11ਜਲੰਧਰ  :  ਭਾਜਪਾ ਦੇ ਸੀਨੀਅਰ ਲੀਡਰ ਤੇ ਜਲੰਧਰ ਕੇਂਦਰੀ ਤੋਂ ਵਿਧਾਇਕ ਮਨੋਰੰਜਨ ਕਾਲੀਆ ਮੁਤਾਬਕ ਉਨ੍ਹਾਂ ਨੂੰ ਇੰਝ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਸਿੱਧੂ ਨੂੰ ਸਵੀਕਾਰ ਕਰੇਗੀ। ਉਨ੍ਹਾਂ ਨਵਜੋਤ ਕੌਰ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਨਿਖੇਧੀ ਕਰਦਿਆਂ ਕਿਹਾ ਕਿ 2017 ਦੀਆਂ ਚੋਣਾਂ ‘ਚ ਅਕਾਲੀ-ਭਾਜਪਾ ਨੂੰ ਆਮ ਆਦਮੀ ਪਾਰਟੀ ਦੇ ਫੈਕਟਰ ਦਾ ਫਾਇਦਾ ਹੋਵੇਗਾ। ਉਨ੍ਹਾਂ 2012 ਦੀਆਂ ਚੋਣਾਂ ‘ਚ ਪੀਪਲਜ਼ ਪਾਰਟੀ ਆਫ ਪੰਜਾਬ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਵੇਲੇ ਵੀ ਵੋਟਾਂ ਦੀ ਵੰਡ ਹੋਈ ਸੀ, ਜਿਸ ਦਾ ਪੂਰੇ ਤੌਰ ‘ਤੇ ਅਕਾਲੀ ਦਲ ਨੂੰ ਲਾਭ ਮਿਲਿਆ ਸੀ। ਕਾਲੀਆ ਮੁਤਾਬਕ ਆਮ ਆਦਮੀ ਪਾਰਟੀ ਕਿਸੇ ਵੀ ਸੀਟ ਨੂੰ ਜਿੱਤ ‘ਚ ਨਹੀਂ ਬਦਲ ਸਕੇਗੀ ਕਿਉਂਕਿ ਉਨ੍ਹਾਂ ਕੋਲ ਪੰਜਾਬ ਦੀ ਰਾਜਨੀਤੀ ‘ਚ ਵਿਘਨ ਪਾਉਣ ਤੋਂ ਇਲਾਵਾ ਕੋਈ ਪਲਾਨ ਨਹੀਂ ਹੈ।
ਪਾਰਟੀ ਤੋਂ ਬਾਹਰ ਸਿੱਧੂ ਦਾ ਕੋਈ ਭਵਿੱਖ ਨਹੀਂ
ਪਾਰਟੀਆਂ ‘ਚ ਲੀਡਰ ਆਉਂਦੇ-ਜਾਂਦੇ ਰਹਿੰਦੇ ਹਨ ਪਰ ਕਿਸੇ ਲੀਡਰ ਦੇ ਗਿਆਂ ਕਦੇ ਕੋਈ ਪਾਰਟੀ ਖਤਮ ਨਹੀਂ ਹੁੰਦੀ। ਇਹ ਜ਼ਰੂਰ ਹੈ ਕਿ ਸ਼ੁਰੂਆਤ ‘ਚ ਚੰਗੇ ਲੀਡਰ ਦੀ ਕਮੀ ਤਾਂ ਮਹਿਸੂਸ ਹੁੰਦੀ ਹੈ। ਵੈਸੇ ਅੱਜ ਤੱਕ ਜਿੰਨੇ ਵੀ ਲੀਡਰ ਭਾਜਪਾ ਨੂੰ ਛੱਡ ਕੇ ਗਏ ਹਨ, ਉਨ੍ਹਾਂ ਦਾ ਚੰਗਾ ਭਵਿੱਖ ਨਹੀਂ ਬਣਿਆ। ਉਦਾਹਰਣ ਦੇ ਤੌਰ ‘ਤੇ ਸਾਬਕਾ ਗਵਰਨਰ ਕਲਿਆਣ ਸਿੰਘ ਵੀ ਪਾਰਟੀ ਨੂੰ ਛੱਡ ਕੇ ਗਏ ਤੇ ਵੱਖਰੀ ਪਾਰਟੀ ਬਣਾਈ, ਉਮਾ ਭਾਰਤੀ ਜੀ ਨੇ ਵੀ ਵੱਖਰੀ ਪਾਰਟੀ ਬਣਾਈ ਪਰ ਆਖਿਰਕਾਰ ਉਨ੍ਹਾਂ ਦੀ ਫਿਰ ਵਾਪਸੀ ਹੀ ਹੋਈ। ਸੋ ਇਸੇ ਤਰ੍ਹਾਂ ਸਿੱਧੂ ਇਹ ਭੁਲੇਖਾ ਨਾ ਰੱਖਣ ਕਿ ਭਾਜਪਾ ਦੀ ਲੀਡਰਸ਼ਿਪ ਉਨ੍ਹਾਂ ਦੇ ਨਾਲ ਚਲੀ ਜਾਵੇਗੀ, ਬਾਕੀ ਜਿਸ ਪਾਰਟੀ ‘ਚ ਉਨ੍ਹਾਂ ਦੇ ਜਾਣ ਦੀ ਚਰਚਾ ਚੱਲ ਰਹੀ ਹੈ, ਉਸ ਦੇ ਲੀਡਰ ਤਾਂ ਹੁਣ ਤੋਂ ਹੀ ਬਵਾਲ ਕਰ ਰਹੇ ਹਨ। ਸੋ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਸਿੱਧੂ ਨੂੰ ਸਵੀਕਾਰ ਕਰੇਗੀ।
ਨਵਜੋਤ ਕੌਰ ਖਿਲਾਫ ਹੋਣੀ ਚਾਹੀਦੀ ਹੈ ਕਾਰਵਾਈ
ਮਨੋਰੰਜਨ ਕਾਲੀਆ ਤੋਂ ਜਦੋਂ ਮੈਡਮ ਸਿੱਧੂ ਵੱਲੋਂ ‘ਆਪ’ ਦੀ ਕੀਤੀ ਜਾ ਰਹੀ ਤਾਰੀਫ ਤੇ ਭਾਈਵਾਲ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ‘ਤੇ ਪਾਰਟੀ ਵੱਲੋਂ ਕਾਰਵਾਈ ਕਰਨ ਬਾਰੇ ਪੁੱਛਿਆ ਗਿਆ ਤਾਂ ਜਵਾਬ ਸੀ ਕਿ ਮੇਰੇ ਮੁਤਾਬਕ ਉਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਮੀਦ ਹੈ ਕਿ ਹਾਈਕਮਾਨ ਇਸ ‘ਤੇ ਸਹੀ ਫੈਸਲਾ ਲਵੇਗੀ। ਉਨ੍ਹਾਂ ਨਵਜੋਤ ਕੌਰ ਨੂੰ ਸਲਾਹ ਦਿੱਤੀ ਕਿ ਜਿਸ ਪਾਰਟੀ ਨੇ ਵਿਅਕਤੀ ਨੂੰ ਪਛਾਣ ਦਿੱਤੀ ਹੋਵੇ, ਉਸ ਬਾਰੇ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।
ਭਗਵੰਤ ਮਾਨ ਦੀ ਸ਼ਰਾਬ ਤੇ ਛੋਟੇਪੁਰ ਦਾ ਖਾਲਿਸਤਾਨੀ ਪਿਛੋਕੜ ਚਰਚਾ ‘ਚ
ਕਾਲੀਆ ਨੇ ਕਿਹਾ ਕਿ ਉਹ ਪਾਰਟੀ ਕਿਸ ਤਰ੍ਹਾਂ ਚੋਣ ਜਿੱਤ ਸਕਦੀ ਹੈ, ਜਿਸ ਦੇ 2 ਸੰਸਦ ਮੈਂਬਰ ਪਹਿਲਾਂ ਤੋਂ ਹੀ ਵੱਖ ਹੋ ਚੁੱਕੇ ਹਨ ਤੇ ਤੀਜਾ ਸੰਸਦ ਮੈਂਬਰ ਭਗਵੰਤ ਮਾਨ ਆਪਣੀ ਸ਼ਰਾਬ ਕਾਰਨ ਹਰ ਰੋਜ਼ ਚਰਚਾ ‘ਚ ਰਹਿੰਦਾ ਹੈ। ਹਾਲ ਹੀ ‘ਚ ਭਗਵੰਤ ਮਾਨ ਵੱਲੋਂ ਬਣਾਇਆ ਗਿਆ ਸੰਸਦ ਭਵਨ ਦਾ ਵੀਡੀਓ ਉਨ੍ਹਾਂ ਦੀ ਗੰਭੀਰਤਾ ‘ਤੇ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਮੁਤਾਬਕ ਛੋਟੇਪੁਰ ਦਾ ਪਿਛੋਕੜ ਖਾਲਿਸਤਾਨੀ ਹੈ, ਜਿਸ ਨੂੰ ਪਾਰਟੀ ਨੇ ਪੰਜਾਬ ਦਾ ਮੋਹਰੀ ਬਣਾ ਰੱਖਿਆ ਹੈ।
‘ਆਪ’ ਨੂੰ ਵੋਟ ਪਾਉਣ ਤੋਂ ਪਹਿਲਾਂ ਦਿੱਲੀ ਦਾ ਹਾਲ ਵੇਖੋ
ਪੰਜਾਬ ‘ਚ ਸਰਕਾਰ ਬਣਾਉਣ ਦੇ ਸੁਪਨੇ ਵੇਖ ਰਹੀ ਪਾਰਟੀ ਨੂੰ ਵੋਟ ਪਾਉਣ ਤੋਂ ਪਹਿਲਾਂ ਜਨਤਾ ਨੂੰ ਦਿੱਲੀ ਦਾ ਹਾਲ ਵੇਖ ਲੈਣਾ ਚਾਹੀਦਾ ਹੈ। ਕੇਜਰੀਵਾਲ ਨੇ ਉਥੋਂ ਦੀ ਜਨਤਾ ਨੂੰ ਵੀ ਸਬਜ਼ਬਾਗ ਤਾਂ ਬਹੁਤ ਦਿਖਾਏ ਪਰ ਅਫਸੋਸ ਕਿ ਹਕੀਕਤ ‘ਚ ਕੁਝ ਵੀ ਬਦਲ ਨਹੀਂ ਸਕੇ। ਮੇਰੇ ਮੁਤਾਬਕ ਕੇਜਰੀਵਾਲ ਸਿਰਫ ਟਕਰਾਅ ਦੀ ਸਿਆਸਤ ਕਰ ਸਕਦੇ ਹਨ, ਜਦਕਿ ਵਿਕਾਸ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ। ਕੇਜਰੀਵਾਲ ਦੇ ਨੌਕਰੀਆਂ ਦੇਣ, ਵਾਈ-ਫਾਈ ਦੇਣ ਤੇ ਸੀ. ਸੀ. ਟੀ. ਵੀ. ਲਾਉਣ ਦੇ ਸਭ ਵਾਅਦੇ ਖੋਖਲੇ ਸਾਬਤ ਹੋਏ ਹਨ। ਕਾਲੀਆ ਨੇ ਕਿਹਾ ਕਿ ਆਪ ਸਿਰਫ ਵੋਟਾਂ ਦੀ ਵੰਡ ਹੀ ਕਰੇਗੀ, ਜਿਸ ਦਾ ਫਾਇਦਾ ਅਕਾਲੀ-ਭਾਜਪਾ ਨੂੰ ਹੀ ਹੋਵੇਗਾ।
ਦੇਸ਼ ਦੇ ਧਰਮਾਂ ਦੀ ਮਰਿਆਦਾ ਤੋਂ ਅਣਜਾਣ ਹੈ ‘ਆਪ’
ਪਿਛਲੇ ਸਮੇਂ ‘ਚ ਹੋਈਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਜਿਹੜੀ ਪਾਰਟੀ ਪਵਿੱਤਰ ਗ੍ਰੰਥਾਂ ਦੀ ਤੁਲਨਾ ਆਪਣੇ ਮੈਨੀਫੈਸਟੋ ਨਾਲ ਕਰ ਸਕਦੀ ਹੈ ਤੇ ਪਵਿੱਤਰ ਅਸਥਾਨ ਦੀ ਫੋਟੋ ਨਾਲ ਝਾੜੂ ਲਗਾ ਸਕਦੀ ਹੈ, ਉਹ ਪੰਜਾਬ ‘ਚ ਰਾਜਨੀਤੀ ਕਰਨ ਦੇ ਯੋਗ ਨਹੀਂ ਹੈ।
ਕਾਂਗਰਸ ਨੂੰ ਪ੍ਰਸ਼ਾਂਤ ਕਿਸ਼ੋਰ ਚਲਾ ਰਹੇ ਹਨ
ਪਿੰਡ ਦਾ ਪ੍ਰਾਹੁਣਾ ਕਦੇ ਪਿੰਡ ਦਾ ਰਾਹ ਨਹੀਂ ਦੱਸ ਸਕਦਾ। ਅੱਜ ਕਾਂਗਰਸ ਦਾ ਹਾਲ ਵੀ ਕੁਝ ਇਸੇ ਤਰ੍ਹਾਂ ਦਾ ਹੀ ਹੈ, ਜਿਸ ਨੂੰ ਬਾਹਰਲੇ ਵਿਅਕਤੀ ਪ੍ਰਸ਼ਾਂਤ ਕਿਸ਼ੋਰ ਵੱਲੋਂ ਚਲਾਇਆ ਜਾ ਰਿਹਾ ਹੈ। ਕਾਂਗਰਸ ਆਪਣੇ ਪੈਰਾਂ ‘ਤੇ ਨਹੀਂ ਹੈ, ਜਿਸ ਕਾਰਨ ਉਹ 2017 ਦਾ ਮੈਦਾਨ ਲੜਨ ਦੇ ਅਜੇ ਸਮਰੱਥ ਨਹੀਂ ਹੈ।
ਨਸ਼ਾ ਪੂਰੀ ਦੁਨੀਆ ਦੀ ਸਮੱਸਿਆ ਹੈ
ਨਸ਼ਿਆਂ ਦੇ ਮੁੱਦੇ ‘ਤੇ ਸਿਆਸੀ ਪਾਰਟੀਆਂ ਲਾਹਾ ਲੈਣ ਲਈ ਝੂਠੀ ਬਦਨਾਮੀ ਕਰ ਰਹੀਆਂ ਹਨ, ਹਾਲਾਂਕਿ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਕਿ ਪੰਜਾਬ ‘ਚ ਨਸ਼ਾ ਹੈ ਪਰ ਜਿਸ ਹਿਸਾਬ ਨਾਲ ਬਦਨਾਮੀ ਕੀਤੀ ਜਾ ਰਹੀ ਹੈ ਉਹ ਅੰਕੜੇ ਬਿਲਕੁਲ ਝੂਠੇ ਹਨ। ਨਸ਼ਾ ਪੂਰੀ ਦੁਨੀਆ ਦੀ ਸਮੱਸਿਆ ਹੈ। ਅੱਜ ਇਕੱਲਾ ਹਿੰਦੁਸਤਾਨ ਹੀ ਨਹੀਂ, ਸਗੋਂ ਵਿਦੇਸ਼ੀ ਤੇ ਵਿਕਸਿਤ ਮੁਲਕ ਵੀ ਇਸ ਤੋਂ ਨਿਜਾਤ ਪਾਉਣ ਦਾ ਰਾਹ ਲੱਭ ਰਹੇ ਹਨ। ਨਸ਼ੇ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਅਫੀਮ ਦੀ ਖੇਤੀ ਸਭ ਤੋਂ ਪਹਿਲਾਂ ਜਲਾਲੁਦੀਨ ਮੁਹੰਮਦ ਅਕਬਰ ਲੈ ਕੇ ਆਇਆ ਸੀ। ਅੰਗਰੇਜ਼ਾਂ ਨੇ ਇਸ ਨੂੰ ਸ਼ਹਿ ਦਿੱਤੀ ਤੇ ਇਥੋਂ ਚਾਈਨਾ ‘ਚ ਬਰਾਮਦ ਕੀਤੀ ਜਾਣ ਲੱਗੀ ਸੀ। ਸੋ ਇਹ ਸਭ ਲਾਹਨਤਾਂ ਪੱਛਮੀ ਦੇਸ਼ਾਂ ਵੱਲੋਂ ਦਿੱਤੀਆਂ ਗਈਆਂ ਹਨ। ਅੱਜ ਪੰਜਾਬ ‘ਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਖੇਤੀ ਨਹੀਂ ਹੁੰਦੀ ਪਰ ਫਿਰ ਵੀ ਨਸ਼ਾ ਸਭ ਤੋਂ ਵੱਧ ਫੜਿਆ ਜਾ ਰਿਹਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਗੁਆਂਢੀ ਸੂਬਿਆਂ ਤੋਂ ਸਮੱਗਲਿੰਗ ਹੋ ਰਹੀ ਹੈ, ਜਿਸ ਨੂੰ ਰੋਕਣ ਲਈ ਪੰਜਾਬ ਪੁਲਸ ਲਗਾਤਾਰ ਯਤਨਸ਼ੀਲ ਹੈ। ਇਸ ਤੋਂ ਇਲਾਵਾ ਸਰਹੱਦਾਂ ‘ਤੇ ਵੀ ਸੁਰੱਖਿਆ ਕਾਫੀ ਵਧਾਈ ਗਈ ਹੈ।
ਜਲੰਧਰ ਨਗਰ ਨਿਗਮ ‘ਚ ਹੈ ਹਉਮੈ ਦਾ ਟਕਰਾਅ
ਕਾਰਪੋਰੇਸ਼ਨ ਦੇ ਮਸਲੇ ‘ਚ ਦਿੱਕਤ ਹੈ, ਜਿਥੇ ਦੋਹਾਂ ਧਿਰਾਂ ‘ਚ ਹਉਮੈ ਦਾ ਟਕਰਾਅ ਹੋ ਰਿਹਾ ਹੈ। ਤਾੜੀ ਹਮੇਸ਼ਾ 2 ਹੱਥਾਂ ਨਾਲ ਵੱਜਦੀ ਹੈ। ਮੇਰੇ ਮੁਤਾਬਕ ਜਦੋਂ ਇਕ ਧਿਰ ਗਰਮ ਹੋਵੇ ਤਾਂ ਦੂਜੀ ਨੂੰ ਸਿਆਣਪ ਵਰਤਣੀ ਚਾਹੀਦੀ ਹੈ। ਮੀਡੀਆ ਸਾਹਮਣੇ ਲੜਨ ਦੀ ਬਜਾਏ ਬੰਦ ਕਮਰਾ ਬੈਠਕ ਹੋਣੀ ਚਾਹੀਦੀ ਹੈ, ਜਿਥੇ ਆਪਸੀ ਮਸਲਿਆਂ ਦਾ ਹੱਲ ਲੱਭਿਆ ਜਾਵੇ। ਕਿਸੇ ਸ਼ਾਇਰ ਦੀਆਂ ਸਤਰਾਂ ਇਸ ਘਟਨਾ ‘ਤੇ ਬੜੀਆਂ ਹੀ ਢੁੱਕਦੀਆਂ ਹਨ, ”ਕਹੇ ਜਾਤੇ ਹੋ ਰੋ-ਰੋ ਕੇ ਹਮਾਰਾ ਹਾਲ ਦੁਨੀਆ ਸੇ, ਯੇ ਕੈਸੀ ਰਾਜ਼ਦਾਰੀ ਹੈ।”
2017 ‘ਚ ਹੈ ਸਾਡੀ ਹੀ ਸਰਕਾਰ
ਲੋਕ ਵਿਕਾਸ ਤੇ ਹਿੰਦੂ-ਸਿੱਖ ਭਾਈਚਾਰਾ ਚਾਹੁੰਦੇ ਹਨ, ਜਿਸ ਦੀ ਮਿਸਾਲ ਸਾਡੀ ਸਰਕਾਰ ਹੈ। ਮੈਂ ਦਾਅਵਾ ਕਰਦਾ ਹਾਂ ਕਿ ਅਸੀਂ 2017 ‘ਚ ਵੀ ਇਤਿਹਾਸ ਰਚਾਂਗੇ ਤੇ ਵਿਰੋਧੀ ਪਾਰਟੀਆਂ ਦੀ ਬੋਲਤੀ ਬੰਦ ਹੋਵੇਗੀ।

LEAVE A REPLY