walia-bigਉਹ ਬਹੁਤ ਖੂਬਸੂਰਤ ਹੈ। ਵਿਆਹ ਨੂੰ ਅਜੇ ਅੱਠ ਕੁ ਵਰ੍ਹੇ ਹੀ ਹੋਏ ਹਨ। ਜਵਾਨ ਹੈ, ਸਰਕਾਰੀ ਨੌਕਰੀ ਹੈ, ਇਕ ਬੱਚੀ ਹੈ 6 ਵਰ੍ਹਿਆਂ ਦੀ। ਘਰ ਵਾਲਾ ਸਰਕਾਰੀ ਅਫ਼ਸਰ ਹੈ। ਵਧੀਆ ਅਤੇ ਵੱਡਾ ਮਕਾਨ ਹੈ। ਜਿਸਨੂੰ ਸਰਕਾਰੀ ਕੋਠੀ ਕਹਿੰਦੇ ਹਨ। ਕੋਠੀ ਸਿਰਫ਼ ਮਕਾਨ ਹੈ, ਘਰ ਨਹੀਂ ਬਣਿਆ। ਘਰ ਵਿੱਚ ਤਾਂ ਪਿਆਰ ਵੱਸਦਾ ਹੁੰਦਾ ਹੈ। ਘਰ ਵਿੱਚ ਪਰਿਵਾਰ ਵੱਸਦਾ ਹੁੰਦਾ ਹੈ। ਘਰ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਸੁਣਾਈ ਦਿੰਦੀਆਂ ਹੁੰਦੀਆਂ ਹਨ। ਘਰ ਵਿੱਚ ਹਾਸੇ ਹੁੰਦੇ ਹਨ। ਠਹਾਕੇ ਲੱਗਦੇ ਹਨ। ਗੀਤ ਸੰਗੀਤ ਹੁੰਦਾ ਹੈ। ਪਰ ਇੱਥੇ ਤਾਂ ਉਦਾਸੀ ਪੱਸਰੀ ਪਈ ਹੈ। ਮਕਾਨ ਵਿੱਚੋਂ ਸਿਸਕੀਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਜਾਂ ਫ਼ਿਰ ਉਚੀਆਂ ਆਵਾਜ਼ਾਂ ਆਉਂਦੀਆਂ ਹਨ ਲੜਾਈ ਝਗੜੇ ਦੀਆਂ। ਕਦੇ ਮਾਲਕ ਤੀਵੀਂ ਲੜਦੇ ਹਨ ਅਤੇ ਕਦੇ ਸੱਸ ਨੂੰਹਾਂ। ਇਸਦੇ ਬਾਵਜੂਦ ਇਸ ਮਕਾਨ ਵਿੱਚ ਤਿੰਨ ਲੋਕ ਰਹਿੰਦੇ ਹਨ ਅਤੇ ਇਕ ਬੱਚਾ। ਇਕ ਦਿਨ ਇਸ ਘਰ ਦੀ ਨੂੰਹ ਜੋ ਨਾਂ ਸਿਰਫ਼ ਪੜ੍ਹਾਈ ਵਿੱਚ ਅੱਵਲ  ਬਲਕਿ ਸੁਹੱਪਣ ਵਿੱਚ ਅੱਵਲ ਵਿਖਾਈ ਦਿੰਦੀ ਹੈ, ਮੈਨੂੰ ਮਿਲਣ ਆਈ। ਮੈਂ ਇਸ ਉਦਾਸ ਰੂਹ ਨੂੰ ਪੁੱਛ ਬੈਠਾ:
ਕੀ ਗੰਲ ਬੜੀ ਉਦਾਸ ਨਜ਼ਰ ਆ ਰਹੀ ਐ। ਸਭ ਕੁਝ ਠੀਕ ਠਾਕ ਹੈ?
ਬੱਸ, ਸਰ ਕੱਟ ਰਹੀ ਹੈ, ਜਿਵੇਂ ਕਿਵੇਂ ਜ਼ਿੰਦਗੀ! ਉਹ ਉਦਾਸ ਔਰਤ ਜਵਾਬ ਦਿੰਦੀ ਹੈ।
ਕਿਉਂ ਕੱਟ ਰਹੀ ਹੈ। ਅਨੰਦ ਨਾਲ ਕਿਉਂ ਨਹੀਂ ਬੀਤ ਰਹੀ? ਸਭ ਕੁਝ ਤਾਂ ਹੈ ਤੇਰੇ ਕੋਲ, ਦੌਲਤ ਹੈ, ਕੱਪੜਾ ਹੈ, ਗੁਜ਼ਾਰੇ ਜੋਗੀ ਸ਼ੋਹਰਤ ਵੀ ਹੈ। ਪੀ. ਐਚ. ਡੀ. ਡਾਕਟਰ ਹੈਂ, ਵਿਦਿਆਰਥੀ ਤੇਰੀ ਇੱਜ਼ਤ ਕਰਦੇ ਹਨ। ਘਰ ਵਾਲਾ ਅਫ਼ਸਰ ਹੈ, ਹੋਰ ਕੀ ਚਾਹੀਦਾ ਹੈ ਤੈਨੂੰ। ਮੇਰਾ ਸਵਾਲ ਸੀ।
ਦੌਲਤ, ਸ਼ੌਹਰਤ ਅਤੇ ਪਾਵਰ ਨਾਲ ਜ਼ਿੰਦਗੀ ਨਹੀਂ ਕੱਟੀ ਜਾਂਦੀ। ਜ਼ਿੰਦਗੀ ਮਾਣਨ ਲਈ ਮੁਹੱਬਤ ਚਾਹੀਦੀ ਹੈ, ਭਰੋਸਾ ਚਾਹੀਦਾ ਹੈ, ਇੱਜ਼ਤ ਚਾਹੀਦੀ ਹੈ, ਕੇਅਰ ਕਰਨ ਵਾਲਾ ਮਰਦ ਚਾਹੀਦਾ ਹੈ, ਪ੍ਰਸ਼ੰਸਾ ਚਾਹੀਦੀ ਹੈ, ਪਿਆਰ ਭਰੇ ਬੋਲ ਚਾਹੀਦੇ ਹਨ। ਮੇਰੀ ਜ਼ਿੰਦਗੀ ਵਿੱਚ ਤਾਂ ਕੁਝ ਵੀ ਨਹੀਂ। ਜੇ ਹੈ ਤਾਂ ਨਫ਼ਰਤ, ਘਿਰਣਾ, ਥੱਪੜ, ਗਾਲ੍ਹਾਂ, ਸਿਸਕੀਆਂ ਅਤੇ ਰੋਣਾ ਪਿੱਟਣਾ। ਸਰ, ਮੈਂ ਤਾਂ ਅੱਠ ਵਰ੍ਹਿਆਂ ਵਿੱਚ ਪੂਰੀ ਜ਼ਿੰਦਗੀ ਜਿਉਂ ਲਈ। ਮਰਨ ਨੂੰ ਦਿਲ ਕਰਦੈ। ਕਈ ਵਾਰ ਮਰਨ ਦੀ ਸੋਚੀ ਐ। ਫ਼ਿਰ ਇਸ ਮਾਸੂਮ ਦਾ ਖ਼ਿਆਲ ਆ ਜਾਂਦੈ। ਇਸ ਦਾ ਕੀ ਕਸੂਰ ਐ।ਇਹ ਤੇ ਇਸਦੀ ਮਾਂ ਤਾਂ ਉਡੀਕਦੀਆਂ ਨੇ ਕਿ ਕਦੋਂ ਮਰਾਂ। ਇਹ ਕਿਸੇ ਹੋਰ ਨੂੰ ਲਿਆਵੇ ਪਰ ਮੇਰੀ ਬੱਚੀ ਕਿੱਥੇ ਜਾਊ। ਮੈਂ ਤਾਂ ਆਪਣੀ ਧੀ ਖਾਤਰ ਜੀਅ ਰਹੀ ਹਾਂ ਸਰ।” ਇਹ ਗੱਲ ਕਹਿੰਦਿਆਂ ਕਹਿੰਦਿਆਂ ਉਸਦੀਆਂ ਅੱਖਾਂ ਵਿੱਚੋਂ ਅੱਥਰੂ ਮੋਤੀਆਂ ਵਾਂਗ ਕਿਰ ਰਹੇ ਸਨ। ਉਹ ਗੱਲਾਂ ਕਰ ਰਹੀ ਸੀ ਅਤੇ ਉਸਦੇ ਅੱਥਰੂ ਉਸਦੀ ਉਦਾਸੀ ਦੀ ਇਬਾਰਤ ਲਿਖ ਰਹੇ ਸਨ। ਮੈਨੂੰ ਉੱਕਾ ਹੀ ਨਹੀਂ ਪਤਾ ਸੀ ਕਿ ਉਸਦੀ ਵਿਆਹੁਤਾ ਜ਼ਿੰਦਗੀ ਬਹੁਤੀ ਠੀਕ ਨਹੀਂ। ਅਸਲ ਵਿੱਚ ਜਿਸ ਨਾਲ ਉਹ ਵਿਆਹੀ ਸੀ ਉਹ ਇਸਦੇ ਮੁਕਾਬਲੇ ਘੱਟ ਪੜ੍ਹਿਆ ਲਿਖਿਆ ਸੀ। ਇਹ ਪੀ. ਐਚ. ਡੀ. ਸੀ ।ਸਰਕਾਰੀ ਸਰਵਿਸ ਸੀ। ਅਖਬਾਰਾਂ ਵਿੱਚ ਇਸਦੇ ਲੇਖ ਛਪਦੇ ਸਨ। ਤਾਰੀਫ਼ ਹੁੰਦੀ ਸੀ, ਪ੍ਰਸੰਸਾ ਦੇ ਪੱਤਰ ਛਪਦੇ ਸਨ। ਇਸਦਾ ਪਤੀ ਬੜੀ ਮੁਸ਼ਕਿਲ ਨਾਲ ਬੀ. ਏ. ਕਰ ਸਕਿਆ ਸੀ। ਪਿਤਾ ਵੱਡਾ ਅਫ਼ਸਰ ਸੀ। ਐਕਸੀਡੈਂਟ ਵਿੱਚ ਮਾਰਿਆ ਗਿਆ ਸੀ, ਉਸਦੇ ਬਦਲੇ ਵਿੱਚ ਇਸ ਦੇ ਮੁੰਡੇ ਨੂੰ ਨੌਕਰੀ ਮਿਲ ਗਈ ਸੀ। ਕੁੜੀ ਦਾ ਸੁਹੱਪਣ ਅਤੇ ਨੌਕਰੀ ਦੇਖ ਕੇ ਉਸਦੀ ਵਿਧਵਾ ਮਾਂ ਨੇ ਵਿਆਹ ਕਰਨ ਵਿੱਚ ਬਹੁਤੀ ਦੇਰ ਨਹੀਂ ਲਗਾਈ ਸੀ। ਵਿਆਹ ਦੇ ਦੂਜੇ ਵਰ੍ਹੇ ਧੀ ਨੇ ਜਨਮ ਲੈ ਲਿਆ ਸੀ।
ਕੀ ਕੁੜੀ ਦੇ ਜਨਮ ਤੋਂ ਬਾਅਦ ਲੜਾਈ ਆਰੰਭ ਹੋਈ ਸੀ, ਮੈਂ ਪੁੱਛਿਆ।
ਨਹੀਂ ਜੀ ਲੜਾਈ-ਝਗੜਾ ਤਾਂ ਵਿਆਹ ਇਕ ਦੋ ਮਹੀਨੇ ਬਾਅਦ ਹੀ ਆਰੰਭ ਹੋ ਗਿਆ ਸੀ।
ਕਾਰਨ? ਮੈਂ ਫ਼ਿਰ ਸਵਾਲ ਕੀਤਾ।
ਕਾਰਨ ਇਕ ਹੋਵੇ ਤਾਂ ਦੱਸਾਂ। ਪਹਿਲਾਂ ਤਾਂ ਮੈਨੂੰ ਲੱਗਿਆ ਕਿ ਇਸਨੂੰ ਆਪਣੀ ਪੜ੍ਹਾਈ ਨੂੰ ਲੈ ਕੇ ਕੰਪਲੈਕਸ ਹੈ। ਹੋ ਵੀ ਸਕਦੈ। ਅੰਦਰੋਂ ਅੰਦਰੀ ਹੀਣ ਭਾਵਨਾ ਵੀ ਹੋ ਸਕਦੀ ਹੈ। ਪਰ, ਮੈਨੂੰ ਵੱਡਾ ਕਾਰਨ ਇਹਦੀ ਮਾਂ ਲੱਗੀ, ਯਾਨਿ ਮੇਰੀ ਸੱਸ। ਅਸਲ ਵਿੱਚ ਇਹ ਮੇਰੀ ਪਤੀ ਘੱਟ ਅਤੇ ਆਪਣੀ ਮਾਂ ਦਾ ਪੁੱਤ ਜ਼ਿਆਦਾ ਹੈ। ਆਹੀ ਜਿਸਨੂੰ ‘ਮੋਮਜ਼ ਬੁਆਏ’ ਕਹਿੰਦੇ ਹਨ। ਜੋ ਮਾਂ ਕਹਿੰਦੀ ਹੈ, ਉਹੀ ਕਰਨਾ। ਮਾਂ ਇਸਦੀ ਟਿਪੀਕਲ ਸੱਸ ਹੈ। ਕੋਈ ਕੰਮ ਨਹੀਂ ਕਰਦੀ। ਡੱਕਾ ਦੂਹਰਾ ਨਹੀਂ ਕਰਦੀ। ਜਦੋਂ ਮੈਂ ਸਕੂਲੋਂ ਵਾਪਸ ਆਉਣੀ ਆਂ ਤਾਂ ਆਉਣ ਸਾਰ ਕਿਚਨ ‘ਚ ਵੜ ਜਾਂਦੀ ਆਂ। ਮੈਂ ਕੰਮ ਤੋਂ ਨਹੀਂ ਡਰਦੀ ਪਰ ਮੇਰੀ ਸੱਸ ਤਾਂ ਬਹਾਨੇ ਲੱਭਦੀ ਐ ਲੜਨ ਦੇ। ਜੇ ਮੈਂ ਮੰਮੀ ਨ ਾਲ ਫ਼ੋਨ ‘ਤੇ ਥੋੜ੍ਹਾ ਦੁੱਖ ਸੁੱਖ ਕਰ ਲਵਾਂ ਤਾਂ ਇਸਨੂੰ ਮਿਰਚਾਂ ਲੱਗ ਜਾਂਦੀਆਂ ਹਨ। ਫ਼ਿਰ ਆਪਣੇ ਮੁੰਡੇ ਦੇ ਅਜਿਹੇ ਕੰਨ ਭਰਦੀ ਹੈ ਕਿ ਘਰ ਵਿੱਚ ਕਲੇਸ਼ ਹੋਣਾ ਲਾਜ਼ਮੀ ਹੁੰਦਾ ਹੈ। ਇਕ ਦਿਨ ਕਿਤੇ ਮੇਰੇ ਪੁਰਾਣੇ ਜਮਾਤੀ ਦਾ ਫ਼ੋਨ ਆ ਗਿਆ। ਉਸ ਦਿਨ ਤਾਂ ਹੱਦ ਹੀ ਹੋ ਗਈ। ਗੱਲ ਗਾਲੀ-ਗਲੋਚ ਤੋਂ ਅੱਗੇ ਵੱਧ ਗਈ।
ਕਿਹੜੇ ਯਾਰ ਨਾਲ ਯਕੜ ਮਾਰਦੀ ਰਹਿਨੀ ਐਂ। ਮੈਨੂੰ ਪਤਾ। ਮੈਂ ਤਾਂ ਕਿਹਾ ਸੀ ਆਪਣੀ ਮਾਂ ਨੂੰ ਕਿ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀਆਂ ਅਜਿਹੀਆਂ ਹੀ ਹੁੰਦੀਆਂ ਨੇ। ਪਰ ਇਹ ਮੰਨੀ ਅਖੇ ਸੋਹਣੀ ਐ। ਹੁਣ ਦੇਖ ਲੈ ਸੋਹਣੀ ਦੇ ਕਾਰੇ। ਇਉਂ ਬੋਲਦੇ ਬੋਲਦੇ ਉਸਨੇ ਮੇਰੇ ਤੇ ਹੱਥ ਚੁੱਕ ਲਿਆ। ਇਹ ਪਹਿਲੀ ਵਾਰ ਹੋਇਆ ਸੀ। ਮੈਂ ਰਾਤ ਬੜੀ ਮੁਸ਼ਕਿਲ ਨਾਲ ਕੱਟੀ। ਸਵੇਰ ਹੋਈ ਤਾਂ ਸਕੂਲ ਨਹੀਂ ਗਈ। ਸਿੱਧਾ ਆਪਣੇ ਪੇਕੇ ਗਏ। ਰੋਜ਼ ਰੋਜ਼ ਦੇ ਕਲੇਸ਼ ਤੋਂ ਤਾਂ ਪਹਿਲਾਂ ਹੀ ਅੱਕੀ ਹੋਈ ਸੀ। ਭਰਾ ਨੂੰ ਲੈ ਕੇ ਥਾਣੇ ਗਈ ਅਤੇ ਰਿਪੋਰਟ ਲਿਖਾ ਦਿੱਤੀ। ਪੁਲਿਸ ਨੂੰ ਵੇਖ ਇਸਨੂੰ ਹੱਥਾਂ ਪੈਰਾਂ ਦੀ ਪੈ ਗਈ। ਦੋਵੇਂ ਧਿਰਾਂ ਦੇ ਮੋਹਤਬਰ ਬੰਦੇ ਸੱਦੇ ਗਏ, ਕਈ ਦਿਨ ਪੰਚਾਇਤਾਂ ਜੁੜਦੀਆਂ ਰਹੀਆਂ। ਆਖਿਰ ਸਮਝੌਤਾ ਹੋ ਗਿਆ। ਮੈਂ ਮੁੜ ਇਸ ਦੇ ਕੋਲ ਆ ਗਈ। ਮਹੀਨਾ ਕੁ ਤਾਂ ਠੀਕ ਬੀਤਿਆ। ਫ਼ਿਰ ਉਹੀ ਪੁਰਾਣਾ ਰਾਗ ਸ਼ੁਰੂ ਹੋ ਗਿਆ। ਇਲਜ਼ਾਮ ਉਹੀ ਕਿ ਤੇਰੇ ਮੁੰਡਿਆਂ ਨਾਲ ਸਬੰਧ ਰਹੇ ਨੇ। ਹਰ ਰੋਜ਼ ਉਸਨੇ ਫ਼ੋਨ ਚੈਕ ਕਰਨਾ ਆਰੰਭ ਕਰ ਦਿੱਤਾ। ਜੇ ਕੋਈ ਫ਼ੋਨ ਆਉਂਦਾ ਹੈ ਤਾਂ ਕੱਲੇ ਬੈਠ ਕੇ ਗੱਲਾਂ ਸੁਣਦਾ ਹੈ। ਜੇ ਮੈਂ ਕਿਸੇ ਕੰਮ ਯੂਨੀਵਰਸਿਟੀ ਜਾਣਾ ਹੋਵੇ ਤਾਂ ਨਾਲ ਜਾਂਦਾ ਹੈ। ਆਪਣੇ ਦਫ਼ਤਰੋਂ ਛੁੱਟੀ ਲੈ ਕੇ ਮੇਰੀ ਰਾਖੀ ‘ਤੇ ਬੈਠ ਜਾਂਦਾ ਹੈ।
ਇਉਂ ਕਿੰਨਾ ਕੁ ਚਿਰ ਚਲਦਾ ਰਿਹਾ। ਮੈਂ ਪੁੱਛਦਾ ਹਾਂ।
ਉਸਦੀਆਂ ਹਰਕਤਾਂ ਨੇ ਮੈਨੂੰ ਡਿਪਰੈਸ਼ਨ ਵਿੱਚ ਲੈ ਆਂਦਾ। ਮੈਂ ਦੁਖੀ ਰਹਿਣ ਲੱਗੀ। ਖੁਦਕੁਸ਼ੀ ਕਰਨ ਬਾਰੇ ਸੋਚਣ ਲੱਗੀ। ਜਦੋਂ ਕਦੇ ਵੀ ਅਖਬਾਰ ਵਿੱਚ ਕੋਈ ਆਤਮ ਹੱਤਿਆ ਦੀ ਖਬਰ ਪੜ੍ਹਦੀ ਤਾਂ ਮੈਨੂੰ ਲੱਗਦਾ ਕਿ ਬੱਸ, ਇਹ ਮੇਰੀ ਹੀ ਖਬਰ ਹੈ। ਮੇਰੀ ਇਸ ਹਾਲਤ ਨੂੰ ਵੇਖ ਕੇ ਮੇਰੇ ਮਾਪੇ ਮੈਨੂੰ ਲੈ ਗਏ। ਸਾਡੇ ਇਕ ਰਿਸ਼ਤੇਦਾਰ ਵਕੀਲ ਨੇ ਸਲਾਹ ਦਿੱਤੀ ਕਿ ‘ਤਲਾਕ ਲਈ’ ਅਰਜੀ ਪਾ ਦਿਓ। ਕੁੜੀ ਨੂੰ ਮਾਰਨਾ ਥੋੜੀ ਐ। ਲੋ ਜੀ ਤਲਾਕ ਲਈ ਕੇਸ ਕਰ ਦਿੱਤਾ। ਜਿਹਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਨੀਂ ਰਾਹੀਂ ਵੇ ਮੈਨੂੰ ਤੁਰਨਾਂ ਪਿਆ।’ ਕਚਹਿਰੀਆਂ ਦੇ ਗੇੜੇ ਕੱਢਣੇ ਬਹੁਤ ਔਖਾ ਕੰਮ ਐ। ਫ਼ਿਰ ਜੱਜ ਨੇ ਛੇ ਮਹੀਨ ਇਕੱਠੇ ਰਹਿਣ ਦੀ ਸਲਾਹ ਦਿੱਤੀ। ਅਸੀਂ ਇਕੱਠੇ ਰਹਿਣ ਲੱਗੇ। ਭਾਵੇਂ ਉਹ ਹੱਥ ਚੱਕਣੋਂ ਤਾਂ ਹਟ ਗਿਆ ਪਰ ਮਾਂ ਪੁੱਤ ਦੀ ਘੁਸਰ ਤਾਂ ਅਜੇ ਵੀ ਚੱਲਦੀ ਰਹਿੰਦੀ ਹੈ। ਮੈਂ ਵੀ ਮਨ ਮਾਰ ਕੇ ਬੈਠ ਗਈ ਕਿ ਹੁਣ ਅੱਠ ਵਰ੍ਹੇ ਹੋ ਗਏ। ਬਾਕੀ ਰਹਿੰਦੀ ਵੀ ਔਖੀ ਸੁਖਾਲੀ ਕੱਟ ਲਾਂਗੇ। ਉਂਝ ਕੁੜੀ ਨਾਲ ਉਸਦਾ ਪਿਆਰ ਹੋ ਗਿਆ। ਮੈਂ ਵੀ ਆਪਣੀ ਧੀ ਲਈ ਕੁਰਬਾਨੀ ਕਰ ਰਹੀ ਹਾਂ।
ਇਕ ਗੱਲ ਪੁੱਛਾਂ, ਮੈਂ ਕਿਹਾ
ਹਾਂ ਬੇਇਝਕ ਪੁੱਛੋ, ਕਹਿਣ ਲੱਗੀ
ਤੁਹਾਡੇ ਫ਼ਿਜੀਕਲ ਸਬੰਧੀ ਕਿਵੇਂ ਨੇ। ਕਦੇ ਸੈਕਸ ਲਈ ਨਹੀਂ ਕਹਿੰਦੀ? ਮੈਂ ਝਿਜਕਦੇ ਹੋਏ ਪੁੱਛਿਆ।
ਅਕਸਰ ਦਾਰੂ ਪੀ ਕੇ ਆਉਂਦੈ। ਮੇਰੇ ਤਨ ਨਾਲ ਜੋ ਜੀਅ ਆਉਂਦੈ ਕਰਦੈ। ਪਰ ਮਨ ਤੋਂ ਮੈਂ ਉਸਨੂੰ ਉਕਾ ਹੀ ਪਸੰਦ ਨਹੀਂ ਕਰਦੀ। ਆਉਂਦੈ ਬਾਡੀ ਨਾਲ ਕਰ ਜਾਂਦੈ। ਮੈਨੂੰ ਕੀ ਫ਼ਰਕ ਪੈਂਦੈ। ਤਨ ਨਾਲ ਹੀ ਕਰਦੈ ਮਨ ਤਾਂ ਮੇਰਾ ਹੈ ਨਾ। ਉਸਦੇ ਜਵਾਬ ਨੇ ਮੈਨੂੰ ਬੇਚੈਨ ਕਰ ਦਿੱਤਾ।
ਇਹ ਇਬਾਰਤ ਇਹ ਸਪਸ਼ਟ ਸੰਕੇਤ ਕਰਦੀ ਹੈ ਕਿ ਪਤਨੀ ਦਾ ਸਿਰਫ਼ ਤਨ ਹੀ ਨਹੀਂ ਸਗੋਂ ਮਨ ਵੀ ਜਿੱਤਿਆ ਜਾਵੇ। ਪਤਨੀ ਦਾ ਤਨ ਮਨ ਕਿਵੇਂ ਜਿੱਤਿਆ ਜਾਵੇ, ਇਹ ਕਲਾ ਪਤੀਆਂ ਨੂੰ ਆਉਣੀ ਚਾਹੀਦੀ ਹੈ। ਪਤੀ ਨੂੰ ਆਪਣੀ ਮਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਸੇਵਾ ਵੀ। ਉਸ ਨੂੰ ਮਾਂ ਦੀ ਆਗਿਆ ਮੰਨਣੀ ਚਾਹੀਦੀ ਹੈ ਅਤੇ ਪਤਨੀ ਦਾ ਸਤਿਕਾਰ ਵੀ ਕਰਨਾ ਚਾਹੀਦਾ ਹੈ। ਪਤਨੀ ਆਪਣਾ ਘਰ ਬਾਰ ਅਤੇ ਪਰਿਵਾਰ ਛੱਡ ਕੇ ਪਤੀ ਦੇ ਘਰ ਰਹਿਣ ਆਉਂਦੀ ਹੈ। ਉਹ ਆਪਣਾ ਤਨ ਅਤੇ ਮਨ ਆਪਣੇ ਪਤੀ ਨੂੰ ਸਮਰਪਿਤ ਕਰਦੀ ਹੈ। ਪਤੀ ਨੂੰ ਵੀ ਚਾਹੀਦਾ ਹੈ ਕਿ ਉਹ ਮਾਂ ਅਤੇ ਪਤਨੀ ਦਰਮਿਆਨ ਤਵਾਜ਼ਨ ਰੱਖੇ। ਦੋਵਾਂ ਨੂੰ ਆਪਣੇ-ਆਪਣੇ ਹਿੱਸੇ ਦਾ ਪਿਆਰ ਅਤੇ ਸਤਿਕਾਰ ਦੇਵੇ। ਸ਼ੱਕ ਪਤੀ-ਪਤਨੀ ਦੇ ਰਿਸ਼ਤੇ ਵਿੱਚ ਸਿਉਂਕ ਦਾ ਕੰਮ ਕਰਦਾ ਹੈ। ਰਿਸ਼ਤੇ ਨੂੰ ਅੰਦਰੋਂ ਅੰਦਰ ਖਾ ਜਾਂਦਾ ਹੈ। ਪਤੀ ਪਤਨੀ ਦੇ ਰਿਸ਼ਤੇ ਦੀ ਬੁਨਿਆਦ ਹੀ ਵਿਸ਼ਵਾਸ ਹੁੰਦਾ ਹੈ। ਵਿਸ਼ਵਾਸ ਹਮੇਸ਼ਾ ਬਣਾਈ ਰੱਖਣਾ ਚਾਹੀਦਾ ਹੈ। ਮਾਂ ਦੇ ਆਖੇ ਲੱਗ ਪਤਨੀ ਨੂੰ ਡਾਂਟਣਾ ਉਸਦੇ ਮਾਪਿਆਂ ਨੂੰ ਭਲਾ-ਬੁਰਾ ਕਹਿਣ ਵਾਲੇ ਪਤੀ-ਪਤਨੀ ਦੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਜੋੜੇ ਭਾਵੇਂ ਇਕੋ ਛੱਤ ਹੇਠ ਰਹਿੰਦੇ ਹਨ ਪਰ ਉਹ ਛੱਤ ਮਕਾਨ ਦੀ ਹੁੰਦੀ ਹੈ, ਘਰ ਦੀ ਨਹੀਂ। ਤੁਹਾਨੂੰ ਹਮੇਸ਼ਾ ਘਰ ਬਣਾਉਣਾ ਚਾਹੀਦਾ ਹੈ। ਜ਼ਿੰਦਗੀ ਨੂੰ ਜਿਊਣਾ ਸਿੱਖਣਾ ਚਾਹੀਦਾ ਹੈ ਅਤੇ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਨਣਾ ਚਾਹੀਦਾ ਹੈ। ਆਨੰਦ ਤਨ ਜਿੱਤਣ ਨਾਲ ਨਹੀਂ ਸਗੋਂ ਮਨ ਜਿੱਤਣ ਨਾਲ ਹੁੰਦਾ ਹੈ। ਮਨ ਜਿੱਤਣ ਦੀ ਕਲਾ ਵੱਲ ਧਿਆਨ ਦੇਣ ਦੀ ਲੋੜ ਹੈ।

LEAVE A REPLY