sports-news-300x150ਗੋਲਾ ਸੁਟਾਵਾ ਇੰਦਰਜੀਤ ਸਿੰਘ ਰੀਓ ਤੇ ਪਹਿਲਵਾਨ ਨਰਸਿੰਘ ਯਾਦਵ ਦਾ ਵਿਵਾਦ ਸਭ ਦੇ ਸਾਹਮਣੇ ਹੈ। ਨਰਸਿੰਘ ਨੂੰ ਭਾਵੇਂ ਨਾਡਾ ਵਲੋਂ ਹਰੀ ਝੰਡੀ ਮਿਲ ਗਈ ਹੈ, ਪਰ ਉਸ ਦਾ ਓਲੰਪਿਕ ਵਿੱਚ ਖੇਡਣ ਦਾ ਖ਼ਦਸ਼ਾ ਬਰਕਰਾਰ ਹੈ। ਇਨ੍ਹਾਂ ਦੋਹਾਂ ਖਿਡਾਰੀਆਂ ਉੱਤੇ ਡੋਪ ਟੈੱਸਟ ਵਿੱਚ ਫ਼ੇਲ੍ਹ ਹੋਣ ਦੇ ਬੱਦਲ ਮੰਡਰਾਏ ਹੋਏ ਹਨ। ਹੋਰਨਾਂ ਨਸ਼ੇੜੀਆਂ ਨਾਲ ਅਨੇਕਾਂ ਖਿਡਾਰੀਆਂ ਨੂੰ ਡਰੱਗਾਂ ਨੇ ਡੱਸ ਲਿਆ ਹੈ। ਇਨ੍ਹਾਂ ਦਾ ਸੇਵਨ ਕਰਨ ਵਾਲੇ ਖਿਡਾਰੀ ਖੇਡ ਮੁਕਾਬਲਿਆਂ ‘ਚ ਜਿੱਤਾਂ ਜਿੱਤਣ ਪਿੱਛੋਂ ਢਿੱਲੇ ਤਾਂ ਪੈਂਦੇ ਹੀ ਹਨ, ਕਈ ਅਪਾਹਜ ਵੀ ਹੋ ਜਾਂਦੇ ਹਨ ਤੇ ਹਾਲਤ ਇਥੋਂ ਤਕ ਪਹੁੰਚ ਗਈ ਹੈ ਕਿ ਕਈਆਂ ਦੀਆਂ ਜਾਨਾਂ ਵੀ ਖ਼ਤਰੇ ਵਿੱਚ ਹਨ। ਕੁਝ ਖਿਡਾਰੀ ਰੱਬ ਨੂੰ ਵੀ ਪਿਆਰੇ ਹੋ ਚੁੱਕੇ ਹਨ। ਰੋਮ ਦੀਆਂ ਓਲੰਪਿਕ ਖੇਡਾਂ ਵਿੱਚ ਡੈਨਮਾਰਕ ਦੇ ਸਾਈਕਲ ਸਵਾਰ ਕੇ. ਜੇਨਸੇਨ ਦੀ 100 ਕਿਲੋਮੀਟਰ ਸਾਈਕਲ ਦੌੜ ਲਾਉਂਦਿਆਂ ਮੌਤ ਹੋ ਗਈ ਸੀ। ਪੜਤਾਲ ਹੋਈ ਤਾਂ ਪਤਾ ਲੱਗਾ ਕਿ ਥਕੇਵੇਂ ਤੋਂ ਬਚਣ ਲਈ ਉਸ ਨੇ ਨਸ਼ੇ ਵਾਲੀ ਗੋਲੀ ਲਈ ਸੀ। 1963 ਵਿੱਚ ਡਿਕ ਹਾਵਰਡ ਨਾਂ ਦਾ ਹਰਡਲਰ ਪੂਰਾ ਹੋ ਗਿਆ ਤੇ ਫ਼ਿਰ ਬਰਤਾਨੀਆ ਦਾ ਸਾਈਕਲ ਸਵਾਰ ਟੌਮੀ ਸਿੰਪਸਨ ਚੱਲ ਵਸਿਆ।
ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਇਨ੍ਹਾਂ ਮੌਤਾਂ ਦਾ ਗੰਭੀਰ ਨੋਟਿਸ ਲਿਆ ਅਤੇ ਮੈਡੀਕਲ ਕਮਿਸ਼ਨ ਬਣਾਇਆ ਜਿਸ ਨੇ ਪਰਖ ਪੜਤਾਲ ਕਰਨ ਪਿੱਛੋਂ ਉਨ੍ਹਾਂ ਰਸਾਇਣਕ ਤੱਤਾਂ ਦੀ ਸੂਚੀ ਤਿਆਰ ਕੀਤੀ ਜੋ ਖਿਡਾਰੀਆਂ ਲਈ ਘਾਤਕ ਹੋ ਸਕਦੇ ਹਨ। ਖੇਡ ਮੁਕਾਬਲਿਆਂ ‘ਚ ਭਾਗ ਲੈਣ ਵਾਲਾ ਕੋਈ ਖਿਡਾਰੀ ਮਨਾਹੀ ਵਾਲੀਆਂ ਦਵਾਈਆਂ ਦੀ ਵਰਤੋਂ ਨਹੀਂ ਕਰ ਸਕਦਾ। ਸਵਾਲ ਉਠਦੈ ਕਿ ਖਿਡਾਰੀ ਨਸ਼ੀਲੀਆਂ ਘਾਤਕ ਦਵਾਈਆਂ ਕਿਉਂ ਲੈਂਦੇ ਹਨ? ਕੀ ਉਨ੍ਹਾਂ ਦੇ ਸੇਵਨ ਨਾਲ ਖਿਡਾਰੀ ਦੀ ਕਾਰਗੁਜ਼ਾਰੀ ਸੱਚਮੁੱਚ ਬਿਹਤਰ ਹੋ ਜਾਂਦੀ ਹੈ ਜਾਂ ਐਵੇਂ ਭਰਮ ਹੀ ਹੈ। ਡਾਕਟਰਾਂ ਦੇ ਦੱਸਣ ਅਨੁਸਾਰ ਇਹ ਹੈ ਤਾਂ ਭਰਮ, ਪਰ ਇਨ੍ਹਾਂ ਦਾ ਇੱਕ ਮਨੋਵਿਗਿਆਨਕ ਪਹਿਲੂ ਜ਼ਰੂਰ ਹੈ। ਨਸ਼ਾਵਰ ਦਵਾਈ ਲੈ ਕੇ ਖਿਡਾਰੀ ਉਤੇਜਨਾ ਨਾਲ ਭਰ ਜਾਂਦਾ ਹੈ ਅਤੇ ਜੋਸ਼ ਵਿੱਚ ਵਿਤੋਂ ਵੱਧ ਜ਼ੋਰ ਲਾਉਂਦਾ ਹੈ। ਉਂਝ ਉਹਦੀ ਕਾਰਗੁਜ਼ਾਰੀ ਕਈ ਵਾਰ ਫ਼ਿਰ ਵੀ ਬਿਹਤਰ ਨਹੀਂ ਹੁੰਦੀ। ਨਸ਼ੇ ਦੇ ਅਸਰ ਵਿੱਚ ਵੱਧ ਜ਼ੋਰ ਲਾਉਣ ਦੇ ਬਾਵਜੂਦ ਉਹ ਗ਼ਲਤੀਆਂ ਕਰ ਬੈਠਦਾ ਹੈ।
ਓਲੰਪਿਕ ਖੇਡਾਂ, ਕੌਮੀ ਤੇ ਕੌਮਾਂਤਰੀ ਖੇਡਾਂ ਸਮੇਂ ਡੋਪ ਟੈੱਸਟ ਲਾਜ਼ਮੀ ਕੀਤਾ ਜਾਂਦਾ ਹੈ। ਇਸ ਨਾਲ ਵਰਜਿਤ ਰਸਾਇਣ ਲੈਣ ਵਾਲੇ ਖਿਡਾਰੀ ਪਛਾਣੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਖੇਡਾਂ ਵਿੱਚ ਭਾਗ ਲੈਣ ਦੇ ਅਯੋਗ ਕਰਾਰ ਦੇ ਦਿੱਤਾ ਜਾਂਦਾ ਹੈ। ਕਈਆਂ ਨੂੰ ਕਈ ਸਾਲ ਖੇਡਾਂ ਵਿੱਚ ਭਾਗ ਨਾ ਲੈ ਸਕਣ ਦੀ ਸਜ਼ਾ ਮਿਲਦੀ ਹੈ। ਉਨ੍ਹਾਂ ਦੇ ਜਿੱਤੇ ਹੋਏ ਮੈਡਲ ਵਾਪਸ ਲੈ ਲਏ ਜਾਂਦੇ ਹਨ। ਕੈਨੇਡਾ ਦੇ ਬੈੱਨ ਜੌਨਸਨ ਦੀ ਮਿਸਾਲ ਸਾਹਮਣੇ ਹੈ ਜਿਸ ਨੇ ਸਿਓਲ ਦੀਆਂ ਓਲੰਪਿਕ ਖੇਡਾਂ ਵਿੱਚ 100 ਮੀਟਰ ‘ਚੋਂ ਸੋਨ ਤਗ਼ਮਾ ਜਿੱਤ ਲਿਆ ਸੀ ਜੋ ਵਾਪਸ ਲੈ ਲਿਆ ਗਿਆ। ਸਿਓਲ ਦੀਆਂ ਓਲੰਪਿਕ ਖੇਡਾਂ ‘ਚੋਂ ਤਿੰਨ ਸੋਨ ਤਮਗ਼ੇ ਜਿੱਤਣ ਵਾਲੀ ਅਮਰੀਕਾ ਦੀ ਦੌੜਾਕ ਫ਼ਲੋਰੈਂਸ ਗ੍ਰਿਫ਼ਤ-ਜਾਏਨਰ ‘ਤਾਕਤ ਵਧਾਊ’ ਦਵਾਈਆਂ ਉੱਤੇ ਲੱਗੀ ਹੋਈ ਸੀ। ਉਹ ਡੋਪ ਟੈੱਸਟ ਤੋਂ ਪਹਿਲਾਂ ਅਜਿਹੀ ਦਵਾਈ ਲੈ ਲੈਂਦੀ ਸੀ ਜਿਸ ਨਾਲ ਪਹਿਲਾਂ ਲਈ ਵਰਜਿਤ ਦਵਾਈ ਦਾ ਪਤਾ ਨਹੀਂ ਸੀ ਲਗਦਾ। ਉਹ ਡੋਪ ਟੈੱਸਟ ਕਰਨ ਵਾਲਿਆਂ ਨੂੰ ਤਾਂ ਧੋਖਾ ਦਿੰਦੀ ਰਹੀ ਪਰ ਮੌਤ ਨੇ ਧੋਖਾ ਨਹੀਂ ਖਾਧਾ। ਮੌਤ ਨੇ ਉਸ ਨੂੰ ਚਾਲੀ ਸਾਲ ਵੀ ਨਹੀਂ ਜੀਣ ਦਿੱਤਾ। ਮੈਡਲ ਤਾਂ ਉਹਨੇ ਬਹੁਤ ਜਿੱਤੇ ਤੇ ਬੱਲੇ-ਬੱਲੇ ਵੀ ਬਥੇਰੀ ਕਰਾਈ, ਪਰ ਜਿਵੇਂ ਉਹ ਦਾ ਅੰਤ ਹੋਇਆ ਉਸ ਦਾ ਦੁਖ ਉਹੀ ਜਾਣਦੀ ਸੀ। ਉਸ ਦੇ ਸਿਰ ਦੇ ਵਾਲ ਝੜ ਗਏ ਸਨ, ਮੂੰਹ ‘ਤੇ ਵਾਲ ਉਗ ਆਏ ਸਨ ਤੇ ਉਹ ਸ਼ਕਲੋਂ ਬੇਸ਼ਕਲ ਹੋ ਗਈ ਸੀ। ਜਿਹੜੇ ਖਿਡਾਰੀ ਜੁੱਸੇ ਤਕੜੇ ਕਰਨ ਦੇ ਲਾਲਚ ਵਿੱਚ ਵੇਖਾ ਵੇਖੀ ਟੀਕੇ ਲੁਆਈ ਤੇ ਕੈਪਸੂਲ ਖਾਈ ਜਾਂਦੇ ਹਨ ਉਨ੍ਹਾਂ ਨੂੰ ਪਤਾ ਉਦੋਂ ਲੱਗੇਗਾ ਜਦੋਂ ਉਹ ਨਿਪੁੰਸਕ ਹੋ ਜਾਣਗੇ। ਜਿਹੜੇ ਐਨਾਬੌਲਿਕ ਸਟੇਰੋਆਇਡਜ਼ ਦਸਾਂ ਦਿਨਾਂ ‘ਚ ਵੀਹ ਪੌਂਡ ਭਾਰ ਵਧਾਉਂਦੇ ਨੇ ਉਨ੍ਹਾਂ ਦੀ ਫ਼ੂਕ ਨਿਕਲਣ ਲੱਗਿਆਂ ਵੀ ਦਸ ਦਿਨ ਨਹੀਂ ਲੱਗਦੇ।
ਐਨਾਬੌਲਿਕ ਸਟੇਰੋਆਇਡਜ਼ ਦੀ ਮੁੱਖ ਕਿਸਮ ਟੈਸਟਸਟਰੌਨ ਹੈ। ਇਸ ਹਾਰਮੋਨ ਨੂੰ ਸ਼ਰੀਰ ‘ਚ ਦਾਖ਼ਲ ਕਰਨ ਨਾਲ ਪੱਠੇ ਤਾਂ ਮਜ਼ਬੂਤ ਹੁੰਦੇ ਹਨ, ਪਰ ਇਸ ਦੇ ਨਤੀਜੇ ਬਹੁਤ ਬੁਰੇ ਹਨ। ਇਸ ਨਾਲ ਮੁੰਡਿਆਂ ਦੀਆਂ ਛਾਤੀਆਂ ਦੇ ਮਸਲ ਵੱਧ ਸਕਦੇ ਹਨ। ਧਿਆਨ ਨਾਲ ਵੇਖੋ ਤਾਂ ਕਈ ਖਿਡਾਰੀਆਂ ਦੇ ਮਸਲ ਵਧੇ ਹੋਏ ਦਿਸਦੇ ਹਨ। ਉਹ ਸਪਰਮ ਪੈਦਾ ਕਰਨੋਂ ਜਵਾਬ ਦੇ ਸਕਦੇ ਹਨ। ਇਹਦਾ ਮਤਲਬ ਹੈ ਉਹ ਬੱਚਾ ਪੈਦਾ ਕਰਨ ਜੋਗੇ ਨਹੀਂ ਰਹਿੰਦੇ। ਗੰਜ ਪੈ ਸਕਦਾ ਹੈ, ਸਰੀਰ ‘ਤੇ ਵਾਲ ਵੱਧ ਸਕਦੇ ਹਨ ਤੇ ਝੜ ਵੀ ਸਕਦੇ ਹਨ। ਭੁੱਖ ਵੱਧ ਸਕਦੀ ਹੈ ਤੇ ਮਰ ਵੀ ਸਕਦੀ ਹੈ। ਮੂੰਹ ‘ਤੇ ਫ਼ਿੰਸੀਆਂ ਹੋ ਸਕਦੀਆਂ ਹਨ, ਜਿਗਰ ਖ਼ਰਾਬ ਹੋ ਸਕਦਾ ਤੇ ਜਿਗਰ ਦਾ ਕੈਂਸਰ ਵੀ ਹੋ ਸਕਦੈ।ਬਹੁਤੇ ਖਿਡਾਰੀਆਂ ਨੂੰ ਪਛਾਣ ਨਹੀਂ ਕਿ ਉਹ ਨਸਤੰਤਰ ਨੂੰ ਢਿੱਲਾ ਕਰਨ ਵਾਲੀ ਦਵਾਈ ਲੈ ਰਹੇ ਹਨ ਜਾਂ ਉਤੇਜਿਤ ਕਰਨ ਵਾਲੀ? ਉਹ ਹੱਥ ਆਈ ਦਵਾਈ ਅੰਨ੍ਹੇਵਾਹ ਸੜ੍ਹਾਕ ਜਾਂਦੇ ਹਨ ਤੇ ਟੀਕੇ ਠੋਕ ਬਹਿੰਦੇ ਹਨ। ਕਈ ਚੰਗੇ ਭਲੇ ਖੇਡਦੇ ਆਪਣੀ ਖੇਡ ਖ਼ਰਾਬ ਕਰ ਲੈਂਦੇ ਹਨ ਤੇ ਪਿੱਛੋਂ ਕਹਿੰਦੇ ਹਨ,  ”ਟੀਕਾ ਨਾ ਲਾਉਂਦੇ ਤਾਂ ਚੰਗੇ ਰਹਿੰਦੇ!” ਕਈ ਖਿਡਾਰੀ ਘੋੜਿਆਂ ਨੂੰ ਲਾਉਣ ਵਾਲੇ ਟੀਕੇ ਲਾਉਣ ਲੱਗ ਪਏ ਹਨ ਅਤੇ ਕਹਿੰਦੇ ਹਨ ਕਿ ਹੁਣ ਸਾਡੇ ‘ਚ ਘੋੜੇ ਜਿੰਨੀ ਤਾਕਤ ਹੋ ਗਈ ਹੈ! ਕਬੱਡੀ ਦੇ ਇੱਕ ਖਿਡਾਰੀ ਨੇ ਮੈਨੂੰ ਉਨ੍ਹਾਂ ਟੀਕਿਆਂ ਦੀ ਸ਼ੀਸ਼ੀ ਵੀ ਵਿਖਾਈ। ਨਾਲ ਭੇਤ ਦੀ ਗੱਲ ਦੱਸੀ ਕਿ ਪਰਚੀ ਘੋੜੇ ਦੀ ਬਣਵਾਈ ਦੀ ਐ ਪਰ ਵਰਤੀ ਦੀ ਐ ਬੰਦੇ ਲਈ! ਇਹ ਵੀ ਦੱਸਿਆ ਕਿ ਪੰਜਾਬ ਦੀਆਂ ਕੁਝ ਕਬੱਡੀ ਅਕੈਡਮੀਆਂ ‘ਚ ਟੀਕੇ ਲਾਉਣ ਦੀ ਵੀ  ‘ਕੋਚਿੰਗ’ ਮਿਲਦੀ ਐ!  ‘ਮਾਲ’ ਵੀ ਉਹੀ ਮੰਗਵਾ ਦਿੰਦੇ ਐ। ਉਂਝ ਖਿਡਾਰੀਆਂ ਨੂੰ ਕਿੱਥੋਂ ਪਤਾ ਲੱਗਣਾ ਸੀ ਪਈ ਤਾਕਤ ਦਾ ਖ਼ਜ਼ਾਨਾ ਕਿਥੇ ਐ?  ਇਸ ਹਮਾਮ ਵਿੱਚ ਨਸ਼ਾ ਤਸਕਰ, ਕਈ  ‘ਕੋਚ’ ਤੇ ਕੁਝ ਕਲੱਬਾਂ ਵਾਲੇ ਵੀ ਨੰਗੇ ਮਿਲਣਗੇ। ਉਨ੍ਹਾਂ ਨੂੰ ਹੱਥ ਪਤਾ ਨਹੀਂ ਕਦੋਂ ਪਵੇਗਾ?
ਕੀ ਹੁੰਦਾ ਹੈ ਡੋਪ ਟੈੱਸਟ
ਦੱਖਣੀ ਅਫ਼ਰੀਕਾ ਦੇ ਇੱਕ ਕਬੀਲੇ ਦੀ ਰੂੜੀ ਮਾਰਕਾ ਸ਼ਰਾਬ ਦਾ ਨਾਂ ਡੋਪ ਸੀ ਜਿਸ ਨੂੰ ਡੂਪ ਵੀ ਕਿਹਾ ਜਾਂਦਾ ਸੀ। ਸ਼ਰੀਰ ‘ਚ ਨਸ਼ੇ ਵਾਲਾ ਕੋਈ ਤੱਤ ਦਾਖ਼ਲ ਕਰਨ ਨੂੰ ਡੋਪਿੰਗ ਕਿਹਾ ਜਾਣ ਲੱਗਾ। ਡੋਪਿੰਗ ਨੂੰ ਚੈੱਕ ਕਰਨ ਲਈ ਡੋਪ ਟੈੱਸਟ ਹੋਣ ਲੱਗੇ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ 1965 ਵਿੱਚ ਮੈਡੀਕਲ ਕਮਿਸ਼ਨ ਬਣਾ ਦਿੱਤਾ ਜਿਸ ਦੀ ਰਿਪੋਰਟ ਉੱਤੇ 1966 ਤੋਂ ਖਿਡਾਰੀਆਂ ਦੇ ਡੋਪ ਟੈੱਸਟ ਸ਼ੁਰੂ ਹੋਏ। ਓਲੰਪਿਕ ਮੈਡੀਕਲ ਕਮਿਸ਼ਨ ਵਲੋਂ ਵਰਜਿਤ ਰਸਾਇਣਕ ਤੱਤਾਂ ਦੀ ਸੂਚੀ ਵਿੱਚ ਸਟਿਮੂਲੈਂਟਸ, ਨਾਰਕੌਟਿਕਸ, ਐਨਲਜੈਸਿਕਸ, ਡਿਊਰੈਟਿਕਸ, ਪੈਪਟਾਈਡ, ਐਫ਼ੇਟਾਮਾਈਨਜ਼, ਮੈਂਥੇਫ਼ੈਟਾਮਾਈਨਜ਼, ਕੋਰਟੀਕੋਸਟਰਾਇਡਜ਼, ਸਟੇਰੋਆਇਡਜ਼, ਐਲਕੋਹਲ, ਮੈਰੇਵਾਨਾ, ਅਨੈਸਥੈਟਿਕਸ, ਬੀਟਾਬਲਾਕਰਜ਼, ਸਟੈਨਾਜ਼ੋਲੋਲ ਤੇ ਟੈਸਟਸਟਰੋਨ ਸ਼ਾਮਲ ਹਨ। ਇਨ੍ਹਾਂ ਦਾ ਡੋਪ ਟੈੱਸਟ ਪਿਸ਼ਾਬ, ਖ਼ੂਨ ਜਾਂ ਵਾਲਾਂ ਦੇ ਨਮੂਨੇ ਲੈ ਕੇ ਕੀਤਾ ਜਾਂਦਾ ਹੈ। ਮੈਡੀਕਲ ਕਮਿਸ਼ਨ ਦੀ ਦੇਖ ਰੇਖ ਹੇਠ ਵਾਡਾ ਤੇ ਨਾਡਾ ਦੀਆਂ ਲੈਬੌਰੇਟਰੀਆਂ ਇਹ ਟੈੱਸਟ ਕਰਦੀਆਂ ਹਨ।
ਪ੍ਰਿੰ: ਸਰਵਣ ਸਿੰਘ

LEAVE A REPLY