ਮੈਂ ਕੁਝ ਮਹੀਨੇ ਪਹਿਲਾ ਹੀ ਏਥੇ ਆਇਆ ਹਾਂ। ਬੱਸ ਅੱਡੇ ਤੋ ਸਾਹਮਣੇ ਲੰਬੀ ਅਤੇ ਚੌੜੀ ਗਲੀ ਵਿਚ ਪੈਦਲ ਤੁਰਿਆ ਜਾਂਦਾ ਮੈਂ ਸਕੂਲ ਪਹੁੰਚਦਾ ਹਾਂ। ਜਿਸ ਕਾਰਨ ਹਰ ਰੋਜ਼ ਇਸ ਰਸਤੇ ਤੋਂ ਲੰਘਦੇ ਸਮੇਂ ਬੱਚਿਆਂ ਦੇ ਮਾਪਿਆ ਨਾਲ ਦੁਆ-ਸਲਾਮ ਹੁੰਦੀ ਰਹਿੰਦੀ ਹੈ। ਇਕ ਸੱਠ-ਪੈਂਹਠ ਕੁ ਸਾਲਾਂ ਦੀ ਔਰਤ ਹਰ ਰੋਜ਼ ਗਲੀ ਵਿਚ ਆਪਣਾ ਮੰਜਾ ਡਾਹੀ ਬੈਠੀ ਮਿਲਦੀ ਹੈ। ਉਸ ਦਾ ਨਾਮ ਦੇਬੋ ਹੈ। ਗਲੀ ਦੇ ਇਕ ਕੋਣੇ ਤੋਂ ਦੂਸਰੇ ਕੋਣੇ ਤਕ ਦੀ ਸਾਰੀ ਖ਼ਬਰ ਦੇ ਨਾਲ-ਨਾਲ ਅੱਡੇ ਤੇ ਬੱਸ ਵਿੱਚੋਂ ਉਤਰਨ ਵਾਲੀ ਹਰ ਸਵਾਰੀ ‘ਤੇ ਉਸ ਦੀ ਨਜ਼ਰ ਟਿਕੀ ਰਹਿੰਦੀ ਹੈ। ਉਸ ਦਾ ਚਿਹਰਾ ਹਮੇਸ਼ਾ ਤਣਾਅ ਨਾਲ ਭਰਿਆ ਹੋਇਆ ਜਾਪਦਾ ਹੈ। ਵੇਖਣ ਤੋਂ ਉਸ ਦਾ ਸੁਭਾਅ ਰੁੱਖਾ ਜਿਹਾ ਲਗਦਾ ਹੈ। ਮੈਂ ਜਦ ਵੀ ਗਲੀ ਵਿੱਚੋਂ ਲੰਘਦਾ ਹਾਂ ਤਾਂ ਹੋਰ ਲੋਕਾਂ ਦੀ ਤਰ੍ਹਾਂ ਉਸ ਨੂੰ ਸਤਿਕਾਰ ਵਜੋਂ ਸਤਿ ਸ੍ਰੀ ਅਕਾਲ ਜ਼ਰੂਰ ਬੁਲਾਕੇ ਲੰਘਦਾ ਹਾਂ। ਪਹਿਲਾਂ-ਪਹਿਲਾਂ ਤਾਂ ਉਹ ਕੋਈ ਜਵਾਬ ਨਾ ਦਿੰਦੀ ਪਰ ਜਦ ਤੋ ਉਸਨੂੰ ਮੇਰਾ ਸਕੂਲ ਵਿਚ ਅਧਿਆਪਕ ਲੱਗੇ ਹੋਣ ਦਾ ਪਤਾ ਲੱਗਿਆ ਹੈ, ਉਹ ਪਹਿਲਾ ਹੀ ਹੱਥ ਜੋੜ ਕੇ ਫ਼ਤਹਿ ਪ੍ਰਵਾਨ ਕਰ ਲੈਂਦੀ ਹੈ। ਉਸ ਦਾ ਤਣਾਅ ਭਰਿਆ ਚਿਹਰਾ ਵੇਖ ਮੇਰਾ ਦਿਮਾਗ਼ ਸਵਾਲਾਂ ਨਾਲ ਭਰ ਜਾਂਦਾ ਹੈ ਪਰ ਕਦੇ ਮੇਰੀ ਇਨ੍ਹਾਂ ਸਵਾਲਾਂ ਦੇ ਜਵਾਬ ਪੁੱਛਣ ਦੀ ਹਿੰਮਤ ਨਾ ਪਈ। ਅੱਜ ਮੈਂ ਸਕੂਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਸੇ ਰਸਤੇ ਲੰਘ ਰਿਹਾ ਸੀ ਤਾਂ ਉਹ ਗਲੀ ‘ਚ ਆਪਣੀ ਮੰਜੀ ਦੇ ਕੋਲ ਆਪਣੀ ਸੋਟੀ ਉਲਾਰਦੀ ਛੋਟੇ- ਛੋਟੇ ਬੱਚਿਆਂ ਨਾਲ ਲੜਦੀ ਬੋਲ ਰਹੀ ਸੀ, ”ਆਇਆ ਕਿਉਂ ਨੀਂ…, ਆਊਗਾ…, ਵੇ ਪੈ ਜਾਣ ਥੋਡੇ ਕੀੜੇ, ਤੁਸੀਂ ਕੀ ਸਾਕ ਕਰਨਾ ਉਹਦੇ ਆਏ ਤੋਂ।” ਬੱਚੇ ਉਸ ਦੀ ਸੋਟੀ ਵੇਖ ਕੇ ਚੀਕਾਂ ਮਾਰਦੇ ਆਪਣੇ ਘਰਾਂ ਅੰਦਰ ਚਲੇ ਗਏ। ਮੈਂ ਅਜੇ ਕੁਝ ਬੋਲਣ ਹੀ ਲੱਗਿਆ ਸੀ ਕਿ ਸਕੂਲ ਵਿਚ ਪੜ੍ਹਦੇ ਇਕ ਬੱਚੇ ਦੀ ਮਾਂ ਆਪਣਾ ਗੁੱਸਾ ਕੱਢਦੀ ਹੋਈ ਉਸ ਕੋਲ ਆ ਕੇ ਕਹਿਣ ਲੱਗੀ,”ਬੀਬੀ ਜੀ ਕਿਉਂ ਬੱਚਿਆਂ ਦੇ ਵੈਰੀ ਬਣੇ ਓ। ਹੁਣ ਤਾਂ ਸਬਰ ਕਰ ਲਓ। ਸਾਰੀ ਲੰਘ ਗਈ।” ਉਹ ਹੋਰ ਪਤਾ ਨੀਂ ਕਿੰਨਾਂ ਕੁ ਬੋਲਦੀ ਜੇ ਮੈਂ ਉਸ ਨੂੰ ਚੁੱਪ ਕਰਨ ਦਾ ਇਸ਼ਾਰਾ ਨਾ ਕਰਦਾ। ਉਹ ਮੇਰੇ ਵੱਲ ਵੇਖ ਕੇ ਚੁੱਪ ਕਰ ਗਈ ਅਤੇ ਆਪਣੇ ਬੱਚੇ ਦੀ ਉਂਗਲ ਫੜ ਕੇ ਆਪਣੇ ਮੁੰਹ ਵਿਚ ਕੁਝ ਬੋਲਦੀ ਘਰ ਚਲੀ ਗਈ। ਮੈਂ ਦੇਬੋ ਵੱਲ ਨੂੰ ਚਿਹਰਾ ਘੁੰਮਾ ਕੇ ਕਿਹਾ, ”ਚਲੋ ਮਾਤਾ, ਇਹ ਤਾਂ ਬੱਚੇ ਨੇ। ਸ਼ਰਾਰਤਾਂ ਇਨ੍ਹਾਂ ਨੇ ਹੀ ਕਰਨੀਆਂ ਨੇ। ਤੁਸੀਂ ਤਾਂ ਸਿਆਣੇ ਹੋ। ਤੁਸੀਂ ਸਬਰ ਕਰ ਲਿਆ ਕਰੋ।” ਉਹ ਇਕਦਮ ਮੇਰੇ ਵੱਲ ਖਿੱਝਦੀ ਹੋਈ ਬੋਲੀ, ”ਨਾ, ਹੋਰ ਕਿੰਨਾ ਸਬਰ ਕਰਾਂ?” ਇਸ ਤਰ੍ਹਾਂ ਦੇ ਜਵਾਬ ਨਾਲ ਮੈਂ ਵੀ ਸਹਿਮ ਜਿਹਾ ਗਿਆ। ਫਿਰ ਵੀ ਮੈਂ ਸਾਂਤ ਸੁਭਾਅ ਰਹਿ ਕੇ ਕਿਹਾ, ”ਮਾਤਾ ਜੀ ਮੇਰਾ ਮਤਲਬ ਸੀ ਤੁਸੀ ਤਾਂ ਸਿਆਣੇ ਹੋ, ਇਨ੍ਹਾਂ ਬੱਚਿਆਂ ਨਾਲ ਕੀ ਲੜਨਾ।” ਉਸ ਨੇ ਮੇਰੇ ਵੱਲ ਵੇਖਿਆ ਤੇ ਫਿਰ ਉਹ ਸਹਿਜ ਹੋ ਕੇ ਬੋਲਣ ਲੱਗੀ, ”ਪੁੱਤ ਮੇਰੇ ਵਰਗਾ ਸਬਰ ਕਾਹਨੂੰ ਦੇਵੇ ਰੱਬ ਕਿਸੇ ਨੂੰ। ਇਨ੍ਹਾਂ ਨੂੰ ਤਾਂ ਮੈਂ ਉਈਂ ਰੜਕਦੀ ਰਹਿੰਨੀ ਆਂ।” ਮੈਨੂੰ ਆਪਣੇ ਸਵਾਲਾਂ ਦੇ ਜਵਾਬ ਮਿਲਦੇ ਨਜ਼ਰ ਆਉਦੇ ਲੱਗੇ। ਮੈਂ ਉਸ ਦੇ ਚਿਹਰੇ ਦੇ ਹਾਵ-ਭਾਵ ਵੇਖਦੇ ਕਿਹਾ, ”ਤੁਹਾਡੇ ਵਰਗਾ ਸਬਰ, ਮੈਂ ਸਮਝਿਆ ਨੀਂ।” ਮੇਰੇ ਸਵਾਲ ਨੇ ਉਸ ਦੀਆਂ ਅੱਖਾਂ ਵਿਚ ਪਾਣੀ ਲਿਆ ਦਿੱਤਾ। ਉਹ ਆਪਣੀ ਚੁੰਨੀ ਨਾਲ ਅੱਖਾਂ ਪੂੰਝਦੀ ਕੋਲ ਪਏ ਮੰਜੇ ਤੇ ਬੈਠ ਗਈ। ਮੈਂ ਇਹ ਵੇਖ ਇਕਦਮ ਸੁੰਨ ਜਿਹਾ ਹੋ ਗਿਆ ਜਿਵੇਂ ਕੋਈ ਗੁਨਾਹ ਕਰ ਲਿਆ ਹੋਵੇ। ਉਸ ਨੇ ਇਸ਼ਾਰੇ ਨਾਲ ਮੰਜੀ ਤੇ ਬੈਠਣ ਲਈ ਕਿਹਾ। ਮੈਂ ਉਸੇ ਤਰ੍ਹਾਂ ਚੁੱਪ-ਚਾਪ ਮੰਜੀ ‘ਤੇ ਬੈਠ ਗਿਆ। ਉਸ ਨੇ ਆਪਣੀ ਨੂੰਹ ਨੂੰ ਅਵਾਜ਼ ਮਾਰ ਕੇ ਕਿਹਾ, ”ਨੀਂ ਪਾਲੋ, ਸੁੱਖ ਨਾਲ ਆਪਣੇ ਸਕੂਲ ਵਾਲਾ ਮਾਸਟਰ ਆਇਆ, ਧੀ ਬਣ ਕੇ ਚਾਹ ਦੀ ਘੁੱਟ ਬਣਾ ਕੇ ਲੈ ਆ।” ਮੈਂ ਨਾ-ਨਾ ਕਰਦਾ ਚੁੱਪ ਕਰ ਗਿਆ। ਫਿਰ ਆਪਣੇ ਸਵਾਲਾਂ ਵੱਲ ਮੁੜਦਾ ਹੋਇਆ ਬੋਲਿਆ, ”ਮਾਤਾ ਜੀ ਤੁਸੀਂ ਸਬਰ ਵਾਲੀ ਗੱਲ ਵਿੱਚੇ ਹੀ ਛੱਡ ਦਿੱਤੀ। ਮੈਂ ਮਾਫ਼ੀ ਮੰਗਦਾਂ ਜੇ ਕੁਝ ਗ਼ਲਤ ਕਹਿ ਦਿੱਤਾ ਹੋਵੇ।” ਉਹ ਮੇਰੇ ਵੱਲ ਵੇਖਦੀ ਸਿਰ ਮਾਰਦੀ ਬੋਲੀ, ”ਨਾ ਪੁੱਤ ਨਾ, ਗ਼ਲਤੀ ਕਾਹਦੀ। ਅਸਲ ‘ਚ ਮੈਂ ਆਪਣੇ ਦਰਦ ਨੂੰ ਸੰਭਾਲ ਨੀ ਸਕੀ। ਮੈਂ ਅਜੇ ਸੋਚ ਹੀ ਰਿਹਾ ਸੀ ਕਿ ਅਗਲਾ ਸਵਾਲ ਕਰਾਂ ਜਾਂ ਨਾ ਕਰਾਂ। ਉਹ ਆਪਣੇ ਦਰਦ ਨੂੰ ਉਧੇੜਦੀ ਆਪਣੇ ਆਪ ਹੀ ਬੋਲ ਪਈ, ”ਅਸਲ ਵਿਚ ਪੁੱਤ ਮੈਂ ਇਸ ਪਿੰਡ ਦੀ ਕੁੜੀ ਹਾਂ। ਮੈਂ ਆਪਣੇ ਪੇਕੇ ਘਰ ਰਹਿੰਦੀ ਹਾਂ।” ਉਹ ਆਪਣੇ ਆਪ ਦੱਸਣ ਲੱਗੀ ਕਿ ਉਸ ਦੀ ਨੂੰਹ ਸਾਡੇ ਕੋਲ ਚਾਹ ਧਰਨ ਗਈ। ਦੇਬੋ ਉਸ ਵੱਲ ਵੇਖਦੀ ਬੋਲੀ, ”ਨੀਂ ਪਾਲੋ ਇਹ ਆਪਣੇ ਪੀਤੂ ਨੂੰ ਪੜ੍ਹਾਉਂਦਾ।” ਉਸ ਨੇ ਮੇਰੇ ਵੱਲ ਵੇਖਿਆ ਤੇ ਫ਼ਤਹਿ ਬੁਲਾਕੇ ਅੰਦਰ ਚਲੀ ਗਈ। ਉਸ ਦੇ ਜਾਣ ਤੋਂ ਬਾਅਦ ਉਸ ਨੇ ਆਪਣੀ ਗੱਲ ਸ਼ੁਰੂ ਕਰਦਿਆਂ ਕਿਹਾ, ”ਮੇਰਾ ਵਿਆਹ ਇਕ ਫ਼ੌਜੀ ਨਾਲ ਹੋਇਆ ਸੀ। ਵਿਆਹ ਹੋਏ ਨੂੰ ਚਾਰ-ਪੰਜ ਮਹੀਨੇ ਈ ਹੋਏ ਸੀ ਕਿ ਸਾਡੇ ਮੁਲਕਾਂ ਦੀ ਲੜ੍ਹਾਈ ਲੱਗ ਗਈ। ਜਦੋ ਉਹ ਲੜਾਈ ‘ਤੇ ਗਏ ਸੀ, ਓਦੋਂ ਮੇਰਾ ਪੈਰ ਭਾਰੀ ਸੀ। ਉਹ ਦੇ ਚਲੇ ਜਾਣ ਤੋਂ ਬਾਅਦ ਮੈਂ ਜਿਸ ਤਰ੍ਹਾਂ ਘਰ ਤੇ ਆਂਢ-ਗੁਆਂਢ ‘ਚੋ ਜੰਗ ਦੀਆਂ ਖ਼ਬਰਾਂ ਸੁਣਦੀ, ਬਸ ਆਪਣਾ ਕਾਲਜਾ ਫੜ ਕੇ ਬੈਠ ਜਾਂਦੀ। ਕਦੇ ਸੋਚਦੀ-ਸੋਚਦੀ ਹੀ ਆਪਣੇ ਆਪ ਨੂੰ ਕਹਿਣ ਲੱਗ ਜਾਂਦੀ ਮੇਰੇ ਤੋਂ ਗ਼ਲਤੀ ਹੋ ਗਈ। ਚੰਗਾ ਹੁੰਦਾ ਜੇ ਮੈਂ ਵੀ ਨਾਲ ਚਲੀ ਜਾਂਦੀ। ਜਦ ਮੇਰੀ ਇਸ ਹਾਲਤ ਦਾ ਘਰੇ ਪਤਾ ਲੱਗ ਗਿਆ ਤਾਂ ਉਨ੍ਹਾਂ ਨੇ ਮੇਰਾ ਧਿਆਨ ਰੱਖਣਾ ਜ਼ਰੂਰੀ ਸਮਝ ਲਿਆ। ਇਸ ਤਰ੍ਹਾਂ ਦੀ ਕਸ਼ਮਕਸ਼ ‘ਚ ਮੇਰੇ ਘਰ ਪੁੱਤਰ ਨੇ ਜਨਮ ਲੈ ਲਿਆ। ਮੇਰਾ ਰੁਝੇਵਾਂ ਵੀ ਵੱਧ ਗਿਆ। ਉਸ ਦੀ ਸੰਭਾਲ ਨੇ ਮੈਨੂੰ ਆਪਣੇ ਪਿਆਰ ਵਿਚ ਜਕੜ ਲਿਆ। ਜੰਗ ਵੀ ਬੰਦ ਹੋ ਗਈ। ਘਰਾਂ ਵਿਚ ਆਪਣਿਆਂ ਦੀ ਉਡੀਕ ਹੋ ਰਹੀ ਸੀ। ਕੁਝ ਹੱਸਦੇ ਹੋਏ ਘਰਾਂ ਨੂੰ ਵਾਪਸ ਆਏ ਤੇ ਕੁਝ ਘਰਦਿਆਂ ਦੀਆਂ ਅੱਖਾਂ ਵਿਚ ਹੰਝੂਆਂ ਦੇ ਦਰਿਆ ਬਣ ਕੇ। ਉਨ੍ਹਾਂ ਨੂੰ ਵੇਖਦੀ ਜਾਂ ਕੋਈ ਗੱਲ ਸੁਣਦੀ ਤਾਂ ਹੱਥ ਜੋੜ ਅਰਦਾਸਾਂ ਕਰਨ ਲੱਗਦੀ ਕਹਿੰਦੀ ਵੇਖੀਂ ਰੱਬਾ ਆਹ ਦਿਨ ਨਾ ਵਿਖਾ ਦੇਵੀਂ। ਹਰ ਵੇਲੇ ਦਰਵਾਜ਼ੇ ‘ਤੇ ਅੱਖਾਂ ਟਿਕੀਆ ਰਹਿੰਦੀਆਂ ਪਰ ਉਹ ਨਾ ਆਇਆ। ਜਦ ਸਭ ਕੁਝ ਠੀਕ-ਠਾਕ ਹੋ ਗਿਆ ਤਾਂ ਸਰਕਾਰੀ ਹੁਕਮ ਹੋ ਗਿਆ ਕਿ ਜਿਹੜੇ ਜੰਗੀ ਫ਼ੌਜੀ ਲਾਪਤਾ ਨੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਐ। ਇਸ ਸਰਕਾਰੀ ਫਰਮਾਨ ਨੇ ਮੇਰੀ ਰੰਗ- ਬਰੰਗੀ ਚੁੰਨੀ ਨੂੰ ਤਾਂ ਸਫ਼ੈਦ ਕਰ ਦਿੱਤਾ ਪਰ ਮਨ ਵਿੱਚੋਂ  ਉਹਦੇ ਮੁੜ ਆਉਣ ਦੀ ਆਸ ਨਾ ਮੁਕਾ ਸਕੀ।” ਦੇਬੋ ਬੋਲਦੀ-ਬੋਲਦੀ ਚੁੱਪ ਹੋ ਗਈ। ਮੈਂ ਵੀ ਚੁੱਪ ਸਾਂ। ਉਸ ਦੇ ਦਰਦ ਅੱਗੇ ਹੋਰ ਬੋਲਦਾ ਵੀ ਕੀ। ਮੈਂ ਉੱਠਣ ਲਈ ਪੈਰ ਮਾਰਨ ਲੱਗਾ ਤਾਂ ਦੇਬੋ ਆਪਣੀ ਚੁੰਨੀ ਨਾਲ ਅੱਖਾਂ ਦੇ ਕੋਏ ਸਾਫ਼ ਕਰਦੀ ਬੋਲੀ,”ਠਹਿਰ ਜ਼ਰਾ, ਮੈ ਵੀ ਅੱਜ ਆਪਣੇ ਕਾਲਜੇ ਦਾ ਰੁੱਗ ਭਰ ਕੇ ਤੇਰੇ ਅੱਗੇ ਸੁੱਟਣਾ ਏ। ਮੇਰੇ ਦਿਲ ਦਾ ਦਰਦ ਸੁਣਨ ਵਾਲਾ ਵੀ ਕੌਣ ਏ ਏਥੇ?” ਉਹ ਫਿਰ ਬੋਲਣ ਲੱਗੀ, ”ਜਿਉਂ-ਜਿਉਂ ਸਮਾਂ ਬੀਤਦਾ ਗਿਆ ਤੇ ਹਲਾਤ ਵੀ ਸੁਖਾਵੇਂ ਹੁੰਦੇ ਗਏ।
ਮੇਰੀ ਮਾਵਾਂ ਵਰਗੀ ਸੱਸ ਇਕ ਦਿਨ ਮੇਰੇ ਕੋਲ ਆ ਕੇ ਬੋਲੀ, ਧੀਏ ਤੇਰੇ ਨਾਲ ਕਿਵੇਂ ਗੱਲ ਕਰਾਂ। ਤੂੰ ਖ਼ਾਨਦਾਨ ਦੀ ਜੜ੍ਹ ਲਾਈ ਏ ਪਰ ਮੇਰੇ ਤੋਂ ਤੇਰਾ ਦਰਦ ਵੀ ਸਹਾਰ ਨੀ ਹੁੰਦਾ। ਭਰ ਜਵਾਨੀ…ਜ਼ਿੰਦਗੀ ਕਿਵ  ਲੰਘੂ। ਜੇ ਸਾਡੀ ਮੰਨੇ ਤਾਂ ਤੂੰ ਦੁਬਾਰਾ ਵਿਆਹ ਕਰਵਾ ਲੈ। ਇਸ ਨਿਮਾਨੀ ਜਿੰਦ ਨੂੰ ਅਸੀਂ ਸੰਭਾਲ ਲਵਾਂਗੇ। ਉਨ੍ਹਾਂ ਦੀ ਕਹੀ ਗੱਲ ਮੇਰੇ ਸਿਰ ਹਥੌੜੇ ਵਾਂਗ ਆ ਲੱਗੀ। ਮੈਂ ਇਕਦਮ ਚੀਕ ਉੱਠੀ। ਨਹੀਂ ਮਾਂ ਜੀ ਇਹ ਕਿਵੇਂ ਹੋ ਸਕਦੈ। ਹੋ ਸਕਦਾ ਉਹ ਆ ਜਾਣ। ਉਹ ਜਾਣ ਲੱਗੇ ਕਹਿ ਕੇ ਗਏ ਸੀ ਕਿ ਮੈਂ ਆਵਾਂਗਾ ਜ਼ਰੂਰ, ਤੂੰ ਸਬਰ ਰੱਖ ਕੇ ਉਡੀਕ ਕਰੀਂ। ਮੈਂ ਵਿਆਹ ਨੀ  ਕਰਵਾਉਣਾ। ਜਦ ਤੱਕ ਉਹ ਨਹੀਂ ਆਉਂਦੇ। ਮੈਂ ਤਾਂ ਉਡੀਕ ਕਰਨੀ ਏ। ਉਹ ਆਪਣਾ ਭਰਿਆ ਮਨ ਲੈ ਕੇ ਮੇਰੇ ਕੋਲੋਂ ਉੱਠ ਕੇ ਚਲੀ ਗਈ। ਮੈਂ ਕਿੰਨਾ ਚਿਰ ਉਸੇ ਤਰ੍ਹਾਂ ਨੀਵੀਂ ਪਾਈ ਬੈਠੀ ਰਹੀ ਤੇ ਕਮਰੇ ਅੰਦਰੋ ਉਸ ਦੀਆਂ ਸਿਸਕੀਆ ਸੁਣਦੀਆਂ ਰਹੀਆਂ।” ਉਸ ਦੇ ਬੋਲ ਮੈਨੂੰ ਇੰਝ ਲੱਗ ਰਹੇ ਸੀ ਜਿਵੇਂ ਸਾਰਾ ਕੁਝ ਸਾਹਮਣੇ ਵਾਪਰ ਰਿਹਾ ਹੋਵੇ। ਅੱਖਾਂ ਦੇ ਕੋਏ ਸਾਫ਼ ਕਰਦੀ ਫਿਰ ਬੋਲਣ ਲੱਗੀ, ”ਉਹਨਾਂ ਨੇ ਮੇਰੇ ਨਾਲ ਕਿੰਨੇ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ  ਮੇਰਾ ਇੱਕੋ ਜਵਾਬ ਹੁੰਦਾ ਕਿ ਸ਼ਾਇਦ ਉਹ ਆ ਜਾਣ। ਪੋਤੇ ਨਾਲ ਲਾਡ-ਪਿਆਰ ਕਰਦੇ, ਪੁੱਤ ਦੇ ਵਿਯੋਗ ਨੂੰ ਹੰਢਾਉਦੇ ਤੇ ਮੇਰੀ ਨਾਂਹ ਸੁਣਦੇ ਇਕ-ਇਕ ਕਰਕੇ ਦੋਵੇ ਦੁਨੀਆਂ ਤੋਂ ਤੁਰ ਗਏ। ਜਦੋਂ ਤਕ ਪੋਤੇ ਦੀ ਦਾਦੀ ਨਾਲ ਸਾਂਝ ਰਹੀ, ਅਸੀਂ ਮਾਂ-ਪੁੱਤ ਉੱਥੇ ਰਹੇ। ਫਿਰ ਰਹਿੰਦੇ ਵੀ ਕਿਸ ਤਰ੍ਹਾਂ। ‘ਜਦੋ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਤਾਂ ਰੱਬ ਈ ਰਾਖਾ’। ਸ਼ਰੀਕਾਂ ਦੀ ਨੀਤ ਤਾਂ ਪਹਿਲਾ ਹੀ ਸੀ ਜ਼ਾਇਦਾਦ ‘ਤੇ। ਬਸ ਉਨ੍ਹਾਂ ਦੇ ਅੱਖਾਂ ਮੀਚਣ ਦੀ ਦੇਰ ਸੀ, ਆ ਬੈਠੇ ਕਬਜ਼ਾ ਕਰਨ। ਉਹ ਤਾਂ ਲੜਦੇ ਰਹੇ ਤੇ ਅਸੀਂ ਟਲਦੇ ਰਹੇ। ਆਖ਼ਰ ਗੱਲ ਪੰਚਾਇਤਾਂ ‘ਤੇ ਆ ਨਿੱਬੜੀ। ਜਿਵੇਂ ਪੰਚਾਇਤ ਦਾ ਫ਼ੈਸਲਾ ਹੋਇਆ ਸਾਰੀ ਜ਼ਮੀਨ ਦਾ ਮੁੱਲ ਪਾ ਪੈਸੇ ਮੇਰੀ ਝੋਲੀ ਲਿਆ ਸੁੱਟੇ। ਸਿਰਫ਼ ਇਕ ਘਰ ਬਾਕੀ ਬਚਿਆ ਸੀ, ਉਹ ਵੀ ਖਾਣ ਨੂੰ ਆਉਦਾ। ਉਪਰੋਂ ਜਵਾਕ ਨਾਲ ਸੱਟ-ਫੇਟ ਦਾ ਡਰ। ਕੀ ਪਤਾ ਕੀ ਕਰ ਦੇਣ। ਮੈਂ ਇਹ ਡਰ ਸਹਿਣ ਨਾ ਹੁੰਦਾ ਵੇਖ ਆਪਣੇ ਪੁੱਤ ਨੂੰ ਲੈ ਕੇ ਏਥੇ ਮਾਪਿਆਂ ਕੋਲ ਆ ਗਈ। ਉਝ ਤੈਨੂੰ ਵੀ ਪਤਾ ਇੰਜ ਨਿਮਾਨੀ ਜਿੰਦ ਨੂੰ ਕੌਣ ਰਹਿਣ ਦਿੰਦਾ। ਇਸ ਪਾਪੀ ਸਮਾਜ ਦੀਆਂ ਖਾਣ ਵਾਲੀਆਂ ਨਜ਼ਰਾਂ ਨੂੰ ਜਿਵੇਂ ਸਹਿਣ ਕੀਤਾ, ਇਹ ਮੈਂ ਹੀ ਜਾਣਦੀ ਆ।” ਉਸ ਨੇ ਰੁਕ ਕੇ ਚਾਹ ਦਾ ਆਖ਼ਰੀ ਘੁੱਟ ਭਰਕੇ ਆਪਣਾ ਭਾਂਡਾ ਮੰਜੀ ਥੱਲੇ ਕਰ ਦਿੱਤਾ। ਮੈਂ ਉਸ ਵੱਲ ਵੇਖਦੇ ਸਵਾਲ ਕੀਤਾ, ”ਮਾਤਾ ਜੀ, ਇਸ ਤਰ੍ਹਾਂ ਦੇ ਹਾਲਾਤ ਵਿਚ ਸਰਕਾਰ ਨੇ ਤੁਹਾਡੀ ਸੁਣਵਾਈ ਨੀ ਕੀਤੀ?” ਉਹ ਚੁੰਨੀ ਨਾਲ ਮੁੰਹ ਸਾਫ਼ ਕਰਦੀ ਬੋਲੀ, ”ਸਰਕਾਰੇ-ਦਰਬਾਰੇ ਤੋਂ ਪੈਸਾ ਜ਼ਰੂਰ ਮਿਲ ਗਿਆ ਸੀ। ਗੁਜ਼ਾਰੇ ਜੋਗੀ ਪੈਨਸ਼ਨ ਵੀ ਮਿਲਦੀ ਰਹੀ ਪਰ ਇਹ ਪੈਸਾ ਆਪਣੇ ਪਿਆਰੇ ਦੇ ਤੁਰ ਜਾਣ ਦਾ ਦਰਦ ਹਟਾ ਜਾਂ ਮਿਟਾ ਤਾਂ ਨੀ ਸਕਦਾ, ਕੁਝ ਲੋੜਾਂ ਪੂਰੀਆਂ ਕਰ ਸਕਦਾ। ਬਸ ਏਸੇ ਤਰ੍ਹਾਂ ਡਕਡੋਲੇ ਖਾਂਦੀ ਜ਼ਿੰਦਗੀ ਲੰਘਦੀ ਗਈ ਤੇ ਹੁਣ ਸਭ ਕੁਝ ਤੇਰੇ ਸਾਹਮਣੇ ਆ।” ਮੈਂ ਲੰਮਾ ਸਾਹ ਲੈ ਕੇ ਕਿਹਾ, ”ਏਨੇ ਦਰਦ ਨਾਲ ਭਰੀ ਉਡੀਕ!” ਦੇਬੋ ਨੇ ਭਰੇ ਹੋਏ ਮਨ ਨਾਲ ਕਿਹਾ, ”ਹਾਂ ਪੁੱਤਰਾ… ਫ਼ੌਜਣ ਦੇ ਕਰਮਾਂ ‘ਚ ਉਡੀਕ ਈ ਤਾਂ ਲਿਖੀ ਹੁੰਦੀ ਆ।” ਉਸ ਦਾ ਦੁੱਖ ਸੁਣ ਕੇ ਮੇਰਾ ਮਨ ਭਰ ਆਇਆ। ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਬਸ ਦੇ ਹਾਰਨ ਦੀ ਅਵਾਜ਼ ਸੁਣਾਈ ਦਿੱਤੀ। ਹਾਰਨ ਦੀ ਅਵਾਜ਼ ਸੁਣ ਕੇ ਮੈਂ ਕਿਹਾ, ”ਠੀਕ ਏ ਮਾਤਾ ਜੀ। ਮੈਂ ਚਲਦਾ, ਮੇਰੀ ਬੱਸ ਆ ਗਈ ਹੈ। ਜੇ ਲੰਘ ਗਈ ਤਾਂ ਫਿਰ ਘਰ ਜਾਣ ਨੂੰ ਦੇਰੀ ਹੋ ਜਾਵੇਗੀ।” ਉਸਨੇ ਕਾਹਲੀ ਨਾਲ ਜਵਾਬ ਦਿੱਤਾ, ”ਹਾਂ ਹਾਂ ਪੁੱਤ, ਜਲਦੀ ਜਾ। ਘਰਦਿਆਂ ਨੂੰ ਆਪਣਿਆਂ ਦੀ ਬੜੀ ਉਡੀਕ ਹੁੰਦੀ ਆ।” ਮੈਂ ਤੁਰਨ ਸਮੇਂ ਉਸ ਵੱਲ ਵੇਖਿਆ ਤਾਂ ਉਸ ਦੀਆਂ ਨਜ਼ਰਾਂ ਬੱਸ ਅੱਡੇ ਵੱਲ ਟਿਕੀਆਂ ਹੋਈ ਸਨ।
ਅਮਨ ਮਾਨਸਾ

LEAVE A REPLY