10ਓਟਾਵਾ :  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਆਪਣੇ ਕੈਬਨਿਟ ਮੰਤਰੀਆਂ ਵਲੋਂ ਕੀਤੇ ਜਾ ਰਹੇ ਵਾਧੂ ਖ਼ਰਚਿਆਂ ‘ਤੇ ਰੋਕ ਲਗਾਉਣ ਅਤੇ ਇਸ ਸੰਬੰਧ ਕੁਝ ਖਾਸ ਮਾਪਦੰਡ ਬਣਾਉਣ ਲਈ ਸਿਆਸੀ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ‘ਤੇ ਇਹ ਦਬਾਅ ਵਿਰੋਧੀ ਧਿਰ ਨਿਊ ਡੈਮੋਕਰੈਟ ਕਾਕਸ ਵਲੋਂ ਪਾਇਆ ਜਾ ਰਿਹਾ ਹੈ। ਇਸ ਬਾਰੇ ਐੱਨ. ਡੀ. ਪੀ. ਦੇ ਚੇਅਰ ਚਾਰਲੀ ਐੈਂਗਸ ਨੇ ਬੁੱਧਵਾਰ ਨੂੰ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਸਰਕਾਰ ਅੰਦਰ ਜਿਸ ਤਰ੍ਹਾਂ ਦੇ ਖੁੱਲ੍ਹੇਪਣ ਅਤੇ ਪਾਰਦਰਸ਼ਿਤਾ ਲਿਆਉਣ ਦੇ ਦਾਅਵੇ ਕਰਦੇ ਹਨ, ਉਹ ਹੁਣ ਕਿੱਥੇ ਹਨ। ਉਨ੍ਹਾਂ ਕਿਹਾ ਕਿ ਟਰੂਡੋ ਦੀ ਸਰਕਾਰ ਦਾ ਸਫ਼ਰ ਤਾਂ ਅਜੇ ਸ਼ੁਰੂ ਹੀ ਹੋਇਆ ਹੈ ਅਤੇ ਇਸ ਦੇ ਨਾਲ ਹੀ ਮੁਸ਼ਕਲਾਂ ਨੇ ਉਨ੍ਹਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਜੇਨ ਫਿਲਪੌਟ ਵਲੋਂ ਟੈਕਸ ਦਾਤਿਆਂ ਦੇ ਖ਼ਰਚੇ ‘ਤੇ ਲਿਮੋਜ਼ੀਨ ਦੀ ਸਵਾਰੀ ਕਰਨ ਦਾ ਸੱਚ ਹਾਊਸ ਆਫ ਕਾਮਨਜ਼ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਐੱਨ. ਡੀ. ਪੀ. ਨੇ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ। ਇਹੀ ਨਹੀਂ, ਇਸ ਗੱਲ ਦੀ ਜਾਣਕਾਰੀ ਵੀ ਸਾਹਮਣੇ ਆਈ ਸੀ ਕਿ ਫਿਲਪੌਟ ਨੇ ਉੱਤਰੀ ਅਮਰੀਕਾ ਅਤੇ ਯੂਰਪ ਦੇ ਕਈ ਹਵਾਈ ਅੱਡਿਆਂ ਦੇ ਏਅਰ ਕੈਨੇਡਾ ਪੈਸੈਂਜਰ ਲਾਊਂਜ ‘ਚ 520 ਡਾਲਰ ਵੀ ਹਾਸਲ ਕੀਤੇ ਸਨ। ਇਸ ਤੋਂ ਬਾਅਦ ਫਿਲਪੌਟ ਦੇ ਦਫਤਰ ਵਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਉਹ ਰਕਮ ਉਸ ਵਲੋਂ ਇਹ ਵਾਪਸ ਕਰ ਦਿੱਤੀ ਜਾਵੇਗੀ। ਸਿਹਤ ਮੰਤਰੀ ਫਿਲਪੌਟ ਦੇ ਨਾਲ-ਨਾਲ ਵਾਤਾਵਰਣ ਮੰਤਰੀ ਕੈਥਰੀਨਾ ਮੈਕੇਨਾ ਵੀ ਇਸ ਮਾਮਲੇ ‘ਚ ਘਿਰੀ ਹੋਈ ਹੈ। ਮੈਕੇਨਾ ‘ਤੇ ਇਹ ਦੋਸ਼ ਲੱਗਾ ਸੀ ਕਿ ਉਸ ਨੇ ਪੈਰਿਸ ‘ਚ ਹੋਈ ਇੱਕ ਕਾਨਫਰੰਸ ‘ਚ ਆਪਣੇ ਅਮਲੇ ਨਾਲ ਤਸਵੀਰਾਂ ਖਿਚਾਉਣ ‘ਤੇ ਹੀ 6,600 ਡਾਲਰ ਖ਼ਰਚ ਦਿੱਤੇ ਸਨ।

LEAVE A REPLY