2ਸ੍ਰੀਨਗਰ: ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੇ ਐਨਕਾਊਂਟਰ ਤੋਂ ਬਾਅਦ ਕਸ਼ਮੀਰ ਵਿੱਚ ਵਿਰੋਧ ਜਾਰੀ ਹੈ। ਕਾਂਗਰਸ ਤੇ ਟੀ.ਐਮ.ਸੀ. ਨੇ ਲੋਕ ਸਭਾ ਵਿੱਚ ਕਿਹਾ ਕਿ ਸਰਕਾਰ ਹਾਲਾਤ ‘ਤੇ ਕਾਬੂ ਪਾਉਣ ਲਈ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਵਿੱਚ ਬੀਜੇਪੀ ਦੀ ਭਾਈਵਾਲ ਪਾਰਟੀ ਪੀਡੀਪੀ ਦੇ ਸਾਂਸਦ ਮੁਜੱਫਰ ਬੇਗ ਨੇ ਐਨਕਾਉਂਟਰ ‘ਤੇ ਸਵਾਲ ਉਠਾਏ ਹਨ।
ਮੁਜੱਫਰ ਬੇਗ ਨੇ ਪੁੱਛਿਆ ਕਿ ਜਦੋਂ ਬੁਰਹਾਨ ਸੁਰੱਖਿਆ ਏਜੰਸੀਆਂ ਦੇ ਰਾਡਾਰ ‘ਤੇ ਸੀ ਤਾਂ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਕੀ ਉਸ ਨੂੰ ਮਾਰਨਾ ਇੰਨਾ ਹੀ ਜ਼ਰੂਰੀ ਸੀ? ਬੁਰਹਾਨ ਦੀ ਮੌਤ ਤੋਂ ਬਾਅਦ ਸੁਰੱਖਿਆ ਫੋਰਸਜ਼ ਤੇ ਪੁਲਿਸ ਨਾਲ ਝੜਪ ਵਿੱਚ ਹੁਣ ਤੱਕ 48 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂਕਿ ਚਾਰ ਹਜ਼ਾਰ ਲੋਕ ਜ਼ਖ਼ਮੀ ਹੋਏ ਹਨ।
ਸੰਸਦ ਵਿੱਚ ਬੀਜੇਪੀ ਲੀਡਰ ਤੇ ਵਿਦੇਸ਼ ਰਾਜ ਮੰਤਰੀ ਐਮ.ਜੇ. ਅਕਬਰ ਨੇ ਕਿਹਾ ਕਿ ਪਾਕਿਸਤਾਨ ਵਿੱਚ ‘ਕਾਲਾ ਦਿਵਸ’ ਮਨਾਉਣ ਤੋਂ ਬਾਅਦ ਕਸ਼ਮੀਰ ਵਿੱਚ ਹਾਲਾਤ ਵਿਗੜੇ ਹਨ। ਉਧਰ, ਵੱਖਵਾਦੀਆਂ ਨੇ ਬੁੱਧਵਾਰ ਨੂੰ 10 ਜ਼ਿਲ੍ਹਿਆਂ ਵਿੱਚ ਕਰਫਿਊ ਤੋਂ ਬਾਅਦ ਵੀ ਘਾਟੀ ਵਿੱਚ ‘ਕਾਲਾ ਦਿਵਸ’ ਮਨਾਇਆ ਗਿਆ। ਕਾਂਗਰਸ ਦੇ ਸੀਨੀਅਰ ਲੀਡਰ ਪੀ. ਚਿਦੰਬਰਮ ਨੇ ਕਿਹਾ ਕਿ ਭਾਰਤ ਵਿੱਚ ਕਸ਼ਮੀਰ ਦੇ ਰਲੇਵੇਂ ਦੀ ਦੇਸ਼ ਨੂੰ ਵੱਡੀ ਕੀਮਤ ਚੁਕਾਉਣੀ ਪੈ ਰਹੀ ਹੈ।

LEAVE A REPLY