main-news-300x150ਜਿਉਂ ਹੀ ਨਾਥਾ ਅਮਲੀ ਕਈਆਂ ਦਿਨਾਂ ਪਿੱਛੋਂ ਸੱਥ ‘ਚ ਆ ਕੇ ਸੱਥ ਵਿੱਚ ਬੈਠੀ ਸਾਰੀ ਸੰਗਤ ਨੂੰ ਫ਼ਤਹਿ ਬੁਲਾ ਕੇ ਬਾਬੇ ਕ੍ਰਿਪਾਲ ਸਿਉਂ ਦੇ ਕੋਲ ਆ ਕੇ ਬੈਠਾ ਤਾਂ ਸਾਰੀ ਸੱਥ ਅਮਲੀ ਵੱਲ ਇਉਂ ਝਾਕੀ ਜਿਮੇਂ ਅਨੰਦ ਕਾਰਜ ਹੁੰਦਿਆਂ ਤੋਂ ਟੈਂਟ ਦੇ ਬਾਹਰ ਜੰਨ ਦੀਆਂ ਲਾਹੀਆਂ ਪਈਆਂ ਜੁੱਤੀਆਂ ‘ਤੇ ਅਚਾਨਕ ਲੜ ਪਏ ਕੁੱਤਿਆਂ ਵੱਲ ਜੰਨ ਵੇਖਣ ਲੱਗ ਪਈ ਹੋਵੇ। ਬਾਬੇ ਕ੍ਰਿਪਾਲ ਸਿਉਂ ਨਾਲ ਗੱਲਾਂ ‘ਚ ਰੁੱਝਿਆ ਮਾਹਲਾ ਨੰਬਰਦਾਰ ਨਾਥੇ ਅਮਲੀ ਨੂੰ ਵੇਖ ਕੇ ਅਮਲੀ ਵੱਲ ਨੂੰ ਹੋਇਆ, ”ਓਏ ਆ ਬਈ ਨਾਥਾ ਸਿਆਂ! ਐਨੇ ਦਿਨ ਕਿੱਥੇ ਰਿਹਾ? ਕਦੇ ਕਦੇ ਤਾਂ ਪਤੰਦਰਾ ਇਉਂ ‘ਡਾਰੀ ਮਾਰ ਜਾਨੈਂ ਜਿਮੇਂ ਆਪਣੇ ਪਿੰਡ ਆਲਾ ਗੋਘੜੀ ਆੜ੍ਹਤੀਆ ਜੱਟਾਂ ਨਾਲ ਨਰਮੇ ਦਾ ਸੌਦਾ ਕਰਕੇ ਅੱਠ ਦਸ ਲੱਖ ਰਪੀਆਂ ਦਾ ਨਰਮਾ ਲੈ ਕੇ ਜਿਉਣਾ ਮੌੜ ਹੋ ਗਿਆ ਸੀ। ਦਸ ਬਾਰਾਂ ਸਾਲ ਹੋ ਗੇ, ਅੱਜ ਬੌਹੜਦਾ। ਉਹੀ ਗੱਲ ਤੇਰੀ ਲੱਗਦੀ ਐ।”
ਨਾਥਾ ਅਮਲੀ ਕਹਿੰਦਾ, ”ਮੈਂ ਕਿਹੜਾ ਆੜ੍ਹਤੀਆਂ। ਮੇਰੇ ਤਾਂ ਆਪ ਗੋਘੜੀ ਪਾਥੀਆਂ ਦਾ ਨੌ ਸੈ ਰਪੀਆ ਲੈ ਕੇ ਭੱਜ ਗਿਆ।”
ਬਾਬਾ ਕ੍ਰਿਪਾਲ ਸਿਉਂ ਕਹਿੰਦਾ, ”ਇਹ ਤਾਂ ਨੰਬਰਦਾਰਾ ਫ਼ਿਰ ਵੀ ਮੁੜਿਆਇਆ, ਇਹ ਕਿਮੇਂ ਜਿਉਣਾ ਮੌੜ ਹੋ ਗਿਆ ਬਈ। ਜਿਉਣਾ ਮੌੜ ਤਾਂ ਗੋਘੜੀ ਬਾਣੀਆਂ ਹੋਇਆ ਜਿਹੜਾ ਹਜੇ ਮਨ੍ਹੀ ਮੁੜਿਆ।”
ਨਾਥਾ ਅਮਲੀ ਬਾਬੇ ਦੀ ਗੱਲ ਸੁਣ ਕੇ ਕਹਿੰਦਾ, ”ਕੀ ਗੱਲਾਂ ਕਰਦੈਂ ਬਾਬਾ। ਗੋਘੜੀ ਬਾਣੀਆ ਕਿਤੇ ਮੁੜਣ ਨੂੰ ਭੱਜਿਐ। ਜੇ ਉਹਨੇ ਮੂੜਣਾ ਹੁੰਦਾ ਤਾਂ ਬਿਸ਼ਨੇ ਕੇ ਧੱਲੇ ਅਰਗਿਆਂ ਦੇ ਪੈਂਸੇ ਨ੍ਹੀ ਸੀ ਡੁੱਬਦੇ। ਸਭ ਤੋਂ ਬਾਹਲ਼ੇ ਪੈਂਸੇ ਤਾਂ ਧੱਲੇ ਦੇ ਦੱਸਦੇ ਐ। ਕਹਿੰਦੇ ਦੋ ਸੈ ਮਣ ਪੱਕਾ ਨਰਮਾ ਸੀ ਜਿਹੜਾ ਵੇਚ ਕੇ ਗੋਘੜੀ ਬੀਕੇਨੇਰ ਵੱਜਿਆ। ਹੁਣ ਧੱਲਾ ਇਉਂ ਤੁਰਦਾ ਜਿਮੇਂ ਜਮੀਨ ਦੇ ਕਬਜੇ ‘ਚ ਗੋਡਿਆਂ ‘ਤੇ ਤਿੰਨ ਸਿੰਗੜਾ ਵੱਜਿਆ ਹੋਵੇ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਬੀਕਾਨੇਰ ਉਠ ਗਿਆ। ਬੀਕਾਨੇਰ ਤਾਂ ਯਾਰ ਆਹ ਖੜ੍ਹੈ। ਐਥੋਂ ਦਸ ਆਲੀ ਗੱਡੀ ਫ਼ੜੋ ਤੇ ਦਿਨ ਛਿਪਦੇ ਨੂੰ ਬੀਕਾਨੇਰ ਲਾ ਦਿੰਦੀ ਐ। ਉੱਥੇ ਜਾ ਕੇ ਕਰਾੜ ਦੀ ਨੱਪੋ ਫ਼ਿਰ ਘੰਡੀ।”
ਬਾਬਾ ਕ੍ਰਿਪਾਲ ਸਿਉਂ ਕਹਿੰਦਾ, ”ਕੀ ਪਤਾ ਨੰਬਰਦਾਰਾ ਬੀਕਾਨੇਰ ਗਿਐ ਕੁ ਕਿਤੇ ਹੋਰ ਜਾ ਕੇ ਹੱਟ ਪਾ ਕੇ ਬਹਿ ਗਿਆ। ਇਹ ਤਾਂ ਐਮੇਂ ਚੁਟਕਲੇ ਛੱਡੀ ਜਾਂਦੇ ਐ ਬਈ ਬੀਕਾਨੇਰ ਗਿਆ। ਬੀਕਾਨੇਰ ਨੂੰ ਬਹੁਤੀ ਦੂਰ ਸਮਝਦੇ ਕਰ ਕੇ ਦੂਰ ਦੀ ਵਾਟ ਨੂੰ ਬੀਕਾਨੇਰ ਕਹਿ ਛੱਡਦੇ ਐ ਬਈ ਖਣੀ ਬੀਕਾਨੇਰ ਈ ਸਭ ਤੋਂ ਦੂਰ ਐ। ਜਿੱਥੇ ਜਾਣ ਆਉਣ ਦਾ ਸਾਧਨ ਐਂ ਉਹ ਵਾਟ ਨੂੰ ਨਾ ਦੂਰ ਕਹੋ।”
ਬੁੱਘਰ ਦਖਾਣ ਕਹਿੰਦਾ, ”ਹੁਣ ਇਹਦੀ ਅਮਲੀ ਦੀ ਵੀ ਸੁਣ ਲੋ ਬਈ ਗਿਆ ਕਿੱਥੇ ਸੀ। ਤੁਸੀਂ ਆਪ ਈ ਇਹਨੂੰ ਬੀਕਾਨੇਰ ਭੇਜੀ ਜਾਨੇ ਐ। ਹਜੇ ਹੋਰ ਪਤਾ ਨ੍ਹੀ ਕਿੱਥੇ ਕਿੱਥੇ ਭੇਜੋਂਗੇ ਜਿੰਨਾਂ ਚਿਰ ਇਹ ਆਪ ਨ੍ਹੀ ਬੋਲ ਕੇ ਦਸਦਾ ਬਈ ਗਿਆ ਕਿੱਥੇ ਸੀ, ਓਨਾਂ ਚਿਰ ਸੋਨੂੰ ਕੁਸ ਨ੍ਹੀ ਪਤਾ ਲੱਗਣਾ। ਨਾਲੇ ਬੀਕਾਨੇਰ ਤਾਂ ਗੋਘੜੀ ਬਾਣੀਆਂ ਗਿਆ ਹੋਣੈ, ਅਮਲੀ ਨੂੰ ਤੁਸੀਂ ਊਈਂ ਬੀਕਾਨੇਰ ਨੂੰ ਦਸ ਆਲੀ ਗੱਡੀ ‘ਤੇ ਚੜ੍ਹਾਈ ਜਾਨੇ ਐਂ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਸਹੁਰਿਆਂ ਤੋਂ ਕਤੂਰੀ ਲੈਣ ਗਿਆ ਸੀ। ਕਹਿੰਦੇ ਸਹੁਰਿਆਂ ਦੇ ਗੁਆਂਢ ‘ਚ ਅਸਲੇ ਦੀ ਕੁੱਤੀ ਸੂਈ ਐ ਉਹਨੇ ਛੀ ਬੱਚੇ ਦਿੱਤੇ ਐ। ਹੈ ਵੀ ਸਾਰੀਆਂ ਕਤੂਰੀਆਂ ਈ। ਉਹ ਲੈਣ ਗਿਆ ਸੀ।”
ਦਿਆਲਾ ਮੁੰਜ ਅਮਲੀ ਨੂੰ ਕਹਿੰਦਾ, ”ਲਿਆਂਦੀ ਅਮਲੀਆ ਕਤੂਰੀ ਕੁ ਅਗਲਿਆਂ ਨੇ ਕਤੂਰਾ ਦੇ ‘ਤਾ?”
ਦਿਆਲੇ ਮੁੰਜ ਦੀ ਟਿੱਚਰ ਸੁਣ ਕੇ ਨਾਥਾ ਅਮਲੀ ਦਿਆਲੇ ਨੂੰ ਇਉਂ ਕਤਾੜ ਕੇ ਪੈ ਗਿਆ ਕਿ ਦਿਆਲਾ ਫ਼ੂਕ ਨਿੱਕਲੀ ਬੁਲਬਲੇ ਅਰਗਾ ਕਰਕੇ ਰੱਖ ‘ਤਾ।”
ਗੱਲਾਂ ਕਰਦਿਆਂ ਤੋਂ ਏਨੇ ਚਿਰ ਨੂੰ ਚੰਨਾ ਪੰਡਤ ਸੱਥ ‘ਚ ਆ ਕੇ ਹਰਖੇ ਹੋਏ ਅਮਲੀ ਨੂੰ ਵੇਖ ਕੇ ਕਹਿੰਦਾ, ”ਇਹਨੂੰ ਕੀ ਹੋ ਗਿਆ ਅਮਲੀ ਨੂੰ। ਅੱਜ ਬਲਾ ਕਤਾੜ ਕਤਾੜ ਕੇ ਇਉਂ ਪੈਂਦੈ ਹਰੇਕ ਨੂੰ ਜਿਮੇਂ ਸੂਈ ਵੀ ਕੁੱਤੀ ਕਤੂਰਾ ਚੱਕੇ ਤੋਂ ਪੈਂਦੀ ਹੁੰਦੀ ਐ।”
ਬਾਬੇ ਕ੍ਰਿਪਾਲ ਸਿਉਂ ਦੇ ਕੋਲ ਬੈਠਾ ਬੁੜ੍ਹਾ ਉੱਤਮ ਸਿਉਂ ਮੁਸ਼ਕਣੀਆਂ ਹੱਸ ਕੇ ਚੰਨੇ ਪੰਡਤ ਨੂੰ ਟਿੱਚਰ ‘ਚ ਕਹਿੰਦਾ, ”ਤੈਨੂੰ ਕਿਮੇਂ ਪਤਾ ਲੱਗ ਗਿਆ ਪੰਡਤਾ ਬਈ ਨਾਥਾ ਸਿਉਂ ਕਤੂਰੀ ਲੈ ਕੇ ਆਇਐ?”
ਜਦੋਂ ਉੱਤਮ ਬੁੜ੍ਹੇ ਨੇ ਪੰਡਤ ਨੂੰ ਇਹ ਗੱਲ ਪੁੱਛੀ ਤਾਂ ਨਾਥਾ ਅਮਲੀ ਚੰਨੇ ਪੰਡਤ ਨੂੰ ਉੱਖੜੀ ਕੁਹਾੜੀ ਵਾਂਗੂੰ ਟੁੱਟ ਕੇ ਪੈ ਗਿਆ, ”ਜਾਂਦਾ ਨ੍ਹੀ ਓਏ ਬਾਹਮਣਾ ਏਥੋਂ। ਵੱਡਾ ਆਇਆ ਇਹੇ ਬਿੰਦਰਾਬਨ ਆਲਾ ਢਮਕੀਰਾ ਜੋਤਸ਼ੀ। ਜਾਹ ਭੱਜ ਜਾ ਏਥੋਂ। ਮੈਂ ਕਦੋਂ ਕਤੂਰੀ ਲਿਆਇਆਂ। ਆ ਕੇ ਸੱਥ ‘ਚ ਹੋਰ ਈ ਗਲੋਟੇ ਟੇਰਨ ਲੱਗ ਗਿਐਂ। ਜਾਹ ਜਾਂਦਾ ਰਹਿ ਨਹੀਂ ਚਪੇੜੇ ਖਾਏਂਗਾ।”
ਅਮਲੀ ਨੂੰ ਹਰਖਿਆ ਵੇਖ ਕੇ ਬਾਬਾ ਕ੍ਰਿਪਾਲ ਸਿਉਂ ਚੰਨੇ ਪੰਡਤ ਨੂੰ ਕਹਿੰਦਾ, ”ਤੂੰ ਹੁਣ ਪੰਡਤਾ ਸੱਥ ‘ਚੋਂ ਉਠ ਜਾ, ਇਹਦੇ ਕਮਲੇ ਦੇ ਖੁੱਲ੍ਹ ਗੇ ਐ ਸੰਗਲ, ਹੋਰ ਨਾ ਕਿਤੇ ਤੇਰੇ ਨਾਲ ਐਥੇ ਈ ਜੱਫੋ ਜਫੀ ਹੋ ਜੇ।”
ਬਾਬੇ ਨੇ ਸਿਆਣਪ ਵਰਤਦਿਆਂ ਚੰਨੇ ਪੰਡਤ ਨੂੰ ਸੱਥ ‘ਚੋਂ ਇਸ ਕਰਕੇ ਉਠਾ ਕੇ ਘਰ ਨੂੰ ਭੇਜ ਦਿੱਤਾ ਕਿ ਪੰਡਤ ਤੇ ਨਾਥਾ ਅਮਲੀ ਕਿਤੇ ਲੜ ਨਾ ਪੈਣ। ਜਦੋਂ ਚੰਨਾ ਪੰਡਤ ਸੱਥ ‘ਚੋਂ ਉੱਠ ਕੇ ਘਰ ਨੂੰ ਚਲਾ ਗਿਆ ਤਾਂ ਮਾਹਲੇ ਨੰਬਰਦਾਰ ਨੇ ਨਾਥੇ ਅਮਲੀ ਨੂੰ ਪਲੋਸਿਆ, ”ਤੂੰ ਤਾਂ ਯਾਰ ਨਾਥਾ ਸਿਆਂ ਉਈਂ ਅੰਗਿਆਰ ਆਂਗੂੰ ਭਖ ਗਿਐਂ।”
ਅਮਲੀ ਨੰਬਰਦਾਰ ਨੂੰ ਝਈ ਲੈ ਕੇ ਪਿਆ, ”ਹੋਰ ਮਿੰਟ ਦੋ ਮਿੰਟ ਬਹਾ ਲੈਂਦਾ ਬਾਹਮਣ ਨੂੰ, ਫ਼ੇਰ ਵੇਂਹਦਾ ਕੀ ਭਾਅ ਵਿਕਦੀ। ਜੇ ਕਿਤੇ ਪੰਡਤ ਬੈਠਾ ਰਹਿੰਦਾ ਤਾਂ ਮੈਂ ਇਹਨੂੰ ਕੱਤਣੀ ਬਣਾ ਕੇ ਤੋਰਨਾ ਸੀ ਘਰ ਨੂੰ। ਇਹਨੂੰ ਵੀ ਕੋਈ ਬੰਸਰੀ ਆਲਾ ਮਿਲਿਆ ਨ੍ਹੀ। ਚੰਗਾ ਹੋ ਗਿਆ ਇਹਨੂੰ ਘਰ ਨੂੰ ਘੱਲ ‘ਤਾ।”
ਬਾਬੇ ਕ੍ਰਿਪਾਲ ਸਿਉਂ ਨੇ ਫ਼ੇਰ ਮੋੜੀ ਅਮਲੀ ਵੱਲ ਨੂੰ ਮੁਹਾਰ, ”ਤੂੰ ਹੁਣ ਛੱਡ ਯਾਰ ਅਮਲੀਆ ਬਾਕੀ ਗੱਲਾਂ। ਹੁਣ ਇਉਂ ਦੱਸ ਬਈ ਤਿੰਨ ਦਿਨ ਕਿੱਥੇ ਗਜਾਰ ਕੇ ਆਇਐਂ?”
ਅਮਲੀ ਕਹਿੰਦਾ, ”ਸੀਬੇ ਲੁੱਡਣ ਕੇ ਬਖਤੌਰੇ ਨਾਲ ਸਿੰਗੋ ਲਹਿਰੀ ਗਿਆ ਸੀ ਉਹਦੇ ਸਹੁਰੀਂ।”
ਨੰਬਰਦਾਰ ਨੇ ਪੁੱਛਿਆ, ”ਉੱਥੇ ਕੀ ਬਾਜੀ ਪੈਂਦੀ ਸੀ?”
ਅਮਲੀ ਕਹਿੰਦਾ, ”ਬਾਜੀ ਤਾਂ ਕਾਹਨੂੰ ਪੈਂਦੀ ਸੀ। ਬਖਤੌਰਾ ਕਹਿੰਦਾ ਆ ਜਾ ਯਾਰ ਅਮਲੀਆ ਤੈਨੂੰ ਸਹੁਰੇ ਵਖਾ ਕੇ ਲਿਆਮਾਂ। ਉਹਦਾ ਸਾਲਾ ਗੱਜਣ ਕੀਰਤਨ ਕਰਨ ਗਿਆ ਵਿਆ ਕਨੇਡੇ। ਕਨੇਡੇ ਗੱਜਣ ਦੀ ਭੂਆ ਦਾ ਪੁੱਤ ਕਿਸੇ ਗੁਰਦੁਆਰੇ ‘ਚ ਲਾਂਗਰੀ ਲੂੰਗਰੀ ਐ। ਉਹ ਲਾਂਗਰੀ ਨੇ ਸੱਦਿਆ ਸੀ ਉਹਨੂੰ ਕੀਰਤਨ ਕਰਨ ਆਲਿਆਂ ‘ਚ। ਉੱਥੇ ਜਾ ਕੇ ਉਹ ਭੱਜ ਗਿਆ। ਮਹੀਨਾ ਡੇਢ ਮਹੀਨਾ ਹੋ ਗਿਆ ਹਜੇ ਥਿਆਇਆ ਨ੍ਹੀ।”
ਅਮਲੀ ਦੀ ਗੱਲ ਵਿੱਚੋਂ ਟੋਕ ਕੇ ਬਾਜੇ ਜੱਭਲ ਕਾ ਸੀਰਾ ਕਹਿੰਦਾ, ”ਭੱਜਿਆ ਨ੍ਹੀ ਬਾਈ ਓਹੋ, ਭਜਾਇਆ ਅਗਲਿਆਂ ਨੇ। ਉਹਦੇ ਨਾਲ ਸੌਦਾ ਕੀਤਾ ਵਿਆ ਸੀ ਬਈ ਐਨੇ ਲੱਖ ਲਮਾਂਗੇ, ਕਨੇਡੇ ਸੱਦ ਲੈਨੇਂ ਆਂ। ਉੱਥੇ ਆ ਕੇ ਤੂੰ ਭੱਜ ਜੀਂ। ਅਸੀਂ ਕਹਿ ਦਿਆਂਗੇ ਬਈ ਭੱਜ ਗਿਆ ਭੱਜ ਗਿਆ। ਉਹ ਹੁਣ ਥਿਆਉਂਦਾ ਨ੍ਹੀ। ਜਿਹੜਾ ਗੱਜਣ ਦੀ ਭੂਆ ਦਾ ਪੁੱਤ ਗੁਰਦੁਆਰੇ ਦਾ ਲਾਂਗਰੀ ਐ, ਹੁਣ ਛਿੱਤਰ ਉਹਦੇ ਖੜਕਦੇ ਐ। ਬਈ ਤੂੰ ਭਜਾਇਆ ਦੱਸ ਕਿੱਥੇ ਐ?”
ਸੀਤਾ ਮਰਾਸੀ ਅਮਲੀ ਨੂੰ ਕਹਿੰਦਾ, ”ਬਖਤੌਰਾ ਤਾਂ ਭਲਾਂ ਸਹੁਰੀਂ ਗੱਜਣ ਦਾ ਪਤਾ ਲੈਣ ਗਿਆ ਸੀ, ਤੂੰ ਕੀ ਕਰਨ ਗਿਆ ਸੀ ਉਹਦੇ ਨਾਲ?”
ਬਾਬਾ ਕ੍ਰਿਪਾਲ ਸਿਉਂ ਮੁਸ਼ਕਣੀਆਂ ਹੱਸਕੇ ਕਹਿੰਦਾ, ”ਬਖਤੌਰੇ ਦੀ ਸੱਸ ਨੂੰ ਸਲਾਹ ਦੇਣ ਗਿਆ ਇਹ ਲੋਗੜ ਵਕੀਲ। ਇਹਨੇ ਸੋਚਿਆ ਬਈ ਐਥੇ ਵੀ ਵੇਹਲੇ ਈ ਐਂ, ਚੱਲ ਇਹਦੇ ਨਾਲ ਇਹਦੇ ਸਹੁਰੀਂ ਜਾ ਆਉਣੇ ਆਂ। ਭੋਰਾ ਖੰਡ ਘਿਉ ਖਾ ਆਮਾਂਗੇ। ਅੰਦਰ ਭੋਰਾ ਥੰਧਿਆਈ ਵੜੂ। ਹੱਡ ਜੜੈਕ ਜੜੈਕ ਕਰਦੇ ਐ।”
ਅਮਲੀ ਕਹਿੰਦਾ, ”ਮੈਨੂੰ ਤਾਂ ਬਖਤੌਰਾ ਊਈਂ ਨਾਲ ਲੈ ਗਿਆ। ਓੱਥੇ ਜਾ ਕੇ ਗੱਲ ਹੋਰ ਈ ਨਿੱਕਲੀ। ਬਖਤੌਰੇ ਦੀ ਸੱਸ ਕਹਿੰਦੀ ‘ਮੇਰੇ ਪੁੱਤ ਨੂੰ ਤਾਂ ਟੁੱਟ ਪੈਣੇ ਲਾਂਗਰੀ ਨੇ ਕਿਤੇ ਲਕੋ ‘ਤਾ। ਨਾ ਚਿੱਠੀ ਨਾ ਚੀਰਾ। ਕੋਈ ਉੱਘ ਸੁੱਘ ਈ ਨ੍ਹੀ ਮਿਲਦੀ’। ਮੈਂ ਬਖਤੌਰੇ ਦੀ ਸੱਸ ਨੂੰ ਕਿਹਾ ‘ਜੀਹਨੇ ਗੱਜਣ ਨੂੰ ਸੱਦਿਆ ਸੀ ਉਹਨੂੰ ਕਹੋ ਬਈ ਗੱਜਣ ਨੂੰ ਭਾਲ ਕੇ ਘਰੇ ਭੇਜ ਦੇਵੇ’। ਜਦੋਂ ਮੈਂ ਬਖਤੌਰੇ ਦੀ ਸੱਸ ਨੂੰ ਇਹ ਗੱਲ ਕਹੀ ਤਾਂ ਬੁੜ੍ਹੀ ਭਾਈ ਹੋ ਗੀ ਪੰਜ ਪੌਣ ‘ਤੇ। ਬੁੜ੍ਹੀ ਨੇ ਤਾਂ ਗਾਲਾਂ ਕੱਢ ਕੱਢ ਲਾਂਗਰੀ ਦੀ ਲਾ ‘ਤੀ ਤਹਿ। ਕਹਿੰਦੀ ‘ਢਹਿ ਜਾਣਾ ਹੈ ਤਾਂ ਓੱਥੇ ਲਾਂਗਰੀ, ਆਵਦੇ ਆਪ ਨੂੰ ਵੱਡਾ ਪ੍ਰਧਾਨ ਦਸਦੈ। ਉਹ ਤਾਂ ਉੱਥੇ ਗੁਰਦੁਆਰ ਨੂੰ ਖਾ ਗਿਆ ਲੁੱਟ ਕੇ। ਉਹ ਤਾਂ ਚੌਧਰ ਪਿੱਛੇ ਰੌਲਾ ਪਾਈ ਬੈਠੈ। ਕਹਿੰਦਾ ਸਾਰਿਆਂ ਤੋਂ ਵੱਡਾ ਚੌਧਰੀ ਮੈਂ ਆਂ। ਲੈ ਦੱਸ ਬਾਬਾ, ਆਪਣੇ ਲੋਕ ਤਾਂ ਬਾਹਰ ਜਾ ਕੇ ਗੁਰਦੁਆਰਿਆਂ ਨੂੰ ਮਨ੍ਹੀ ਬਖਸ਼ਦੇ। ਕਿੱਥੇ ਭਰਨਗੇ?”
ਬੁੱਘਰ ਦਖਾਣ ਕਹਿੰਦਾ, ‘ਮੈਂ ਤਾਂ ਬਖਤੌਰੇ ਤੋਂ ਲਾਂਗਰੀ ਦੀ ਇਹ ਵੀ ਗੱਲ ਸੁਣੀ ਐਂ ਬਈ ਬਖਤੌਰੇ ਦੀ ਸੱਸ ਨੇ ਲਾਂਗਰੀ ਨੂੰ ਕਿਹਾ ਵੀ ਐ ਕਿ ਸਾਡਾ ਮੁੰਡਾ ਭਾਲ ਕੇ ਘਰੇ ਛੱਡ ਕੇ ਜਾਹ ਤਾਂ ਲਾਂਗਰੀ ਕਹਿੰਦਾ ‘ਆਪੇ ਭਾਲ ਲੋ ਕਨੇਡੇ ਆ ਕੇ’। ਅਕੇ ਬੁੜ੍ਹੀ ਕਹਿੰਦੀ ‘ਕੇਰਾਂ ਇਹ ਲਾਂਗਰੀ ਆਵਦੇ ਪਿਉ ਨਾਲ ਲੜ ਪਿਆ। ਇਹਨੇ ਪਿਉ ਨੂੰ ਗਾਲਾਂ ਗੂਲਾਂ ਕੱਢੀਆਂ। ਪਿਉ ਮੂਹਰੋਂ ਲਾਂਗਰੀ ਨੂੰ ਕਹਿੰਦਾ ‘ਜਦੋਂ ਮੈਂ ਮਰ ਗਿਆ ਤਾਂ ਮੈਨੂੰ ਫੂਕਣ ਲਜਾਣ ਵੇਲੇ ਮੇਰੇ ਕਾਨ੍ਹੀ ਨਾ ਲੱਗੀਂ’। ਅਕੇ ਲਾਂਗਰੀ ਮੂਹਰੋਂ ਕਹਿੰਦਾ ‘ਆਪੇ ਤੁਰ ਕੇ ਈ ਸਿਵਿਆਂ ‘ਚ ਵਗ ਜੀਂ, ਓੱਥੇ ਗਏ ਨੂੰ ਗੱਲ ਲਾ ਦਿਆਂਗੇ’। ਲੈ ਦੱਸੋ, ਕੋਈ ਮਾਂ ਪਿਉ ਨੂੰ ਵੀ ਇਉਂ ਬੋਲਦਾ ਹੁੰਦੈ।”
ਬਾਬਾ ਕ੍ਰਿਪਾਲ ਸਿਉਂ ਕਹਿੰਦਾ, ”ਫੇ:ਰ ਤਾਂ ਸਿਰੇ ਛਟਿਆ ਵਿਆ ਬੰਦੈ। ਜਿਹੜਾ ਆਵਦੇ ਜੰਮਣ ਆਲਿਆਂ ਨੂੰ ਵੀ ਮੂੰਹ ਨ੍ਹੀ ਬੋਲਦਾ ਦੂਜਿਆਂ ਨੂੰ ਕਿੱਥੋਂ ਬਖਸ਼ਦੂ।”
ਨਾਥਾ ਅਮਲੀ ਕਹਿੰਦਾ, ”ਜੰਮਣ ਆਲਿਆਂ ਦੀ ਤਾਂ ਬਾਬਾ ਗੱਲ ਛੱਡ, ਉਹਨੇ ਤਾਂ ਗੁਰਦੁਆਰੇ ਨੂੰ ਮਨ੍ਹੀ ਬਖਸ਼ਿਆ। ਉਹ ਤਾਂ ਕਹਿੰਦੇ ਗੁਰਦੁਆਰੇ ਦੇ ਰਮਾਲੇ ਵੀ ਵੇਚ ਕੇ ਖਾ ਗਿਆ।”
ਸੀਤਾ ਮਰਾਸੀ ਕਹਿੰਦਾ, ”ਗਿੱਦੜ ਕਚਰਿਆਂ ਤੇ ਬਾਂਦਰ ਖਿੱਲਾਂ ਦੀ ਰਾਖੀ ਬਹਾ ਕੇ  ਨਫ਼ੇ ਨ੍ਹੀ ਕਮਾਏ ਜਾਂਦੇ। ਉਹੀ ਗੱਲ ਲਾਂਗਰੀ ਦੀ ਐ। ਗੁਰਦੁਆਰ ਤਾਂ ਸੰਗਤ ਦਾ ਈ ਪੈਂਦਾ ਆਉਂਦੈ। ਗੁਰੂ ਘਰ ਮੱਥਾ ਟੇਕੇ ਦਾ ਸੰਗਤ ਦਾ ਪੈਸਾ ਹਜਮ ਨ੍ਹੀ ਹੁੰਦੇ ਕਦੇ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਪਿੰਡ ਦੇ ਗੁਰਦੁਆਰੇ ਦੇ ਸਪੀਕਰ ‘ਚੋਂ ਹੋਕਾ ਆ ਗਿਆ ਬਈ ਘਰ ਘਰ ਦਾ ਬੰਦਾ ਗੁਰਦੁਆਰਾ ਸਾਹਿਬ ਪਹੁੰਚੋ ਤਾਂ ਕਿ ਸਾਰੇ ਨਗਰ ਦੀ ਸਲਾਹ ਨਾਲ ਇੱਕ ਪਾਠੀ ਅਤੇ ਇੱਕ ਲਾਂਗਰੀ ਰੱਖਿਆ ਜਾਵੇ।
ਹੋਕਾ ਸੁਣਦੇ ਸਾਰ ਹੀ ਸਾਰੇ ਸੱਥ ਵਾਲੇ ਸੱਥ ‘ਚੋਂ ਉੱਠ ਕੇ ਕੈਨੇਡਾ ਵਾਲੇ ਲਾਂਗਰੀ ਦੀਆਂ ਗੱਲਾਂ ਕਰਦੇ ਕਰਦੇ ਗੁਰਦੁਆਰਾ ਸਾਹਿਬ ਨੂੰ ਚੱਲ ਪਏ। ਤੁਰਿਆ ਜਾਂਦਾ ਨਾਥਾ ਅਮਲੀ ਬੋਲਿਆ, ”ਲਾਂਗਰੀ ਤਾਂ ਕਨੇਡੇ ਆਲੇ ਨੂੰ ਸੱਦ ਲੋ ਨਾਲੇ ਬਾਹਰਲੇ ਮੁਲਖ ਦਾ ਸਿਆਣੂ ਐ।” ਵੇਂਹਦਿਆਂ ਵੇਂਹਦਿਆਂ ਸੱਥ ਖਾਲੀ ਹੋ ਗਈ।

LEAVE A REPLY