Editorial1ਸਾਡੇ ਵਿੱਚੋਂ ਕਿਸੇ ਨੂੰ ਵੀ ਇਹ ਦੇਖ ਕੇ ਬਹੁਤੀ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਅੱਜ ਸਾਡੇ ਸਮਾਜਾਂ ਵਿੱਚ ਇੱਕ ਵਾਰ ਫ਼ਿਰ ਸਿਆਸੀ ‘ਬਾਹੂਬਲੀਆਂ’ ਦਾ ਉਭਾਰ ਹੋ ਰਿਹੈ। ਸ਼ਬਦ ਬਾਹੂਬਲੀ ਦਾ ਕੇਵਲ ਉੱਚਾਰਣ ਭਰ ਹੀ ਘੋੜੇ ‘ਤੇ ਸਵਾਰ ਨੰਗੇ ਪਿੰਡੇ ਵਾਲੇ ਵਲਾਦੀਮੀਰ ਪੂਤਿਨ ਦਾ ਅਕਸ ਸਾਡੇ ਦਿਮਾਗ਼ ਵਿੱਚ ਖਿੱਚ ਦਿੰਦਾ ਹੈ: ਸਿਆਸਤ ਦਾ ਹਰਕੁਲੀਜ਼! ਇਹ ਠੀਕ ਹੈ ਕਿ ਕਿਸੇ ਵੀ ਨੇਤਾ ਦੀ ਅਜਿਹੀ ਛਵੀ ਨੂੰ ਪੱਛਮੀ ਮੀਡੀਆ ਹੀ ਸਿਰਜਦਾ ਅਤੇ ਵਿਕਸਿਤ ਕਰਦਾ ਹੈ, ਪਰ ਸਾਡੇ ਕੋਲ ਇਹ ਮੰਨਣ ਤੋਂ ਛੁੱਟ ਹੋਰ ਚਾਰਾ ਵੀ ਕੀ ਹੈ ਕਿ ਇੱਕ ਰਾਸ਼ਟਰਪਤੀ ਜਿਹੜਾ ਆਪਣੇ ਗਵਾਂਢੀ ਮੁਲਕ ਦੇ ਰਾਜ ਨੂੰ ਬੇਪਰਵਾਹੀ ਨਾਲ ਆਪਣੇ ਮੁਲਕ ਵਿੱਚ ਮਿਲਾ ਲੈਂਦਾ ਹੈ ਉਹ ਵਾਕਈ ਬਾਹੂਬਲੀ ਹੈ। ਇਸੇ ਤਰ੍ਹਾਂ ਹੀ ਉਹ ਨੇਤਾ ਵੀ ਜਿਹੜਾ ਆਪਣੇ ਚੁਣੇ ਜਾਣ ਤੋਂ ਬਾਅਦ ਆਪਣੇ ਕਮਜ਼ੋਰ ਗਵਾਂਢੀ ਦੇ ਖ਼ਾਤਮੇ ਦਾ ਵਾਅਦਾ ਕਰਦਾ ਹੈ। ਉਹ ਨੇਤਾ, ਜੇ ਪਾਠਕਾਂ ਨੂੰ ਨਹੀਂ ਪਤਾ ਤਾਂ, ਇਜ਼ਰਾਇਲ ਦਾ ਬੈਨਯਾਮਿਨ ਨੇਤਨਯਾਹੂ ਹੈ।
ਸਿਆਸੀ ਬਾਹੂਬਲੀ ਇੱਕ ਅਜਿਹਾ ਸਿਆਸੀ ਨੇਤਾ ਹੁੰਦਾ ਹੈ ਜਿਹੜਾ ਲੋਕਤੰਤਰੀ ਸੀਮਾਵਾਂ ਅੰਦਰ ਰਹਿੰਦਾ ਹੋਇਆ ਵੀ ਤਾਕਤ ਅਤੇ ਮਾਲਕੀ ਦੇ ਅਹਿਸਾਸ ਨਾਲ ਹੁਕਮਰਾਨੀ ਕਰਦਾ ਹੈ। ਉਹ ਬਹੁਤਾ ਕਰ ਕੇ ਕਬਾਇਲੀ ਮੁਖੀਆਂ ਵਰਗਾ ਹੁੰਦਾ ਹੈ, ਹਮੇਸ਼ਾ ਵਫ਼ਾਦਾਰੀਆਂ ਭਾਲਦਾ ਅਤੇ ਇਖ਼ਲਾਕ ਨੂੰ ਪਰਿਭਾਸ਼ਿਤ ਤੇ ਨਿਰਧਾਰਿਤ ਕਰਦਾ। ਸਨਅਤੀ ਕ੍ਰਾਂਤੀ ਤੋਂ ਪਹਿਲਾਂ, ਨੇਤਾਵਾਂ ਦਾ ਇੱਕੋ ਸਮੇਂ ਇੱਕ ਧਾੜਵੀ ਯੋਧਾ ਅਤੇ ਇਖ਼ਲਾਕੀ ਮੁਨਸਿਫ਼ ਹੋਣਾ ਕੋਈ ਅਸਾਧਾਰਣ ਗੱਲ ਨਹੀਂ ਸੀ ਹੁੰਦੀ। ਇਸ ਲਈ, ਫ਼ੌਜੀ ਲੀਡਰਾਂ ਨੂੰ ਇੱਕ ਲੰਬੇ ਸਮੇਂ ਤੋਂ ਬਾਹੂਬਲੀ ਮੰਨਿਆ ਜਾਂਦਾ ਰਿਹਾ ਹੈ, ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਮੈਂ ਇੱਥੇ ਇਹ ਕਹਿਣ ਦੀ ਹਿੰਮਤ ਵੀ ਕਰਨਾ ਚਾਹਾਂਗਾ ਕਿ ਅੱਜਕੱਲ੍ਹ ਦੇ ਆਧੁਨਿਕ ਬਾਹੂਬਲੀ ਪੁਰਾਣੇ ਵੇਲਿਆਂ ਦੇ ਸੈਨਾਪਤੀਆਂ, ਤਾਨਾਸ਼ਾਹਾਂ ਜਾਂ ਰਜਵਾੜਿਆਂ ਤੋਂ ਇਸ ਲਿਹਾਜ਼ ਨਾਲ ਵੀ ਫ਼ਰਕ ਹਨ ਕਿ ਉਹ ਲੋਕਤੰਤਰੀ ਢਾਂਚਿਆਂ ਅਤੇ ਅਦਾਰਿਆਂ ਦੇ ਮਖੌਟੇ ਪਿੱਛੇ ਲੁਕ ਕੇ ਕੰਮ ਕਰਦੇ ਹਨ। ਉਹ ਮਿਆਦਾਂ ਜਾਂ ਸਮਾਂ ਸੀਮਾਵਾਂ ਵਿੱਚ ਵਿਚਰਦੇ ਹਨ ਨਾ ਕਿ ਸ਼ਾਸਨਕਾਲਾਂ ਵਿੱਚ। ਉਹ ਚੋਣਾਂ ਕਰਾਉਂਦੇ ਹਨ ਨਾ ਕਿ ਤਾਜਪੋਸ਼ੀਆਂ।
ਸ਼ਬਦ ਬਾਹੂਬਲੀ ਨੂੰ ਕੁਝ ਕੁ ਖ਼ਾਸ ਭੂਗੋਲਿਕ ਖੇਤਰਾਂ ਤਕ ਹੀ ਸੀਮਿਤ ਰੱਖਣ ਦਾ ਇੱਕ ਰੁਝਾਨ ਜਿਹਾ ਬਣਦਾ ਜਾ ਰਿਹਾ ਹੈ, ਜਿਵੇਂ ਕਿ ਅਫ਼ਰੀਕਾ ਅਤੇ ਏਸ਼ੀਆ। ਪਰ ਖੱਬੇ ਪੱਖੀਆਂ ਦੇ ਵਿਸ਼ਵ ਭਰ ਵਿੱਚ ਮੁੜ ਉਭਾਰ ਨਾਲ, ਵਿਸ਼ਵੀਕਰਣ ਤੋਂ ਬਾਅਦ ਦੇ ਇਸ ਤਿੜਕੇ ਹੋਏ ਸੰਸਾਰ ਦੀ ਹਰ ਨੁੱਕਰ ਵਿੱਚ ਬਾਹੂਬਲੀ ਹੀ ਮੋਹਰੀ ਹਨ। ਜਦੋਂ ਕਿ ਪਹਿਲਾਂ ਦੇ ਬਹੁਤੇ ਬਾਹੂਬਲੀ ਕ੍ਰਾਂਤੀਕਾਰੀ ਢੰਗਾਂ ਨਾਲ ਸੱਤਾ ‘ਤੇ ਕਾਬਜ਼ ਹੁੰਦੇ ਸਨ, ਸਮਕਾਲੀ ਸਿਆਸੀ ਬਾਹੂਬਲੀ ਅਕਸਰ ਚੁਣੇ ਜਾਣ ਤੋਂ ਬਾਅਦ ਹੀ ਸੱਤਾ ਸੰਭਾਲਦੇ ਹਨ। ਬਾਹੂਬਲੀ ਸਿਆਸੀ ਨੇਤਾ ਅਕਸਰ ‘ਡਿਕਟੇਟਰ’ ਜਾਂ ‘ਤਾਨਾਸ਼ਾਹ’ ਜਿਹੇ ਲੇਬਲਾਂ ਤੋਂ ਬੱਚ ਜਾਂਦੇ ਹਨ ਕਿਉਂਕਿ ਤਾਨਾਸ਼ਾਹਾਂ ਬਾਰੇ ਸਾਡੀ ਆਮ ਸਮਝ ਕੇਵਲ ਉਨ੍ਹਾਂ ਦੀ ‘ਚੜ੍ਹਾਈ ਕਰਨ ਦੇ ਢੰਗਾਂ’ ਨੂੰ ਲੈ ਕੇ ਹੀ ਬਣੀ ਹੋਈ ਹੁੰਦੀ ਹੈ ਨਾ ਕਿ ਉਨ੍ਹਾਂ ਦੇ ‘ਹੁਕਮਰਾਨੀ ਦੇ ਢੰਗਾਂ’ ਦਾ ਮੁਲਾਂਕਣ ਕਰਨ ਕਾਰਨ।
‘ਦਾ ਫ਼ਾਇਨੈਂਸ਼ੀਅਲ ਟਾਈਮਜ਼’ ਨੇ ਆਪਣੇ ਇੱਕ ਹਾਲੀਆ ਓਪਐਡ (ਓਪੋਜ਼ਿਟ-ਐਡੀਟੋਰੀਅਰਲ) ਵਿੱਚ ਵਿਸ਼ਵ ਦੇ ਸੱਤ ਅਜਿਹੇ ਰਾਜਨੇਤਾਵਾਂ ਨੂੰ ਨਾਮਜ਼ਦ ਕੀਤਾ ਜਿਹੜੇ ਸਮਕਾਲੀ ਜੁਗਰਾਫ਼ੀਆਈ ਸਿਆਸਤ ਨੂੰ ਸ਼ਕਲ ਦੇ ਰਹੇ ਹਨ: ਵਲਾਦੀਮੀਰ ਪੂਤਿਨ (ਰੂਸ), ਸ਼ੀ ਜਿਨਪਿੰਗ (ਚੀਨ), ਅਬਦੁਲ ਫ਼ਤਹਿ ਅਲ ਸੀਸੀ (ਮਿਸਰ), ਰੀਸੈਪ ਤਾਯਿਪ ਐਰਦੋਵਾਨ (ਤੁਰਕੀ), ਅਬੇ ਸ਼ਿਨਜ਼ੋ (ਜਾਪਾਨ), ਨਰੇਂਦਰ ਮੋਦੀ (ਭਾਰਤ) ਅਤੇ ਬੈਨਯਾਮਿਨ ਨੇਤਨਯਾਹੂ (ਇਜ਼ਰਾਇਲ) – ਇਨ੍ਹਾਂ ਸਾਰਿਆਂ ਦੀ ਹੁਕਮਰਾਨੀ ਦੇ ਲੱਛਣ ਅਤੇ ਢੰਗ ਤਕਰੀਬਨ ਤਕਰੀਬਨ ਇੱਕੋ ਜਿਹੇ ਹੀ ਹਨ। ਹਾਲੇ ਬਹੁਤੀ ਦੇਰ ਦੀ ਗੱਲ ਨਹੀਂ ਜਦੋਂ ਥਕਸੀਨ (ਥਾਇਲੈਂਡ), ਮਹਾਥਿਰ (ਮਲੇਸ਼ੀਆ), ਰਾਜਾਪਕਸਾ (ਸ੍ਰੀ ਲੰਕਾ) ਅਤੇ ਬਾਗਬੋ (ਆਇਵਰੀ ਕੋਸਟ) ਨੂੰ ਵੀ ਬਾਹੂਬਲੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਸੀ। ਲੈਟਿਨ ਅਮੈਰਿਕਾ ਵਿੱਚ ਅਜਿਹੇ ਲੀਡਰਾਂ ਲਈ ਇੱਕ ਖ਼ਾਸ ਸਪੈਨਿਸ਼ ਲਫ਼ਜ਼ ‘ਕੌਡੀਲੀਓਜ਼’ (ਫ਼ੌਜੀ ਤਾਨਾਸ਼ਾਹ) ਘੜਿਆ ਗਿਆ। ਇਹ ਬਾਹੂਬਲੀ ਜ਼ਰੂਰੀ ਨਹੀਂ ਹੁੰਦਾ ਕਿ ਹਮੇਸ਼ਾ ਮਰਦ ਹਜ਼ਰਾਤ ਹੀ ਹੋਣ, ਔਰਤਾਂ ਵੀ ਹੋ ਸਕਦੀਆਂ ਹਨ, ਕੁਝ ਉਦਾਰਹਣਾਂ ਹਨ ਇੰਦਰਾ ਗਾਂਧੀ (ਭਾਰਤ), ਥੈਚਰ (ਯੂ.ਕੇ.), ਮੈਰਕਲ (ਜਰਮਨੀ) ਅਤੇ ਸੂਅ ਕੀ (ਮਯਾਨਮਾਰ)।
ਸਿਆਸੀ ਬਾਹੂਬਲੀਆਂ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਨ੍ਹਾਂ ਸਾਰਿਆਂ ਦੇ ਲੱਛਣ ਵੀ ਲੱਗਭਗ ਇੱਕੋ ਜਿਹੇ ਹੀ ਹੁੰਦੇ ਹਨ: ਨਿਮਾਣੀ ਸ਼ੁਰੂਆਤ, ਖੱਬੇ ਪੱਖੀ ਸਿਆਸਤ, ਆਪਣੀ ਮਸੀਹੀਅਤ ਦੇ ਮੁਗ਼ਾਲਤੇ ਦਾ ਸ਼ਿਕਾਰ, ਅਧਿਕਾਰਕ ਤੌਰ ‘ਤੇ ਰੱਬ ਵਰਗੇ ਰੁਤਬੇ ਦੀ ਪ੍ਰਾਪਤੀ, ‘ਬੇਰਹਿਮ’ ਤਰੱਕੀ ਦੇ ਵਾਅਦੇ, ਨੁਕਤਾਚੀਨ ਮੀਡੀਆ ਦੀ ਨਾਪਸੰਦਗੀ ਅਤੇ ਨੈਤਿਕਤਾ ਦੇ ਕਾਨੂੰਨ ਸਥਾਪਿਤ ਕਰਨ ਵਿੱਚ ਵਿਸ਼ੇਸ ਰੁਚੀ। ਇਨ੍ਹਾਂ ਸਾਰਿਆਂ ਦੀ ਇੱਕ ਹੋਰ ਸਾਂਝੀ ਵਿਸ਼ੇਸ਼ਤਾ ਇਹ ਹੈ ਕਿ ਇਹ ਲੋਕ ਆਪੋ ਆਪਣੇ ਮੁਲਕਾਂ ਪ੍ਰਤੀ ‘ਰਾਸ਼ਟਰਵਾਦੀ’ ਸੋਚ ਰੱਖਣ ਨੂੰ ਤਰਜੀਹ ਦਿੰਦੇ ਹਨ। ਸ਼ੀਤ ਯੁੱਧ ਤੋਂ ਬਾਅਦ ਦੇ ਯੁੱਗ ਵਿੱਚ ਅਕਸਰ ਇਹ ਦੇਖਿਆ ਗਿਆ ਹੈ ਕਿ ਅਜਿਹੇ ਰਾਸ਼ਟਰਵਾਦੀ ਨੇਤਾਵਾਂ ਵਲੋਂ ਰਾਸ਼ਟਰੀ, ਫ਼ਿਰਕੂ ਜਾਂ ਮਜ਼੍ਹਬੀ ਆਕਰਸ਼ਣਾਂ ਦੀ ਵਰਤੋਂ ਕਰ ਕੇ ਆਮ ਜਨਤਾ ਦੇ ਮਨਾਂ ਵਿੱਚ ਵਫ਼ਾਦਾਰੀਆਂ ਬੀਜੀਆਂ ਜਾਂਦੀਆਂ ਹਨ। ਨਰੇਂਦਰ ਮੋਦੀ ਦੀ ਮੁਹਿੰਮ ਦਾ ਸਾਰਾ ਦਾਰੋਮਦਾਰ ਹਿੰਦੂ ਭਾਰਤ ਦੇ ਸ਼ਾਨਦਾਰ ਅਤੀਤ ਦੇ ਗੁਣਗਾਣ ‘ਤੇ ਹੀ ਆਧਾਰਿਤ ਹੈ। ਤੁਰਕੀ ਦਾ ਐਰਦੋਵਾਨ ਔਟੋਮਨ ਸਲਤਨਤ ਦੀ ਸ਼ਾਨ-ਓ-ਸ਼ੌਕਤ ਮੁੜ ਬਹਾਲ ਕਰਨ ਦੀ ਗੱਲ ਕਰਦੈ। ਡੌਨਲਡ ਟਰੰਪ ਇਸਲਾਮੀਕਰਣ ਦਾ ਭੈਅ ਫ਼ੈਲਾ ਕੇ ‘ਅਮਰੀਕਾ ਨੂੰ ਮੁੜ ਮਹਾਨ ਬਣਾਉਣ’ ਦਾ ਨਾਅਰਾ ਲਗਾ ਰਿਹੈ। ਇਹ ਸਾਰੇ ਆਪੋ ਆਪਣੇ ਵਕਤਾਂ ਦੀ ਉਪਜ ਹਨ ਅਤੇ ਲੋਕਾਂ ਦੀ ਆਪਣੇ ਸ਼ਾਨਦਾਰ ਸਭਿਆਤਾਈ ਪਿਛੋਕੜ ‘ਤੇ ਮੁੜ ਦਾਅਵਾ ਠੋਕਣ ਦੀ ਇਛਾ ਦਾ ਫ਼ਾਇਦਾ ਉਠਾਉਂਦੇ ਹਨ।
ਬਾਹੂਬਲੀ ਆਪਣਾ ਬੇਰਹਿਮ ਪ੍ਰਗਤੀ ਏਜੰਡਾ ਚਲਾਉਂਦੇ ਹਨ। ਰਵਾਂਡਾ ਦਾ ਪੌਲ ਕੈਗਾਮੇ – ਜੋ ਕਿ ਇੱਕ ਰੈਫ਼ਿਊਜੀ ਕੈਂਪ ਵਿੱਚ ਵੱਡਾ ਹੋਇਆ ਸੀ – ਨੇ ਬਾਲ ਮਿਰਤੂ ਦਰ 70 ਪ੍ਰਤੀਸ਼ਤ ਘਟਾ ਦਿੱਤੀ, ਅਰਥਚਾਰੇ ਵਿੱਚ 8 ਪ੍ਰਤੀਸ਼ਤ ਦਾ ਵਾਧਾ ਕੀਤਾ, ਰਾਸ਼ਟਰੀ ਸਿਹਤ ਇੰਸ਼ੋਰੈਂਸ ਪ੍ਰੋਗਰਾਮ ਦੀ ਸਥਾਪਨਾ ਕੀਤੀ ਅਤੇ ਸਿਆਸਤ ਵਿੱਚ ਔਰਤਾਂ ਦੇ ਦਾਖ਼ਲੇ ਦੀ ਪ੍ਰੋੜ੍ਹਤਾ ਕੀਤੀ। ਅੱਜ ਰਵਾਂਡਾ ਵਿੱਚ ਮਹਿਲਾ ਪਾਰਲੀਮੈਂਟੇਰੀਅਨਾਂ ਦੀ ਗਿਣਤੀ ਵਿਸ਼ਵ ਵਿੱਚ ਸਭ ਤੋਂ ਵੱਧ ਹੈ। ਪਰ, ਕੈਗਾਮੇ ‘ਤੇ ਇਹ ਦੋਸ਼ ਵੀ ਹੈ ਕਿ ਉਹ ਤਥਾਕਥਿਤ ਤੌਰ ‘ਤੇ ਆਮ ਸ਼ਹਿਰੀਆਂ ‘ਤੇ ਜ਼ੁਲਮ ਢਾਉਂਦੈ ਅਤੇ ਖ਼ੁਫ਼ੀਆ ਤੌਰ ‘ਤੇ ਬਾਗ਼ੀਆਂ ਦੀ ਹਮਾਇਤ ਕਰਦੈ। ਹੰਗਰੀ ਵਿੱਚ, ਵੀਕਤੋਰ ਓਰਬਾਨ ਦੀ ਸਰਕਾਰ ਨੇ ਆਪਣੀਆਂ ‘ਵਪਾਰ ਰੱਖਿਆਵਾਦੀ ਨੀਤੀਆਂ’, ਜਿਨ੍ਹਾਂ ਤਹਿਤ ਦੇਸੀ ਕੰਪਨੀਆਂ ਨੂੰ ਉਤਸਾਹਿਤ ਕਰਨ ਖ਼ਾਤਿਰ ਵਿਦੇਸ਼ੀ ਕੰਪਨੀਆਂ ‘ਤੇ ਵਾਧੂ ਟੈਕਸ ਠੋਕਿਆ ਜਾਂਦਾ ਹੈ ਜਾਂ ਪਾਬੰਦੀਆਂ ਲਾਗੂ ਕੀਤਆਂ ਜਾਂਦੀਆਂ ਹਨ, ਨੂੰ ਇੱਕ ਤਰ੍ਹਾਂ ਦੀ ਦੇਸ਼ਭਗਤੀ ਕਰਾਰ ਦਿੱਤਾ ਹੈ। ਸਿਆਸੀ ਬਾਹੂਬਲੀਆਂ ਲਈ ਪ੍ਰਗਤੀ ਇੱਕ ਟੀਚਾ ਅਤੇ ਆਪਣੇ ਹੋਣ ਦੀ ਤਰਕਸੰਗਤਤਾ ਹੈ।
ਕਬੀਲਿਆਂ ਨੂੰ ਸੰਪਰਦਾਵਾਂ ਵਿੱਚ ਤਬਦੀਲ ਕਰਨ ਲਈ ਬਾਹੂਬਲੀਆਂ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਗਵਾਂਢੀ ਰਾਜਾਂ ਪ੍ਰਤੀ ਵੈਰੀ ਨਜ਼ਰੀਆ ਪੈਦਾ ਕਰ ਕੇ ਉਨ੍ਹਾਂ ਦੇ ਵਿਰੁੱਧ ਸੋਚ ਨੂੰ ਪ੍ਰਫ਼ੁੱਲਤ ਕਰ ਸਕਣ। ਉਨ੍ਹਾਂ ਦੇ ਆਪਣੇ ਰਾਸ਼ਟਰ ਦਾ ਕੋਈ ਦੋਸਤ ਨਹੀਂ ਹੁੰਦਾ, ਉਸ ਦੇ ਸਿਰਫ਼ ਮੁਫ਼ਾਦ ਹੁੰਦੇ ਨੇ। ਉਹ ਘੱਟਗਿਣਤੀਆਂ ਖ਼ਿਲਾਫ਼ ਅੱਤਿਆਚਾਰੀ ਰੁਖ਼ ਵੀ ਅਪਨਾ ਸਕਦੇ ਹਨ। ਉਦਾਹਰਣ ਦੇ ਤੌਰ ‘ਤੇ, ਐਰਦੋਵਾਨ ਕੁਰਦੀਆਂ ‘ਤੇ ਜ਼ੁਲਮ-ਓ-ਸਿਤਮ ਲਈ ਜਾਣਿਆ ਜਾਂਦੈ ਜਿਸ ਨਾਲ ਉਸ ਦਾ ਪ੍ਰਮੁੱਖ ਵੋਟ ਬੈਂਕ ਉਸ ਦੇ ਪਿੱਛੇ ਸੰਗਠਿਤ ਅਤੇ ਇੱਕਮੁੱਠ ਹੁੰਦੈ। ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ ਸੂਅ ਕੀ ਵਲੋਂ ਮਯਾਨਮਾਰ ਦੀ ਘੱਟ ਗਿਣਤੀ, ਰਾਖੀਨ ਭਾਈਚਾਰੇ, ਤੋਂ ਵੋਟ ਦੇਣ ਦਾ ਅਧਿਕਾਰ ਖੋਹਣ ਅਤੇ ਉਸ ‘ਤੇ ਹੋ ਰਹੇ ਜ਼ੁਲਮਾਂ ਪ੍ਰਤੀ ਸਾਧੀ ਗਈ ਖ਼ੌਫ਼ਨਾਕ ਚੁੱਪੀ ਸ਼ਰਮਨਾਕ ਹੈ। ਮੋਦੀ ਪ੍ਰਸ਼ਾਸਨ, ਜੋ ਕਿ ਆਰਥਿਕ ਪ੍ਰਗਤੀ ਦੇ ਆਪਣੇ ਵਾਅਦਿਆਂ ਦੇ ਸਿਰ ‘ਤੇ ਹੀ ਹੁਣ ਤਕ ਤੈਰਦਾ ਆ ਰਿਹੈ, ਨੇ ਸਕੂਲਾਂ ਵਿੱਚ ਹਿੰਦੂ ਧਰਮਗ੍ਰੰਥਾਂ ਦੀ ਪੜ੍ਹਾਈ ਲਾਜ਼ਮੀ ਕਰਨ ਦੀਆਂ ਕੋਸ਼ਿਸ਼ਾਂ ਆਰੰਭੀਆਂ ਹੋਈਆਂ ਹਨ, ਚਰਚਾਂ ‘ਤੇ ਹਮਲਿਆਂ ਦੀ ਉਹ ਨਿੰਦਾ ਨਹੀਂ ਕਰਦਾ ਅਤੇ ਆਪਣੇ ਵੋਟ ਬੈਂਕ ਨੂੰ ਖ਼ੁਸ਼ ਕਰਨ ਲਈ ਉਹ ਗਊਮਾਸ ਦੇ ਸੇਵਣ ‘ਤੇ ਪਾਬੰਦੀ ਲਗਾਉਣ ਦੀ ਖੁਲ੍ਹ ਦਿੰਦੈ।
ਸਿਆਸੀ ਬਾਹੂਬਲੀਆਂ ਵਿੱਚ ਕੂਟਨੀਤਕ ਕਾਇਦੇ ਤੋੜਨ ਦਾ ਰੂਝਾਨ ਵੀ ਪਾਇਆ ਜਾਂਦੈ, ਖ਼ਾਸਕਰ ਉਨ੍ਹਾਂ ਕਾਇਦਿਆਂ ਨੂੰ ਤੋੜਨ ਦਾ ਜਿਨ੍ਹਾਂ ਨੂੰ ਦੂਸਰੇ ਵਿਸ਼ਵ ਯੁੱਧ ਦੇ ਫ਼ਲਸਵਰੂਪ ਸਥਾਪਿਤ ਕੀਤਾ ਗਿਆ ਸੀ। ਪੂਤਿਨ ਦੀ ਕਰਾਇਮੀਆ ਨੂੰ ਰੂਸ ਵਿੱਚ ਮਿਲਾ ਲੈਣ ਦੀ ਨਾਪਾਕ ਹਰਕਤ; ਕੈਗਾਮੇ ਵਲੋਂ ਆਪਣੇ ਹੀ ਸੰਵਿਧਾਨ ਦੀ ਖ਼ਿਲਾਫ਼ ਵਰਜ਼ੀ ਕੀਤੀ ਜਾਣਾ; ਮੋਦੀ ਵਲੋਂ ਭਾਰਤ ਦੀ ਧਰਮ ਨਿਰਪੱਖਤਾ ਦੀ ਪ੍ਰਚੀਨ ਵਿਰਾਸਤ ਤੋਂ ਤੋੜ ਵਿਛੋੜਾ ਕਰ ਲੈਣਾ, ਆਦਿ ਇਨ੍ਹਾਂ ਬਾਹੂਬਲੀ ਲੀਡਰਾਂ ਵਿੱਚ ਲੋਕਾਂ ਦੀਆਂ ਤਵੱਕੋਆਤ (ਆਸਾਂ) ਨੂੰ ਅਣਗੌਲਿਆਂ ਕਰਨ ਦੀ ਰਜ਼ਾਮੰਦੀ ਝਲਕਾਉਂਦੇ ਹਨ। ਹੰਗਰੀ ਦੇ ਵੀਕਤੋਰ ਓਰਬਾਨ ਨੇ ਆਪਣੇ ਮੁਲਕ ਦੇ ਵਪਾਰਕ ਅਦਾਰਿਆਂ ਦੀ ਰੱਖਿਆ ਹਿੱਤ ‘ਪ੍ਰੋਟੈਕਸ਼ਨਿਸਟ’ ਆਰਥਿਕ ਨੀਤੀਆਂ ਲਾਗੂ ਕੀਤੀਆਂ ਹੋਈਆਂ ਹਨ, ਮੀਡੀਆ ਉੱਪਰ ਉਸ ਦਾ ਮੁਕੰਮਲ ਕੰਟਰੋਲ ਹੈ ਅਤੇ ਸਿਵਿਲ ਸੋਸਾਇਟੀ ਦੇ ਸਪੌਂਸਰਾਂ ਤੇ ਹਮਾਇਤੀ ਐੱਨ.ਜੀ.ਓਜ਼ ਉੱਪਰ ਉਸ ਵਲੋਂ ਖ਼ੂਬ ਤਸ਼ਦਦ ਕੀਤਾ ਜਾਂਦੈ। ਫ਼ੁੱਟਬਾਲ ਦਾ ਇੱਕ ਜੋਸ਼ੀਲਾ ਖਿਡਾਰੀ ਹੋਣ ਕਾਰਨ, ਉਹ ਆਪਣੇ ਵਿਧਾਨਕ ਰੁਤਬੇ ਅਤੇ ਪ੍ਰਭਾਵ ਦਾ ਇਸਤੇਮਾਲ ਆਪਣੀ ਰਿਹਾਇਸ਼ਗ਼ਾਹ ਦੇ ਬਿਲਕੁਲ ਸਾਹਮਣੇ ਇੱਕ ਮੈਗਾ-ਸਟੇਡੀਅਮ ਬਣਾਉਣ ਵਾਸਤੇ ਡੋਨੇਸ਼ਨ ਇਕੱਤਰ ਕਰਨ ਲਈ ਕਰ ਰਿਹੈ। ਕਿਉਂਕਿ ਉਹ ਡਿਕਟੇਟਰਾਂ ਵਾਂਗ ਕਾਰਜਸ਼ੀਲ ਹੁੰਦੇ ਹਨ ਪਰ ਦੇਖਣ ਨੂੰ ਲੋਕਤੰਤਰੀ ਲੀਡਰਾਂ ਵਰਗੇ ਪ੍ਰਤੀਤ ਹੁੰਦੇ ਹਨ, ਬਾਹੂਬਲੀ ਸਿਆਸਤਦਾਨ ਬਹੁਤ ਘੱਟ ਹੀ ਅੰਤਰਰਾਸ਼ਟਰੀ ਸੱਤਾ ਅਤੇ ਰਾਜਨੀਤੀ ਦੇ ਗਲਿਆਰਿਆਂ ‘ਚੋਂ ਦੁਰਕਾਰੇ ਜਾਂਦੇ ਹਨ।
ਬਾਹੂਬਲੀ ਨੇਤਾ ਮੀਡੀਆ ਦੀ ਬਣਤਰ, ਉਸ ਦੀ ਰਿਪੋਰਟਿੰਗ, ਆਦਿ ਹਰ ਚੀਜ਼ ਨੂੰ ਕੰਟਰੋਲ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਹਨ, ਉਦਾਹਰਣ ਦੇ ਤੌਰ ‘ਤੇ, ਆਪਣੀ ਧੱਕੜਸ਼ਾਹ ਹੁਕਮਰਾਨੀ ਦੀਆਂ ਕਹਾਣੀਆਂ ਵਿੱਚ ‘ਪੈਤ੍ਰਿਕ ਉਦਾਰਤਾ’ ਦੀਆਂ ਕਥਾਵਾਂ ਦੀ ਮਿਲਾਵਟ ਕਰਨ ਦੀ ਮੱਕਾਰੀ ਵੀ ਉਹ ਕਰਦੇ ਹਨ! ਇਸ ਤਰ੍ਹਾਂ ਕਰ ਕੇ, ਸਿਆਸੀ ਬਾਹੂਬਲੀ ਹੁਕਮਰਾਨੀ ਕਰਨ ਦਾ ਇੱਕ ਨਵਾਂ ਅੰਦਾਜ਼ ਸ਼ੁਰੂ ਕਰ ਰਹੇ ਹਨ ਜਿਹੜਾ ਕਿ ਲੋਕਤੰਤਰ ਦੀ ਹੂ-ਬ-ਹੂ ਨਕਲ (isomorphic mimicry) ਤਾਂ ਹੈ ਪਰ ਤਾਨਾਸ਼ਾਹੀ ਤੋਂ ਬਿਲਕੁਲ ਵੀ ਭਿੰਨ ਨਹੀਂ। ਜ਼ਰਾ ਇਸ ਨੂੰ ਵਿਚਾਰੋ: ਮਿਸਰ ਦੇ ਸੀਸੀ ਨੇ ਮੋਰਸੀ ਦੇ ਰਾਜ ਦੇ ਖ਼ਾਤਮੇ ਲਈ ਇੱਕ ਰਾਜਪਲਟੇ ਦੀ ਅਗਵਾਈ ਕੀਤੀ ਅਤੇ ਸੱਤਾ ਆਪਣੇ ਕਬਜ਼ੇ ਵਿੱਚ ਲੈ ਲਈ ਤਾਂ ਕਿ ਉਸ ਮੁਲਕ ਦੀ ਜਨਤਾ ਦੀ ਰੱਖਿਆ ਕੀਤੀ ਜਾ ਸਕੇ। ਉਸ ਨੇ ਮਿਸਰ ਦੇ ਸੰਵਿਧਾਨ ਨੂੰ ਮੁਅੱਤਲ ਕਰ ਦਿੱਤਾ ਅਤੇ ਬਰਖ਼ਾਸਤ ਕੀਤੀ ਗਈ ਹਕੂਮਤ ਦੇ ਲੀਡਰਾਂ ਨੂੰ ਜੇਲ੍ਹੀਂ ਡੱਕ ਦਿੱਤਾ। ਪਰ ਉਸ ਨੂੰ ਮੁਲਕ ਵਿੱਚ ਸਵਾਲੀਆ ਚੋਣਾਂ ਆਯੋਜਿਤ ਕਰਾਉਣ ਵਿੱਚ ਅਤੇ ਆਪਣੀ ਫ਼ੌਜੀ ਹਕੂਮਤ ਉੱਪਰ ਵਿਧਾਨਿਕਤਾ ਦਾ ਪਰਦਾ ਪਾਉਣ ਵਿੱਚ ਬਹੁਤਾ ਵਕਤ ਨਹੀਂ ਲੱਗਾ। ਅੰਤਰਰਾਸ਼ਟਰੀ ਭਾਈਚਾਰੇ ਨੇ ਸੱਚੇ ਦਿਲੋਂ ਸੀਸੀ ਹਕੂਮਤ ਦਾ ਸਮੱਰਥਨ ਕੀਤਾ, ਬਿਨਾ ਕਿਸੇ ਸੰਕੋਚ ਦੇ ਮਿਸਰ ਨੂੰ ਆਰਥਿਕ ਸਹਾਇਤਾ ਦੀ ਖ਼ੈਰਾਤ ਵੰਡ ਕੇ ਅਤੇ ਉਸ ਨੂੰ ਖੁਲ੍ਹੇ ਹਥਿਆਰ ਦੇ ਕੇ।
ਇਸ ਨਵੇਂ ਬਾਹੂਬਲੀ ਰਾਜਨੇਤਾਵਾਂ ਦੇ ਸੀਜ਼ਨ ਵਿੱਚ, ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਜਿਹੇ ਕਿਰਦਾਰਾਂ ਲਈ ਜੇਕਰ ਸਾਮੂਹਿਕ ਤਰਜੀਹ ਨਹੀਂ ਤਾਂ ਸਹਿਨਸ਼ੀਲਤਾ ਤਾਂ ਜ਼ਰੂਰ ਹੀ ਲਗਾਤਾਰ ਵੱਧ ਰਹੀ ਹੈ। ਨਿਰਸੰਦੇਹ, ਦੋ ਲੰਬੀਆਂ ਖਿੱਚੀਆਂ ਗਈਆਂ, ਕਈ ਮੁਲਕਾਂ ਦੀ ਸ਼ਮੂਲੀਅਤ ਵਾਲੀਆਂ ਜੰਗਾਂ, ਮੁੜ ਮੁੜ ਉਭਰਣ ਵਾਲਾ ਮੰਦਵਾੜਾ ਅਤੇ ਅੰਤਰਰਾਸ਼ਟਰੀ ਅਤਿਵਾਦ ਦੇ ਕਾਲੇ ਬੱਦਲ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੇ ਜਨਤਕ ਭਾਵਨਾਵਾਂ ਅਤੇ ਭੈਆਂ ਨੂੰ ਆਪਣੇ ਸਾਂਚੇ ਵਿੱਚ ਢਾਲਿਐ! ਇੰਝ ਲਗਦੈ ਕਿ ਅੱਜਕੱਲ੍ਹ ਵੱਧ ਤੋਂ ਵੱਧ ਲੋਕ ਆਪਣੀਆਂ ਵਫ਼ਾਦਾਰੀਆਂ ਦਾ ਆਪਣੇ ਗੁੱਟ ਜਾਂ ਭਾਈਚਾਰੇ ਲਈ ਸਿੱਧੀਆਂ ਸੁਵਿਧਾਵਾਂ ਹਾਸਿਲ ਕਰਨ ਲਈ ਸੌਦਾ ਕਰਨ ਲਈ ਤਿਆਰ ਹਨ। ਨਿਊ ਯੌਰਕ ਟਾਈਮਜ਼ ਦੇ ਜੇਸਨ ਸਟੈਨਲੀ ਦਾ ਤਰਕ ਸੀ, ”ਇਹ ਵੋਟਰ ਤਾਂ ਬੱਸ ਉਸ ਸਿਸਟਮ ਵੱਲ ਵਧੇਰੇ ਆਕਰਸ਼ਿਤ ਹੁੰਦੇ ਹਨ ਜਿਹੜਾ ਇਨ੍ਹਾਂ ਦੀ ਨਸਲ, ਸਮਾਜਕ ਸ਼੍ਰੇਣੀ ਜਾਂ ਇਨ੍ਹਾਂ ਦੇ ਲਿੰਗ ਦੀ ਤਰਫ਼ਦਾਰੀ ਕਰਦਾ ਹੋਵੇ।”
ਪਿੱਛਲੀ ਅੱਧੀ ਸਦੀ ਤੋਂ, ਅਮਰੀ-ਉਮਰਾ, ਬਰਾਬਰੀ ਦੇ ਏਜੰਡੇ ਅਤੇ ਆਜ਼ਾਦ ਖ਼ਿਆਲ ਸੰਵੇਦਨਸ਼ੀਲਤਾਵਾਂ ਵਾਲੇ ਮਿਲਣਸਾਰ ਨੇਤਾਵਾਂ ਵਿੱਚ ਜਾਂ ਤਾਂ ਤਗੜੇ ਪ੍ਰਗਤੀਸ਼ੀਲ ਏਜੰਡੇ ਦੀ ਸਪੱਸ਼ਟ ਘਾਟ ਰਹੀ ਹੈ ਜਾਂ ਫ਼ਿਰ ਉਸ ਏਜੰਡੇ ਨੂੰ ਅੱਗੇ ਧੱਕਣ ਦੀ ਤਾਕਤ ਜਾਂ ਇੱਛਾ ਸ਼ਕਤੀ ਦੀ ਘਾਟ। ਕੂਟਨੀਤੀ ਅਤੇ ਗੱਲਬਾਤ ਨੇ ਅਤਿਵਾਦ ਦੇ ਵਧਦੇ ਖ਼ਤਰੇ ‘ਤੇ ਕੋਈ ਲਗਾਮ ਨਹੀਂ ਪਾਈ। ਆਗਾਹ ਤੇ ਜਾਗਰੂਕ ਨਿਆਂਪ੍ਰਣਾਲੀ ਅਤੇ ਪੱਤਰਕਾਰੀ ਵੀ ਗ਼ੈਰਕਾਨੂੰਨੀ ਨਿਗ਼ਰਾਨੀਆਂ ਜਾਂ ਵਿਦੇਸ਼ੀ ਧਰਤੀਆਂ ‘ਤੇ ਹੱਲੇ ਬੰਦ ਨਹੀਂ ਕਰਵਾ ਸਕੀਆਂ। ਉਸ ਸੰਸਾਰ ਲਈ ਜਿਹੜਾ ਇਹ ਮੰਨੀ ਬੈਠਾ ਹੋਵੇ ਕਿ ਇੱਥੇ ਆਪਸੀ ਪਾੜੇ ਵੱਧ ਰਹੇ ਨੇ, ਇੱਕ ਅਜਿਹਾ ਲੀਡਰ ਦਰਕਾਰ ਹੈ ਜਿਹੜਾ ਹੁਕਮ ਚਾੜ੍ਹਦੈ ਅਤੇ ਕਾਰਵਾਈ ਕਰਦੈ ਬਨਿਸਬਤ ਉਸ ਦੇ ਜਿਹੜਾ ਸਿਰਫ਼ ਭਾਸ਼ਣ ਦਿੰਦੈ ਅਤੇ ਦੂਸਰਿਆਂ ਨਾਲ ਮਸ਼ਵਰੇ ਕਰਦੈ। ਆਧੁਨਿਕ ਅਤੇ ਉਦਯੋਗਿਕ ਰਾਸ਼ਟਰਾਂ ਵਿੱਚ ਵਿਚਾਰਕ ਦੀ ਬਜਾਏ ਕਰਤਾ ਨੂੰ ਤਰਜੀਹ ਦਿੱਤੀ ਜਾਣੀ ਉਨ੍ਹਾਂ ਵਿੱਚ ਨਿੱਤ ਦਿਨ ਆ ਰਹੀ ਤਬਦੀਲੀ ਦੇ ਹਿਸਾਬ ਨਾਲ ਬਿਲਕੁਲ ਵੀ ਬੇਤੁਕੀ ਨਹੀਂ।
ਆਪਣੀ ਕਿਤਾਬ ‘ਦਾ ਰੀਪਬਲਿਕ’ ਵਿੱਚ ਪਲੈਟੋ ਭਵਿੱਖਬਾਣੀ ਕਰਦਾ ਹੈ ਕਿ ਕਿਸੇ ਵੀ ਲੋਕਤੰਤਰ ਵਿੱਚ ਅਕਸਰ ‘ਵੱਡੇ ਸਿਆਸੀ ਕੱਦ ਕਾਠ ਵਾਲੇ ਅਤੇ ਨਿਰਦਈ ਤਾਨਾਸ਼ਾਹ’ ਉਪਜਣਗੇ; ਜੋ ਪ੍ਰਧਾਨ ਗਰੁੱਪਾਂ ਦੇ ਭੈਆਂ ਨੂੰ ਪੱਠੇ ਪਾਉਣਗੇ, ਉਹ ਆਪਣੇ ਆਪ ਨੂੰ ‘ਰੱਖਿਅਕ’ ਘੋਸ਼ਿਤ ਕਰਨਗੇ, ਇਸ ਤਰ੍ਹਾਂ ਉਹ ਤਾਕਤ ਹਥਿਆ ਲੈਣਗੇ ਅਤੇ ਆਜ਼ਾਦੀਆਂ ਨੂੰ ਸੀਮਿਤ ਕਰ ਦੇਣਗੇ। ਜੋ ਅੱਜ ਅਸੀਂ ਦੇਖ ਰਹੇ ਹਾਂ, ਉਹ ਹੈ ਕਈ ਮੁਲਕਾਂ ਦਾ ਇੱਕੋ ਵਕਤ ਇਸ ਗੰਭੀਰ ਸੰਕਟਮਈ ਸਥਿਤੀ ਵਿੱਚ ਪਹੁੰਚਣਾ। ਬਾਹੂਬਲੀਆਂ ਦੇ ਸਿਆਸਤ ਵਿੱਚ ਮੁੜ ਉਭਾਰ ਨੂੰ ਸਮਾਜਕ-ਸਿਆਸੀ ਕੱਚੇਪਨ ਜਾਂ ਵਿਕੇਂਦਰੀਕਰਣ ਦਾ ਨਾਮ ਦੇਣਾ ਸੌਖਾ ਹੋ ਸਕਦੈ; ਜਾਂ ਫ਼ਿਰ ਵਿਸ਼ਵਵਿਆਪੀ ਵਿਵਾਦਾਂ ਅਤੇ ਮੰਦਵਾੜੇ ਦੇ ਮੱਦੇਨਜ਼ਰ ਆਰਜ਼ੀ ਵਿਚਲਨ ਦਾ। ਪਰ ਵਧੇਰੇ ਵਿਹਾਰਕ ਸੰਭਾਵਨਾ ਇਹ ਹੋ ਸਕਦੀ ਹੈ ਕਿ ‘ਬਾਹੂਬਲੀ’ ਰਾਜਨੇਤਾ ਸਾਡੇ ਸਮਾਜ ਦਾ ਇੱਕ ਅਜਿਹਾ ਸਥਾਈ ਮੌਲਿਕ ਹਿੱਸਾ ਬਣ ਚੁੱਕੇ ਹਨ ਜਿਹੜੇ ਲੋਕਾਂ ਦੀਆਂ ਸਿਆਸੀ ਲੋੜਾਂ ਅਨੁਸਾਰ ਆਉਂਦੇ ਜਾਂਦੇ ਰਹਿਣਗੇ। ਲੈਟਿਨ ਅਮਰੀਕਾ ਵਿੱਚ ਕੌਡੀਲੋਜ਼ ਦਾ ਯੁੱਗ ਲਗਭਗ ਖ਼ਤਮ ਹੋ ਚੁੱਕੈ। ਮਿਡਲ ਈਸਟ ਦੇ ‘ਬਰੈਂਡਿਡ ਬਾਹੂਬਲੀ’ ਮਰ ਖੱਪ ਚੁੱਕੇ ਹਨ (ਪਰ ਉਹ ਅਜਿਹੇ ਨਹੀਂ ਜਿਨ੍ਹਾਂ ਦਾ ਬਦਲ ਕਦੇ ਨਹੀਂ ਲੱਭੇਗਾ)। ਕੰਬੋਡੀਆ ਦਾ ਖ਼ਫ਼ਾ ਬਾਹੂਬਲੀ ਹੁਨ ਸੇਨ ਕੁਝ ਸਮੇਂ ਤੋਂ ਜਨਤਕ ਵਿਦ੍ਰੋਹ ਦਾ ਸਾਹਮਣਾ ਕਰ ਰਿਹੈ ਅਤੇ ਹਾਲ ਹੀ ਵਿੱਚ ਉਹ ਫ਼ੇਸਬੁੱਕ ਉੱਪਰ ਕੁਝ ‘ਲਾਈਕਸ’ ਖ਼ਰੀਦਦਾ ਹੋਇਆ ਫ਼ੜਿਆ ਗਿਆ ਤਾਂ ਕਿ ਉਹ ਆਪਣੀ ਡਿਗਦੀ ਹੋਈ ਸਾਖ਼ ਨੂੰ ਥੋੜ੍ਹਾ ‘ਔਨਲਾਈਨ’ ਹੁਲਾਰਾ ਦੇ ਸਕੇ। ਵਿਸ਼ਵਵਿਆਪੀ ਤੌਰ ‘ਤੇ ਹਕੂਮਤਾਂ ਨਿਰੰਤਰ ਪਰਿਵਰਤਨ ਵਿੱਚ ਮੁਬਤਲਾ ਹਨ। ਜਿਓਂ ਹੀ ਇੱਕ ਬਾਹੂਬਲੀ ਸੀਨ ਤੋਂ ਓਹਲੇ ਹੁੰਦੈ, ਇੱਕ ਹੋਰ ਦੁਨੀਆਂ ਦੇ ਕਿਸੇ ਦੂਸਰੇ ਕੋਨੇ ਵਿੱਚੋਂ ਉਭਰ ਆਉਂਦੈ। ਬਾਹੂਬਲੀਆਂ ਦੀ ਮੰਗ ਵਿੱਚ ਇਹ ਮੁੜ ਉਭਾਰ ਸ਼ਾਇਦ ਲੋਕਤੰਤਰੀ ਤਾਨਾਸ਼ਾਹਾਂ ਦੀ ਵਧਦੀ ‘ਮਾਰਕਿਟ ਡਿਮੈਂਡ’ ਵੱਲ ਇਸ਼ਾਰਾ ਕਰ ਰਿਹਾ ਹੋਵੇ; ਜਾਂ ਫ਼ਿਰ ਇਹ ਸ਼ੀਤ ਯੁੱਧ ਤੋਂ ਬਾਅਦ ਦੇ ਯੁੱਗ ਦੀ ਨਵੀਂ ਹਕੀਕਤ ਵੀ ਹੋ ਸਕਦੀ ਹੈ!

LEAVE A REPLY