walia-bigਰਾਜ ਠਾਕਰੇ ਦੀ ਪਾਰਟੀ ਮਹਾਂਰਾਸ਼ਟਰ ਨਵਨਿਰਮਾਣ ਸੈਨਾ ਨੇ ਬੌਲੀਵੁੱਡ ਵਿੱਚ ਪਾਕਿਸਤਾਨੀ ਕਲਾਕਾਰਾਂ ਬਾਰੇ ਜੋ ਚਿਤਾਵਨੀ ਅਤੇ ਨਫ਼ਰਤ ਭਰੀ ਟਿੱਪਣੀ ਕੀਤੀ ਹੈ, ਉਸਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਤੂਫ਼ਾਨ ਜਿਹਾ ਆ ਗਿਆ ਹੈ। ਮਹਾਰਾਸ਼ਟਰ ਦੇ ਠਾਕਰੇ ਪਰਿਵਾਰ ਲਈ ਇਹ ਕੋਈ ਨਵੀਂ ਗੱਲ ਨਹੀਂ, ਕਦੇ ਉਹ ਪਾਕਿਸਤਾਨੀ ਕ੍ਰਿਕਟ ਨੂੰ ਭਾਰਤ ਅਤੇ ਵਿਸ਼ੇਸ਼ ਤੌਰ ‘ਤੇ ਮੁੰਬਈ ਵਿੱਚੋਂ ਖੇਡਣ ਤੋਂ ਰੋਕਣ ਲਈ ਵੰਗਾਰਦਾ ਸੀ। ਇਹਨਾਂ ਕਰਕੇ ਗੁਲਾਮ ਅਲੀ ਦਾ ਪ੍ਰੋਗਰਾਮ ਵੀ ਰੱਦ ਹੋਇਆ ਸੀ। ਜਦੋਂ ਵੀ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅੱਤਵਾਦੀ ਸੰਗਠਨਾਂ ਵੱਲੋਂ ਕੋਈ ਐਕਸ਼ਨ ਕੀਤਾ ਗਿਆ ਤਾਂ ਅਜਿਹੀ ਮੰਗ ਉਠਦੀ ਰਹੀ ਹੈ। ਅਜਿਹਾ ਕਾਰਗਿਲ ਯੁੱਧ ਤੋਂ ਬਾਅਦ ਵੀ ਹੋਇਆ। ਅਜਿਹਾ ਪਾਰਲੀਮੈਂਟ ਦੇ ਹਮਲੇ ਤੋਂ ਬਾਅਦ ਵੀ ਹੋਇਟਾ ਅਤੇ ਅਜਿਹਾ ਬੰਬੇ ਦੇ ਤਾਜ ਹੋਟਲ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਵੀ ਹੋਇਆ ਸੀ। ਅਜਿਹੀਆਂ ਘਟਨਾਵਾਂ ਤੋਂ ਬਾਅਦ ਆਮ ਲੋਕਾਂ ਵਿੱਚ ਗੁੱਸਾ ਹੋਣਾ ਤਾਂ ਸੁਭਾਵਿਕ ਹੁੰਦਾ ਹੈ। ਰਹਿੰਦੀ ਕਸਰ ਦੋਵੇਂ ਦੇਸ਼ਾਂ ਦੇ ਟੀ. ਵੀ. ਚੈਨਲ ਪੂਰੀ ਕਰ ਦਿੰਦੇ ਹਨ। ਇਹਨਾਂ ਚੈਨਲਾਂ ਦੀ ਟੀ. ਆਰ. ਪੀ. ਵਧਾਉਣ ਦੀ ਚਾਹਤ ਦੋਵੇਂ ਦੇਸ਼ਾਂ ਦੇ ਆਮ ਲੋਕਾਂ ਨੂੰ ਇੱਕ ਦੂਜੇ ਪ੍ਰਤੀ ਨਫ਼ਰਤ ਦੇ ਬੀਜ ਬੀਜਣ ਦਾ ਕੰਮ ਕਰਦੀ ਹੈ। ਅੱਜਕਲ੍ਹ ਇਹ ਲੜਾਈ ਸਿਰਫ਼ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਟੀ. ਵੀ. ਚੈਨਲਾਂ ਦੀ ਨਹੀ ਸਗੋਂ ਇਸ ਸੋਸ਼ਲ ਮੀਡੀਆ ਵੀ ਅਹਿਮ ਭੂਮਿਕਾ ਨਿਭਾਉਣ ਲੱਗਾ ਹੈ। ਮਹਾਰਾਸ਼ਟਰ ਨਵਨਿਰਮਾਣ ਸੈਨਾ ਦੀ ਟਿੱਪਣੀ ਨਾਲ ਦੇਸ਼ ਵਿੱਚ ਇੱਕ ਤਰ੍ਹਾਂ ਨਾਲ ਸਿਆਸੀ ਘਮਸਾਣ ਮੱਚ ਗਿਆ ਹੈ। ਇੱਕ ਪਾਸੇ ਪਾਕਿਸਤਾਨੀ ਕਲਾਕਾਰਾਂ ਦੇ ਹੱਕ ਵਿੱਚ ਬਹੁਤ ਸਾਰੇ ਲੋਕ ਮੈਦਾਨ ਵਿੱਚ ਨਿਤਰ ਕੇ ਆਏ ਹਨ, ਦੂਜੇ ਪਾਸੇ ਪਾਕਿਸਤਾਨੀ ਕਲਾਕਾਰਾਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਵੀ ਖੂਬ ਸਰਗਰਮ ਹਨ। ਪਾਕਿਸਤਾਨੀ ਕਲਾਕਾਰਾਂ ਦੇ ਹੱਕ ਵਿੱਚ ਬੋਲਣ ਵਾਲੇ ਲੋਕਾਂ ਦਾ ਤਰਕ ਹੈ ਕਿ ਕਲਾਕਾਰ ਸਾਫ਼ਟ ਟਾਰਗੇਟ ਹੁੰਦੇ ਹਨ ਅਤੇ ਰਾਜ ਠਾਕਰੇ ਵਰਗੇ ਨੇਤਾ ਹਮੇਸ਼ਾ ਇਹਨਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਹਨ। ਦੂਜੇ ਪਾਸੇ ਵੱਡੇ ਵੱਡੇ ਵਪਾਰੀ ਜੋ ਦੋਵੇਂ ਦੇਸ਼ਾਂ ਵਿੱਚ ਆਯਾਤ-ਨਿਰਯਾਤ ਦਾ ਕੰਮ ਕਰਦੇ ਹਨ, ਉਹਨਾਂ ਦੇ ਵਿਰੁੱਧ ਕੋਈ ਨਹੀਂ ਬੋਲਦਾ, ਨਾ ਹੀ ਉਹਨਾਂ ਕੰਪਨੀਆਂ ਦੇ ਖਿਲਾਫ਼ ਇੱਕ ਲਫ਼ਜ਼ ਵੀ ਕਿਹਾ ਜਾਂ ਲਿਖਿਆ ਜਾਂਦਾ ਹੈ ਜੋ ਪਾਕਿਸਤਾਨ ਵਿੱਚ ਬਿਜਲੀ ਅਤੇ ਬੰਨ੍ਹ ਬਣਾ ਰਹੀਆਂ ਹਨ। ਰਾਜ ਠਾਕਰ ਦੇ ਚੇਲੇ ਚਾਟੜੇ ਸਸਤੀ ਸ਼ੋਹਰਤ ਹਾਸਲ ਕਰਨ ਲਈ ਕਲਾਕਾਰਾਂ ਅਤੇ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ।
ਸੋਸ਼ਲ ਮੀਡੀਆ ‘ਤੇ ਭਾਰਤ ਦੇ ਕੌਮੀ ਚੈਨਲ ਦੇ ਖਿਲਾਫ਼ ਵੀ ਲਿਖਿਆ ਗਿਆ ਹੈ। ਜ਼ੀ ਦੇ ਮਾਲਕ ਸੁਭਾਸ਼ ਚੰਦਰਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਗਿਆ ਹੈ ਕਿ ਇੱਕ ਪਾਸੇ ਤਾਂ ਉਹ ਕਸ਼ਮੀਰ ਵਿੱਚ ਪਾਕਿਸਤਾਨ ਤੋਂ ਸਿਖਲਾਈ ਪ੍ਰਾਪਤ ਅੱਤਵਾਦੀਆਂ ਦੇ ਕਾਰਨਾਮਿਆਂ ਖਿਲਾਫ਼ ਵੱਡੀਆਂ ਬਹਿਸਾਂ ਨੂੰ ਦਿਖਾਉਂਦੇ ਹਨ, ਦੂਜੇ ਪਾਸੇ ਪਾਕਿਸਤਾਨ ਵਿੱਚ ਬਣੇ ਪ੍ਰੋਗਰਾਮਾਂ ਨੂੰ ਆਪਣੇ ਜ਼ਿੰਦਗੀ ਚੈਨਲ ਉਤੇ ਚਲਾਉਂਦੇ ਹਨ। ਸੁਭਾਸ਼ ਚੰਦਰਾ ਭਾਰਤੀ ਜਨਤਾ ਪਾਰਟੀ ਦੀ ਮਦਦ ਨਾਲ ਹਰਿਆਣਾ ਤੋਂ ਰਾਜ ਸਭਾ ਲਈ ਚੁਣੇ ਗਏ ਹਨ। ਉਹਨਾਂ ਦੀ ਚੋਣ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਈ ਸੀ, ਜਦੋਂ ਉਹਨਾਂ ਵਿਰੁੱਧ ਜਾਣ ਵਾਲੀਆਂ ਕਾਂਗਰਸੀ ਵਿਧਾਇੱਕਾਂ ਦੀਆਂ 14 ਵੋਟਾਂ ਗਲਤ ਰੰਗ ਦੀ ਸਿਆਹੀ ਵਰਤਣ ਕਾਰਨ ਰੱਦ ਹੋ ਗਈਆਂ ਸਨ। ਜਦੋਂ ਸੋਸ਼ਲ ਮੀਡੀਆ ‘ਤੇ ਹੋ ਰਹੇ ਜ਼ੀ ਵਿਰੋਧੀ ਪ੍ਰਚਾਰ ਬਾਰੇ ਸੁਭਾਸ਼ ਚੰਦਰਾ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਟਵਿਟਰ ‘ਤੇ ਲਿਖਿਆ ਕਿ ਮੀਆਂ ਸ਼ਰੀਫ਼ ਨੇ ਜੋ ਕੁਝ ਸੰਯੁਕਤ ਰਾਸ਼ਟਰ ਵਿੱਚ ਕਿਹਾ ਹੈ, ਉਹ ਬਹੁਤ ਦੁਖਦਾਈ ਹੈ। ਜ਼ੀ ਗਰੁੱਪ ਜ਼ਿੰਦਗੀ ਚੈਨਲ ਉਤੇ ਵਿਖਾਏ ਜਾਂਦੇ ਪਾਕਿਸਤਾਨੀ ਪ੍ਰੋਗਰਾਮ ਬੰਦ ਕਰਨ ਬਾਰੇ ਸੋਚ ਰਿਹਾ ਹੈ। ਉਹਨਾਂ ਨੇ ਵੀ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਛੱਡਣ ਦੀ ਸਲਾਹ ਦੇ ਛੱਡੀ।
ਮਹਾਂਰਾਸ਼ਟਰ ਨਵਨਿਰਮਾਣ ਸੈਨਾ ਨੇ ਭਾਰਤੀ ਨਦੀਆਂ ਤੋਂ ਪਾਕਿਸਤਾਨ ਨੂੰ ਛੱਡੇ ਜਾ ਰਹੇ ਪਾਣੀ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਸੈਨਾ ਦੇ ਲੋਕਾਂ ਦਾ ਕਹਿਣਾ ਹੈ ਕਿ ਅਗਰ ਇਹ ਨਦੀਆਂ ਪਾਕਿਸਤਾਨ ਤੋਂ ਹਿੰਦੁਸਤਾਨ ਵੱਲ ਆ ਰਹੀਆਂ ਹੁੰਦੀਆਂ ਤਾਂ ਇਹਨਾਂ ਦੇ ਪਾਣੀ ਦੀ ਬਜਾਇ ਜ਼ਹਿਰ ਹੋਣਾ ਸੀ। ਉਹਨਾਂ ਦੀ ਇਹ ਵੀ ਦਲੀਲ ਹੈ ਕਿ ਪਾਣੀ ਦੀ ਕਮੀ ਕਾਰਨ ਪਾਕਿਸਤਾਨ ਦੇ ਕਰੋੜਾਂ ਲੋਕ ਜਦੋਂ ਪਿਆਸ ਅਤੇ ਭੁੱਖ ਨਾਲ ਮਰਨਗੇ ਤਾਂ ਉਸਨੂੰ ਅਕਲ ਆਵੇਗੀ। ਸ਼ਾਹਰੁਖ ਖਾਨ, ਕਰਨ ਜੌਹਰ, ਮਹੇਸ਼ ਭੱਟ ਆਦਿ ਅਨੇਕਾਂ ਕਲਾਕਾਰ, ਗਾਇੱਕ ਅਤੇ ਖਿਡਾਰੀ ਤਾਂ ਪਹਿਲਾਂ ਹੀ ਸੈਨਾ ਦੀ ਹਿੱਟ ਲਿਸਟ ਵਿੱਚ ਸ਼ਾਮਲ ਹਨ, ਹੁਣ ਇਸ ਵਿੱਚ ਟਾਇਮਜ਼ ਨਾਂ ਵਾਲਾ ਅਨਰਯ ਗੋਸਵਾਮੀ ਵੀ ਆ ਗਿਆ ਹੈ ਕਿਵੁਂਕਿ ਗੋਸਵਾਮੀ ਨੇ ਆਪਣੇ ਚੈਨਲ ਵਿੱਚ ਪਾਕਿਸਤਾਨੀ ਕਲਾਕਾਰਾਂ ਦੇ ਹੱਕ ਵਿੱਚ ਗੰਲ ਕਹੀ ਸੀ। ਹਿੰਦੁਸਤਾਨ ਵਿੱਚ ਉਹਨਾਂ ਲੋਕਾਂ ਨੂੰ ਸੋਸ਼ਲ ਮੀਡੀਆ ਉਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਪਾਕਿਸਤਾਨੀ ਕਲਾਕਾਰਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਹਨ। ਕੁਝ ਲੋਕਾਂ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਫ਼ਿਲਮਾਂ ਦਾ ਬਾਈਕਾਟ ਕਰਨਗੇ, ਜਿਹਨਾਂ ਵਿੱਚ ਕੋਈ ਵੀ ਪਾਕਿਸਤਾਨੀ ਕਲਾਕਾਰ ਕੰਮ ਕਰੇਗਾ। ਬੌਲੀਵੁੱਡ ਦੀ ਇੱਕ ਫ਼ਿਲਮ ‘ਕੈਲੰਡਰ ਗਰਲਜ਼’ ਵਿੱਚ ਇਸ ਸਮੱਸਿਆ ਨੂੰ ਦਿਖਾਇਆ ਵੀ ਗਿਆ ਸੀ।
ਰਾਜ ਠਾਕਰੇ ਦੀ ਸੈਨਾ ਨੇ ਬੌਲੀਵੁੱਡ ਦੇ ਜਿਹਨਾਂ ਸਿਤਾਰਿਆਂ ਦੇ ਖਿਲਾਫ਼ ਚਿਤਾਵਨੀ ਜਾਰੀ ਕੀਤੀ ਹੈ, ਉਹਨਾ ਵਿੱਚ ਫ਼ਾਵੇਡ ਖਾਨ, ਅਲੀ ਜਫ਼ਰ, ਮਹੀਰਾ ਖਾਨ, ਆਤੀਫ਼ ਅਸਲਮ ਅਤੇ ਰਾਹਤ ਫ਼ਤਿਹ ਅਲੀ ਖਾਂ ਆਦਿ ਸ਼ਾਮਲ ਹਨ। ਫ਼ਾਵਡ ਖਾਨ ਲਾਹੌਰ ਵਿੱਚ ਪੈਦਾ ਹੋਇਆ ਅਜਿਹਾ ਗਾਇੱਕ, ਮਾਡਲ ਅਤੇ ਐਕਟਰ ਹੈ, ਜਿਸਨੇ ਪਾਕਿਸਤਾਨੀ ਟੀ. ਵੀ. ਸੀਰੀਅਲਾਂ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਬੌਲੀਵੁੱਡ ਵਿੱਚ ਫ਼ਿਲਮ ਖੂਬਸੂਰਤੀ ਨਾਲ ਦਾਖਲਾ ਲਿਆ ਸੀ। ਅੱਜਕਲ੍ਹ ਉਹ ਕੈਟਰੀਨਾ ਕੈਫ਼ ਦੇ ਨਾਲ ਕਰਨ ਜੌਹਰ ਦੀ ਫ਼ਿਲਮ ‘ਰਾਤ ਬਾਕੀ’ ਕਰ ਰਿਹਾ ਹੈ।ਇਸ ਤੋਂ ਇਲਾਵਾ ਵੀ ਉਸ ਕੋਲ ਬੌਲੀਵੁੱਡ ਦੇ ਕਈ ਪ੍ਰਾਜੈਕਟ ਹਨ। ਅਲੀ ਜਾਫ਼ਰ ਵੀ ਲਾਹੌਰ ਵਿੱਚ ਪੈਦਾ ਹੋਇਆ ਸੰਗੀਤਕਾਰ, ਗਾਇੱਕ ਅਤੇ ਐਕਟਰ ਹੈ। ਉਸਨੇ ਕਈ ਪਾਕਿਸਤਾਨੀ ਫ਼ਿਲਮਾਂ ਅਤੇ ਟੀ. ਵੀ. ਸੀਰੀਅਲ ਕਰਨ ਤੋਂ ਬਾਅਦ ਅਭਿਸ਼ੇਕ ਸ਼ਰਮਾ ਦੀ ਨਿਰਦੇਸ਼ਨਾਂ ਵਿੱਚ ਬਣੀ ‘ਤੇਰੇ ਬਿਨ ਲਾਦੇਨ’ ਵਿੱਚ ਲੀਡ ਰੋਲ ਕੀਤਾ ਸੀ। ਉਸ ਤੋਂ ਅਲੀ ਜਾਫ਼ਰ ਕੋਲ ਵੀ ਕਈ ਬੌਲੀਵੁੱਡ ਫ਼ਿਲਮਾਂ ਹਨ। ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਪੈਦਾ ਹੋਈ ਮਹੀਰਾ ਖਾਨ ਜੋ ਅਜੇ ਆਪਣੀ ਪਹਿਲੀ ਬੌਲੀਵੁੱਡ ਫ਼ਿਲਮ ਕਰ ਰਹੀ ਹੈ, ਨੂੰ ਵੀ ਸੈਨਾ ਦੀ ਨਫ਼ਰਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਾਿਕਸਤਾਨੀ ਪੰਜਾਬ ਦੇ ਵਜ਼ੀਰਾਬਾਦ ਦੇ ਰਹਿਣ ਵਾਲਾ ਮੁਹੰਮਦ ਅਵੀਫ਼ ਅਸਲਮ ਜੋ ਕ੍ਰਿਕਟਰ ਤੋਂ ਕਲਾਕਾਰ ਬਣਿਆ, ਉਹਨਾਂ ਕਲਾਕਾਰਾਂ ਵਿੱਚੋਂ ਇੱਕ ਹੈ, ਜਿਹਨਾਂ ਨੂੰ ਭਾਰਤ ਵਿੱਚ ਕੰਮ ਕਰਨ ਤੋਂ ਰੋਕਣ ਲਈ ਚਿਤਾਵਨੀ ਮਿਲੀ ਹੈ। ਨੁਸਰਤ ਫ਼ਤਿਹ ਖਾਨ ਦਾ ਭਤੀਜਾ ਅਤੇ ਕਵਾਲੀ ਸਮਰਾਟ ਫ਼ਤਿਹ ਅਲੀ ਖਾਂ ਦਾ ਪੋਤਾ ਹੈ। ਰਾਹਤ ਵੀ ਸੈਨਾ ਦੇ ਨਿਸ਼ਾਨੇ ‘ਤੇ ਹੈ।
ਇੱਥੇ ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਪਾਕਿਸਤਾਨ ਦੇ ਹਰ ਕਲਾਕਾਰ ਦਾ ਸੁਪਨਾ ਹੁੰਦਾ ਹੈ ਕਿ ਉਹ ਬਾਲੀਵੁੱੜ ਸਟਾਰ ਬਣੇ। ਬੌਲੀਵੁੱਡ ਸਟਾਰ ਪਾਕਿਸਤਾਨ ਵਿੱਚ ਬਹੁਤ ਪਾਪੂਲਰ ਹਨ। ਜਿਵੇਂ ਹਿੰਦੁਸਤਾਨ ਵਿੱਚ ਜ਼ਿੰਦਗੀ ਚੈਨਲ ਦੇ ਪਾਕਿਸਤਾਨੀ ਸੀਰੀਅਲ ਬਹੁਤ ਹਰਮਨ ਪਿਆਰੇ ਹਨ, ਉਸੇ ਤਰ੍ਹਾਂ ਪਾਕਿਸਤਾਨ ਵਿੱਚ ਭਾਰਤੀ ਟੀ. ਵੀ. ਸੀਰੀਅਲ ਨਾ ਸਿਰਫ਼ ਪਾਪੂਲਰ ਹਨ, ਬਲਕਿ ਉਹਨਾਂ ਉਪਰ ਹਰ ਪੱਧਰ ਉਤੇ ਪ੍ਰਭਾਵ ਪਾਉਣ ਵਿੱਚ ਕਾਮਯਾਬ ਹਨ। ਭਾਰਤੀ ਫ਼ਿਲਮਾਂ ਦੇ ਤਾਂ ਪਾਕਿਸਤਾਨੀ ਦੀਵਾਨੇ ਹਨ। ਸ਼ਾਹਰੁਖ ਖਾਨ, ਸਲਮਾਨ ਖਾਂ, ਅਮੀਰ ਖਾਂ ਅਤੇ ਹੋਰ ਭਾਰਤੀ ਹੀਰੋ ਪਾਕਿਸਤਾਨੀਆਂ ਦੇ ਵੀ ਹੀਰੋ ਹਨ। ਪਾਕਿਸਤਾਨੀ ਸ਼ਾਦੀਆਂ ਅਤੇ ਵਿਆਹਾਂ ਵਿੱਚ ਭਾਰਤੀ ਖਾਣੇ ਅਤੇ ਗਾਣੇ ਬਹੁਤ ਮਕਬੂਲ ਹਨ। ਮੈਂ ਅਨਾਰਕਲੀ ਬਾਜ਼ਾਰ ਵਿੱਚੋਂ ਤੁਰੇ ਜਾਂਦੇ ਗੁਰਦਾਸ ਮਾਨ ਅਤੇ ਮਲਕੀਤ ਨੂੰ ਸੁਣਿਆ ਹੈ। ਦੋਵੇ ਦੇਸ਼ਾਂ ਦੇ ਸਿਆਸੀ ਰਿਸ਼ਤਿਆਂ ਤੋਂ ਉਪਰ ਉਠ ਕੇ ਕਲਾਕਾਰਾਂ ਨੇ ਇਥ ਕਲਾ ਦਾ ਪੁਲ ਉਸਾਰਿਆ ਹੋਇਆ ਹੈ। ਇਸੇ ਕਾਰਨ ਬਹੁਤ ਸਾਰੇ ਸਾਿਹਤਕਾਰ, ਕਲਾਕਾਰ, ਸੰਗੀਤਕਾਰ ਅਤੇ ਅਦਾਕਾਰ ਠਾਕਰੇ ਦੀ ਚਿਤਾਵਨੀ ਦਾ ਵਿਰੋਧ ਕਰ ਰਹੇ ਹਨ। ਕੁਝ ਸਿਆਸੀ ਲੋਕਾਂ ਨੇ ਇਸ ਪੱਖੋਂ ਰਾਜ ਠਾਕਰੇ ਵਿਰੁੱਧ ਆਵਾਜ਼ ਉਠਾਈ ਹੈ। ਜਿਵੇਂ ਸਮਾਜਵਾਦੀ ਪਾਰਟੀ ਦੇ ਐਮ. ਐਲ. ਏ. ਅਬੂ ਅਸੀਮ ਆਜਮੀ ਨੇ ਕਿਹਾ ਕਿ ਰਾਜ ਠਾਕਰੇ ਨੂੰ ਪਾਕਿਸਤਾਨੀ ਕਲਾਕਾਰਾਂ ਨੂੰ ਅਲਟੀਮੇਟਮ ਜਾਂ ਆਖਰੀ ਚਿਤਾਵਨੀ ਦੇਣ ਤੋਂ ਪਹਿਲਾਂ ਦਿੱਲੀ ਵਿੱਚਲੀ ਪਾਕਿਸਤਾਨੀ ਅੰਬੈਸੀ ਬੰਦ ਕਰਾਉਣੀ ਚਾਹੀਦੀ ਹੈ। ਆਜ਼ਮੀ ਦਾ ਕਹਿਣਾ ਹੈ ਕਿ ਸਾਨੂੰ ਪਾਕਿਸਤਾਨੀ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ ਹੈ ਨਾ ਕਿ ਪਾਕਿਸਤਾਨੀ ਕਲਾਕਾਰਾਂ ਦਾ। ਪਾਕਿਸਤਾਨੀ ਕਲਾਕਾਰਾਂ ਦੇ ਹੱਕ ਵਿੱਚ ਲਿਖਣ ਵਾਲੇ ਇਹ ਵੀ ਦਲੀਲ ਦੇ ਰਹੇ ਹਨ ਕਿ ਉਹ ਭਾਰਤ ਆ ਕੇ ਜੋ ਵੀ ਕੰਮ ਕਰ ਰਹੇ ਹਨ, ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਰ ਰਹੇ ਹਨ। ਜੇਕਰ ਉਹਨਾਂ ਨੂੰ ਰੋਕਣਾ ਹੈ ਤਾਂ ਭਾਰਤ ਸਰਕਾਰ ਉਹਨਾਂ ਨੂੰ ਵੀਜ਼ੇ ਨਾ ਦੇਵੇ। ਉਹਨਾਂ ਨੂੰ ਕਾਨੁੰਨੀ ਤੌਰ ‘ਤੇ ਹੀ ਰੋਕਣਾ ਬਣਦਾ ਹੈ।
ਸੋਸ਼ਲ ਮੀਡੀਆ ਉਤੇ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਮਹਾਰਾਸ਼ਟਰ ਸਰਕਾਰ ਨੂੰ ਕਿਹਾ ਹੈ ਕਿ ਸਰਕਾਰ ਪਾਕਸਿਤਾਨੀ ਕਲਾਕਾਰਾਂ ਨੂੰ ਧਮਕਾਉਣ ਵਾਲੇ ਲੋਕਾਂ ਦੇ ਖਿਲਾਫ਼ ਕਾਰਵਾਈ ਕਰੇ। ਦੂਜੇ ਪਾਸੇ ਪਾਕਿਸਤਾਨੀ ਕਲਾਕਾਰਾਂ ਦਾ ਵਿਰੋਧ ਕਰਨ ਵਾਲੇ ਲੋਕਾਂ ਦੇ ਵੀ ਕੁਝ ਤਰਕ ਹਨ। ਅਜਿਹੇ ਲੋਕਾਂ ਦੀ ਇੱਕ ਦਲੀਲ ਹੈ ਕਿ ਪਾਕਿਸਤਾਨੀ ਕਲਾਕਾਰ ਹਿੰਦੁਸਤਾਨ ਵਿੱਚੋਂ ਕਮਾਈ ਕਰਕੇ ਸਾਰੀ ਦੌਲਤ ਪਾਕਿਸਤਾਨ ਲੈ ਜਾਂਦੇ ਹਨ। ਪਾਕਿਸਤਾਨੀ ਸਰਕਾਰ ਨੂੰ ਟੈਕਸ ਵਜੋਂ ਕਮਾਈ ਹੁੰਦੀ ਹੈ, ਉਸੇ ਕਮਾਈ ਵਿੱਚੋਂ ਪਾਕਿਸਤਾਨੀ ਸਰਕਾਰ ਅੱਤਵਾਦੀਆਂ ਨੂੰ ਹਕਿਆਰਾਂ ਨਾਲ ਮਦਦ ਕਰਦੀ ਹੈ। ਦੂਜੀ ਦਲੀਲ ਇਹ ਹੈ ਕਿ ਪਾਕਿਸਤਾਨੀ ਸਰਕਾਰ ਭਾਰਤੀ ਕਲਾਕਾਰਾਂ ਨੂੰ ਪਾਕਿਸਤਾਨ ਵਿੱਚ ਕੰਮ ਕਰਨ ਦੀ ਆਗਿਆ ਨਹੀਂ ਦਿੰਦੀ। ਇੱਕ ਹੋਰ ਤਰਕ ਵੀ ਦਿੱਤਾ ਜਾਂਦਾ ਹੈ ਕਿ ਭਾਰਤ ਵਿੱਚੋੱ ਦੌਲਤ ਅਤੇ ਸ਼ੋਹਰਤ ਕਮਾਉਣ ਵਾਲੇ ਕਲਾਕਾਰ ਅੱਤਵਾਦ ਦੇ ਖਿਲਾਫ਼ ਆਵਾਜ਼ ਬੁਲੰਦ ਨਹੀਂ ਕਰਦੇ। ਉਹਨਾਂ ਦਾ ਕਹਿਣਾ ਹੈ ਕਿ ਅਨਪਮ ਖੇਰ, ਅਭਿਜੀਤ ਅਤੇ ਅਸ਼ੋਕ ਪੰਡਤ ਵਾਂਗ ਪਾਕਿਸਤਾਨੀ ਕਲਾਕਾਰਾਂ ਨੂੰ ਵੀ ਅੱਤਵਾਦ ਵਿਰੁੱਧ ਉਚੀ ਸੁਰ ਵਿੱਚ ਬੋਲਣਾ ਚਾਹੀਦਾ ਹੈ।
ਸੋਸ਼ਲ ਮੀਡੀਆ ਚੱਲ ਰਹੀ ਬਹਿਸ ਨੇ ਹਰ ਚੇਤੰਨ ਨਾਗਰਿਕ ਦਾ ਧਿਆਨ ਖਿੱਚਿਆ ਹੈ। ਇੱਕ ਗੱਲ ਤਾਂ ਸਾਫ਼ ਹੈ ਕਿ ਕੋਈ ਅੱਤਵਾਦੀ ਕਾਰਵਾਈ ਦੇ ਹੱਕ ਵਿੱਚ ਨਹੀਂ ਹੈ। ਲੱਗਭੱਗ ਸਾਰੇ ਲੋਕਾਂ ਨੇ ਪਾਕਿਸਤਾਨ ਦੀ ਕਸ਼ਮੀਰ ਵਿੱਚ ਹੋ ਰਹੀ ਦਖਲਅੰਦਾਜ਼ੀ ਨੂੰ ਨਿੰਦਿਆ ਹੈ। ਪਰ ਸਵਾਲ ਖੜ੍ਹਾ ਇਹ ਕੀਤਾ ਹੈ ਕਿ ਰਾਜ ਠਾਕਰੇ ਦੀ ਸੈਨਾ ਵੱਲੋਂ ਦਿੱਤੀ ਚਿਤਾਵਨੀ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ ਕਿ ਨਹੀਂ। ਇੱਕ ਗੱਲ ਹੋਰ ਵੀ ਸਾਫ਼ ਹੈ ਕਿ ਦੋਵੇਂ ਦੇਸ਼ ਬਿਜਲਈ ਮਾਧਿਅਮ ਆਪਣੇ ਆਪਣੇ ਦੇਸ਼ ਦੇ ਲੋਕਾਂ ਵਿੱਚ ਸ਼ਾਂਤੀ ਸੁਨੇਹਾ ਦੇਣ ਦੀ ਬਜਾਏ ਵੱਡੀਆਂ ਵੱਡੀਆਂ ਦਲੀਲਾਂ ਨਾਲ ਆਪਣੇ ਆਪਦੇ ਦੇਸ਼ ਦੇ ਸਟੈਂਡ ਨੂੰ ਜਾਇਜ਼ ਠਹਿਰਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਇਹ ਟੀ. ਵੀ. ਚੈਨਲ ਆਪਣੀਆਂ ਬਹਿਸਾਂ ਵਿੱਚ ਅਜਿਹੀ ਭੜਕਾਊ ਸ਼ਬਦਾਵਲੀ ਵਰਤਦੇ ਹਨ, ਜਿਸ ਨਾਲ ਆਮ ਦਰਸ਼ਕ ਦਾ ਉਤੇਜਕ ਹੋ ਜਾਣਾ ਸੁਭਾਵਿਕ ਹੋ ਜਾਂਦਾ ਹੈ। ਨਤੀਜੇ ਵਜੋਂ ਦੇਸ਼ ਭਗਤੀ ਦੀ ਆੜ ਵਿੱਚ ਨਫ਼ਰਤ ਅਤੇ ਅਸ਼ਾਂਤੀ ਦੇ ਬੀਜ ਬੀਜੇ ਜਾ ਰਹੇ ਹਨ। ਹਰ ਸਿਆਣਾ ਅਤੇ ਸ਼ਾਂਤੀ ਪਸੰਦ ਨਾਗਰਿਕ ਇਸ ਨੂੰ ਲੈ ਕੇ ਚਿੰਤਤ ਹੈ। ਇਸ ਤਰ੍ਹਾਂ ਦੀ ਚਿੰਤਾ ਜ਼ਾਹਿਰ ਕਰਨ ਵਾਲੇ ਲੋਕ ਦੋਵੇਂ ਪਾਸੇ ਮੋਜੂਦ ਹਨ। 2005 ਵਿੱਚ ਮੈਂ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਵਿੱਚ ਲੈਕਚਰ ਦੇ ਰਿਹਾ ਸੀ। ਜਦੋਂ ਮੈਂ ਕਿਹਾ ਕਿ ਮੈਂ ਤਾਂ ਮੁਹੱਬਤ ਦਾ ਸੁਨੇਹਾ ਲੈ ਕੇ ਦੂਜੇ ਪੰਜਾਬ ਤੋਂ ਆਇਆ ਹਾਂ। ਮੇਰੀ ਗੱਲ ਸੁਣ ਕੇ ਇੱਕ ਵਿਦਿਆਰਥੀ ਉਠਿਆ ਅਤੇ ਕਹਿਣ ਲੱਗਾ,10 ਲੱਖ ਲੋਕ ਮਰਵਾ ਕੇ ਪਾਕਸਿਤਾਨ ਲਿਆ, ਤੁਸੀਂ ਮੁਹੱਬਤ ਦੀ ਗੱਲ ਕਰ ਰਹੇ ਹੋ। ਉਸਦੀ ਗੱਲ ਸੁਣ ਕੇ ਮੈਨੂੰ ਹੈਰਾਨੀ ਹੋਈ, ਮੈਂ ਕਿਹਾ, ਅਸੀਂ ਸ਼ਬਦਾਂ ਦੇ ਕਲਾਕਾਰ ਹਾਂ, ਸਾਡੇ ਕੋਲ ਤਾਂ ਮੁਹੱਬਤ ਦੇ ਸ਼ਬਦ ਹੀ ਹਨ। ਸਿਆਸਤ ਦੀਆਂ ਗੱਲਾਂ ਸਿਆਸਤਦਾਨ ਸਮਝਣ ਅਤੇ ਕਰਨ। ਅਜਿਹੀ ਗੱਲ ਮੈਂ ਆਪਣੇ ਉਹਨਾ ਮਿੱਤਰਾਂ ਨੂੰ ਕਹਿ ਰਿਹਾ ਹਾਂ ਜੋ ਕਲਾਕਾਰਾਂ ਦੇ ਖਿਲਾਫ਼ ਹਨ। ਪਾਕਿਸਤਾਨ ਜੋ ਕਰ ਰਿਹਾ ਹੈ, ਉਸਦੀ ਨਿੰਦਾ ਕਰਨੀ ਚਾਹੀਦੀ ਹੈ। ਅਜਿਹੀਆਂ ਅੱਤਵਾਦੀ ਕਾਰਵਾਈਆਂ ਦੇ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਪਰ ਕਲਾਕਾਰਾਂ, ਸੰਗੀਤਕਾਰਾਂ, ਗਾਹਿਕਾਂ, ਖਿਡਾਰੀਆਂ ਅਤੇ ਸਾਹਿਤਕਾਰਾਂ ਦੇ ਕਾਫ਼ਲੇ ਵੱਲੋਂ ਉਸਾਰੇ ਜਾ ਰਹੇ ਮੁਹੱਬਤ ਅਤੇ ਸ਼ਾਂਤੀ ਦੇ ਪੁਲ ਨੂੰ ਵੀ ਢਾਹ ਦੇਣਾ ਬਹੁਤ ਖਤਰਨਾਕ ਹੋਵੇਗਾ।

LEAVE A REPLY