walia-bigਗੁਰਚਰਨ ਸਿੰਘ ਪੱਬਾਰਾਲੀ ਪੇਸ਼ੇ ਵਜੋਂ ਥਾਣੇਦਾਰ ਹੈ। ਸੂਰਤ ਵੀ ਥਾਣੇਦਾਰਾਂ ਵਰਗੀ ਹੈ ਪਰ ਬੋਲ ਬੜੇ ਮਿੱਠੇ ਹਨ। ਜਦੋਂ ਗਾਉਂਦਾ ਹੈ ਤਾਂ ਸਮਾਂ ਬੰਨ੍ਹ ਦਿੰਦਾ ਹੈ। ਬਹੁਤ ਸੰਵੇਦਨਸ਼ੀਲ ਲੇਖਕ ਹੈ, ਮਿੱਤਰ ਹੈ, ਭਰਾ ਹੈ, ਪਤੀ ਹੈ, ਧੀਆਂ ਦਾ ਬਾਪ ਹੈ। ਗੰਲ ਕੀ ਵਧੀਆ ਇਨਸਾਨ ਹੈ। ਵਧੀਆ ਇਨਸਾਨ ਹੀ ਵਧੀਆ ਸਿਰਜ ਸਕਦਾ ਹੈ। ਸ਼ਾਇਦ ਇਸੇ ਕਾਰਨ ਉਸਦੀ ਕਲਮ ਨੇ ‘ਨੈਤਿਕ ਕਦਰਾਂ ਕੀਮਤਾਂ’ ਪੁਸਤਕ ਲਿਖੀ ਸੀ ਜੋ ਕਈ ਵਾਰ ਛਪ ਚੁੱਕੀ ਹੈ। ਹੱਥਲੀ ਪੁਸਤਕ ‘ਟਾਹਲੀ ਵਾਲਾ ਖੇਤ’ ਉਸਦੇ ਗੀਤਾਂ ਦੀ ਕਿਤਾਬ ਹੈ ਜਿਸਨੂੰ ਉਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਨੇ ਛਾਪਿਆ ਹੈ। ਹਿਸ ਵਿੱਚ ਪੱਬਾਰਾਲੀ ਦੇ 86 ਗੀਤ ਸ਼ਾਮਲ ਕੀਤੇ ਗਏ ਹਨ। ਇਸ ਕਿਤਾਬ ਦਾ ਤੀਜਾ ਗੀਤ ‘ਟਾਹਲੀ ਵਾਲਾ ਖੇਤ’ ਹੈ, ਜਿਸਦੇ ਮੁਖੜੇ ਨੂੰ ਕਿਤਾਬ ਦੇ ਨਾਮ ਦੇ ਤੌਰ ‘ਤੇ ਵਰਤਿਆ ਗਿਆ ਹੈ।
ਟਾਹਲੀ ਵਾਲਾ ਖੇਤ ਬਿਨਾਂ ਟਾਹਲੀਆਂ ਤੋਂ ਹੋ ਗਿਆ ਏ,
ਟਾਹਲੀਆਂ ਦਾ ਰਹਿ ਗਿਆ ਏ ਨਾਂ
ਰੁੱਖੇ-ਰੁੱਖੇ ਵਿਹੜਿਆਂ ‘ਚ, ਰੁੱਖ ਵੀ ਨੇ ਰੁੱਖੇ-ਰੁੱਖੇ
ਭੋਰਾ ਵੀ ਤਾਂ ਦਿੰਦੇ ਨਹੀਂ ਇਹ ਛਾਂ
ਗੁਰਚਰਨ ਪੱਬਾਰਾਲੀ ਸਾਡੇ ਸਮਾਜ ਵਿੱਚ ਹੋ ਰਹੀ ਰਿਸ਼ਤਿਆਂ ਦੀ ਟੁੱਟ ਭੱਜ ਨੂੰ ਵੇਖ ਬਹੁਤ ਉਦਾਸ ਹੈ। ਉਦਾਸੀ ਦੇ ਆਲਮ ਵਿੱਚ ਉਹ ਗਾਉਂਦਾ ਹੈ।
ਵੱਸਦਿਆਂ ਹੋਇਆਂ ਘਰਾਂ ਵਿੱਚ ਸੋਗ ਹੈ
ਰਿਸ਼ਤਿਆਂ ਵਿੱਚ ਮੋਹ ਨਹੀਂ ਬੱਸ ਲੋਭ ਹੈ
ਦਿਲ ‘ਚੋਂ ਨਿਕਲੀ ਚੀਕ ਹੈ ਸੁਣਿਓ ਜ਼ਰਾ
ਗੀਤ ਨਹੀਂ, ਇਕ ਚੀਸ ਹੈ ਸੁਣਿਓ ਜ਼ਰਾ।
ਸ਼ਹਿਰੀਕਰਨ ਨੇ ਪਿੰਡਾਂ ਨੂੰ ਖਾਣਾ ਸ਼ੁਰੂ ਕੀਤਾ ਹੋਇਆ ਹੈ। ਪਿੰਡ ਖਤਮ ਹੋ ਰਹੇ ਹਨ। ਪੇਂਡੂ ਸਭਿਆਚਾਰ ਹਣ ਕਿਤਾਬਾਂ ਦਾ ਹਿੱਸਾ ਬਣ ਕੇ ਰਹਿ ਗਿਆ ਹੈ। ਸੱਥਾਂ ਵਾਲੀ ਸਾਂਝ ਖਤਮ ਹੋ ਰਹੀ ਹੈ। ਸ਼ਹਿਰ ਦੇ ਸਾਹਮਣੇ ਪਿੰਡ ਨਿਮਾਣਾ ਬਣ ਕੇ ਰਹਿ ਗਿਆ ਹੈ।
ਮੁੱਦਤਾਂ ਹੋ ਗਈਆਂ ਨੇ ਪੱਬਰਾਲੀ ਨੂੰ ਪਟਿਆਲਵੀ ਹੋਇਆਂ ਪਰ ਪਿੰਡ ਉਸਦੇ ਨਿੱਤ ਖਿਆਲਾਂ ਵਿੱਚ ਆਉਂਦਾ ਹੈ। ਪਰਵਾਸੀ ਹੋਇਆ ਗੁਰਚਰਨ ਪੱਬਰਾਲੀ ਦਾ ਹੇਰਵਾਂ ਗੀਤ ਨੂੰ ਜਨਮ ਦੇ ਦਿੰਦਾ ਹੈ:
ਵਿੱਚ ਖਿਆਲਾਂ ਪਿੰਡ ਦੀ ਜੂਹ ਤੱਕ, ਨਿੱਤ ਉਡਾਰੀ ਲਾਵਾਂ
ਜੰਮਣ ਭੌਂ ਦਾ ਚੁੰਮਣ ਲੈ ਕੇ, ਉਸ ਪਲ ਮੁੜ ਆਵਾਂ
ਪਹਿਲਾਂ ਵਰਗਾ ਮੋਹ ਨਹੀਂ ਭਾਵੇਂ, ਸੱਜਣਾਂ ਦੀ ਖੁਸ਼ਬੋ ਨਹੀਂ ਭਾਵੇਂ
ਫ਼ਿਰ ਵੀ ਹੈ ਕੁਝ ਐਸਾ ਉਥੇ, ਮੁੜ ਮੁੜ ਭੱਜਿਆ ਜਾਵਾਂ
ਜੰਮਣ ਭੌਂ ਦਾ ਚੁੰਮਣ ਲੈ ਕੇ, ਉਸੇ ਪਲ ਮੁੜ ਆਵਾਂ।
ਅੱਜ ਦੇ ਗਾਇਕਾਂ ਨੂੰ ਚਾਹੀਦਾ ਹੈ ਕਿ ਗੁਰਚਨ ਪੱਬਾਰਾਲੀ ਵਰਗੇ ਗੀਤਕਾਰਾਂ ਦੇ ਗੀਤ ਗਾਉਣ। ਨਸ਼ਿਆਂ ਨੂੰ ਪ੍ਰਚਾਰਨ, ਟੁੰਬਣ ਅਤੇ ਪ੍ਰੇਰਕ ਵਾਲੇ ਉਤੇਜਨਾ ਭਰੇ ਗੀਤਾਂ ਦੀ ਬਜਾਏ ਵਾਤਾਵਰਣ ਅਤੇ ਮਾਦਾ ਭਰੂਣ ਹੱਤਿਆ ਅਦਿ ਵਿਸ਼ਿਆਂ ‘ਤੇ ਲਿਖੇ ਗੀਤ ਉਹਨਾਂ ਬੋਲਾਂ ਦਾ ਸ਼ਿੰਗਾਰ ਬਣਨੇ ਚਾਹੀਦੇ ਹਨ। ਪੱਬਰਾਲੀ ਕਹਿੰਦਾ ਹੈ:
ਨੀ ਆਏ ਮੇਰੀ ਜੱਗ ਨਾਲ ਸਾਂਝ ਪੁਆ
ਖੁਦ ਹੀ ਕਰਕੇ ਰਚਨਾ ਮੇਰੀ, ਖੁਦ ਨਾ ਹੋਂਦ ਮਿਟਾ
ਨੀ ਮਾਏ ਮੇਰੀ ਜੱਗ ਨਾਲ ਸਾਂਝ ਪੁਆ
ਰੁੱਖਾਂ ਬਾਰੇ ਸ਼ਾਇਰ ਦੇ ਬੋਲ ਸੁਣੋ:
ਪਾਣੀ ਹੋਉ ਤਾਂ ਰੁੱਖ ਹੋਣਗੇ, ਧਰਤੀ ਉਤੇ ਮਨੁੱਖ ਹੋਣਗੇ
ਪਾਣੀ ਹੈ ਸੁੱਖਾਂ ਦਾ ਸਾਗਰ, ਬਿਨ ਪਾਣੀ ਤੋਂ ਦੁੱਖ ਹੋਣਗੇ
ਗੀਤਕਾਰ ਗੁਰਚਨ ਪੱਬਰਾਲੀ ਦਾ ਵੀ ਸੁਪਨਾ ਹੈ ਕਿ ਉਸਦੇ ਗੀਤਾਂ ਨੂੰ ਚੰਗੇ ਚੰਗੇ ਗਾਇਕ ਗਾਉਣ। ਉਹ ਕਹਿੰਦਾ ਹੈ ”ਇਸ ਉਮੀਦ ਨਾਲ ਕਿ ਮੇਰੇ ਇਹਨਾਂ ਗੀਤਾਂ ਨੂੰ ਸੱਚੇ ਸੁੱਚੇ ਹੋਠਾਂ ਦੇ ਚੁੰਮਣ ਨਸੀਬ ਹੋਣ, ਆਪਣੇ ਗੀਤਾਂ ਸਬੰਧੀ ਪ੍ਰਗਟਾਏ ਆਪਣੇ ਖਿਆਲ ਕੁਝ ਦੋ-ਮਿਸਰਿਆਂ ਵਿੱਚ ਪੇਸ਼ ਕਰਨ ਦੀ ਇਜਾਜ਼ਤ ਲੈ ਰਿਹਾ ਹਾਂ:
ਰੁੱਤ ਉਦਾਸੀ ਆਈ ਹੋਵੇ ਗੀਤ ਲਿਖਾਂ
ਖੁਸ਼ੀਆਂ ਛਹਿਬਰ ਲਾਈ ਹੋਵੇ ਗੀਤ ਲਿਖਾਂ
ਅੱਧ ਅਸਮਾਨੇ ਤਾਰਾ ਹੋਵੇ ਗੀਤ ਲਿਖਾਂ
ਬੁੱਕਲ ਵਿੱਚ ਪਿਆਰਾ ਹੋਵੇ ਗੀਤ ਲਿਖਾ।
ਮੇਰੀ ਅਰਦਾਸ ਹੈ ਕਿ ਗੁਰਚਰਨ ਪੱਬਰਾਲੀ ਦੀ ਕਲਮ ਗੀਤ ਲਿਖਦੀ ਰਹੇ।
****
ਬੱਚਿਆਂ ਨੂੰ ਹਿੰਸਕ ਬਣਾ ਰਿਹਾ ਹੈ ਮੀਡੀਆ
ਪਹਿਲਾ ਦ੍ਰਿਸ਼
(ਹੈਦਰਾਬਾਦ ਦਾ ਸ਼ਹਿਰ ਨਸੀਰਾਬਾਦ) ਨਸੀਰਾਬਾਦ ਦੇ ਅੱਠ ਬੱਚੇ ਮੌਜ-ਮਸਤੀ ਕਰ ਰਹੇ ਹਨ। ਇਹਨਾਂ ਸਭ ਦੀ ਉਮਰ 14-15 ਵਰ੍ਹਿਆਂ ਦੀ ਹੈ। ਬੱਚਿਆਂ ਨੇ ਲੋਹੜੀ ਬਾਲੀ ਹੋਈ ਹੈ ਅਤੇ ਇਸ ਬਲਦੀ ਅੱਗ ਦੇ ਲਾਗੇ ਚਾਊਂ-ਚਾਊਂ ਕਰਦੇ ਚਾਰ ਕਤੂਰੇ ਪਏ ਹਨ। ਅਚਾਨਕ ਇਹਨਾਂ ਬੱਚਿਆਂ ਦੀ ਨਜ਼ਰ ਕਤੂਰਿਆਂ ‘ਤੇ ਜਾਂਦੀ ਹੈ। ਫ਼ਿਰ ਕੀ- ਬੱਚੇ ਇਹਨਾਂ ਕਤੂਰਿਆਂ ਨੂੰ ਇਕ ਇਕ ਕਰਕੇ ਅੱਗ ਵਿੱਚ ਸੁੱਟ ਰਹੇ ਹਨ ਅ ਤੇ ਕਤੂਰਿਆਂ ਦੇ ਰੋਣ ਦੀ ਆਵਾਜ਼ ਸੁਣ ਕੇ ਬੱਚੇ ਬਹੁਤ ਖੁਸ਼ ਹੋ ਰਹੇ ਹਨ। ਇਕ ਕਤੂਰਾ ਰੋਂਦਾ-ਰੋਂਦਾ ਜਦੋਂ ਅੱਗ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਆਵਾਜ਼ ਆਉਂਦੀ ਹੈ- ”ਉਏ! ਇਸਕੋ ਫ਼ਿਰ ਫ਼ੇਂਕੋ” ਅਤੇ ਫ਼ਿਰ ਉਸ ਕਤੂਰੇ ਨੂੰ ਦੁਬਾਰਾ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ। ਦੋ ਬੱਚੇ ਇਹ ‘ਖੇਡ’ ਦੀ ਵੀਡੀਓ ਆਪਣੇ ਮੋਬਾਇਲ ਨਾਲ ਬਣਾ ਰਹੇ ਹਨ।
ਦੂਜਾ ਦ੍ਰਿਸ਼
ਛੱਤ ਤੇ ਇਕ ਮੈਡੀਕ ਕਾਲਜ ਦਾ ਵਿਦਿਆਰਥੀ ਖੜ੍ਹਾ ਹੈ। ਉਸਦੇ ਹੱਥ ਵਿੱਚ ਇਕ ਪਮੇਰੀਅਨ ਕੁੱਤਾ ਹੈ। ਕੁੱਤਾ ਬਹੁਤ ਪਿਆਰ ਨਾਲ ਉਸ ਵਿਦਿਆਰਥੀ ਵੱਲ ਦੇਖ ਰਿਹਾ ਹੈ। ਪਰ ਆਹ ਕੀ? ਉਸ ਮੈਡੀਕਲ ਕਾਲਜ ਦੇ ਵਿਦਿਆਰਥੀ ਨੇ ਕੁੱਤੇ ਨੂੰ ਦੋ ਮੰਜ਼ਿਲਾਂ ਤੋਂ ਫ਼ਰਸ਼ ਉਤੇ ਸੁੱਟ ਦਿੰਤਾ ਹੈ। ਡਿੱਗਣ ਸਾਰ ਕੁੱਤਾ ਖਤਮ ਅਤੇ ਵਿਦਿਆਰਥੀ ਡਾਕਟਰ ਖੁਸ਼।
ਦ੍ਰਿਸ਼ ਤਿੰਨ-
ਬੰਦੇ ਦੇ ਹੱਥ ਵਿੱਚ ਬੰਦੂਕ ਹੈ ਅਤੇ ਉਸ ਦੇ ਨਿਸ਼ਾਨੇ ਤੇ ਕੁੱਤਾ। ਬੰਦ ਨੇ ਨਿਸ਼ਾਨਾ ਲਗਾਇਆ, ਗੋਲੀ ਚਲਾਈ ਅਤੇ ਕੁੱਤਾ ਢੇਰ, ਬੰਦਾ ਖੁਸ਼। ਇਹ ਤਿੰਨ ਦ੍ਰਿਸ਼ ਹਿੰਦੁਸਤਾਨ ਦੇ ਵੱਖ ਵੱਖ ਹਿੱਸਿਆਂ ਵਿੱਚ ਅਣਬੋਲ ਜੀਆਂ ਉਪਰ ਹੋ ਰਹੇ ਤਸ਼ੱਦਦ ਦੀ ਤਸਵੀਰ ਹਨ। ਇਹਨਾਂ ਵਿੱਚ ਬੱਚੇ ਤੇ ਨੌਜਵਾਨ ਸ਼ਾਮਲ ਹਨ। ਇਹ ਸਾਰੀਆਂ ਤਸਵੀਰਾਂ ਸੋਸ਼ਲ ਸਾਇਟਾਂ ‘ਤੇ ਵੀ ਵਾਇਰਲ ਹੋ ਰਹੀਆਂ ਹਨ ਅਤੇ ਭਾਰਤੀ ਟੀ. ਵੀ. ਚੈਨਲ ਵੀ ਇਹਨਾਂ ਨੂੰ ਦਿਖਾ ਰਹੇ ਹਨ। ਇਹਨਾਂ ਨੂੰ ਵੇਖ ਕੇ ਹਰ ਸੰਵੇਦਨਸ਼ੀਲ ਮਨੁੱਖ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਇਹ ਕੀ ਭਾਣਾ ਵਾਪਰ ਰਿਹਾ ਹੈ। ਅੱਜ ਦਾ ਬੱਚਾ ਸੰਵੇਦਨਹੀਣ ਕਿਉਂ ਹੋ ਰਿਹਾ ਹੈ। ਬੱਚਿਆਂ, ਕਿਸ਼ੋਰਾਂ ਅਤੇ ਨੌਜਵਾਨਾਂ ਦੇ ਮਨਾਂ ਵਿੱਚੋਂ ਸੰਵੇਦਨਸ਼ੀਲਤਾ, ਸੂਖਮਤਾ ਅਤੇ ਭਾਵੁਕਤਾ ਖੰਭ ਲਾ ਕੇ ਕਿਉਂ ਉਡਾਰੀ ਮਾਰ ਰਹੀ ਹੈ। ਪੱਛਮੀ ਮੁਲਕਾਂ ਵਿੱਚ ਬੱਚੇ ਸਕੂਲਾਂ ਵਿੱਚ ਬੰਦੂਕਾਂ ਲੈ ਕੇ ਗੋਲੀਬਾਰੀ ਕਰਕੇ ਹੋਰ ਬੱਚਿਆਂ ਨੂੰ ਮਾਰਦੇ ਹੋਏ ਮੀਡੀਆ ਦੀਆਂ ਸੁਰਖੀਆਂ ਬਣਦੇ ਅਕਸਰ ਦਿਖਾਈ ਦਿੰਦੇ ਹਨ। ਬਿਹਤਰ ਅਤੇ ਆਨੰਦਮਈ ਜ਼ਿੰਦਗੀ ਅਤੇ ਸ਼੍ਰੇਸਠ ਸਮਾਜ ਲਈ ਸੰਵੇਦਨਾ ਦਾ ਹੋਣਾ ਅਤਿ ਜ਼ਰੂਰੀ ਹੁੰਦਾ ਹੈ। ਸੰਵੇਦਨਾਂ ਮਤਲਬ ਦੂਜੇ ਦੀ ਵੇਦਨਾ ਨੂੰ ਖੁਦ ਮਹਿਸੂਸ ਕਰਨਾ। ਸੰਵੇਦਨਸ਼ੀਲਤਾ ਹੀ ਮਨੁੱਖਤਾ ਨੂੰ ਵਿਸਥਾਰ ਦਿੰਦੀ ਹੈ। ਪਰਿਵਾਰਕ ਮੈਂਬਰਾਂ ਵਿੱਚ ਪ੍ਰਸਪਰ ਜਾਂ ਆਪਸ ਵਿੱਚ ਸੰਵੇਦਨਸ਼ੀਲਤਾ ਇੰਨੀ ਜ਼ਿਆਦਾ ਹੋਵੇਗੀ, ਰਿਸ਼ਤੇ ਉਨੇ ਹੀ ਗਹਿਰੇ, ਮਜ਼ਬੂਤ ਤੇ ਸੁਖਾਵੇਂ ਹੋਣਗੇ। ਜੇ ਮਨੁੱਖ ਸੰਵੇਦਨਸ਼ੀਲ ਹੋਵੇਗਾ, ਪਰਿਵਾਰ ਸੰਵੇਦਨਸ਼ੀਲ ਹੋਵੇਗਾ, ਸਮਾਜ ਸੰਵੇਦਨਸ਼ੀਲ ਹੋਵੇਗਾ ਅਤੇ ਜ਼ਿੰਦਗੀ ਖੂਬਸੂਰਤ ਹੋਵੇਗੀ। ਪਰ, ਅੱਜ ਅਜਿਹਾ ਨਹੀਂ ਵਾਪਰ ਰਿਹਾ। ਬੱਚਿਆਂ, ਕਿਸ਼ੋਰਾਂ ਅਤੇ ਨੌਜਵਾਨਾਂ ਵਿੱਚੋਂ ਸੰਵੇਦਨਾ ਮਨਫ਼ੀ ਹੋ ਰਹੀ ਹੈ ਅਤੇ ਹਿੰਸਾ, ਤੇਜ਼ੀ, ਤੀਬਰਤਾ, ਪ੍ਰਸੰਨਤਾ, ਸੀਨਾਜ਼ੋਰੀ, ਤਸ਼ੱਦਦ ਅਤੇ ਉਪੱਦਰ ਦੀ ਭਾਵਨਾ ਭਾਰੂ ਹੋ ਰਹੀ ਹੈ।
ਮਨੁੱਖੀ ਨਸਲ ਵਿੱਚ ਹਿੰਸਾ ਦੀ ਭਾਵਨਾ ਦਾ ਹੋਣਾ ਕੋਈ ਨਵੀਂ ਗੰਲ ਨਹੀਂ ਪਰ ਆਧੁਨਿਕ ਸਮਾਜ ਵਿੱਚ ਬਿਰਤੀ ਤੇਜੀ ਨਾਲ ਵੱਧ ਰਹੀ ਅਤੇ ਸਥਿਤੀ ਵਿਸਫ਼ੋਟਕ ਬਣਦੀ ਜਾ ਰਹੀ ਹੈ। ਅੱਜ ਬੱਚਿਆਂ ਦਾ ਵਤੀਰਾ ਤੇਜੀ ਨਾਲ ਹਿੰਸਕ ਹੋ ਰਿਹਾ ਹੈ ਅਤੇ ਸੰਜਮ, ਸਬਰ ਅਤੇ ਸੰਤੋਖ ਉਹਨਾਂ ਦੇ ਵਿਵਹਾਰ ਵਿੱਚੋਂ ਮਨਫ਼ੀ ਹੋ ਰਿਹਾ ਹੈ। ਇਸਦੇ ਕਾਰਨ ਬਹੁਪੱਖੀ ਅਤੇ ਵਿਵੱਧ ਹਨ। ਬਿਮਾਰ ਮਾਨਸਿਕਤਾ, ਬਾਲ ਸ਼ੋਸ਼ਣ, ਗਰੀਬੀ, ਕੰਗਾਲੀ, ਹੀਣਤਾ, ਭਾਈਚਾਰਕ ਵਤੀਰਾ, ਸਮਾਜਿਕ ਬਦਸਲੂਕੀ ਅਤੇ ਮੀਡੀਆ ਦੇ ਵਿਸਫ਼ੋਟ, ਅਧਿਕਤਾ ਅਤੇ ਅਸੰਜਮ ਨੇ ਇਸ ਸੰਵੇਦਨਹੀਣਤਾ ਵਿੱਚ ਢੇਰ ਵਾਧਾ ਕੀਤਾ ਹੈ। ਖੋਜਾਂ ਅਨੁਸਾਰ ਬੱਚਿਆਂ ਦੇ ਵਿਵਹਾਰ ਨੂੰ ਹਿੰਸਕ ਬਣਾਉਣ ਵਿੱਚ ਮੀਡੀਆ ਦਾ ਰੋਲ ਕਾਫ਼ੀ ਘਾਤਕ ਹੈ। ਟੈਲੀਵਿਜਨ ਉਤੇ ਦਿਖਾਈ ਜਾ ਰਹੀ ਹਿੰਸਾ ਨੂੰ ਵੇਖਣ ਵਾਲੇ ਬੱਚੇ ਵਾਸਤਵਿਕਤਾ ਅਤੇ ਅਸਲੀਅਤ ਨੂੰ ਸਮਝਣ ਦੀ ਸਮਝ ਨਹੀਂ ਰੱਖਦੇ। ਅਸਲ ਅਤੇ ਨਕਲ ਦਾ ਫ਼ਰਕ ਪਤਾ ਨਹੀਂ ਹੁੰਦਾ। ਕਾਰਟੂਨਾਂ ਨਾਲ ਖੇਡਦੇ ਅਤੇ ਦੇਖਦੇ ਉਹ ਵੱਡੇ ਹੁੰਦੇ ਹਨ। ਇਕ ਖੋਜ ਅਨੁਸਾਰ ਬੱਚੇ 15 ਵਰ੍ਹਿਆਂ ਤੱਕ 2 ਲੱਖ ਤੋਂ ਵੱਧ ਹਿੰਸਕ ਦ੍ਰਿਸ਼ ਵੇਖ ਚੁੱਕੇ ਹਨ, ਜਿਹਨਾਂ ਵਿੱਚ 18000 ਤੋਂ ਵੱਧ ਕਤਲ ਹੁੰਦੇ ਹਨ। ਬੱਚੇ ਔਸਤਨ ਇਕ ਘੰਟੇ ਵਿੱਚ 812 ਹਿੰਸਕ ਦ੍ਰਿਸ਼ ਵੇਖ ਸਕਦੇ ਹਨ ਅਤੇ ਉਹ ਘੰਟੇ ਵਿੱਚ 20 ਹਿੰਸਕ ਦ੍ਰਿਸ਼ ਤਾਂ ਵੇਖ ਹੀ ਲੈਂਦੇ ਹਨ। ਇਉਂ ਬਚਪਨ ਅਤੇ ਕਿਸ਼ੋਰ ਅਵਸਥਾ ਵਿੱਚ ਵੇਖੇ ਹਿੰਸਕ ਦ੍ਰਿਸ਼ਾਂ ਅਤੇ ਕਾਰਟੂਨ ਖੇਡਾਂ ਵਿੱਚ ਕੀਤੇ ਕਤਲਾਂ ਨੇ ਬੱਚਿਆਂ ਦੇ ਮਾਸੂਮ ਮਨਾਂ ਨੂੰ ਸੰਵੇਦਨਹੀਣ ਬਣਾਉਣਾ ਹੀ ਹੋਇਆ। ਦੂਜੇ ਪਾਸੇ ਸਾਡੀਆਂ ਫ਼ਿਲਮਾਂ ਤੇ ਹੋਰ ਟੀ. ਵੀ. ਪ੍ਰੋਗਰਾਮਾਂ ਵਿੱਚ ਨਾਇਕ ਅਤੇ ਨਾਇਕਾਵਾਂ ਵੱਲੋਂ ਲੜਾਈ ਦੇ ਦ੍ਰਿਸ਼ਾਂ ਦਾ ਅਸਰ ਵੀ ਛੋਟੀ ਉਮਰ ਦੇ ਅੱਲੜ੍ਹਾਂ ‘ਤੇ ਬਹੁਤ ਪੈਂਦਾ ਹੈ। ਉਹ ਫ਼ਿਲਮੀ ਨਾਇਕਾਂ ਵਾਂਗ ਹਿੰਸਕ ਵਾਰਦਾਤਾਂ ਕਰਦੇ ਹੋਏ ਜ਼ਿੰਦਗੀ ਦੀ ਲੜਾਈ ਜਿੱਤਣਾ ਆਪਣਾ ਆਦਰਸ਼ ਬਣਾ ਲੈਂਦੇ ਹਨ। ਇੰਟਰਨੈਟ ਵਾਲਾ ਨਵਾਂ ਮੀਡੀਆ ਉਹਨਾਂ ਨੂੰ ਹਿੰਸਕ ਬਣਾਉਣ ਦੀਆਂ ਨਵੀਆਂ ਤਕਨੀਕਾਂ ਮੁਫ਼ਤ ਵਿੱਚ ਸਿਖਾ ਦਿੰਦਾ ਹੈ। ਦੁਨੀਆ ਵਿੱਚ ਅਸ਼ਲੀਲ ਫ਼ਿਲਮਾਂ ਵੇਖਣ ਵਾਲਿਆਂ ਦੀ ਵੱਡੀ ਗਿਣਤੀ ਅੱਲੜ੍ਹਾਂ ਦੀ ਹੈ। ਅਜਿਹੀਆਂ ਫ਼ਿਲਮਾਂ ਰੇਪ ਅਤੇ ਹੋਰ ਅਪਰਾਧਾਂ ਨੂੰ ਜਨਮ ਦੇਣ ਵਿੱਚ ਭੂਮਿਕਾ ਨਿਭਾਉਂਦੀਆਂ ਹਨ।
ਮੀਡੀਆ ਦੇ ਅਸਰ ਦੇ ਨਾਲ ਨਾਲ ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ, ਅਨਪੜ੍ਹਤਾ, ਕੰਗਾਲੀ ਅਤੇ ਭਾਈਚਾਰਕ ਬਦਸਲੂਕੀ ਵੀ ਬੱਚਿਆਂ ਨੂੰ ਸੰਵੇਦਨਹੀਣਤਾ ਵੱਲ ਧੱਕਦੀ ਹੈ। ਉਦਾਹਰਣ ਵਜੋਂ ਹੈਦਰਾਬਾਦ ਦੇ ਸ਼ਹਿਰ ਨਸੀਬਾਵਾਦ ਵਿੱਚ ਚਾਰ ਦਲਿਤ ਯੁਵਕਾਂ ਨਾਲ ਕੀਤੀ ਹਿੰਸਾ ਅਤੇ ਬਦਸਲੂਕੀ ਨੇ ਹਜ਼ਾਰਾਂ ਨੂੰ ਹਿੰਸਕ ਬਣਾਉਣ ਵਿੱਚ ਹਿੱਸਾ ਪਾ ਦਿੱਤਾ ਹੈ। ਕੁਝ ਵੀ ਹੋਵੇ, ਆਰੰਭ ਵਿੱਚ ਦਰਸਾਏ ਤਿੰਨ ਦ੍ਰਿਸ਼ ਸਾਡੇ ਬੱਚਿਆਂ ਅਤੇ ਕਿਸ਼ੋਰਾਂ ਦੀ ਮਾਨਸਿਕਤਾ ਵੱਲ ਸੰਕੇਤ ਕਰਦੇ ਹਨ।
ਇਹ ਸੰਕੇਤ ਸਾਡੇ ਸਮਾਜ ਵਿੱਚ ਬੱਚਿਆਂ ਦੇ ਵਿਕਾਸ ਨੂੰ ਸਹੀ ਢੰਗ ਨਾਲ ਕਰਾਉਣ ਦੀ ਸਲਾਹ ਵੀ ਹਨ। ਇਹ ਇਸ਼ਾਰੇ ਹਨ ਕਿ ਬੱਚਿਆਂ ਕਾਰਟੂਨਾਂ, ਫ਼ਿਲਮਾਂ ਅਤੇ ਹੋਰ ਟੀ. ਵੀ. ਪ੍ਰੋਗਰਾਮਾਂ ਨੂੰ ਵੇਖਣ ਦੀ ਇਕ ਸਮਾਂ ਸੀਮਾ ਨਿਰਧਾਰਿਤ ਕਰਨ ਦੀ ਲੋੜ ਹੈ। ਮਾਪਿਆਂ ਨੂੰ ਛੋਟੇ ਬੱਚਿਆਂ ਨਾਲ ਬੈਠ ਕੇ ਟੀ. ਵੀ. ਅਤੇ ਹੋਰ ਪ੍ਰੋਗਰਾਮ ਵੇਖਣੇ ਚਾਹੀਦੇ ਹਨ ਅਤੇ ਨਾਲ ਨਾਲ ਕਹਾਣੀਆਂ ਦੀ ਸਹੀ ਵਿਆਖਿਆ ਕਰਦੇ ਰਹਿਣਾ ਚਾਹੀਦਾ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸੰਵੇਦਨਹੀਣ ਨਾ ਹੋਣ ਤਾਂ ਇਸ ਵੱਲ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਉਂਝ:
ਸਹਿਜ ਨਹੀਂ ਰਹਿ ਗਯਾ
ਰੋਜ ਕਾ ਮਿਲਣਾ-ਜੁਲਨਾ
ਬੇਹਦ ਮੁਸ਼ਕਿਲ ਲਗਤਾ ਹੈ
ਕੁਝ ਕਹਿਣਾ ਸੁਣਨਾ।

LEAVE A REPLY