3ਚੰਡੀਗੜ੍ਹ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਲਾਹ ਦਿੱਤੀ ਹੈ ਕਿ ਵੱਖ ਵੱਖ ਦੇਸ਼ਾਂ ‘ਚ ਰਹਿਣ ਵਾਲੇ ਕਾਲੀ ਸੂਚੀ ਦੇ ਸਿੱਖ ਪ੍ਰਵਾਸੀਆਂ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਸਿਆਸੀ ਸ਼ਰਨ ਲੈ ਕੇ ਬਾਹਰ ਗਏ ਸਾਰੇ ਲੋਕ ਦੇਸ਼ ਵਿਰੋਧੀ ਨਹੀਂ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਨੌਕਰੀਆਂ ਦੀ ਭਾਲ ‘ਚ ਗਏ ਸਨ।
ਅਮਰੀਕਾ ਤੋਂ ਵਾਪਸੀ ਤੋਂ ਬਾਅਦ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਚੁੱਕਣਗੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕੁਝ ਰਾਸ਼ਟਰ ਵਿਰੋਧੀ ਅਨਸਰਾਂ ‘ਤੇ ਰੋਕ ਦੇ ਮਾਮਲੇ ‘ਚ ਜਿਨ੍ਹਾਂ ਨੇ ਸਿਆਸੀ ਸ਼ਰਨ ਦਾ ਸਹਾਰਾ ਲਿਆ ਸੀ, ਉਹ ਅਸਲਿਅਤ ‘ਚ ਨੌਕਰੀਆਂ ਚਾਹੁੰਦੇ ਸਨ ਅਤੇ ਉਨ੍ਹਾਂ ਨੂੰ ਭਾਰਤ ਆਉਣ ਦੀ ਇਜ਼ਾਜਤ ਦੇਣਾ ਕੋਈ ਗਲਤ ਨਹੀਂ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦਾ ਅਮਰੀਕਾ ਦੌਰਾ ਬਹੁਤ ਵਧੀਆ ਰਿਹਾ ਹੈ, ਜਿਥੇ ਉਨ੍ਹਾਂ ਨੇ ਵਿਅਕਤੀਗਤ ਤੌਰ ‘ਤੇ ਕਰੀਬ ਦੱਸ ਹਜ਼ਾਰ ਲੋਕਾਂ ਨਾਲ ਸੋਸ਼ਲ ਮੀਡੀਆ, ਡਿਨਰ ਤੇ ਲੰਚ ਮੀਟਿੰਗਾਂ ਰਾਹੀਂ ਚਰਚਾ ਕੀਤੀ।
ਉਨ੍ਹਾਂ ਨੇ ਅਜਿਹੀਆਂ ਧਾਰਨਾਵਾਂ ਨੂੰ ਗਲਤ ਕਰਾਰ ਦਿੱਤਾ ਕਿ ਉਥੇ ਪ੍ਰਦਰਸ਼ਨ ਕੀਤੇ ਗਏ ਅਤੇ ਲੋਕਾਂ ਨੇ ਉਨ੍ਹਾਂ ਦੀ ਫੇਰੀ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਸਵੈਂਭੁ ਅਧਿਕਾਰ ਗਰੁੱਪ ਸਿੱਖਜ਼ ਫਾਰ ਜਸਟਿਸ ਨੇ ਕਦੇ ਵੀ ਕਿਸੇ ਲਈ ਨਿਆਂ ਦੀ ਮੰਗ ਨਹੀਂ ਕੀਤੀ। ਵੱਡੇ ਪੱਧਰ ‘ਤੇ ਲੋਕਾਂ ਦਾ ਮੰਨਣਾ ਹੈ ਕਿ ਐਸ.ਐਫ.ਜੇ ਪ੍ਰਮੁੱਖ ਗੁਰਪਤਵੰਤ ਪਨੂੰ ਇਹ ਸੱਭ ਆਈ.ਐਸ.ਆਈ ਦੇ ਇਸ਼ਾਰੇ ‘ਤੇ ਕਰ ਰਹੇ ਹਨ ਅਤੇ ਉਨ੍ਹਾਂ ਨੇ ਰਾਸ਼ਟਰ ਵਿਰੋਧੀ ਤਾਕਤਾਂ ਵੱਲੋਂ ਫੰਡ ਦਿੱਤੇ ਜਾ ਰਹੇ ਹਨ।
ਆਪਣੀ ਕਨੇਡਿਅਨ ਫੇਰੀ ਰੱਦ ਕਰਨ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਇਥੇ ਵਕੀਲਾਂ ਦੀਆਂ ਸੇਵਾਵਾਂ ਲੈ ਲਈਆਂ ਸਨ। ਮਾਮਲਾ ਹੱਲ ਹੋਣ ਤੋਂ ਬਾਅਦ ਉਹ ਜ਼ਲਦੀ ਹੀ ਕਨੇਡਾ ਜਾਣਗੇ। ਇਸ ਦੌਰਾਨ ਉਨ੍ਹਾਂ ਨੇ ਐਸ.ਐਫ.ਜੇ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਿਆ ਕਿ ਉਨ੍ਹਾਂ ਨੇ ਅੱਤਵਾਦ ਦੌਰਾਨ ਲੋਕਾਂ ਨੂੰ ਪ੍ਰਤਾੜਤ ਕਰਨ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਨੂੰ ਪ੍ਰਮੋਟ ਕੀਤਾ ਜਾਂ ਸ਼ੈਅ ਦਿੱਤੀ ਗਈ ਸੀ।
ਉਨ੍ਹਾਂ ਨੇ ਪਾਰਟੀ ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਕਿਸੇ ਵੀ ਤਰ੍ਹਾਂ ਦੇ ਮਤਭੇਦ ਤੋਂ ਇਨਕਾਰ ਕੀਤਾ। ਕੱਢੇ ਗਏ ਆਗੂਆਂ ਜਗਮੀਤ ਸਿੰਘ ਬਰਾੜ ਤੇ ਬੀਰ ਦਵਿੰਦਰ ਸਿੰਘ ਨਾਲ ਉਨ੍ਹਾਂ ਦੀ ਮੀਟਿੰਗ ਸਬੰਧੀ ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਇਸ ‘ਚ ਕੁਝ ਗਲਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਰਣਨੀਤੀ ਤਿਆਰ ਕਰਨ ਵਾਸਤੇ ਪ੍ਰਸ਼ਾਂਤ ਨੂੰ ਸਾਰੇ ਆਗੂਆਂ ਨਾਲ ਮਿਲਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਪ੍ਰਸ਼ਾਂਤ ਵੱਲੋਂ ਕੀਤੇ ਜਾ ਰਹੇ ਕੰਮ ਨਾਲ ਬਹੁਤ ਸਹਿਮਤ ਤੇ ਖੁਸ਼ ਹਨ ਤੇ ਉਹ ਪਾਰਟੀ ਲਈ ਇਕ ਸੰਪਤੀ ਹਨ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪ੍ਰਸ਼ਾਂਤ ਪਾਰਟੀ ਵਾਸਤੇ ਚੋਣ ਰਣਨੀਤੀ ਤਿਆਰ ਕਰ ਰਹੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੰਜਾਬ ‘ਚ ਆਰਥਿਕ ਸੁਧਾਰ ਵਾਸਤੇ ਸੁਝਾਅ ਦੇਣ ਲਈ ਸਪੈਸ਼ਲ ਕਮੇਟੀ ਬਣਾਉਣ ਲਈ ਸਾਥ ਦੇਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਡਾ ਸਿੰਘ ਨੂੰ ਕਮੇਟੀ ਦਾ ਸਾਥ ਦੇਣ ਦੀ ਅਪੀਲ ਕੀਤੀ ਸੀ ਅਤੇ ਉਨ੍ਹਾਂ ਨੇ ਇਸਨੂੰ ਸਵੀਕਾਰ ਕੀਤਾ ਸੀ।
ਜਦਕਿ ਹਾਲੇ ‘ਚ ਜ਼ਾਰੀ ਕੀਤੇ ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨਾਂ, ਜਨਰਲ ਸਕੱਤਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਿਸੇ ਪੁਰਾਣੇ ਅਹੁਦੇਦਾਰ ਨੂੰ ਨਹੀਂ ਹਟਾਇਆ ਹੈ, ਬਲਕਿ ਉਨ੍ਹਾਂ ਨੇ ਸਿਰਫ ਕੁਝ ਅਹੁਦੇਦਾਰ ਜੋੜੇ ਹਨ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਕੁਝ ਲੋਕ ਜਿਹੜੇ ਅਸਲੀ ਸੂਚੀ ‘ਚ ਰਹਿ ਗਏ ਹਨ ਅਤੇ ਉਨ੍ਹਾਂ ਨੂੰ ਵੀ ਹੁਣ ਸ਼ਾਮਲ ਕੀਤਾ ਜਾ ਰਿਹਾ ਹੈ।

LEAVE A REPLY