3-copyਜਲੰਧਰ :  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਕਾਲੀਆਂ ਨੇ ਆਪਣੇ ਸੌੜੇ ਸਿਆਸੀ ਏਜੰਡੇ ਦੀ ਪ੍ਰਾਪਤੀ ਲਈ ਪੰਜਾਬ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਪੰਜਾਬੀ ਸੂਬਾ ਬਣਾਉਣਾ 1947 ਪਿੱਛੋਂ ਪੰਜਾਬੀਆਂ ਦੀ ਦੂਜੀ ਵੰਡ ਸੀ। ਉਨ੍ਹਾਂ ਅਕਾਲੀ ਸਰਕਾਰ ਵਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮਨਾਉਣ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ‘ਤੇ ਖੁਸ਼ੀ ਮਨਾਉਣ ਵਾਲੀ ਕਿਹੜੀ ਗੱਲ ਹੈ, ਕਿਉਂਕਿ ਪੰਜਾਬੀ ਸੂਬਾ ਬਣਨ ਪਿੱਛੋਂ ਪੰਜਾਬ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਸੀ।
ਉਨ੍ਹਾਂ ਕਿਹਾ ਕਿ ਸਮਾਰੋਹ ਆਯੋਜਿਤ ਕਰਨ ਦੀ ਥਾਂ ਅਕਾਲੀਆਂ ਨੂੰ ਸਵੈ-ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਪੰਜਾਬੀ ਸੂਬਾ ਬਣਾ ਕੇ ਪੰਜਾਬ ਨੂੰ ਇਕ ਛੋਟੇ ਜਿਹੇ ਸੂਬੇ ਵਿਚ ਤਬਦੀਲ ਕਰਵਾ ਦਿੱਤਾ ਅਤੇ ਪੰਜਾਬ ਨਾਲ ਸੰਬੰਧਤ ਅਹਿਮ ਆਰਥਿਕ ਅਤੇ ਕੁਦਰਤੀ ਸੋਮੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨੂੰ ਚਲੇ ਗਏ। ਪੰਜਾਬੀ ਸੂਬਾ ਬਣਨ ਨਾਲ ਪੰਜਾਬ ਨੇ ਲੱਗਭਗ 80 ਲੱਖ ਏਕੜ ਜ਼ਮੀਨ ਗੁਆ ਲਈ। ਪਾਣੀ, ਹਾਈਡ੍ਰੋ ਇਲੈਕਟ੍ਰੀਸਿਟੀ ਪਾਵਰ, ਸੈਰ-ਸਪਾਟਾ ਅਤੇ ਕਈ ਹੋਰ ਅਹਿਮ ਆਮਦਨ ਵਾਲੇ ਸੋਮੇ ਹਿਮਾਚਲ ‘ਚ ਚਲੇ ਗਏ। ਸਨਅਤੀ ਬੈਲਟ ਹਰਿਆਣਾ ਵੱਲ ਚਲੀ ਗਈ। ਇਸ ਦੇ ਬਾਵਜੂਦ ਅਕਾਲੀ ਇਹ ਸਮਝਦੇ ਹਨ ਕਿ ਪੰਜਾਬੀ ਸੂਬਾ ਬਣਾਉਣਾ ਪੰਜਾਬ ਦੇ ਹਿੱਤਾਂ ਵਿਚ ਸੀ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੇ ਭਾਰੀ ਸਨਅਤੀ ਤਰੱਕੀ ਅਸਲ ਵਿਚ ਫਰੀਦਾਬਾਦ, ਗੁੜਗਾਓਂ ਅਤੇ ਪਾਨੀਪਤ ਦੇ ਸਹਾਰੇ ਕੀਤੀ ਹੈ, ਜਦਕਿ ਪੰਜਾਬ ਅਜੇ ਵੀ ਚੰਡੀਗੜ੍ਹ ਲੈਣ ਲਈ ਸੰਘਰਸ਼ ਕਰ ਰਿਹਾ ਹੈ। ਪੰਜਾਬ ਕੋਲੋਂ ਉਸ ਦੇ ਦਰਿਆਵਾਂ ਦਾ ਪਾਣੀ ਹਰਿਆਣਾ ਨੂੰ ਦੇਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ। 1966 ਵਿਚ ਪੰਜਾਬ ਦੀ ਹੋਈ ਦੂਜੀ ਵੰਡ ਦੇ ਦਰਦ ਤੋਂ ਅਜੇ ਤਕ ਸੂਬਾ ਉਭਰ ਨਹੀਂ ਸਕਿਆ। ਪੰਜਾਬ ਦੇ ਲੋਕ ਵੀ ਇਸ ਲਈ ਅਕਾਲੀਆਂ ਨੂੰ ਮੁਆਫ ਨਹੀਂ ਕਰਨਗੇ। ਪਿਛਲੇ 9 ਸਾਲਾਂ ਵਿਚ ਪੰਜਾਬ ਆਰਥਿਕ ਪੱਖੋਂ ਕੰਗਾਲ ਹੋ ਗਿਆ ਹੈ। ਅਮਨ-ਕਾਨੂੰਨ ਦੀ ਹਾਲਤ ਵੀ ਵਿਗੜੀ ਪਈ ਹੈ।

LEAVE A REPLY