main-news-300x150ਸੰਤੇ ਬੁੜ੍ਹੇ ਕਾ ਮਿੱਠੂ ਪਿੰਡ ‘ਚ ਸਾਕ ਕਰਾਉਣ ਦੀ ਵਿਚੋਲਗੀ ਕਰਨ ਦਾ ਕੰਮ ਕਰਦਾ ਸੀ। ਜੇ ਕਦੇ ਕੋਈ ਗਾਂ ਮੱਝ ਢਾਕ ‘ਤੇ ਚੜ੍ਹ ਜਾਂਦੀ ਤਾਂ ਮਿੱਠੂ ਵਪਾਰਪੁਣੇ ਨੂੰ ਵੀ ਇਉਂ ਮੂੰਹ ਮਾਰ ਜਾਂਦਾ ਜਿਮੇਂ ਸੱਜਰ ਮੱਝ ਮੂਹਰੇ ਪਏ ਹਰੇ ਪੱਠਿਆਂ ‘ਤੇ ਧੂੜੇ ਸੁੱਕੇ ਦਾਣੇ ਨੂੰ ਨਾਲ ਖੜ੍ਹੀ ਤੋਕੜ ਮੱਝ ਮੂੰਹ ਮਾਰ ਜਾਂਦੀ ਐ। ਸੱਥ ‘ਚ ਆਉਂਦਿਆਂ ਹੀ ਮਿੱਠੂ ਨੇ ਸਾਇਕਲ ਤੋਂ ਪੁੱਠੇ ਪਾਸਿਉਂ ਉਤਰਦਿਆਂ ਸੀਤੇ ਮਰਾਸੀ ਨੂੰ ਪੁੱਛਿਆ,
”ਕਿਉਂ ਮੀਰ! ਐਥੇ ਕਪੂਰੇ ਕਾ ਜੈਬਾ ਨ੍ਹੀ ਆਇਆ, ਜਾਂ ਕਿਤੇ ਐਧਰ ਊਧਰ ਨੰਘਦਾ ਵੇਖਿਆ ਹੋਵੇ?”
ਬਾਬਾ ਧੰਨਾ ਸਿਉਂ ਮਿੱਠੂ ਵੱਲ ਝਾਕ ਕੇ ਤਿੱਖੀ ਆਵਾਜ਼ ‘ਚ ਬੋਲਿਆ, ”ਕਿਉਂ! ਕਿਤੇ ਟਿੱਬੇ ‘ਤੇ ਤਾਂ ਨ੍ਹੀ ਪਾਣੀ ਚਾੜ੍ਹਨਾ?”
ਟਿੱਬੇ ‘ਤੇ ਪਾਣੀ ਚਾੜ੍ਹਨ ਵਾਲੀ ਗੱਲ ਬਾਬੇ ਧੰਨਾ ਸਿਉਂ ਨੇ ਇਸ ਕਰ ਕੇ ਕਹੀ ਸੀ ਕਿਉਂਕਿ ਜੈਬੇ ਨੂੰ ਰਿਸ਼ਤੇ ਤਾਂ ਬਹੁਤ ਆਉਂਦੇ ਸੀ ਪਰ ਸਿਰੇ ਨ੍ਹੀਂ ਸੀ ਕੋਈ ਚੜ੍ਹਦਾ।
ਨਾਥਾ ਅਮਲੀ ਬਾਬੇ ਨੂੰ ਕਹਿੰਦਾ, ”ਇਹ ਕਿੱਥੋਂ ਖੋਹਲ ਦੂ ਬਾਬਾ ਮੋਘਾ। ਦੋ ਵੀਹਾਂ ਤੋਂ ਤਾਂ ਜੈਬਾ ਟੱਪਿਆ ਪਿਆ। ਹੁਣ ਕਿੱਥੋਂ ਦੇ ਲੂ ਫ਼ਲਕਾਰੀ ਥੱਲੇ ਕਰਪਾਨ। ਵੇਖਣ ਤਾਂ ਜੈਬੇ ਨੂੰ ਬਹੁਤ ਆਉਂਦੇ ਐ, ਪਰ ਕਿਸੇ ਕੰਜਰ ਨੇ ਮਾੜੇ ਭਾਗਾਂ ਆਲੇ ਨੂੰ ਪਸਿੰਦ ਈ ਨ੍ਹੀ ਕੀਤਾ। ਵੇਖਣ ਆਇਆ ਕੋਈ ਤਾਂ ਕਹਿ ਜਾਂਦਾ ਬਈ ਮੁੰਡੇ ਦਾ ਰੰਗ ਪੱਕਾ। ਕੋਈ ਕਹਿੰਦਾ ਮੁੰਡੇ ਨੂੰ ਜਮੀਨ ਘੱਟ ਆਉਂਦੀ ਐ ਮੋਟਾ ਬਾਹਲ਼ਾ। ਇੱਕ ਐਧਰੋਂ ਜੀਰੇ ਮੁੱਦਕੀ ਅੱਲੋਂ ਆਏ ਸੀ। ਉਹ ਪਤਾ ਕੀ ਕਹਿ ਗੇ, ਅਕੇ ਮੁੰਡਾ ਮਧਰਾ ਬਾਹਲ਼ਾ। ਲੈ ਦੱਸ ਬਾਬਾ! ਹੈ ਤਾਂ ਬੰਦਾ ਈ?”
ਸੀਤਾ ਮਰਾਸੀ ਅਮਲੀ ਨੂੰ ਟਿੱਚਰ ‘ਚ ਬੋਲ ਕੇ ਪੁੱਛਦੈ, ”ਅਮਲੀਆ ਕਿਸੇ ਨੇ ਤੋਰ ਤਾਰ ਕੇ ਨ੍ਹੀ ਵੇਖਿਆ ਬਈ ਸ਼ਪੀਟ ਕਿੰਨ੍ਹੀ ਕੁ ਐ ਗੱਭਰੂ ਦੀ?”
ਬਾਬਾ ਧੰਨਾ ਸਿਉਂ ਕਹਿੰਦਾ, ”ਐਥੋਂ ਨੰਘਦੇ ਨੂੰ ਕਈ ਵਾਰੀ ਵੇਖੀ ਦਾ, ਵਗਦਾ ਤਾਂ ਖਾਸਾ ਤੇਜ ਐ। ਗਰਦਿਆਲੀ ਕੇ ਫ਼ੋਰਡ ਆਂਗੂੰ ਵੱਡੇ ਗੇਅਰਾਂ ਚੀ ਜਾਂਦਾ ਹੁੰਦਾ।”
ਨਾਥਾ ਅਮਲੀ ਬਾਬੇ ਧੰਨਾਂ ਸਿਉਂ ਦੀ ਗੱਲ ‘ਤੇ ਅੱਗ ਦੇ ਅੰਗਿਆਰ ਵਾਂਗੂੰ ਭਖ ਕੇ ਬੋਲਿਆ, ”ਐਨਾਂ ਕਿੰਨ੍ਹਾਂ ਕੁ ਵਗਦਾ ਬਾਬਾ ਉਹੋ। ਵੇਖਣ ਨੂੰ ਈ ਬਾਹਲ਼ਾ ਤੇਜ ਲੱਗਦਾ। ਮੋੜ ਮੋੜ ਥਾਂ ‘ਤੇ ਪੈਰ ਧਰੀ ਜਾਂਦਾ। ਰੋਟੀ ਪਕਾਉਣ ਆਲੇ ਵੇਲਣੇ ਜਿੱਡੀਆਂ ਜਿੱਡੀਆਂ ਤਾਂ ਲੱਤਾਂ ਉਹਦੀਆਂ। ਉਨ੍ਹਾਂ ਨਾਲ ਵੇਖ ਲਾ ਕਿੰਨਾਂ ਕੁ ਵਗ ਲੈਂਦਾ ਹੋਊ। ਤੂੰ ਇਉਂ ਦੱਸ ਮੈਨੂੰ ਬਈ ਕਿਤੇ ਗਿਠਮੁਠੀਏ ਵੀ ਹਰਨਾਂ ਨਾਲ ਰਲ਼ੇ ਐ।”
ਜੈਬੇ ਤੇ ਲੱਗੇ ਤਵੇ ਨੂੰ ਸੁਣ ਕੇ ਮਿੱਠੂ ਨੇ ਫ਼ੇਰ ਪੁੱਛਿਆ, ”ਜੇ ਸੋਨੂੰ ਕਿਸੇ ਨੂੰ ਜੈਬੇ ਦਾ ਪਤਾ ਸੁਤਾ ਹੈ ਤਾਂ ਦੱਸ ਦਿਉ ਯਾਰ। ਨਹੀਂ ਫ਼ਿਰ ਮੈਂ ਜਾਮਾਂ।”
ਸੀਤਾ ਮਰਾਸੀ ਮਿੱਠੂ ਨੂੰ ਕਹਿੰਦਾ, ”ਤੈਨੂੰ ਸੱਦਿਆ ਵੀ ਕੀਹਨੇ ਸੀ ਚਿੱਠੀ ਪਾ ਕੇ। ਅਸੀਂ ਕੋਈ ਖੋਜੀ ਆਂ ਬਈ ਜੈਬੇ ਦੀ ਪੈੜ ਦੱਬੀ ਬੈਠੇ ਐਂ। ਜਾਹ ਸਾਨੂੰ ਨ੍ਹੀ ਪਤਾ।”
ਸੀਤੇ ਮਰਾਸੀ ਦਾ ਘੂਰਿਆ ਮਿੱਠੂ ਮਰਾਸੀ ਤੋਂ ਡਰਦਾ ਸੱਥ ‘ਚੋਂ ਇਉਂ ਭੱਜ ਨਿੱਕਲਿਆ ਜਿਮੇਂ ਬਹੁ-ਰੂਪੀਏ ਨੂੰ ਵੇਖ ਕੇ ਔਸਰ ਝੋਟੀ ਸੰਗਲ ਛਡਾ ਕੇ ਭੱਜਗੀ ਹੋਵੇ।
ਮਿੱਠੂ ਦੇ ਮੂੰਹੋਂ ਜੈਬੇ ਨੂੰ ਭਾਲਣ ਵਾਲੀ ਗੱਲ ਸੁਣ ਕੇ ਨਾਥਾ ਅਮਲੀ ਬਾਬੇ ਨੂੰ ਕਹਿੰਦਾ,
”ਬਾਬਾ! ਕੀ ਗੱਲਾਂ ਕਰਦੇ ਐਂ ਯਾਰ ਤੁਸੀਂ। ਟਿੱਬੇ ‘ਤੇ ਪਾਣੀ ਚਾੜ੍ਹਨ ਨੂੰ ਇਹ ਕਿਹੜਾ ਗਾਹਾਂ ਪਾਤੜਾਂ ਆਲਾ ਪਿਆਰਾ ਵਚੋਲਾ ਬਈ ਵਚੋਲਗੀ ‘ਚ ਮੋਘੇ ਨਾਲ ਲੱਗਦੀ ਦੇ ਦਸ ਸਿਆੜ ਲੈ ਗਿਆ। ਇਹ ਤੇ ਮਾਈ ਰੇਲੋ ਇੱਕੋ ਜੇ ਈ ਐ। ਉਹ ਵੀ ਹੁਣ ਤਕ ਤਾਂ ਸਾਕ ਤੇ ਸਾਕ ਕਰਾਈ ਗਈ, ਹੁਣ ਜਦੋਂ ਆਵਦਾ ਮੁੰਡਾ ਵਿਆਹੁਣ ਆਲਾ ਹੋ ਗਿਆ, ਹੁਣ ਕਿਸੇ ਨੇ ਉਹਦੇ ਮੁੰਡੇ ਦੀ ਬਾਤ ਨ੍ਹੀ ਪੁੱਛੀ। ਉਹੀ ਗੱਲ ਮਿੱਠੂ ਦੀ ਐ। ਆਪ ਨੂੰ ਤਾਂ ਮਿੱਠੂ ਨੂੰ ਹਜੇ ਤਕ ਨ੍ਹੀ ਸਾਕ ਹੋਇਆ। ਸਾਕ ਤਾਂ ਕੀ ਹੋਣਾ ਸੀ ਕੋਈ ਭੜੂਆ ਮਿੱਠੂ ਨੂੰ ਵੇਖਣ ਮਨ੍ਹੀ ਆਇਆ। ਨਾ ਹੀ ਕਿਸੇ ਨੇ ਦੱਸ ਪਾਈ ਐ ਮਿੱਠੂ ਬਾਰੇ। ਹੋਰਾਂ ਨੂੰ ਕਿੱਥੋਂ ਲਿਅ੍ਹਾਦੂ ਡੋਲ਼ਾ ਇਹੇ।”
ਬੁੱਘਰ ਦਖਾਣ ਨੇ ਵੀ ਛੱਡੀ ਛੁਰਲ੍ਹੀ, ”ਇਹਨੂੰ ਵੇਖਣ ਆਉਣ ਨੂੰ ਇਹ ਕਿਹੜਾ ਕਾਕਾ ਜੈਲਦਾਰ ਆ ਬਈ ਢਾਈ ਗਜੀਆ ਜੁਆਨ ਐਂ। ਗੱਲ੍ਹਾਂ ਤਾਂ ਇਉਂ ਵਿੱਚ ਨੂੰ ਬੜੀਆਂ ਪਈਆਂ ਜਿਮੇਂ ਲੱਤ ਮਾਰ ਕੇ ਪੀਪਾ ਚਿੱਬਾ ਕੀਤਾ ਹੁੰਦਾ। ਉਮਰੋਂ ਢੱਲ ਕੇ ਮੂੰਹ ਤਾਂ ਅੱਖ ‘ਚ ਵੱਜੀ ਗੁੱਲੀ ਅਰਗਾ ਹੋਇਆ ਪਿਆ, ਸਾਕ ਭਾਲਦੈ ਬਾਜਰੇ ਦੇ ਛਿੱਟੇ ਅਰਗੀ ਕੁੜੀ ਦਾ।”
ਸੀਤਾ ਮਰਾਸੀ ਕਹਿੰਦਾ, ”ਆਪਣੇ ਪਿੰਡ ‘ਚ ਕਿੰਨੇ ਸਾਕ ਤਾਂ ਕਰਾ ‘ਤੇ ਮਿੱਠੂ ਨੇ, ਆਪ ਨੂੰ ਕਿਉਂ ਨਾ ਹੋਊ।”
ਨਾਥਾ ਅਮਲੀ ਮਰਾਸੀ ਦੀ ਗੱਲ ਸੁਣ ਕੇ ਬੋਲਿਆ, ”ਆਵਦਾ ਸਿਰ ਆਪ ਨ੍ਹੀ ਮੀਰ ਗੁੰਦਿਆਂ ਜਾਂਦਾ ਹੁੰਦਾ। ਸ਼ਰਾਬ ਆਲੀ ਬੋਤਲ ਨਾਲ ਲੋਕ ਪਤਾ ਕੀ ਕਰਦੇ ਹੁੰਦੇ ਐ? ਜਿੰਨਾਂ ਚਿਰ ਤਾਂ ਬੋਤਲ ‘ਚ ਸ਼ਰਾਬ ਦੇ ਪੰਜ ਚਾਰ ਤੁਪਕੇ ਹੁੰਦੇ ਐ, ਓਨਾਂ ਚਿਰ ਤਾਂ ਇਉਂ ਸਾਂਭ ਸਾਂਭ ਰੱਖਣਗੇ ਜਿਮੇਂ ਬੁੜ੍ਹੀਆਂ ਹਾਥੀ ਦੀ ਲਿੱਦ ਸਾਂਭੀ ਬੈਠੀਆਂ ਹੁੰਦੀਆਂ। ਜਦੋਂ ਸ਼ਰਾਬ ਮੁੱਕ ਜਾਂਦੀ ਐ ਫ਼ੇਰ ਬੋਤਲ ਨੂੰ ਇਉਂ ਰੋੜ੍ਹ ਦੇਣਗੇ ਜਿਮੇਂ ਗਾਹਾਂ ਡੰਗ ਮਾਰਦੀ ਹੁੰਦੀ ਐ। ਅੱਬਲ ਤਾਂ ਬੋਤਲਾਂ ਆਲੇ ਨੂੰ ਵੇਚ ਦਿੰਦੇ ਐ। ਉਹੀ ਗੱਲ ਬੋਤਲ ਆਲੀ ਮਿੱਠੂ ਨਾਲ ਹੋਣੀ ਐ। ਜਿੰਨਾਂ ਚਿਰ ਮਿੱਠੂ ਸਾਕ ਕਰਾਈ ਜਾਊ ਓਨਾਂ ਚਿਰ ਤਾਂ ਬੋਤਲ ਆਂਗੂੰ ਪੁੱਛ-ਦੱਸ ਪੂਰੀ ਰਹੂ, ਜਦੋਂ ਵਚੋਲਗੀ ਦਾ ਕੰਮ ਮਾੜਾ ਮੋਟਾ ਠੰਢਾ ਪੈ ਗਿਆ, ਫ਼ੇਰ ਮਿੱਠੂ ਨੂੰ ਕਿਸੇ ਨੇ ਪਿੰਡ ‘ਚ ਢਾਈਆਂ ਆਨਿਆਂ ਵੱਟੇ ਮਨ੍ਹੀ ਸਿਆਨਣਾ।”
ਮਾਹਲਾ ਨੰਬਰਦਾਰ ਕਹਿੰਦਾ, ”ਖਾਲੀ ਬੋਤਲਾਂ ਵੇਚਦੀਆਂ ਵੀ ਅਮਲੀਆ ਘਰ ਦੀਆਂ ਬੁੜ੍ਹੀਆਂ ਈ ਹੁੰਦੀਆਂ ਬੰਦਾ ਤਾਂ ਫ਼ਿਰ ਵੀ ਟਾਲਾ ਵੱਟ ਜਾਂਦਾ।”
ਬਾਬੇ ਧੰਨਾਂ ਸਿਉਂ ਨੇ ਫ਼ੇਰ ਮੋੜੀ ਵਿਚੋਲਗੀ ਵੱਲ ਨੂੰ ਮੁਹਾਰ। ਨਾਥੇ ਅਮਲੀ ਨੂੰ ਕਹਿੰਦਾ, ”ਅਮਲੀਆ! ਸੀਤਾ ਸਿਉਂ ਦੀ ਗੱਲ ਤਾਂ ਠੀਕ ਐ ਬਈ ਮਿੱਠੂ ਨੇ ਪਿੰਡ ‘ਚ ਸਾਕ ਤਾਂ ਬਹੁਤ ਕਰਾਏ ਐ, ਪਰ ਹੁਣ ਆਹ ਜੈਬੇ ਆਲੀ ਕਹਾਣੀ ਪਤਾ ਨ੍ਹੀ ਸਿਰੇ ਲੱਗੂ ਕੁ ਨਾ ਲੱਗੂ। ਇਹ ਤਾਂ ਹੁਣ ਵਾਖਰੂ ਜਾਣਦਾ।”
ਬਾਬੇ ਧੰਨਾਂ ਸਿਉਂ ਦੀ ਗੱਲ ਸੁਣ ਕੇ ਨਾਥਾ ਅਮਲੀ ਬਾਬੇ ਨੂੰ ਇਉਂ ਪੈ ਗਿਆ ਜਿਮੇਂ ਕੁਕੜੀ ਦੇ ਚੂਚਿਆਂ ਨੂੰ ਇੱਲ੍ਹ ਪੈ ਗਈ ਹੋਵੇ। ਬਾਬੇ ਦੇ ਗੋਡੇ ‘ਤੇ ਹੱਥ ਮਾਰ ਕੇ ਬਾਬੇ ਨੂੰ ਪੁਛਦੈ, ”ਐਨੇ ਕਿੰਨੇ ਕੁ ਦੱਸੀ ਖਾਂ ਬਾਬਾ ਬੱਤੀ ਸੌ ਸਾਕ ਕਰਾ ‘ਤੇ ਇਹਨੇ। ਹਾਂ! ਦੱਸ ਜਰੂਰ ਪਾ ‘ਤੀ ਹੋਣੀ ਐ ਵੀਹ ਪੰਜਾਹ ਦੀ। ਸਾਕ ਸੂਕ ਕੋਈ ਨ੍ਹੀ ਹੋਇਆ ਇਹਤੋਂ। ਪਹਿਲਾਂ ਛੀ ਮਹੀਨੇ ਆਪਣੇ ਪਿੰਡ ਆਲੇ ਸਾਧੂ ਸਲੋਤਰੀ ਮਗਰ ਸਾਕ ਕਰਾਉਣ ਨੂੰ ਇਉਂ ਫ਼ਿਰਦਾ ਰਿਹਾ ਜਿਮੇਂ ਉਹ ਗਾਹਾਂ ਉਦੋਂ ਵੱਡਾ ਡਾਕਦਾਰ ਈ ਨ੍ਹੀ ਹੁੰਦਾ। ਹੈ ਤਾਂ ਕੰਪੋਡਰ ਈ ਉਹੋ। ਇੱਕ ਉਹਨੂੰ ਉੱਚੀ ਸੁਣਦਾ। ਉੱਚੀ ਸੁਣਦਾ ਕਰ ਕੇ ਅਗਲੇ ਦੀ ਪੂਰੀ ਗੱਲ ਪੱਲੇ ਨ੍ਹੀ ਪੈਂਦੀ, ਫ਼ੇਰ ਹਰਖ ਜਾਂਦਾ ਸਾਕ ਕਿੱਥੋਂ ਹੋ ਜੂ। ਉਹਨੂੰ ਪੁਛਣਗੇ ਕੁਸ ਹੋਰ, ਦੱਸੂ ਕੁਸ ਹੋਰ। ਅਗਲੇ ਮੁੜ ਜਾਂਦੇ ਐ ਬਈ ਇਹਨੂੰ ਤਾਂ ਅਕਲ ਈ ਨ੍ਹੀ। ਨਾਲੇ ਉਹੋ ਜੇ ਤਾਂ ਆਪਣੇ ਪਿੰਡ ਵੀਹ ਸਲੋਤਰੀ ਫ਼ਿਰਦੇ ਐ ਗੋਹਲ਼ੂ ਅਰਗੇ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਫ਼ੇਰ ਤਾਂ ਅਮਲੀਆ ਸਲੋਤਰੀ ਵੀ ਰਹਿ ਗਿਆ ਕੁ ਗੱਡ ‘ਤੇ ਗਰਨ੍ਹੇ ਕਿਸੇ ਨੇ?”
ਬਾਬਾ ਧੰਨਾਂ ਸਿਉਂ ਕਹਿੰਦਾ, ”ਸਲੋਤਰੀ ਨੂੰ ਤਾਂ ਸਾਕ ਹੋ ਈ ਗਿਆ ਹੋਣਾ। ਉਹ ਤਾਂ ਸਰਕਾਰੂ ਨੌਕਰ ਐ। ਫ਼ਿਰ ਵੀ ਪੰਜ ਚਾਰ ਸੈ ਰਪੀਆ ਤਨਖ਼ਾਹ ਦਾ ਤਾਂ ਲੈਂਦਾ ਈ ਹੋਊ। ਬੱਸ ਉਹੀ ਸਾਕ ਸਿਰੇ ਚੜ੍ਹਿਆ ਹੋਣਾ। ਉਹ ਵੀ ਸਰਕਾਰੂ ਨੋਕਰ ਕਰਕੇ ਗੱਲ ਬਣ ਗੀ ਹੋਣੀ ਐ।”
ਸੂਬੇਦਾਰ ਬੁੱਧ ਸਿਉਂ ਨੇ ਹੈਰਾਨੀ ਨਾਲ ਪੁੱਛਿਆ, ”ਉਹਨੂੰ ਸਲੋਤਰੀ ਨੂੰ ਹੋ ਗਿਆ ਸਾਕ ਬਈ?”
ਨਾਥਾ ਅਮਲੀ ਸੂਬੇਦਾਰ ਨੂੰ ਉੱਖੜੀ ਕੁਹਾੜੀ ਵਾਂਗੂੰ ਪੈ ਗਿਆ, ”ਓਹਨੂੰ ਕਿੱਥੋਂ ਦੇ ‘ਤਾ ਕਿਸੇ ਨੇ ਤਰੌਜਾ। ਜੀਹਦੇ ਮਿੱਠੂ ਦੀ ਇੱਕ ਵਾਰ ਮੋਹਰ ਲੱਗ ਜੇ, ਉਹ ਤਾਂ ਛੜਿਆਂ ‘ਚ ਭਰਤੀ ਹੋ ਗਿਆ ਸਮਝ ਲੋ। ਸਲੋਤਰੀ ਦੇ ਸਾਕ ਦੀ ਕਹਾਣੀ ਸੁਣ ਲੋ। ਇਹਨੇ ਈ ਕਿਤੇ ਮਿੱਠੂ ਨੇ ਭੇਜੇ ਸੀ ਸਲੋਤਰੀ ਨੂੰ ਵੇਖਣ ਆਲੇ। ਉਹ ਐਧਰੋਂ ਕਿਤੋਂ ਬੋਹੇ ਬਲ੍ਹਾਡੇ ਅੱਲੋਂ ਆਏ ਸੀ। ਮਿੱਠੂ ਉਨ੍ਹਾਂ ਨੂੰ ਕਹਿੰਦਾ ‘ਮੈਂ ਉਹਨੂੰ ਮੁੰਡੇ ਨੂੰ ਸਨੇਹਾ ਲਾ ਦਿੰਨਾਂ ਬਈ ਆਂਏਂ ਕਰ ਕੇ ਬੰਦੇ ਆਉਣਗੇ, ਪਰ ਤੁਸੀਂ ਪਹਿਲਾਂ ਆਪ ‘ਕੱਲੇ ਜਾ ਕੇ ਮੁੰਡਾ ਵੇਖ ਆਉ’। ਮਿੱਠੂ ਸਲੋਤਰੀ ਨੂੰ ਕਹਿਣਾ ਭੁੱਲ ਗਿਆ ਬਈ ਬੰਦੇ ਆਉਣਗੇ। ਉਹ ਬੰਦੇ ਪੁੱਛ ਪਛਾ ਕੇ ਸਾਧੂ ਸਲੋਤਰੀ ਕੋਲੇ ਡੰਗਰਾਂ ਆਲੇ ਹੱਥਪਤਾਲ ‘ਚ ਉਹਦੇ ਕਮਰੇ ‘ਚ ਜਾ ਵੜੇ॥ ਜਦੋਂ ਉਹ ਕਮਰੇ ‘ਚ ਵੜੇ ਸਾਧੂ ਸਲੋਤਰੀ ਉਨ੍ਹਾਂ ਨੂੰ ਇਉਂ ਭੱਜ ਕੇ ਮਿਲਿਆ ਜਿਮੇਂ ਕਰਿਆਣੇ ਦੀ ਹੱਟ ਆਲਾ ਸੂਰਜ ਭਾਨ ਉਧਾਰ ਆਲੇ ਗਾਹਕਾਂ ਨੂੰ ਮਿਲਦਾ ਹੁੰਦਾ। ਸਲੋਤਰੀ ਨੇ ਉਨ੍ਹਾਂ ਨੂੰ ਸਾਹਮਣੇ ਬੈਂਚ ‘ਤੇ ਬਹਾ ਕੇ ਪੁੱਛਿਆ ‘ਹਾਂ ਜੀ ਦੱਸੋ ਕੱਟਾ ਬਮਾਰ ਐ ਕੁ ਗਊ ਢਿੱਲੀ ਐ’। ਉਨ੍ਹਾਂ ‘ਚੋਂ ਇੱਕ ਬੋਲਿਆ ‘ਅਸੀਂ ਤਾਂ ਜੀ ਆਵਦੀ ਪੁੱਤਰੀ ਦੇ ਸਾਕ ਬਾਰੇ ਆਏ ਆਂ’। ਸਲੋਤਰੀ ਨੂੰ ਉੱਚੀ ਸੁਣਦਾ ਹੋਣ ਕਰ ਕੇ ਉਹਨੂੰ ਚੰਗੀ ਤਰਾਂ ਸਮਝ ਨਾ ਆਈ ਬਈ ਕੀ ਕਿਹਾ ਇਨ੍ਹਾਂ ਨੇ। ਉਹਨੇ ਸੋਚਿਆ ਬਈ ਕਿਸੇ ਡੰਗਰ ਪਸੂ ਵਾਸਤੇ ਦੁਆ ਬੂਟੀ ਲੈਣ ਆਏ ਐ। ਮਾੜੀ ਜੀ ਸਮਝ ਜੀ ਆਈ ਬਈ ਜਿਮੇਂ ਬੱਕਰੀ ਬੁੱਕਰੀ ਕਿਹਾ ਹੁੰਦਾ। ਸਲੋਤਰੀ ਉਨ੍ਹਾਂ ਨੂੰ ਕਹਿੰਦਾ ‘ਅੱਛਿਆ ਬੱਕਰੀ ਨੂੰ ਮੋਕ ਲੱਗ ਗੀ ਹੈਂਅ’। ਕਦੋਂ ਕੁ ਦੀ ਤੇ ਕਿੰਨੀ ਕੁ ਲੱਗੀ ਵੀ ਐ। ਮਾਰਦੀ ਐ ਪਾਣੀ ਧੋਣ ਆਲੀ ਮਸ਼ੀਨ ਦੇ ਪ੍ਰੈਸ਼ਰ ਆਂਗੂ ਫਕਾਰੇ’। ਲੈ ਦੱਸ ਬਾਬਾ, ਉਨ੍ਹਾਂ ਨੇ ਤਾਂ ਕਿਹਾ ਬਈ ਪੁੱਤਰੀ ਦੇ ਸਾਕ ਬਾਰੇ ਆਏ ਆਂ, ਸਲੋਤਰੀ ਉਨ੍ਹਾਂ ਨੂੰ ਪੁੱਛੀ ਜਾਵੇ ਅਕੇ ਬੱਕਰੀ ਨੂੰ ਮੋਕ ਲੱਗ ਗੀ।?”
ਬਾਬੇ ਧੰਨਾਂ ਸਿਉਂ ਨੇ ਵਿੱਚੋਂ ਗੱਲ ਟੋਕ ਕੇ ਅਮਲੀ ਨੂੰ ਪੁੱਛਿਆ, ”ਅਮਲੀਆਂ ਉਨ੍ਹਾਂ ਨੇ ਫ਼ਿਰ ਖੜਕਾਇਆ ਨ੍ਹੀ ਸਲੋਤਰੀ?”
ਅਮਲੀ ਕਹਿੰਦਾ, ”ਸਲੋਤਰੀ ਨੂੰ ਤਾਂ ਉਨ੍ਹਾਂ ਨੇ ਕੁਸ ਨ੍ਹੀ ਕਿਹਾ, ਪਰ ਮਿੱਠੂ ਵਚੋਲੇ ਨੂੰ ਉਹਦੇ ਘਰੇ ਜਾ ਕੇ ਕੁੱਟ-ਕੁੱਟ ਕੇ ਮੋਕ ਜਰੂਰ ਲਾ ‘ਤੀ। ਆਂਢੀ ਗੁਆਂਢੀ ਬਾਬੇ ਚੰਨਣ ਅਰਗਿਆਂ ਨੇ ਆ ਕੇ ਛਡਾਇਆ। ਆਹ ਗੱਲ ਮਿੱਠੂ ਨੇ ਕੀਤੀ। ਬਈ ਜੇ ਤੂੰ ਸਾਕ ਈ ਕਰਾਉਣ ਲੱਗਿਐਂ ਨਾਲ ਤਾਂ ਜਾਹ ਅਗਲਿਆਂ ਦੇ। ਤੂੰ ਤਾਂ ਉਨ੍ਹਾਂ ‘ਕੱਲਿਆਂ ਨੂੰ ਸਲੋਤਰੀ ਕੋਲੇ ਇਉਂ ਭੇਜ ‘ਤਾ ਜਿਮੇਂ ਉਨ੍ਹਾਂ ਨੇ ਕਤੂਰਾ ਲਿਆਉਣਾ ਹੁੰਦਾ। ਆਹ ਗੱਲ ਹੋਈ ਐ ਬਾਬਾ।”
ਸੀਤਾ ਮਰਾਸੀ ਕਹਿੰਦਾ,”ਕੰਜਰ ਦੇ ਕਮਲੇ ਸਲੋਤਰੀ ਨੂੰ ਪੁੱਤਰੀ ਤੇ ਬੱਕਰੀ ਦੇ ਫ਼ਰਕ ਦਾ ਈ ਨ੍ਹੀ ਪਤਾ ਲੱਗਿਆ?”
ਅਮਲੀ ਕਹਿੰਦਾ, ”ਪਤਾ ਸੁਆਹ ਲੱਗਣਾ ਸੀ, ਦੋਹਾਂ ਕੰਨਾਂ ਤੋਂ ਤਾਂ ਬੋਲ਼ਾ। ਜੇ ਪੂਰਾ ਸੁਣਦਾ ਹੁੰਦਾ ਤਾਂ ਬੰਦਿਆਂ ਦਾ ਡਾਕਦਾਰ ਨਾ ਬਣਾ ਦਿੰਦੀ ਗੌਰਮਿੰਟ। ਬੋਲਾ ਕਰ ਕੇ ਤਾਂ ਅਗਲਿਆਂ ਨੇ ਡੰਗਰਾਂ ਦਾ ਡਾਕਦਾਰ ਬਣਾਇਆ ਬਈ ਪਸ਼ੂਆਂ ਨੇ ਕਿਹੜਾ ਬੋਲ ਕੇ ਦੱਸਣੀ ਹੁੰਦੀ ਐ ਬਮਾਰੀ।”
ਗੱਲਾਂ ਕਰੀ ਜਾਂਦਿਆਂ ਤੋਂ ਸੱਥ ਕੋਲ ਦੀ ਬੱਕਰੀ ਲਈ ਜਾਂਦੇ ਨਾਜੀ ਝਿਓਰ ਦੇ ਮੁੰਡੇ ਨੂੰ ਵੇਖ ਕੇ ਨਾਥੇ ਅਮਲੀ ਨੇ ਪੁੱਛਿਆ, ”ਬੱਕਰੀ ਨੂੰ ਮੋਕ ਲੱਗੀ ਦੀ ਦੁਆ ਬੂਟੀ ਕਰਾ ਕੇ ਲਿਆਇਐਂ ਓਏ?”
ਅਮਲੀ ਦੀ ਗੱਲ ਸੁਣ ਕੇ ਬਾਬੇ ਧੰਨਾਂ ਸਿਉਂ ਨੇ ਅਮਲੀ ਨੂੰ ਘੂਰਿਆ, ”ਐਮੇਂ ਨਾ ਅਮਲੀਆ ਬਹੁਤਾ ਬੋਲਿਆ ਕਰ ਓਏ। ਜੇ ਕੁਸ ਵਾਧੂ ਘਾਟੂ ਬੋਲਿਆ ਗਿਆ ਫ਼ੇਰ ਲੜੋਂਗੇ।”
ਏਨੇ ਚਿਰ ਨੂੰ ਜਿਉਂ ਹੀ ਸੀਤੇ ਮਰਾਸੀ ਨੇ ਨਾਜੀ ਝਿਓਰ ਨੂੰ ਸੱਥ ਵੱਲ ਆਉਂਦਾ ਵੇਖਿਆ ਤਾਂ ਮਰਾਸੀ ਬੋਲਿਆ, ”ਹੋਅ ਆਉਂਦਾ ਨਾਜੀ। ਮੁੰਡੇ ਨੇ ਘਰੇ ਜਾ ਕੇ ਦੱਸਿਆ ਹੋਣਾ ਬਈ ਅਮਲੀ ਆਹ ਕੁਸ ਬੋਲਦਾ ਸੀ ਮੈਨੂੰ।”
ਬਾਬਾ ਧੰਨਾ ਸਿਉਂ ਨਾਜੀ ਵੱਲ ਵੇਖ ਕੇ ਸੱਥ ਵਾਲਿਆਂ ਨੂੰ ਕਹਿੰਦਾ, ”ਚੱਲੋ ਓਏ ਨਾਜੀ ਦੇ ਆਉਣ ਤੋਂ ਪਹਿਲਾਂ ਆਪਾਂ ਉੱਠ ਖੜੋਈਏ। ਹੋਰ ਨਾ ਕਿਤੇ ਐਥੇ ਆ ਕੇ ਐਮੇਂ ਝੱਜੂ ਪਾ ਕੇ ਬਹਿ ਜੇ। ਚੱਲੋ ਉੱਠੋ।”
ਬਾਬੇ ਦੀ ਗੱਲ ਸੁਣ ਕੇ ਸਾਰੇ ਜਣੇ ਸੱਥ ‘ਚੋਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਤੁਰ ਪਏ।

LEAVE A REPLY