3ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਅਗਲੇ ਹਫਤੇ 25 ਹੋਰ ਉਮੀਦਵਾਰਾਂ ਦਾ ਐਲਾਨ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ‘ਆਪ’ 32 ਉਮੀਦਵਾਰ ਐਲਾਨ ਚੁੱਕੀ ਹੈ। ਇਸ ਤਰ੍ਹਾਂ ‘ਆਪ’ 117 ਵਿੱਚੋਂ 57 ਸੀਟਾਂ ‘ਤੇ ਆਪਣੇ ਪੱਤੇ ਖੋਲ੍ਹ ਦੇਵੇਗੀ। ਇਸ ਦਾ ‘ਆਪ’ ਵੱਡਾ ਫਾਇਦਾ ਹੋਏਗਾ।
ਸੂਤਰਾਂ ਮੁਤਾਬਕ ‘ਆਪ’ ਦੇ ਮੁੱਖ ਦਫਤਰ ਵਿੱਚ ਉਮੀਦਵਾਰਾਂ ਦੀ ਇੰਟਰਵਿਊ ਚੱਲ ਰਹੀ ਹੈ। ਅਕਤੂਬਰ ਦੇ ਪਹਿਲੇ ਹਫ਼ਤੇ 25 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ‘ਆਪ’ ਦੀ ਇਹ ਤੀਜੀ ਸੂਚੀ ਹੋਏਗੀ। ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਤੇ ਸਹਿ-ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ, ਕੌਮੀ ਜਥੇਬੰਦਕ ਢਾਂਚੇ ਦੇ ਮੁਖੀ ਦੁਰਗੇਸ਼ ਪਾਠਕ, ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਤੇ ਸੰਸਦ ਮੈਂਬਰ ਤੇ ਪ੍ਰਚਾਰ ਕਮੇਟੀ ਦੇ ਮੁਖੀ ਭਗਵੰਤ ਮਾਨ ਮੁੱਖ ਤੌਰ ’ਤੇ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਛੋਹਾਂ ਦੇ ਰਹੇ ਹਨ।
ਇਹ ਵੀ ਪਤਾ ਲੱਗਾ ਹੈ ਕਿ ਤੀਜੀ ਸੂਚੀ ਵਿੱਚ ਵੀ ਮੁੱਖ ਆਗੂਆਂ ਵਿੱਚੋਂ ਕਿਸੇ ਦਾ ਨਾਂ ਨਹੀਂ ਐਲਾਨਿਆ ਜਾਵੇਗਾ। ਇਸ ਨੂੰ ‘ਆਪ’ ਦੀ ਰਣਨੀਤੀ ਸਮਝਿਆ ਜਾ ਰਿਹਾ ਹੈ। ‘ਆਪ’ ਵਿਰੋਧੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ ਦੀ ਉਡੀਕ ਕਰ ਰਹੀ ਹੈ। ਪਾਰਟੀ ਆਪਣੇ ਵੱਡੇ ਲੀਡਰਾਂ ਨੂੰ ਵਿਰੋਧੀ ਪਾਰਟੀਆਂ ਦੇ ਵੱਡੇ ਲੀਡਰਾਂ ਦੇ ਮੁਕਾਬਲੇ ਮੈਦਾਨ ਵਿੱਚ ਉਤਾਰਨ ਦੀ ਰਣਨੀਤੀ ਘੜ ਰਹੀ ਹੈ। ਇਸ ਤੋਂ ਇਲਾਵਾ ਪਾਰਟੀ ਦਾ ਮੰਨਣਾ ਹੈ ਕਿ ਮੁੱਖ ਆਗੂਆਂ ਨੂੰ ਹੁਣੇ ਟਿਕਟਾਂ ਦੇਣ ਨਾਲ ਉਹ ਆਪਣੇ ਹਲਕਿਆਂ ਵਿੱਚ ਸਰਗਰਮ ਹੋ ਜਾਣਗੇ। ਇਸ ਨਾਲ ਰਾਜ ਪੱਧਰੀ ਪ੍ਰਚਾਰ ਨੂੰ ਢਾਹ ਲੱਗ ਸਕਦੀ ਹੈ।

LEAVE A REPLY