ਨਵੀਂ ਦਿੱਲੀ— ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਡਾਇਰੈਕਟਰ ਜਨਰਲ ਕੇ.ਕੇ. ਸ਼ਰਮਾ ਨੇ ਸਰਹੱਦ ‘ਤੇ ਤਾਇਨਾਤ ਜਵਾਨਾਂ ਨੂੰ ਘਟੀਆ ਖਾਣਾ ਦਿੱਤੇ ਜਾਣ ਦੇ ਇਕ ਜਵਾਨ ਦੇ ਦੋਸ਼ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਫੋਰਸ ਦੇ ਜਵਾਨ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰ ਕੇ ਦੋਸ਼ ਲਾਇਆ ਸੀ ਕਿ ਸਰਹੱਦ ‘ਤੇ ਤਾਇਨਾਤ ਫੋਰਸ ਦੇ ਜਵਾਨਾਂ ਨੂੰ ਬੇਹੱਦ ਘਟੀਆ ਖਾਣਾ ਦਿੱਤਾ ਜਾਂਦਾ ਹੈ। ਇਸ ਜਵਾਨ ਨੇ ਵੀਡੀਓ ‘ਚ ਕਿਹਾ ਹੈ ਕਿ ਜਵਾਨਾਂ ਦੇ ਰਾਸ਼ਨ ਨੂੰ ਬਾਜ਼ਾਰ ‘ਚ ਵੇਚ ਦਿੱਤਾ ਜਾਂਦਾ ਹੈ ਅਤੇ ਇਸ ਲਈ ਸਰਕਾਰ ਦੀ ਬਜਾਏ ਫੋਰਸ ਦੇ ਅਧਿਕਾਰੀ ਜ਼ਿੰਮੇਵਾਰ ਹਨ। ਜਵਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਇਸ ਮਾਮਲੇ ‘ਚ ਦਖਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਸੀ।
ਫੋਰਸ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਇਸ ਜਵਾਨ ਨੂੰ ਕੁਝ ਸਮੱਸਿਆ ਹੋ ਸਕਦੀ ਹੈ ਅਤੇ ਜੇਕਰ ਉਸ ਦੇ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਇਸ ਮਾਮਲੇ ‘ਚ ਕਾਰਵਾਈ ਕੀਤੀ ਜਾਵੇਗੀ। ਇਸ ਜਵਾਨ ਦਾ ਵੀਡੀਓ ਸੋਸ਼ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਗ੍ਰਹਿ ਸਕੱਤਰ ਨੂੰ ਇਸ ਮਾਮਲੇ ‘ਚ ਬੀ.ਐੱਸ.ਐੱਫ. ਤੋਂ ਰਿਪੋਰਟ ਮੰਗਣ ਅਤੇ ਜ਼ਰੂਰੀ ਕਾਰਵਾਈ ਕਰਨ ਲਈ ਕਿਹਾ ਸੀ। ਇਸ ਦੌਰਾਨ ਸ਼੍ਰੀ ਸ਼ਰਮਾ ਨੇ ਕਿਹਾ ਕਿ ਇਸ ਜਵਾਨ ਦੇ ਖਿਲਾਫ ਪਹਿਲਾਂ ਵੀ ਅਨੁਸ਼ਾਸਨਹੀਣਤਾ ਦੀਆਂ ਸ਼ਿਕਾਇਤਾਂ ਮਿਲੀਆਂ ਹਨ।

LEAVE A REPLY