ‘ਚ ਐ?”
ਅਮਲੀ ਹੱਥ ‘ਤੇ ਹੱਥ ਮਾਰੇ ਹੱਸ ਕੇ ਕਹਿੰਦਾ, ”ਆਪਣੇ ਪਿੰਡ ਆਲਿਆਂ ਨੂੰ ਕੋਈ ਸੁਰਲ ਵਿਰਲ ਪੈ ਜੇ ਸਹੀ ਕਿਸੇ ਗੱਲ ਦੀ, ਵੱਸ ਫ਼ੇਰ, ਕੰਧਾਂ ‘ਤੇ ਕੁੱਤੀਆਂ ਚੜ੍ਹਾਏ ਬਿਨਾਂ ਰੋਟੀ ਨ੍ਹੀ ਖਾਂਦੇ। ਚਤੌੜਗੜ੍ਹ ਦੇ ਕਿਲ੍ਹੇ ਜਿੱਡੀਆਂ ਜਿਡੀਆਂ ਤਾਂ ਠੇਕੇਦਾਰਾਂ ਦੇ ਘਰ ਦੀਆਂ ਕੰਧਾਂ ਨੇ। ਘਰੇ ਕਿਮੇਂ ਕੋਈ ਵੜ ਜੂ।”
ਸੀਤਾ ਮਰਾਸੀ ਕਹਿੰਦਾ, ”ਸੱਟਾਂ ਫ਼ਿਰ ਕਿਮੇਂ ਵੱਜਗੀਆਂ ਬਈ। ਜੇ ਕਿਸੇ ਨੇ ਕੁੱਟਿਆ ਤਾਂ ਈ ਹੱਡ ਪੋਲੇ ਹੋਏ ਐ ਮੰਜੇ ‘ਚ ਪਏ ਦਾ ਤਾਂ ਸਟੇਰਿੰਗ ਸਿੱਧਾ ਹੋਇਆ ਨ੍ਹੀ। ਐਮੇਂ ਨ੍ਹੀ ਗੱਲ ਬਣੀ। ਜੇ ਕੁਸ ਹੋਇਆ ਤਾਂ ਈ ਪਿੰਡ ‘ਚ ਗੱਲ ਉੱਡੀ ਐ।”
ਨਾਥਾ ਅਮਲੀ ਕਹਿੰਦਾ, ”ਕਾਹਨੂੰ ਯਾਰ ਇਹ ਗੱਲ ਐ। ਗੱਲ ਤਾਂ ਇਉਂ ਦੱਸਦੇ ਐ ਬਈ ਆਹ ਜਿਹੜਾ ਕੰਨ ਨੂੰ ਲਾ ਕੇ ਮੁਬਲੈਲ ਫ਼ੋਨ ਜੇ ਨਾਲ ਤੁਰ ਫ਼ਿਰ ਗੱਲ ਕਰਦੇ ਹੁੰਦੇ ਐ, ਇਹ ਠੇਕੇਦਾਰਾਂ ਦਾ ਗੀਸਾ ਇਹਦੇ ‘ਤੇ ਵੇਹੜੇ ‘ਚ ਤੁਰਿਆ ਫ਼ਿਰਦਾ ਮੂਰਤਾਂ ਜੀਆਂ ਵੇਂਹਦਾ ਫ਼ਿਰਦਾ ਸੀ। ਵੇਂਹਦਾ ਵੇਂਹਦਾ ਕਿਤੇ ਬੈਠੀ ਮੱਝ ਦੇ ਵਿੱਚ ਜਾ ਵੱਜਿਆ। ਮੱਝ ਡਰ ਕੇ ਉੱਠ ਖੜ੍ਹੀ। ਜਦੋਂ ਮੱਝ ਖੜ੍ਹੀ ਹੋ ਗੀ ਤਾਂ ਇਹ ਮੱਝ ‘ਤੇ ਇਉਂ ਟੰਗਿਆ ਗਿਆ ਜਿਮੇਂ ਸ਼ੈਂਕਲ ਦੀ ਪਿਛਲੀ ਕਾਠੀ ‘ਤੇ ਵੜੇਂਵਿਆਂ ਆਲੀ ਵੱਡੀ ਬੋਰੀ ਲੱਦੀ ਹੁੰਦੀ ਐ। ਜਦੋਂ ਮੱਝ ਨੇ ਦੋ ਚਾਰ ਟਵੂਸੀਆਂ ਜੀਆਂ ਲਾਈਆਂ ਤਾਂ ਗੀਸਾ ਥੱਲੇ ਡਿੱਗ ਪਿਆ। ਮੱਝ ਫ਼ੇਰ ਡਰ ਗੀ। ਮੱਝ ਨੇ ਖੁਰ ਵੱਢ ਕਰ ‘ਤੀ। ਵਿੱਚੇ ਈ ਗੀਸੇ ਦੀ ਖੁਰ ਵੱਢ ਹੋ ਗੀ। ਸਰੀਰ ‘ਤੇ ਤਿੰਨ ਚਾਰ ਥਾਈਂ ਮੱਝ ਨੇ ਪੈਰ ਰੱਖ ‘ਤਾ। ਏਨੇ ‘ਚ ਹੀ ਗੀਸਾ ਜਖਮੀਂ ਹੋ ਗਿਆ। ਗੀਸੇ ਕੇ ਬੁੜ੍ਹੇ ਨੇ ਡਾਂਗ ਚੱਕੀ ਤੇ ਮੱਝ ਨੂੰ ਕੁੱਟਣ ਲੱਗ ਪਿਆ। ਬੁੜ੍ਹੀ ਨੇ ਰੌਲਾ ਪਾਇਆ ਬਈ ਬੇ-ਜਬਾਨ ਡੰਗਰ ਨੂੰ ਕਿਉਂ ਕੁੱਟੀ ਜਾਨੈਂ। ਰੌਲਾ ਸੁਣ ਕੇ ਆਂਢ ਗੁਆਂਢ ‘ਕੱਠਾ ਹੋ ਗਿਆ। ਜਦੋਂ ਗੱਲ ਦਾ ਪਤਾ ਲੱਗਿਆ ਗੱਲ ਹਾਸੇ ‘ਚ ਪੈ ਗੀ। ਆਹ ਗੱਲ ਹੋਈ ਐ ਬਾਬਾ। ਇਹਨੂੰ ਹੁਣ ਪਿੰਡ ਆਲੇ ਕੁਸ ਕਹੀ ਜਾਣ।”
ਬੁੱਘਰ ਦਖਾਣ ਕਹਿੰਦਾ, ”ਬੁੜ੍ਹਾ ਵੀ ਗੀਸੇ ਕਾ ਕਮਲ਼ਾ ਈ ਐ। ਪਸੂ ਕੁੱਟਣ ਜੋਗਾ ਈ ਐ। ਬਾਹਰ ਪਿੰਡ ‘ਚ ਜਦੋਂ ਕਿਸੇ ਨਾਲ ਲੜ ਕੇ ਆਊ ਫ਼ੇਰ ਡੰਗਰਾਂ ‘ਤੇ ਡਾਂਗ ਚੱਕ ਲੈਂਦਾ। ਆਹ ਦੋ ਕੁ ਮਹੀਨੇ ਹੋਏ ਐ, ਐਥੇ ਕਿਤੇ ਬਾਹਰੋਂ ਤਿੰਨ ਚਾਰ ਬੰਦੇ ਆਏ ਸੀ, ਪਿੰਡ ‘ਚ। ਉਨ੍ਹਾਂ ਨੇ ਸੈ:ਂਤ ਅਰਜਨ ਬਾਵੇ ਕਾ ਘਰ ਪੁੱਛਿਆ ਸੀ, ਪਤਾ ਨ੍ਹੀ ਕਿਸੇ ਹੋਰ ਦਾ, ਮਖਤਿਆਰੇ ਬਿੰਬਰ ਨੂੰ ਪਤਾ। ਉਨ੍ਹਾਂ ਬੰਦਿਆਂ ਨੇ ਗੀਸੇ ਕੇ ਬੁੜ੍ਹੇ ਤੋਂ ਜਦੋਂ ਘਰ ਪੁੱਛਿਆ ਤਾਂ ਇਹ ਉਨ੍ਹਾਂ ਨੂੰ ਕਹਿੰਦਾ ‘ਐਸੇ ਬੀਹੀ ਸਿੱਧੇ ਈ ਤੁਰੇ ਜਾਇਉ। ਗਾਹਾਂ ਆਟਾ ਚੱਕੀ ਦੇ ਸਾਹਮਣੇ ਆਲੀ ਬੀਹੀ ਮੁੜ ਜਿਓ। ਗਾਹਾਂ ਜਾ ਕੇ ਜਿੱਥੇ ਬਿਜਲੀ ਦੇ ਦੋ ਟਰਾਂਸਫ਼ਾਰਮ ਲੱਗੇ ਆਏ ਉਹ ਟੱਪਣ ਸਾਰ ਸੋਡੇ ਘੜੀ ਆਲੇ ਹੱਥ ਜਿਹੜੇ ਦਰ ਮੂਹਰੇ ‘ਮਰੀਕੀ ਢੱਠਾ ਬੈਠਾ ਹੋਊ, ਉਹ ਅਰਜਨ ਬਾਵੇ ਕਾ ਘਰ ਈ ਐ। ਉਹ ਬੰਦੇ ਗੀਸੇ ਕੇ ਬੁੜ੍ਹੇ ਸੁਰਜਨ ਤੋਂ ਵੀ ਚੰਦ ਸੀ। ਜਦੋਂ ਉਹ ਚੱਕੀ ਕੋਲੋਂ ਮੁੜ ਕੇ ਸਾਹਮਣੇ ਆਲੀ ਬੀਹੀ ‘ਚ ਵੜੇ ਤਾਂ ਜੜੁੱਤ ਟਰਾਂਸਪਾਰਮਾਂ ਕੋਲ ਅੱਪੜ ਕੇ ‘ਮਰੀਕੀ ਢੱਠਾ ਭਾਲਣ। ਢੱਠਾ ਓੱਥੇ ਹੈ ਨਾ। ਉਹ ਫ਼ੇਰ ਗਾਹਾਂ ਪਿੰਡ ਵਿੱਚ ਨੂੰ ਨਿੱਕਲਗੇ। ਉਨ੍ਹਾਂ ਨੇ ਤਾਂ ਪਿੰਡ ਅੱਧਾ ਗਾਹ ‘ਤਾ ਢੱਠਾ ਭਾਲਦਿਆਂ ਨੇ। ਕੰਜਰ ਦਿਆਂ ਕਮਲਿਆਂ ਨੂੰ ਆਂਏਂ ਅਕਲ ਨਾ ਆਈ ਬਈ ਜੇ ਢੱਠਾ ਨਹੀਂ ਤਾਂ ਏਥੋਂ ਅਰਜਨ ਬਾਵੇ ਦਾ ਨਾਂ ਪੁੱਛ ਕੇ ਘਰ ਭਾਲ ਲੀਏ। ਬੂਝੜ ਅਕਲ ‘ਮਰੀਕੀ ਢੱਠਾ ਭਾਲਣ ਤੁਰ ਪੇ ਪਿੰਡ ‘ਚ। ਪੁੱਛਣ ਆਲਾ ਹੋਵੇ ਕੋਈ ਬਈ ਤੁਸੀਂ ਢੱਠਾ ਭਾਲ ਕੇ ਉਹਨੂੰ ਸਗਣ ਦੇਣਾ। ਢੱਠਾ ਭਾਲਦੇ ਭਾਲਦੇ ਕਿਤੇ ਸੁਰਜਨ ਕਿਆਂ ਆਲੀ ਬੀਹੀ ‘ਚ ਆ ਗੇ ਮੁੜ ਕੇ। ਜਦੋਂ ਬੀਹੀ ‘ਚ ਖ਼ਾਸੀ ਗਾਹਾਂ ਆਏ ਤਾਂ ਉਹ ਮਰੀਕੀ ਢੱਠਾ ਸੁਰਜਨ ਠੇਕੇਦਾਰ ਦੇ ਦਰ ਮੂਹਰੇ ਆ ਬੈਠਾ। ਉਹ ਬੰਦੇ ਸੁਰਜਨ ਕੇ ਘਰੇ ਆ ਵੜੇ। ਓਧਰੋਂ ਕਿਤੇ ਸੁਰਜਨ ਬਾਹਰ ਨਿਕਲ ਆਇਆ। ਸੁਰਜਨ ਅੰਦਰੋਂ ਬੈਠਕ ‘ਚੋਂ ਬਾਹਰ ਆ ਕੇ ਉਨ੍ਹਾਂ ਨੂੰ ਕਹਿੰਦਾ ‘ਕਿਉਂ! ਥਿਆਇਆ ਨ੍ਹੀ ਅਰਜਨ ਬਾਵੇ ਕਾ ਘਰ’। ਉਹ ਕਹਿੰਦੇ ‘ਮਾੜਾ ਜਾ ਬਾਹਰ ਆ ਤੂੰ’। ਜਦੋਂ ਸੁਰਜਨ ਬਾਹਰ ਦਰ ਮੂਹਰੇ ਆਇਆ ਤਾਂ ਉਨ੍ਹਾਂ ਤਿੰਨਾਂ ਚਾਰਾਂ ਨੇ ਸੁਰਜਨ ਨੂੰ ਫ਼ੜ ਲਿਆ। ‘ਮਰੀਕੀ ਢੱਠੇ ਵੱਲ ਹੱਥ ਕਰ ਕੇ ਕਹਿੰਦੇ ‘ਤੂੰ ਸਾਨੂੰ ਪਿੰਡ ਊਈਂ ਦਵੱਲੀ ਫ਼ਿਰਦਾ ਰਿਹਾ, ਢੱਠਾ ਤਾਂ ਤੇਰੇ ਈ ਦਰ ਮੂਹਰੇ ਆਹ ਬੈਠਾ ਓਏ। ਤੇਰਾ ਈ ਨਾਂਅ ਅਰਜਨ ਬਾਵੈ’। ਉਨ੍ਹਾਂ ਨੇ ਬਾਬਾ ਸੁਰਜਨ ਫ਼ੜ ਕੇ ਝੰਬ ‘ਤਾ। ਮਾਰ ਮਾਰ ਹੂਰੇ ਜਾਭਾਂ ਮਿੱਧੇ ਖਰਬੂਜੇ ਅਰਗੀਆਂ ਕਰ ‘ਤੀਆਂ। ਆਹ ਕੁਸ ਸੁਰਜਨ ਨੇ ਕਰਾਇਆ। ਊਂ ਗੱਲਾਂ ਮਾਰੂ ਜਿਮੇਂ ਗਾਹਾਂ ਚੰਦਾਂ ਆਲੇ ਆਤਮੇ ਕਵੀਸ਼ਰ ਦਾ ਮੁੰਡਾ ਹੁੰਦੈ।”
ਸੀਤਾ ਮਰਾਸੀ ਕਹਿੰਦਾ, ‘ਆਹ ਅਮਲੀ ਤੋਂ ਵੀ ਸੁਣ ਲੋ ਹੁਣ ਸੁਰਜਨ ਬੁੜ੍ਹੇ ਦੀ। ਇਨ੍ਹਾਂ ਨਾਲ ਵੀ ਕੇਰਾਂ ਪੇਚਾ ਪਿਆ ਸੀ। ਦੱਸ ਦੇ ਅਮਲੀਆ ਓਏ ਤੁਸੀਂ ਕਿਮੇਂ ਡਕਰਿਆ ਸੀ ਘਰੋਂ?”
ਨਾਥਾ ਅਮਲੀ ਹੱਸ ਕੇ ਕਹਿੰਦਾ, ”ਸਾਡਾ ਦਵੱਲਿਆ ਵਿਆ ਤਾਂ ਹਜੇ ਤੱਕ ਟੱਸ ਨ੍ਹੀ ਭੰਨ ਸਕਿਆ।”
ਬਾਬੇ ਸੰਧੂਰਾ ਸਿਉਂ ਨੇ ਪੁੱਛਿਆ, ”ਉਹ ਕਿਮੇਂ ਅਮਲੀਆ?”
ਅਮਲੀ ਕਹਿੰਦਾ, ”ਸਾਡੇ ਰੱਖੇ ਹੁੰਦੇ ਸੀ ਕੁੱਕੜ ਕੁਕੜੀਆਂ। ਹੁਣ ਤਾਂ ਵੇਚ ‘ਤੇ। ਸਾਲੇ ਗੰਦ ਬਾਹਲਾ ਪਾਉਂਦੇ ਸੀ। ਕਰ ਕਰ ਬਿੱਠਾਂ ਵੇਹੜਾ ਇਉਂ ਕਰ ਦਿੰਦੇ ਸੀ ਜਿਮੇਂ ਦਰੀ ‘ਤੇ ਡੱਬਰੀ ਪੈਂਸੇ ਪਏ ਹੁੰਦੇ ਐ।”
ਗੀਸੇ ਕੇ ਬੁੜ੍ਹੇ ਦੀ ਗੱਲ ਸੁਣਾਉਂਦਾ ਸੁਣਾਉਂਦਾ ਅਮਲੀ ਗੱਲ ਨੂੰ ਹੋਰ ਹੀ ਪਾਸੇ ਲੈ ਤੁਰਿਆ। ਗੱਲ ਵਿੰਗੀ ਟੇਢੀ ਹੁੰਦੀ ਸੁਣ ਕੇ ਬਾਬਾ ਸੰਧੂਰਾ ਸਿਉਂ ਅਮਲੀ ਨੂੰ ਕਹਿੰਦਾ, ”ਤੂੰ ਆਵਦੇ ਕੁੱਕੜਾਂ ਦੀਆਂ ਈ ਸਿਫ਼ਤਾਂ ਨਾ ਕਰੀ ਜਾਹ ਜਿਹੜੇ ਵੇਚੇ ਵੇ ਐ। ਸੁਰਜਨ ਠੇਕੇਦਾਰ ਦੀ ਸਣਾ ਜਿਹੜੀ ਗੱਲ ਸਣਾਉਣ ਲੱਗਿਆ ਸੀ।”
ਅਮਲੀ ਬਾਬੇ ਨੂੰ ਢਿੱਲਾ ਜਾ ਹੋ ਕੇ ਕਹਿੰਦਾ, ”ਸਣਾਉਣੈ ਯਾਰ ਬਾਬਾ। ਕੁੱਕੜ ਯਾਦ ਆ ਗੇ ਯਾਰ ਹੋਰ ਨ੍ਹੀ ਕੋਈ ਗੱਲ। ਅੱਛਿਆ! ਕੁੱਕੜਾਂ ਦੀ ਸੁਣ ਲਾ ਜਿਹੜੀ ਸੁਰਜਨ ਨੇ ਮੇਰੇ ਨਾਲ ਕੀਤੀ ਸੀ। ਇਹਨੇ ਸੁਰਜਨ ਨੇ ਕੀ ਕੀਤਾ, ਪਤਾ ਨ੍ਹੀ ਕਿੱਥੋਂ ਤਿੰਨ ਚਾਰ ਕੁੱਕੜਾਂ ਦੇ ਬੱਚੇ ਲਿਆਇਆ। ਲਿਆ ਕੇ ਮੇਰੇ ਆਲੇ ਕੁੱਕੜਾਂ ‘ਚ ਛੱਡ ‘ਤੇ। ਦੋ ਕੁ ਮਹੀਨਿਆਂ ‘ਚ ਉਹ ਗੱਭਰੂ ਹੋ ਗੇ।”
ਬਾਬਾ ਅਮਲੀ ਦੀ ਗੱਲ ਟੋਕ ਕੇ ਅਮਲੀ ਨੂੰ ਕਹਿੰਦਾ, ”ਗੱਭਰੂ ਨ੍ਹੀ ਓਏ ਅਮਲੀਆ, ਉਡਾਰ ਹੋ ਗੇ।”
ਅਮਲੀ ਕਹਿੰਦਾ, ”ਚੱਲ ਉਡਾਰ ਕਹਿ ਲਾ। ਜਦੋਂ ਬੱਚੇ ਉਡਾਰ ਹੋ ਗੇ ਤਾਂ ਮੇਰੇ ਆਲੇ ਕੁੱਕੜਾਂ ਦੇ ਈ ਨਾਲ ਰਲ ਗੇ। ਕੁੱਕੜਾਂ ਦੇ ਬੱਚੇ ਤਾਂ ਛੱਡੇ ਸੀ ਤਿੰਨ ਕੁ, ਕਹੀ ਜਾਵੇ ਸੱਤ ਸੀ। ਮੈਂ ਵੀ ਫ਼ਿਰ ਰੌਲਾ ਪਾ ਲਿਆ। ਮੈਂ ਕਿਹਾ ਤਿੰਨ ਸੀ, ਉਹ ਕਹੇ ਸੱਤ ਸੀ। ਜਦੋਂ ਗੱਲ ਸਿਰੇ ਨਾ ਲੱਗਦੀ ਦਿਸੀ ਤਾਂ ਮੈਂ ਕਿਹਾ ਕਿ ਆਵਦੇ ਸਿਆਣ ਕੇ ਦੱਸ ਮੈਨੂੰ। ਜਿਹੜੇ ਉਹ ਕਹੇ ਮੇਰੇ ਆਹ ਨੇ ਤਾਂ ਮੈਂ ਕਹਿ ਦਿਆ ਕਰਾਂ ਇਹ ਤਾਂ ਮੇਰੇ ਐ। ਵੱਸ ਫ਼ੇਰ ਪੂਰਾ ਘੜਮੱਸ ਪਿਆ। ਮੈਂ ਤਾਂ ਫ਼ਿਰ ਬਾਂਹੋਂ ਫ਼ੜਿਆ, ਘਰੋਂ ਇਉਂ ਕੱਢਣਾ ਪਿਆ ਜਿਮੇਂ ਸ਼ਰਾਬੀ ਨੂੰ ‘ਖੰਡ ਪਾਠ ਆਲੇ ਘਰੋਂ ਕੱਢਦੇ ਹੁੰਦੇ ਐ। ਆਏਂ ਮੇਰੇ ਨਾਲ ਕੀਤੀ। ਹੁਣ ਮੇਰੇ ਵੱਲ ਤਾਂ ਅੱਖ ਨ੍ਹੀ ਕਰਦਾ।”
ਏਨੇ ਚਿਰ ਨੂੰ ਸਾਇਕਲ ਵਾਲੇ ਨੇ ਸੱਥ ਕੋਲ ਆ ਕੇ ਆਂਡਿਆਂ ਦਾ ਹੋਕਾ ਦੇ ਦਿੱਤਾ ਬਈ ਜੀਹਨੇ ਆਂਡੇ ਲੈਣੇ ਆਂ ਤਾਂ ਰਪੀਏ ਦੇ ਦੋ ਲੈ ਲੋ। ਨਾਥਾ ਅਮਲੀ ਹੋਕਾ ਸੁਣ ਕੇ ਸਾਇਕਲ ਵਾਲੇ ਨੂੰ ਕਹਿੰਦਾ, ”ਸੁਰਜਨ ਠੇਕੇਦਾਰ ਕਿਆਂ ਨੂੰ ਚਾਹੀਦੇ ਐ ਉਨ੍ਹਾਂ ਦੇ ਘਰੇ ਦੇ ਆ।”
ਬਾਬਾ ਸੰਧੂਰਾ ਸਿਉਂ ਨਾਥੇ ਅਮਲੀ ਨੂੰ ਘੂਰਦਾ ਬੋਲਿਆ, ”ਚੁੱਪ ਨ੍ਹੀ ਕਰਦਾ ਅਮਲੀਆ ਓਏ। ਜੇ ਕਿਤੇ ਠੇਕੇਦਾਰਾਂ ਨੂੰ ਤੇਰੇ ਬੋਲੇ ਦਾ ਪਤਾ ਲੱਗ ਗਿਆ ਤਾਂ ਤੇਰੇ ਨਾਲ ਬੁਰੀ ਕਰਨਗੇ। ਚੱਲੋ ਉੱਠੋ ਘਰਾਂ ਨੂੰ ਚੱਲੋ।”
ਬਾਬੇ ਦੀ ਗੱਲ ਸੁਣ ਕੇ ਸਾਰੇ ਸੱਥ ਵਾਲੇ ਸੁਰਜਨ ਕਿਆਂ ਦੀਆਂ ਗੱਲਾਂ ਕਰਦੇ ਸੱਥ ‘ਚੋਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਚੱਲ ਪਏ।

LEAVE A REPLY