01ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਦੇ ਪਾਣੀਆਂ ਦੀ ਇੱਕ ਵੀ ਬੂੰਦ ਕਿਸੇ ਹੋਰ ਰਾਜ ਨੂੰ ਨਹੀ ਜਾਣ ਦਿੱਤੀ ਜਾਵੇਗੀ, ਅੱਜ ਇੱਥੇ ਜਥੇਬੰਦੀ ਦੀ ਕਾਰਜਕਾਰੀ ਦੀ ਹੰਗਾਮੀ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਅਨੁਸਾਰ ਜਥੇਬੰਦੀ ਵਲੋਂ ਫੈਸਲਾ ਕੀਤਾ ਗਿਆ ਕਿ ਇਸ ਮੁੱਦੇ ਤੇ ਸੰਘਰਸ ਛੇੜਨ ਲਈ ਕਿਸਾਨਾਂ ਨੂੰ ਲਾਮਬੰਦ ਕਰਨ ਲਈ 19 ਨਵੰਬਰ  ਨੂੰ ਨਵੀਂ ਦਾਣਾ ਮੰਡੀ ਮਾਨਸਾ, 22 ਨਵੰਬਰ  ਨੂੰ ਦਾਣਾ ਮੰਡੀ ਰਾਜਸੰਸੀ, 1 ਦਸੰਬਰ ਨੂੰ  ਮੋਰਿੰਡਾ, 3 ਦਸੰਬਰ  ਨੂੰ ਫਰੀਦਕੋਟ ਅਤੇ 9 ਦਸੰਬਰ ਨੂੰ ਲੁਧਿਆਣਾ ਵਿਖੇ ਕਿਸਾਨਾਂ ਪੰਚਾਇਤਾਂ ਕੀਤੀਆਂ ਜਾਣਗੀਆਂ|
ਜਥੇਬੰਦੀ ਦੇ ਪ੍ਰਧਾਨ ਸ੍ਰੀ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਵਿੱਚੋ ਲੰਘ ਰਹੇ ਦਰਿਆਵਾਂ ਦੇ ਪਾਣੀਆਂ ਉੱਤੇ ਕੇਵਲ ਪੰਜਾਬ ਦਾ ਹੀ ਹੱਕ ਹੈ ਕਿਉਕਿ ਰਿਪੇਅਰੀਅਨ ਕਾਨੂੰਨ ਮੁਤਾਬਿਕ ਗੈਰ-ਰੀਪੇਰੀਅਨ ਰਾਜਾਂ ਨੂੰ ਪਾਣੀ ਨਹੀ ਦਿੱਤਾ ਜਾ ਸਕਦਾ| ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ ਸਰੇਆਮ ਧੱਕਾ ਕੀਤਾ ਜਾ ਰਿਹਾ ਹੈ ਕਿਉਕਿ ਸੰਵਿਧਾਨਕ ਤੌਰ ਉਤੇ ਪਾਣੀ ਸੂਬਾਈ ਸੂਚੀ ਦਾ ਵਿਸਾ ਹੈ ਅਤੇ ਇਸ ਬਾਰੇ ਕੇਂਦਰ ਫੈਸਲਾ ਨਹੀ ਲੈ ਸਕਦੀ| ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਲਈ ਦਰਿਆਈ ਪਾਣੀ ਸਭ ਤੋ ਅਹਿਮ ਹਨ ਅਤੇ ਇਸ ਦੀ ਇੱਕ ਵੀ ਬੂੰਦ ਕਿਸੇ ਹੋਰ ਰਾਜ ਨੂੰ ਨਹੀ ਜਾਣ ਦਿੱਤੀ ਜਾਵੇਗੀ ਕਿਉਕਿ ਰਾਜ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਗਿਰ ਰਿਹਾ ਹੈ ਅਤੇ ਜੇਕਰ ਇਹੀ ਹਾਲਾਤ ਰਹੇ ਤਾ ਸੂਬੇ ਦੀ ਜਮੀਨ ਬੰਜਰ ਹੋ ਜਾਵੇਗੀ| ਸ੍ਰੀ ਲੱਖੋਵਾਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਨੇ ਪਹਿਲਾਂ ਵੀ ਸਤਲੁਜ-ਜੁਮਨਾ ਨਹਿਰ ਦੀ ਉਸਾਰੀ ਰੋਕਣ ਲਈ ਸੰਘਰਸ ਕੀਤਾ ਗਿਆ ਅਤੇ ਜਥੇਬੰਦੀ ਦੇ ਵਰਕਰਾਂ ਨੂੰ ਜੇਲਾਂ ਵਿੱਚ ਬੰਦ ਰੱਖਿਆ ਗਿਆ ਸੀ, ਉਨ੍ਹਾਂ ਕਿਹਾ ਕਿ ਉਹ ਹੁਣ ਵੀ ਇਸ ਮੁੱਦੇ ਤੇ ਕੀਤੇ ਜਾਣ ਵਾਲੇ ਹਰ ਸੰਘਰਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੇ| ਉਨ੍ਹਾਂ ਕਿਹਾ ਕਿ ਪਾਣੀ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਕਿਉਕਿ ਪੰਜਾਬ ਦੀ ਆਰਥਿਕਤਾ ਖੇਤੀਬਾੜੀ ਤੇ ਹੀ ਨਿਰਭਰ ਹੈ ਅਤੇ ਜੇਕਰ ਪਾਣੀ ਹੀ ਨਾ ਰਿਹਾ ਤਾ ਰਾਜ ਦੀ ਪਹਿਲਾਂ ਤੋ ਆਰਥਿਕ ਮੰਦੀ ਝੱਲ ਰਹੀ ਤੇ ਖੁਦਕਸੀਆਂ ਕਰ ਰਹੀ ਕਿਸਾਨੀ ਤੇ ਬਹੁਤ ਬੁਰਾ ਅਸਰ ਪਵੇਗਾ| ਅੱਜ ਦੀ ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਸ੍ਰੀ ਪੂਰਨ ਸਿੰਘ ਸਾਹਕੋਟ, ਸ੍ਰੀ ਸਮਸੇਰ ਸਿੰਘ ਘੜੂੰਆ, ਸ੍ਰੀ ਰਾਮਕਰਨ ਸਿੰਘ ਰਾਮਾ, ਸ੍ਰੀ ਗੁਰਮੀਤ ਸਿੰਘ ਗੋਲੇਵਾਲ, ਸ੍ਰੀ ਹਰਿੰਦਰ ਸਿੰਘ ਲੱਖੋਵਾਲ, ਸ੍ਰੀ ਭੁਪਿੰਦਰ ਸਿੰਘ ਮਹੇਸਰੀ, ਸ੍ਰੀ ਹਰਮੀਤ ਸਿੰਘ ਕਾਦੀਆਂ, ਸ੍ਰੀ ਅਵਤਾਰ ਸਿੰਘ ਮੇਹਲੋ ਸਾਮਲ ਸਨ|

LEAVE A REPLY