main-news-300x150-1-300x150ਠੁੰਗ ਮਾਰਾਂ ਦੇ ਸੁਰਜਨ ਬੁੜ੍ਹੇ ਦੇ ਮੁੰਡੇ ਰੇਸ਼ਮ ਦੇ ਫ਼ਾਹਾ ਲੈਣ ਪਿੱਛੋਂ ਸਾਰਾ ਪਿੰਡ ਥਾਂ ਥਾਂ ਢਾਣੀਆਂ ਬਣਾ ਮੂੰਹ ਜੋੜ ਕੇ ਬੁੱਲ੍ਹ ਟੁੱਕ ਟੁੱਕ ਗੱਲਾਂ ਕਰ ਰਿਹਾ ਸੀ। ਪ੍ਰਤਾਪੇ ਭਾਊ ਨੇ ਸੱਥ ‘ਚ ਆਉਂਦਿਆਂ ਹੀ ਬਾਬੇ ਕੁੰਢਾ ਸਿਉਂ ਨੂੰ ਪੁੱਛਿਆ, ”ਕਿਉਂ ਬਈ ਬਾਬਾ! ਏਦੂੰ ਪਹਿਲਾਂ ਵੀ ਆਪਣੇ ਪਿੰਡ ‘ਚ ਕਦੇ ਫ਼ਾਹਾ ਲੈਣ ਆਲੀ ਗੱਲ ਕੀਤੀ ਐ ਬਈ?”
ਬਾਬਾ ਕਹਿੰਦਾ, ”ਬਈ ਮੈਂ ਤਾਂ ਆਵਦੀ ਉਮਰ ‘ਚ ਏਹੋ ਜੀ ਗੱਲ ਕਦੇ ਵੀਹ ਕੋਹ ਤਕ ਮਨ੍ਹੀ ਸੁਣੀ, ਵੇਖੀ ਤਾਂ ਕੀ ਹੋਣੀ ਐ। ਹਾਂ! ਏਨਾ ਜਰੂਰ ਐ ਬਈ ਬਾਹਰਲੇ ਪਿੰਡੀਂ ਇੱਕ ਦੋ ਥਾਈਂ ਦੁਸ਼ਮਣੀ ‘ਚ ਖੂਨ ਜਰੂਰ ਹੋਏ ਐ, ਪਰ ਫ਼ਾਹਾ ਲੈਣ ਆਲੀ ਗੱਲ ਨ੍ਹੀ ਕਦੇ ਸੁਣੀ।”
ਮਾਹਲਾ ਨੰਬਰਦਾਰ ਬਾਬੇ ਕੁੰਢਾ ਸਿਉਂ ਨੂੰ ਕਹਿੰਦਾ, ”ਇਹ ਸੁਰਜਨ ਦੇ ਮੁੰਡੇ ਦਾ ਤਾਂ ਕੁੰਢਾ ਸਿਆਂ ਘਰੇ ਬਹੂ ਨਾਲ ਈ ਕੋਈ ਰੌਲਾ ਰੱਪਾ ਸੁਣਦੇ ਆਂ। ਘਰੇ ਕਾਸੇ ਦੀ ਘਾਟ ਵੀ ਮਨ੍ਹੀ ਲੱਗਦੀ। ਚੰਗੀ ਜੈਦਾਦ ਐ ਕੋਲੇ, ਘਰੇ ਜੀਪ ਰੱਖੀ ਵੀ ਐ। ਫ਼ੇਰ ਵੇਖ ਲਾ ਘਰੇ ਭਿਟਭਿਟੀਆ ਵੀ ਖੜ੍ਹੈ। ਸਾਰੀਆਂ ਸਹੁਲਤਾਂ ਘਰ ‘ਚ। ਐਸ ਜਮਾਨੇ ‘ਚ ਕੁੰਢਾ ਸਿਆਂ ਐਨਾ ਕੁਸ ਤਾਂ ਸਰਾਮਾਂ ਬੋਦਲਾਂ ਆਲੇ ਤਾਰਾ ਸਿਉਂ ਦੇ ਘਰੇ ਮਨ੍ਹੀ ਹੋਣਾ। ਨਾਲੇ ਨੱਬੇ ਘਮਾਹ ਦੀ ਢੇਰੀ ਐ ਜੱਟ ਕੋਲੇ। ਇਹ ਪਤੰਦਰ ਪਤਾ ਨ੍ਹੀ ਕਿਹੜੇ ਰੋਗ ਤੋਂ ਦੁਖੀ ਹੋ ਕੇ ਮਰਨ ਲੱਗਿਆ ਸੀ।”
ਸੀਤਾ ਮਰਾਸੀ ਬਾਬੇ ਕੁੰਢਾ ਸਿਉਂ ਨੂੰ ਕਹਿੰਦਾ, ”ਕਿਉਂ ਬਾਬਾ ਇਨ੍ਹਾਂ ਨੂੰ ਠੁੰਗ ਮਾਰ ਕਿਉਂ ਕਹਿੰਦੇ ਐ?”
ਬਾਬਾ ਸੀਤੇ ਮਰਾਸੀ ਦੀ ਗੱਲ ਸੁਣ ਕੇ ਮੁਸ਼ਕਣੀਆਂ ਹੱਸ ਕੇ ਅੱਖਾਂ ਤੋਂ ਐਨਕ ਲਾਹ ਕੇ ਸ਼ੀਸ਼ੇ ਸਾਫ਼ ਕਰਦਾ ਅਮਲੀ ਨੂੰ ਕਹਿੰਦਾ, ”ਦੱਸਦੇ ਨਾਥਾ ਸਿਆਂ ਇਨ੍ਹਾਂ ਨੂੰ ਠੁੰਗ ਮਾਰ ਕਾਹਤੋਂ ਕਹਿੰਦੇ ਐ?”
ਨਾਥਾ ਅਮਲੀ ਹੱਸ ਕੇ ਕਹਿੰਦਾ, ”ਇਨ੍ਹਾਂ ਦਾ ਜਿਹੜਾ ਪੜਦਾਦਾ ਹੁੰਦਾ ਸੀ ਬਦਨ ਸਿਉਂ, ਕਹਿੰਦੇ ਉਹ ਅਸਫ਼ਰਾਂ ਉਸਫ਼ਰਾਂ ਤੋਂ ਲੋਕਾਂ ਦੇ ਕੰਮ ਧੰਦੇ ਬਹੁਤ ਕਰਾਉਂਦਾ ਰਹਿੰਦਾ ਸੀ। ਪੂਰੀ ਪਹੁੰਚ ਆਲਾ ਬੰਦਾ ਸੀ। ਅਕੇ ਜਦੋਂ ਉਹਨੇ ਕਿਸੇ ਅਸਫ਼ਰ ਤੋਂ ਲੋਕਾਂ ਦੇ ਕਿਸੇ ਕੰਮ ਦੇ ਕਾਤਕ ਪੱਤਰ ‘ਤੇ ਦਸਤਖ ਕਰਾਉਣੇ ਹੁੰਦੇ ਸੀ ਤਾਂ ਅਸਫ਼ਰ ਨੂੰ ਕਹਿਣਾ ‘ਆਹ ਐਥੇ ਮਾੜੀ ਜੀ ਠੁੰਗ ਜੀ ਮਾਰਿਓ’। ਅਸਫ਼ਰ ਨੇ ਹੱਸ ਕੇ ਕੰਮ ਕਰ ਛੱਡਣਾ। ਕੇਰਾਂ ਕੋਈ ਪੁਲਸ ਦਾ ਵੱਡਾ ਅਸਫ਼ਰ ਕਿਤੇ ਬਦਲ ਕੇ ਨਮਾਂ ਆ ਗਿਆ। ਪਰਾਣੇ ਅਸਫ਼ਰਾਂ ਕੋਲੇ ਠੁੰਗ ਕਹਿਣ ਗਿੱਝਿਆ ਗਿੱਝਿਆ ਕਿਤੇ ਓਸ ਨਮੇਂ ਪੁਲਸ ਅਸਫ਼ਰ ਨੂੰ ਵੀ ਕਹਿ ਬੈਠਾ ਬਈ ਆਹ ਮਾਰਿਓ ਮਾੜੀ ਜੀ ਠੁੰਗ ਜੀ। ਜਦੋਂ ਉਹਨੇ ਠੁੰਗ ਕਿਹਾ ਤਾਂ ਉਹ ਅਸਫ਼ਰ ਪਹਿਲਾਂ ਤਾਂ ਬੁੜ੍ਹੇ ਵੱਲ ਐਨਕਾਂ ਵਿਚਦੀ ਇਉਂ ਝਾਕਿਆ ਜਿਮੇਂ ਬੱਕਰੀ ਨੇ ਫ਼ਟਕੜੀ ਖਾਧੀ ਹੁੰਦੀ ਐ। ਫ਼ੇਰ ਉਹਨੇ ਬੁੜ੍ਹੇ ਦੇ ਕਾਤਕ ਚਲਾ ਕੇ ਮਾਰੇ ਤੇ ਕੁਰਸੀ ਤੋਂ ਉੱਠ ਕੇ ਬੁੜ੍ਹੇ ਦਾ ਦਫ਼ਤਰ ‘ਚ ਈ ਕੱਦੂਕਸ ਕਰ ‘ਤਾ। ਬੁੜ੍ਹਾ ਕਿਤੇ ਤੇ ਪੱਗ ਬੁੜ੍ਹੇ ਦੀ ਕਿਤੇ।”
ਮਾਹਲਾ ਨੰਬਰਦਾਰ ਕਹਿੰਦਾ, ”ਐਨੀ ਗੱਲ ‘ਤੇ ਉਹਨੇ ਕਾਹਤੋਂ ਕੁੱਟਿਆ ਬੁੜ੍ਹਾ ਬਈ। ਇਹ ਤਾਂ ਆਪਾਂ ਆਮ ਈ ਕਹਿ ਦਿਨੇਂ ਆਂ ਬਈ ਆਹ ਮਾਰੀਂ ਮਾੜੀ ਜੀ ਠੁੰਗ।”
ਅਮਲੀ ਕਹਿੰਦਾ, ”ਗੱਲ ਤਾਂ ਨੰਬਰਦਾਰਾ ਭਾਮੇ ਕੁਸ ਮਨ੍ਹੀ ਸੀ, ਪਰ ਉਹ ਪੁਲਸ ਵਾਲਾ ਗਲਤ ਸਮਝ ਗਿਆ। ਉਹਦਾ ਨਾਂ ਤੋਤਾ ਸਿੰਘ ਸੀ। ਪੁਲਸ ਆਲੇ ਨੇ ਸਮਝਿਆ ਬਈ ਮੇਰਾ ਨਾਂਅ ਤੋਤਾ ਸਿੰਘ ਕਰ ਕੇ ਕਿਤੇ ਇਹਨੇ ਜਾਣਬੁੱਝ ਕੇ ਠੁੰਗ ਕਿਹੈ। ਬੁੜ੍ਹੇ ਨੂੰ ਕੁੱਟ ਕੱਟ ਕੇ ਪੁਲਸ ਅਸਫ਼ਰ ਕਹਿੰਦਾ, ‘ਜਾਹ ਲੈ ਜਾ ਓਏ ਮੇਰੀਆਂ ਅੱਖਾਂ ਤੋਂ ਪਰ੍ਹੇ ਆਵਦੇ ਕਾਤਕ ਜੇ। ਸਾਲਿਆ ਅੱਜ ਤਾਂ ਕਹਿਨੈਂ ਬਈ ਆਹ ਮਾਰਿਓ ਮਾੜੀ ਜੀ ਠੁੰਗ ਜੀ, ਕੱਲ੍ਹ ਨੂੰ ਕਹੇਂਗਾ ਆਹ ਮਾੜੀ ਜੀ ਬਿੱਠ ਮਰਿਓ’। ਉਦੋਂ ਤੋਂ ਈ ਆਪਣੇ ਪਿੰਡ ਦੇ ਲੋਕ ਇਨ੍ਹਾਂ ਦੇ ਲਾਣੇ ਨੂੰ ਠੁੰਗ ਮਾਰ ਕਹਿਣ ਲੱਗੇ ਐ।”
ਮਾਹਲਾ ਨੰਬਰਦਾਰ ਕਹਿੰਦਾ, ”ਉਹ ਤਾਂ ਚੱਲ ਪਿੰਡ ਨੇ ਠੁੰਗ ਮਾਰ ਨਾਂਅ ਧਰ ਲਿਆ, ਪਰ ਯਾਰ ਫ਼ਾਹਾ ਲੈਣ ਦੀ ਕੀ ਲੋੜ ਪਈ ਸੀ। ਹਜੇ ਤਾਂ ਸ਼ੁਕਰ ਐ ਰੱਬ ਦਾ ਬਈ ਰੱਸੀ ਮਾੜੀ ਸੀ ਟੁੱਟਣ ਕਰਕੇ ਜਾਨ ਬਚ ਗੀ।”
ਪ੍ਰਤਾਪਾ ਭਾਊ ਨੰਬਰਦਾਰ ਦੀ ਗੱਲ ਸੁਣ ਕੇ ਕਹਿੰਦਾ, ”ਉਹ ਤਾਂ ਨੰਬਰਦਾਰਾ ਤੇਰੀ ਗੱਲ ਠੀਕ ਐ, ਪਰ ਸਿਆਣੇ ਕਹਿੰਦੇ ਤਾਂ ਹੁੰਦੇ ਐ ਬਈ ਜੇ ਕੰਧ ਕੋਲੋਂ ਵੀ ਕੋਈ ਸਲਾਹ ਲੈ ਲੀਏ ਨਾਹ, ਉਹ ਵੀ ਗੱਲ ਸੂਤ ਬਹਿ ਜਾਂਦੀ ਐ। ਜੇ ਇਹ ਮੁੰਡਾ ਆਵਦਾ ਦੁੱਖ ਰੋਗ ਕਿਸੇ ਕੋਲ ਦੱਸਦਾ, ਕੋਈ ਹੱਲ ਹੋ ਜਾਂਦਾ। ਹਜੇ ਵੀ ਕੁਸ ਨ੍ਹੀ ਬਿਗੜਿਆ। ਰੱਬ ਨੇ ਹੱਥ ਦੇ ਕੇ ਰੱਖ ਲਿਆ। ਨਹੀਂ ਤਾਂ ਫ਼ਾਹਾ ਲੈਣ ਆਲਾ ਕਦੇ ਬਚਿਆ ਨ੍ਹੀ ਕੋਈ।”
ਸੀਤਾ ਮਰਾਸੀ ਪ੍ਰਤਾਪੇ ਭਾਊ ਦੀ ਗੱਲ ‘ਤੇ ਅੱਗ ਬਗੋਲਾ ਹੋ ਕੇ ਬੋਲਿਆ, ”ਆਵਦੇ ਘਰ ਦਾ ਰੌਲਾ ਬਾਹਰ ਕਦੋਂ ਦੱਸਦਾ ਕੋਈ। ਇਹ ਤਾਂ ਆਹ ਨੰਬਰਦਾਰ ਨੇ ਦੱਸੀ ਐ ਗੱਲ ਬਈ ਬਹੂ ਨਾਲ ਰੌਲਾ ਲੱਗਦੈ। ਸ਼ਰਮ ਦਾ ਮਾਰਾ ਬਹੂ ਦੀ ਗੱਲ ਨਾ ਦਸ ਸਕਿਆ ਕਰ ਕੇ ਤਾਂ ਓਹ ਬੁਜਦਿਲ ਬੰਦਾ ਫ਼ਾਹਾ ਲੈਂਦਾ ਸੀ। ਐਨਾ ਚੰਗਾ ਬੰਦਾ ਨ੍ਹੀ ਓਹੋ ਜਿੰਨਾ ਤੁਸੀਂ ਕਹੀਂ ਜਾਨੇਂ ਐਂ। ਕੁੱਤੇ ਕੰਮਾਂ ਕਰ ਕੇ ਤਾਂ ਉਹਨੂੰ ਕੋਈ ਘਰੇ ਨ੍ਹੀ ਵੜਨ ਦਿੰਦਾ। ਨੂਣ ਦੀ ਡਲੀ ਕੋਈ ਦਿੰਦਾ ਨ੍ਹੀ ਮੰਗਮੀਂ। ਕੁੱਤਾਂ ਕੰਮਾਂ ਕਰ ਕੇ ਈ ਬਹੂ ਨਾਲ ਰੌਲਾ ਰਹਿੰਦਾ ਸੀ। ਇਹ ਕੁੱਤੇ ਕੰਮਾਂ ਤੋਂ ਹਟਦਾ ਨ੍ਹੀ, ਅਗਲੀ ਚੱਕ ਕੇ ਜੁੱਲੀ ਤਪੜਾ ਪੇਕੀਂ ਵੱਜੀ। ਉਹਨੂੰ ਗਈ ਨੂੰ ਤਾਂ ਢਾਈ ਤਿੰਨ ਸਾਲ ਹੋ ਗੇ। ਤੂੰ ਕਿਹੜੀਆਂ ਗੱਲਾਂ ਕਰਦੈਂ ਭਾਊ ਯਾਰ?”
ਸੀਤੇ ਮਰਾਸੀ ਦੀ ਗੱਲ ਸੁਣ ਕੇ ਨਾਥਾ ਅਮਲੀ ਵੀ ਟਿੱਚਰ ‘ਚ ਬੋਲਿਆ ਫ਼ਿਰ ਪੈਰਾਂ ਭਾਰ ਹੋ ਕੇ, ”ਕੁੱਤਿਆਂ ਦੇ ਕੰਮ ਕਰਨ ਨੂੰ ਸਲੋਤਰੀ ਸੀ ਉਹੋ ਬਈ ਕੁੱਤਿਆਂ ਬਿੱਲਿਆਂ ਦੇ ‘ਲਾਜ ਕਰਦਾ ਸੀ?”
ਅਮਲੀ ਦੀ ਗੱਲ ਸੁਣ ਕੇ ਬਾਬਾ ਕੁੰਢਾ ਸਿਉਂ ਅਮਲੀ ਨੂੰ ਘੂਰਦਾ ਬੋਲਿਆ, ”ਚੁੱਪ ਨ੍ਹੀ ਕਰਦਾ ਅਮਲੀਆ। ਅਗਲੇ ਦੇ ਘਰੇ ਵਖਤ ਪਿਆ ਵਿਆ, ਤੈਨੂੰ ਟਿੱਚਰਾਂ ਦੀ ਲੱਗੀ ਐ।”
ਅਮਲੀ ਕਹਿੰਦਾ, ”ਮੈਂ ਕੀ ਕਹਿ ਬਾਬਾ? ਮੈਂ ਤਾਂ ਮਰਾਸੀ ਦੇ ਕਹਿਣ ‘ਤੇ ਇਉਂ ਗੱਲ ਕਰਦਾਂ ਬਈ ਮੀਰ ਨੇ ਸਿੱਧੀ ਨ੍ਹੀ ਗੱਲ ਕੀਤੀ ਬਈ ਪਿੰਡ ਦੀਆਂ ਕੁੜੀਆਂ ਬੁੜ੍ਹੀਆਂ ਨੂੰ ਛੇੜਦਾ ਰਹਿੰਦਾ। ਕਿੰਨੇ ਵਾਰੀ ਤਾਂ ਲੋਕਾਂ ਨੇ ਛਤਰੌਲ ਫ਼ੇਰਿਆ। ਫ਼ੇਰ ਵੇਖ ਲਾ ਕਿੰਨੇ ਵਾਰੀ ਪੁਲਸ ਨੇ ਕੁੱਟਿਆ। ਸਾਲ ਡੂਢ ਸਾਲ ਜੇਲ੍ਹ ‘ਚ ਵੀ ਰਹਿ ਕੇ ਆਇਆ। ਮਗਰੋਂ ਬਹੂ ਵੀ ਅੱਡੀਆਂ ਨੂੰ ਥੁੱਕ ਲਾ ਗੀ। ਬਾਬੇ ਭਾਨੇ ਦੇ ਕਹਿਣ ਆਂਗੂੰ ਕੰਨ ਵੀ ਪਾਟੇ ਬਹੂ ਵੀ ਗਈ। ਉਹੀ ਗੱਲ ਰੇਸ਼ਮ ਨਾਲ ਹੋਈ। ਜੇ ਉਹ ਫ਼ਾਹਾ ਲੈਂਦਾ ਸੀ ਮਾੜਾ ਈ ਐ। ਗੱਲ ਤਾਂ ਉਹਦੇ ਭੈੜੇ ਕੰਮਾਂ ਦੀ ਕਰਦੇ ਐਂ।”
ਗੱਲਾਂ ਸੁਣੀ ਜਾਂਦਾ ਜੱਗਾ ਕਾਮਰੇਡ ਕਹਿੰਦਾ, ”ਜਿਹੜੀ ਗੱਲ ਤੁਸੀਂ ਕਰਦੇ ਐ, ਇਨ੍ਹਾਂ ਗੱਲਾਂ ਕਰ ਕੇ ਨ੍ਹੀ ਉਹ ਫ਼ਾਹਾ ਲੈਂਦਾ ਸੀ। ਉਹਦੇ ਸਿਰ ਕਰਜਾ ਈ ਏਨਾਂ ਬਾਹਲਾ ਚੜ੍ਹ ਗਿਐ ਦਸ ਬਾਰਾਂ ਕਿੱਲੇ ਵੇਚ ਕੇ ਵੀ ਨ੍ਹੀ ਲੱਥਾ। ਬੁੜ੍ਹੇ ਨੇ ਹੋਰ ਜਮੀਨ ਵੇਚਣ ਨ੍ਹੀ ਦਿੱਤੀ।”
ਨਾਥਾ ਅਮਲੀ ਕਹਿੰਦਾ, ”ਫ਼ੇਰ ਤਾਂ ਕਾਮਰੇਟਾ ਆਪਣੇ ਗੁਆੜ ਆਲੇ ਸੰਤੋਖੇ ਮੱਦੀ ਕਿਆਂ ਨਾਲ ਵੀ ਇਉਂ ਈਂ ਹੋਊ। ਉਹਨੇ ਵੀ ਫ਼ਾਹਾ ਲੈਣ ਨੂੰ ਰੱਸਾ ਵੱਟਿਆ ਈ ਲੈ।”
ਬਾਬੇ ਕੁੰਢਾ ਸਿਉਂ ਨੇ ਪੁੱਛਿਆ, ”ਕਿਉਂ! ਉਨ੍ਹਾਂ ਦੇ ਕੀ ਹੋ ਗਿਆ। ਉਹਦਾ ਸੰਤੋਖੇ ਦਾ ਤਾਂ ਮੁੰਡਾ ਵੇਖ ਲਾ ਕਨੇਡਾ ਵੀ ਅੱਪੜ ਗਿਆ। ਉਹਨੇ ਤਾਂ ਦੱਸਦੇ ਐ ਕਹਿੰਦੇ ਘਰੇ ਸਾਜੋ ਸਮਾਨ ਈ ਬਲਾ ਬਾਹਲ਼ਾ ਭੇਜਿਆ ਕਨੇਡਿਓਂ।”
ਅਮਲੀ ਕਰਾਰੀ ਚੋਟ ਮਾਰ ਕੇ ਬੋਲਿਆ, ”ਓਸੇ ਸਾਜੋ ਸਮਾਨ ਨੇ ਤਾਂ ਫ਼ਾਹਾ ਦਵਾਉਣਾ ਸੰਤੋਖੇ ਨੂੰ ਜਿਹੜਾ ਕਨੇਡੇ ਤੋਂ ਆਇਆ।”
ਬਾਬੇ ਕੁੰਢਾ ਸਿਉਂ ਨੇ ਪੁੱਛਿਆ, ”ਉਹ ਕਿਮੇਂ ਬਈ?”
ਅਮਲੀ ਲੰਬੀ ਬਾਂਹ ਕਰ ਕੇ ਬਾਬੇ ਦੇ ਗੋਡੇ ‘ਤੇ ਹੱਥ ਮਾਰ ਕੇ ਬੋਲਿਆ,
”ਉਰ੍ਹੇ ਨੂੰ ਹੋ ਜਾ ਬਾਬਾ ਫ਼ਿਰ ਜੇ ਤੂੰ ਸੰਤੋਖੇ ਕਿਆਂ ਦਾ ਪੂਰਾ ਚਿੱਠਾ ਸੁਣਨੈ ਤਾਂ। ਤੈਨੂੰ ਪਤਾ ਜਿੱਦੇਂ ਸੰਤੋਖੇ ਦਾ ਮੁੰਡਾ ਬਾਹਰ ਨੂੰ ਗਿਆ ਸੰਤੋਖੇ ਨੇ ਤਿੰਨੇ ਕਿੱਲੇ ਘੁੱਲੇ ਸਰਪੈਂਚ ਨੂੰ ਬੈ ਕਰ ਕੇ ਮੁੰਡਾ ਘੱਲਿਆ। ਢਾਈ ਤਾਂ ਸੰਤੋਖੇ ਕੋਲੇ ਕਿੱਲੀਆਂ ਰਹਿ ਗੀਆਂ। ਹੁਣ ਦੂਜਾ ਛੋਟਾ ਮੁੰਡਾ ਜਿਦ ਫ਼ੜੀ ਬੈਠੈ ਬਈ ਮੈਨੂੰ ਵੀ ਬਾਹਰ ਭੇਜ। ਆਹ ਮਖਤਿਆਰਾ ਬਿੰਬਰ ਦੱਸਦੈ, ਕਹਿੰਦਾ ‘ਅੱਧਾ ਕਿੱਲਾ ਮਦਨ ਆੜ੍ਹਤੀਏ ਨੂੰ ਗਹਿਣੇ ਲਖਾਇਆ ਪਰਸੋਂ’।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਹੁਣ ਤਾਂ ਮੁੰਡਾ ਬਾਹਰੋਂ ਸਮਾਨ ‘ਤੇ ਸਮਾਨ ਘੱਲੀ ਜਾਂਦੈ। ਕਿੰਨਾਂ ਚਿਰ ਹੋ ਗਿਆ ਘਰੇ ਮਿਸਤਰੀ ਲੱਗਿਆਂ ਨੂੰ। ਦੋ ਸਿਰੇ ਦੀਆਂ ਸੰਤੋਖੇ ਨੇ ਬੈਠਕਾਂ ਪਾ ਲੀਆਂ। ਸਾਰਾ ਵੇਹੜਾ ਪੱਕਾ ਕਰ ਲਿਆ। ਕਿੱਡਾ ਦਰਵਾਜਾ ਪਾ ਲਿਆ। ਜਿੱਡਾ ਦਰਵਾਜਾ ਸੰਤੋਖੇ ਨੇ ਪਾਇਆ ਓੱਡਾ ਦਰਵਾਜਾ ਤਾਂ ਗਿੱਦੜਬਹੇ ਆਲੇ ਰਗੜਿਆਂ ਦੇ ਮਨ੍ਹੀ, ਨਾਲੇ ਸੱਤ ਹਲਾਂ ਦੀ ਬਾਹੀ ਐ ਜੱਟਾਂ ਦੀ। ਮਲੋਟ ਆਲੇ ਕਸ਼ੋਰੀ ਆੜ੍ਹਤੀਏ ਦੀ ਫ਼ੜ੍ਹ ‘ਚ ਸਾਰਾ ਨਰਮਾਂ ਇੱਕ ਵਾਰੀ ‘ਚ ਟਿਕਦਾ ਨ੍ਹੀ, ਨਾਲੇ ਸਾਰੀ ਮੰਡੀ ਤੋਂ ਵੱਡਾ ਫ਼ੜ੍ਹ ਐ। ਮਾਰਦੈਂ ਗੱਲਾਂ। ਹੁਣ ਕਾਸਨੂੰ ਗਹਿਣੇ ਕਰ ‘ਤੀ ਜਮੀਨ ਸੰਤੋਖੇ ਨੇ ਬਈ?”
ਨਾਥਾ ਅਮਲੀ ਕਹਿੰਦਾ, ”ਜਿਹੜਾ ਸਮਾਨ ਬਾਹਰੋਂ ਆਉਂਦੇ, ਉਹਦਾ ਈ ਤਾਂ ਸਾਰਾ ਸਿਆਪਾ ਨੰਬਰਦਾਰਾ।”
ਬਾਬੇ ਕੁੰਡਾ ਸਿਉਂ ਨੇ ਪੁੱਛਿਆ, ”ਉਹਦਾ ਕੀ ਸਿਆਪਾ ਅਮਲੀਆ ?”
ਅਮਲੀ ਕਹਿੰਦਾ, ”ਉਹਦਾ ਜੱਭ ਇਹ ਐ ਬਾਬਾ, ਸਮਾਨ ਹੁੰਦੈ ਮਹਿੰਗਾ, ਘਰੇ ਵਧੀਆ ਥਾਂ ਨ੍ਹੀ ਸਮਾਨ ਰੱਖਣ ਨੂੰ। ਜਦੋਂ ਘਰੇ ਸਮਾਨ ਆ ਜਾਂਦੈ, ਸੰਤੋਖਾ ਬੈਠਕਾਂ ਵਿੱਢ ਲੈਂਦਾ। ਜਦੋਂ ਫ਼ੇਰ ਕੁਸ ਨਾ ਕੁਸ ਆ ਜਾਂਦੈ, ਸੰਤੋਖਾ ਫ਼ੇਰ ਮਿਸਤਰੀ ਲਾ ਲੈਂਦਾ। ਹੁਣ ਤਕ ਸੰਤੋਖੇ ਨੇ ਨ੍ਹੀ ਖਰਚਿਆ ਸੀ ਡੱਬਰੀ ਪੈਂਸਾ। ਹੁਣ ਅੱਭਰੀ ਦੇ ਰਪੀਏ ਲੱਗਦੇ ਐ। ਨਾਂ ਤਾਂ ਸੰਤੋਖਾ ਮੁੰਡੇ ਨੂੰ ਰੋਕਦਾ ਬਈ ਸਮਾਨ ਨਾ ਭੇਜੇ। ਘਰੇ ਖਰਚ ਬਹੁਤਾ ਹੋਈ ਜਾਂਦੈ। ਹੁਣ ਸਮਾਨ ਰੱਖਣ ਵਾਸਤੇ ਤਾਂ ਮਾੜਾ ਮੋਟਾ ਘਰ ਵਧੀਆਂ ਤਾਂ ਹੋਣਾ ਚਾਹੀਦਾ ਈ ਐ। ਜਿਉਂ ਜਿਉਂ ਕਨੇਡਿਓਂ ਸਮਾਨ ਆਈ ਜਾਂਦੈ, ਸੰਤੋਖਾ ਕੁਸ ਆੜ੍ਹਤੀਏ ਤੋਂ ਵਿਆਜੂ ਚੱਕ ਚੱਕ ਪੈਂਸੇ ਲਾਈ ਜਾਂਦੈ, ਕੁਸ ਜਮੀਨ ਗਹਿਣੇ ਪਾਈ ਜਾਂਦੈ। ਇਹ ਜਿਹੜਾ ਬਾਹਰੋਂ ਸਮਾਨ ਆਉਂਦੈ, ਸੰਤੋਖੇ ਨੂੰ ਉਹੀ ਕਰਜਾਈ ਕਰੀ ਜਾਂਦਾ। ਮੁੰਡਾ ਸਮਾਨ ਭੇਜਣੋਂ ਨ੍ਹੀ ਹੱਟਦਾ, ਸੰਤੋਖਾ ਘਰ ਪਾਉਣੋਂ ਨ੍ਹੀ ਹਟਦਾ। ਇਉਂ ਈ ਕਰਜਾਈ ਹੋਈ ਜਾਂਦਾ। ਅਖੀਰ ਇੱਕ ਦਿਨ ਰੇਸ਼ਮ ਆਂਗੂੰ ਸੰਤੋਖਾ ਵੀ ਤੋਰੀ ਆਂਗੂੰ ਲਮਕਿਆ ਈ ਲੈ।”
ਮਾਹਲਾ ਨੰਬਰਦਾਰ ਕਹਿੰਦਾ, ”ਸੰਤੋਖਾ ਪੈਂਸੇ ਮੰਗਾਵੇ ਮੁੰਡੇ ਤੋਂ। ਸਮਾਨ ਕੀ ਢੂਏ ‘ਚ ਲੈਣੈ।”
ਅਮਲੀ ਟਿੱਚਰ ‘ਚ ਕਹਿੰਦਾ, ”ਸਮਾਨ ‘ਚ ਕਿਹੜਾ ਮੁੰਡੇ ਨੇ ਸੜਕ ਬਣਾਉਣ ਆਲਾ ਪਰਲੂ ਘੱਲ ‘ਤਾ। ਢਾਈ ਤਿੰਨ ਸੈ ਦੀ ਚੀਜ ਪਿੱਛੇ ਸੰਤੋਖਾ ਅੱਠ ਦਸ ਹਜਾਰ ਲਾ ਬਹਿੰਦੈ। ਘੱਲਿਆ ਤਾਂ ਮੁੰਡੇ ਨੇ ਆਹ ਗਰਮ ਕਰ ਕੇ ਲੀੜੇ ਸਿੱਧੇ ਕਰਨ ਆਲਾ ਕਿਸਤੀ ਮੂੰਹਾਂ ਜਾ ਲੋਹੇ ਦਾ ਡੱਬਾ ਜਾ, ਸੰਤੋਖਾ ਦਰਵਾਜਾ ਵਿੱਢ ਕੇ ਬਹਿ ਗਿਆ। ਜਿੱਦੇਂ ਮੁੰਡੇ ਨੇ ਟੈਮਪੀਸ ਭੇਜਿਆ, ਓਦਣ ਸੰਤੋਖਾ ਬੈਠਕ ਵਿੱਢ ਕੇ ਬਹਿ ਗਿਆ ਸੀ। ਕਹਿੰਦਾ ਬੈਠਕ ‘ਚ ਕੰਸ ਬਣਾ ਕੇ ਉਹਦੇ ‘ਤੇ ਰੱਖਣੈ ਟੈਮਪੀਸ। ਆਹ ਦਵਾਲੀ ਤੋਂ ਮਹੀਨਾ ਕੁ ਪਹਿਲਾਂ ਜਗਨ ਆਲੀਆਂ ਛੋਟੇ ਛੋਟੇ ਰੰਗ ਬਰੰਗੇ ਆਂਡਿਆਂ ਆਲੀਆਂ ਲੜੀਆਂ ਭੇਜ ‘ਤੀਆਂ। ਸੰਤੋਖਾ ਚਬਾਰਾ ਵਿੱਢ ਕੇ ਬਹਿ ਗਿਆ ਬਈ ਚਬਾਰੇ ‘ਤੇ ਲਾਮਾਂਗੇ ਲੜੀਆਂ। ਲੈ ਦੱਸ ਬਾਬਾ! ਐਹੋ ਜੀਆਂ ਦੋ-ਦੋ ਢਾਈ ਢਾਈ ਸੌ ਆਲੀਆਂ ਚੀਜਾਂ ਪਿੱਛੇ ਕਰਜਾ ਚੜ੍ਹਈ ਜਾਂਦੈ ਸੰਤੋਖਾ। ਜਦੋਂ ਕਰਜੇ ਨੇ ਸੰਤੋਖਾ ਖਿੱਦੋਂ ਆਂਗੂੰ ਪਿੜੀਆਂ ਪਾ ਪਾ ਮੜ੍ਹ ‘ਤਾ, ਫ਼ਾਹਾ ਈ ਲਊ ਫ਼ਿਰ ਹੋਰ ਕੀ ਕਰੂ। ਇੱਕ ਵਾਰੀ ਸਿਰ ਚੜ੍ਹਿਆ ਕਰਜਾ ਕਿੱਥੋਂ ਲਹਿੰਦਾ। ਕਰਜਾ ਤੇ ਢਿੱਡ ਘਟਾਉਣਾ ਈਂ ਸਭ ਤੋਂ ਔਖਾ ਕੰਮ ਐ।”
ਬਾਬੇ ਕਹਿੰਦਾ, ”ਛੱਡੋ ਯਾਰ ਇਹ ਗੱਲਾਂ। ਹੁਣ ਤੁਸੀਂ ਇਹ ਦੱਸੋਂ ਬਈ ਠੁੰਗ ਮਾਰਾਂ ਦੇ ਮੁੰਡੇ ਦਾ ਕੀ ਚੱਜ ਹਾਲ ਐ?”
ਬੁੱਘਰ ਦਖਾਣ ਕਹਿੰਦਾ, ”ਹੁਣ ਤਾਂ ਮਾੜਾ ਮੋਟਾ ਜਾ ਬੋਲਦਾ ਕੁਸ।”
ਬਾਬਾ ਕੁੰਢਾ ਸਿਉਂ ਕਹਿੰਦਾ, ”ਚੱਲੋ ਫ਼ਿਰ ਅੱਜ ਓਹਦਾ ਪਤਾ ਈ ਲਿਆਈਏ। ਉੱਠੋ ਯਾਰ ਚੱਲੀਏ।”
ਬਾਬੇ ਦਾ ਹੁਕਮ ਪਾਕੇ ਸਾਰੇ ਸੱਥ ਵਾਲੇ ਠੁੰਗ ਮਾਰਾਂ ਦੇ ਰੇਸ਼ਮ ਦਾ ਪਤਾ ਲੈਣ ਉਹਦੇ ਘਰ ਨੂੰ ਚੱਲ ਪਏ।

LEAVE A REPLY