7ਚੰਡੀਗੜ੍ਹ  : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਅਸਲ ਵਿਚ ਬਹੁਤ ਜਲਦ ਦੀ ‘ਸੁਧਾਰ ਘਰ’ ਬਣਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਲ੍ਹ ਨਿਯਮਾਂ ਨੂੰ ਸਹੀ ਤਰੀਕੇ ਅਤੇ ਪੂਰੀ ਪ੍ਰਤੀਬੱਧਤਾ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਏਡੀਜੀਪੀ (ਜੇਲ੍ਹਾਂ) ਨੂੰ ਨਿਰਦੇਸ਼ ਦਿੱਤੇ ਕਿ ਜੇਲ੍ਹਾਂ ਵਿਚ ਚੱਲਦੀਆਂ ਸਾਰੀਆਂ ਗੈਰਕਾਨੂੰਨੀ ਗਤੀਵਿਧੀਆਂ ਖਾਸ ਤੌਰ ‘ਤੇ ਨਸ਼ਿਆਂ ਦੀ ਵਰਤੋਂ ਅਤੇ ਮੋਬਾਇਲਾਂ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਈ ਜਾਵੇ।
ਸ. ਬਾਦਲ, ਜਿਨ੍ਹਾਂ ਕੋਲ ਸੂਬੇ ਦੇ ਗ੍ਰਹਿ ਵਿਭਾਗ ਦਾ ਜ਼ਿੰਮਾ ਵੀ ਹੈ, ਨੇ ਚੀਨ ਤੋਂ ਪੁਲਿਸ ਮੁਖੀ ਸੁਰੇਸ਼ ਅਰੋੜਾ ਅਤੇ ਏਡੀਜੀਪੀ (ਜੇਲ੍ਹਾਂ) ਐਮਕੇ ਤਿਵਾੜੀ ਨਾਲ ਟੈਲੀਫੋਨ ਰਾਹੀਂ ਗੱਲਬਾਤ ਕੀਤੀ ਅਤੇ ਬੀਤੇ ਦਿਨੀਂ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿਚ ਲਈ ਤਲਾਸ਼ੀ ਮੁਹਿੰਮ ਦੀ ਸਮੀਖਿਆ ਕੀਤੀ। ਸ. ਬਾਦਲ ਅੱਜਕੱਲ੍ਹ ਚੀਨ ਇਕ ਉੱਚ ਪੱਧਰੀ ਵਫਦ ਨਾਲ ਗਏ ਹੋਏ ਹਨ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਉਲੰਘਣਾ ਦੇ ਦੋਸ਼ੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਜੇਲ੍ਹਾਂ ਵਿਚ ਕੈਦ ਗੈਰਸਮਾਜੀ ਤੱਤ ਅਜਿਹੀਆਂ ਗਤੀਵਿਧੀਆਂ ਨੂੰ ਕਰਨ ਤੋਂ ਤੋਬਾ ਕਰ ਜਾਣ। ਉਨ੍ਹਾਂ ਆਧੁਨਿਕ ਤਕਨੀਕਾਂ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜੈਮਰ ਅਤੇ ਸੀਸੀਟੀਵੀ ਕੈਮਰਿਆਂ ਦੀ ਵਰਤੋਂ ਕੀਤੀ ਜਾਵੇ ਅਤੇ ਗੜਬੜੀ ਕਰਨ ਵਾਲੇ ਕੈਦੀਆਂ ਦੀਆਂ ਗਤੀਵਿਧੀਆਂ ਨੂੰ ਠੱਲ੍ਹਣ ਲਈ ਸੂਹੀਆ ਕੁੱਤਿਆ ਦੀ ਵੀ ਸਹਾਇਤਾ ਲਈ ਜਾਵੇ।
ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਉੱਪ ਮੁੱਖ ਮੰਤਰੀ ਨੂੰ ਦੱਸਿਆ ਕਿ ਜੇਲ੍ਹ ਵਿਭਾਗ ਵਿਚ ਅਫਸਰਾਂ ਦੀ ਘਾਟ ਨੂੰ ਦੇਖਦਿਆਂ ਹੋਇਆਂ ਰਾਜ ਪੁਲਿਸ ਨੇ ਕੁਝ ਸਖਤ ਅਫਸਰਾਂ ਨੂੰ ਜੇਲ੍ਹ ਸੁਪਰਡੰਟ ਲਗਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਕੇਂਦਰੀ ਜੇਲ੍ਹਾਂ ਦਾ ਸੁਚਾਰੂ ਪ੍ਰਬੰਧ ਹੋ ਸਕੇ।
ਉਨ੍ਹਾਂ ਦੱਸਿਆ ਕਿ ਰਾਜ ਪੱਧਰੀ ਤਲਾਸ਼ੀ ਮੁਹਿੰਮ ਦੌਰਾਨ ਕੁਝ ਕਮੀਆਂ ਸਾਹਮਣੇ ਆਈਆਂ ਸਨ ਜਿਸ ਬਾਰੇ ਜੇਲ੍ਹ ਵਿਭਾਗ ਨੂੰ ਜਾਣੂੰ ਕਰਵਾ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਦੌਰਾਨ 82 ਮੋਬਾਇਲ ਫੋਨ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਬੀਤੇ ਕੱਲ੍ਹ 65 ਹੋਰ ਮੋਬਾਇਲ ਫੜ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਸਾਰੀਆਂ ਜੇਲ੍ਹਾਂ ਵਿਚ ਜੈਮਰ ਲੱਗ ਜਾਣਗੇ ਅਤੇ ਜੇਲ੍ਹ ਦੇ ਕੋਨੇ-ਕੋਨੇ ਵਿਚ ਸੀਸੀਟੀਵੀ ਮੈਮਰੇ ਲਗਾ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਰਾਜ ਪੁਲਿਸ ਵੱਲੋਂ ਜੇਲ੍ਹ ਵਿਭਾਗ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ ਤਾਂ ਜੋ ਜੇਲ੍ਹਾਂ ਇਤਰਾਜ਼ਯੋਗ ਅਤੇ ਮਨਾਹੀਯੋਗ ਸਮੱਗਰੀ ਤੋਂ ਮੁਕਤ ਹੋ ਸਕਣ ਅਤੇ ਇਹ ਕਿਸੇ ਵੀ ਤਰ੍ਹਾਂ ਦਾ ਜ਼ੁਰਮ ਦਾ ਅੱਡਾ ਨਾ ਬਣ ਸਕਣ।
ਇਸੇ ਦੌਰਾਨ ਦੋ ਡੀਐਸਪੀ, ਅੰਮ੍ਰਿਤਸਰ ਜੇਲ੍ਹ ਦਾ ਡਿਪਟੀ ਸੁਪਰਡੰਟ ਕੁਲਵੰਤ ਸਿੰਘ ਅਤੇ ਪੱਟੀ ਸਬ ਜੇਲ੍ਹ ਦਾ ਸੁਪਰਡੰਟ ਦਵਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਸਰਕਾਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਏਡੀਜੀਪੀ (ਜੇਲ੍ਹਾਂ) ਐਮਕੇ ਤਿਵਾੜੀ ਨੇ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਖਿਲਾਫ ਉੱਚ ਪੱਧਰੀ ਜਾਂਚ ਹੋਵੇਗੀ ਜਿਸਦੀ ਰਿਪੋਰਟ ਸੱਤ ਦਿਨਾਂ ਵਿਚ ਆ ਜਾਵੇਗੀ ਅਤੇ ਦੋਸ਼ੀਆਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਸਮੇਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

LEAVE A REPLY