ajit_weeklyਕਈ ਵਾਰ, ਸਾਨੂੰ ਚਲਦੇ ਰਹਿਣਾ ਪੈਂਦੈ, ਓਦੋਂ ਵੀ ਜਦੋਂ ਸਾਡਾ ਇੱਕ ਹਿੱਸਾ ਸਾਨੂੰ ਕਹਿ ਰਿਹਾ ਹੋਵੇ ਕਿ ਸਾਨੂੰ ਰੁਕਣਾ ਚਾਹੀਦੈ। ਇਹ ਉਹ ਵੇਲਾ ਹੁੰਦੈ ਜਦੋਂ ਅਸੀਂ ਆਪਣੇ ਆਪ ਅਤੇ ਦੂਸਰਿਆਂ ਵਿੱਚ ਵਿਸ਼ਵਾਸ ਗੁਆ ਚੁੱਕੇ ਹੁੰਦੇ ਹਾਂ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜੀਵਨ ਦੇ ਸਭ ਤੋਂ ਬਿਹਤਰੀਨ ਅਤੇ ਸੰਤੁਸ਼ਟੀਜਨਕ ਨਤੀਜੇ ਕੇਵਲ ਦ੍ਰਿੜ ਇਰਾਦੇ ਨਾਲ ਹੀ ਹਾਸਿਲ ਹੁੰਦੇ ਹਨ। ਅਸੀਂ ਆਪਣੇ ਆਪ ਨੂੰ ਸਮਝਾਉਂਦੇ ਹਾਂ ਕਿ ਕਿਸੇ ‘ਚੂਹਾ ਦੌੜ’ ਵਿੱਚ ਸ਼ਾਮਿਲ ਹੋ ਕੇ ਅਸੀਂ ਜ਼ਮਾਨੇ ਸਾਹਮਣੇ ਬੇਵਕੂਫ਼ ਨਹੀਂ ਦਿਖਣਾ ਚਾਹੁੰਦੇ। ਪਰ ਅਸੀਂ ਕਿੰਨੇ ਦੁੱਖੀ ਹੋਵਾਂਗੇ ਜੇ ਸਾਨੂੰ ਦੌੜ ‘ਚੋਂ ਬਾਹਰ ਨਿਕਲਣ ਤੋਂ ਬਾਅਦ ਇਹ ਪਤਾ ਚੱਲੇ ਕਿ ਅਸੀਂ ਦੌੜ ‘ਚੋਂ ਐਨ ਉਸ ਵਕਤ ਬਾਹਰ ਹੋ ਗਏ ਸਾਂ ਜਦੋਂ ‘ਫ਼ਿਨਿਸ਼ਿੰਗ ਲਾਈਨ’ ਅੱਪੜਨ ਹੀ ਵਾਲੀ ਸੀ? ਕਈ ਵਾਰ, ਆਪਣੇ ਦਿਮਾਗ਼ ਨਾਲੋਂ ਵੱਧ ਆਪਣੇ ਦਿਲ ਦੀ ਸੁਣਨ ਵਿੱਚ ਫ਼ਾਇਦਾ ਹੁੰਦੈ!
ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੀ ਫ਼ਿਕਰ ਕਰਨ ਵਾਲਾ, ਸਾਡਾ ਧਿਆਨ ਰੱਖਣ ਵਾਲਾ ਕੋਈ ਹੋਵੇ। ਅਸੀਂ ਸਾਰੇ ਸਾਥ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਕੋਈ ਸਾਨੂੰ ਪਿਆਰ ਕਰੇ ਅਤੇ ਸਾਡੇ ਕੋਲ ਕੋਈ ਪਿਆਰ ਕਰਨ ਲਈ ਹੋਵੇ। ਕੀ ਇਹ ਜ਼ਿੰਦਗੀ ਤੋਂ ਕੋਈ ਬਹੁਤ ਵੱਡੀ ਮੰਗ ਹੈ? ਖ਼ੈਰ, ਇਸ ਵਿੱਚੋਂ ਕੁਝ ਕੁ ਹਿੱਸਾ ਤਾਂ ਬਹੁਤ ਜ਼ਿਆਦਾ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦੈ। ਸ਼ਾਇਰਾਂ, ਮੈਗਜ਼ੀਨਾਂ ਵਿੱਚ ਛਪਣ ਵਾਲੇ ਲੇਖਾਂ, ਫ਼ਿਲਮੀ ਨਿਰਦੇਸ਼ਕਾਂ, ਰੋਮੈਂਟਿਕ ਨਾਵਲਕਾਰਾਂ, ਆਦਿ, ਸਭ ਵਲੋਂ ਭਾਵਨਾਤਮਕ ਆਦਰਸ਼ਾਂ ਨੂੰ ਲੋੜ ਤੋਂ ਵੱਧ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਪਰ, ਅਕਸਰ, ਸਾਨੂੰ ਸਭ ਨੂੰ ਜੋ ਚੀਜ਼ ਸੱਚਮੁੱਚ ਦਰਕਾਰ ਹੁੰਦੀ ਹੈ, ਉਹ ਹੈ ਲੋੜਾਂ ਦੇ ਆਪਣੇ ਅਹਿਸਾਸ ਦਾ ਘੱਟ ਤੋਂ ਘੱਟ ਸ਼ਿਕਾਰ ਹੋਣਾ! ਕਿਸੇ ਬੇਮਤਲਬ ਜਾਂ ਵਿਅਰਥ ਦੀ ਅਭੀਲਾਸ਼ਾ ਨੂੰ ਪਰ੍ਹਾਂ ਕਰਨ ਨਾਲ ਤੁਹਾਡੇ ਕੋਲ ਵਧੇਰੇ ਸੱਚੀ ਤੇ ਟਿਕਾਊ ਸੰਤੁਸ਼ਟੀ ਦੀ ਭਾਲ ਕਰਨ ਦੀ ਆਜ਼ਾਦੀ ਹੋਵੇਗੀ।
ਕੁਝ ਲੋਕ, ਲਗਦੈ, ਕੇਵਲ ਲੈਣਾ ਹੀ ਜਾਣਦੇ ਨੇ। ਅਸੀਂ ਉਨ੍ਹਾਂ ਨੂੰ ਜਿੰਨਾ ਮਰਜ਼ੀ ਦੇਈਏ ਜਾਂ ਉਨ੍ਹਾਂ ਨਾਲ ਜਿੰਨਾ ਮਰਜ਼ੀ ਸਾਂਝਾ ਕਰਨ ਦੀ ਕੋਸ਼ਿਸ਼ ਕਰੀਏ, ਉਨ੍ਹਾਂ ਨੂੰ ਫ਼ਿਰ ਵੀ ਕੁਝ ਨਾ ਕੁਝ ਹੋਰ ਚਾਹੀਦਾ ਹੀ ਹੁੰਦੈ! ਉਹ ਇੰਨੇ ਜ਼ਿਆਦਾ ਲੋੜਵੰਦ ਕਿਵੇਂ ਹੋ ਸਕਦੇ ਨੇ? ਜਾਂ ਮੰਗਤੇ? ਇਸ ਤੋਂ ਵੀ ਵੱਧ ਮਹੱਤਵਪੂਰਨ, ਅਸੀਂ ਉਨ੍ਹਾਂ ਨੂੰ ਇਹ ਸਮਝਣ ਦੀ ਇਜਾਜ਼ਤ ਕਿਵੇਂ ਦੇ ਸਕਦੇ ਹਾਂ ਕਿ ਸਾਡੇ ਤੋਂ ਇੰਨੀ ਜ਼ਿਆਦਾ ਤਵੱਕੋ ਰੱਖਣੀ ਸਹੀ ਹੈ? ਤੁਹਾਡੀ ਨਿੱਜੀ ਜ਼ਿੰਦਗੀ ਵਿਚਲੀਆਂ ਘਟਨਾਵਾਂ ਇਸ ਵਕਤ ਸਿਰਫ਼ ਇਸ ਦੋਚਿੱਤੀ ਗਿਰਦ ਘੁੰਮ ਰਹੀਆਂ ਹਨ ਕਿ ਲਕੀਰ ਕਿੱਥੇ ਖਿੱਚੀ ਜਾਣੀ ਚਾਹੀਦੀ ਹੈ। ਤੁਹਾਨੂੰ ਪਤੈ, ਆਪਣੇ ਦਿਲ ਦੇ ਧੁਰ ਅੰਦਰ, ਕਿ ਆਪਣੀਆਂ ਸੀਮਾਵਾਂ ਦੀ ਸਪੱਸ਼ਟ ਨਿਸ਼ਾਨਦੇਹੀ ਕਰਨੀ ਪੈਣੀ ਹੈ। ਆਪਣੀ ਗ਼ਲਤੀ ਦੇ ਅਹਿਸਾਸ ਜਾਂ ਅਸੁਰੱਖਿਆ ਦੀ ਭਾਵਨਾ ਨੂੰ ਇੱਕ ਪਾਸੇ ਰੱਖ ਕੇ ਆਪਣੇ ਦਿਲ ਦੇ ਅੰਦਰ ਦੀਆਂ ਭਾਵਨਾਵਾਂ ਵਿੱਚ ਵਿਸ਼ਵਾਸ ਦਿਖਾਓ।
ਜੇਕਰ ਸਾਡੀ ਸਾਰਿਆਂ ਦੀ ਸ਼ਾਂਤੀ ਅਤੇ ਇਕਸੁਰਤਾ ਵਿੱਚ ਜਿਊਣ ਦੀ ਇੱਛਾ ਸਾਂਝੀ ਵੀ ਹੋਵੇ ਤਾਂ ਵੀ ਕੀ ਸਾਡੇ ਵਿੱਚ ਇਸ ਗੱਲ ਨੂੰ ਲੈ ਕੇ ਅਸਹਿਮਤੀ ਨਹੀਂ ਬਣੀ ਰਹੇਗੀ ਕਿ ਇਹ ਸ਼ਾਂਤੀ ਆਖ਼ਿਰ ਹੈ ਕੀ ਸ਼ੈਅ ਅਤੇ ਇਸ ਇਕਸੁਰਤਾ ਨੂੰ ਕਿੰਝ ਹਾਸਿਲ ਕੀਤਾ ਜਾ ਸਕਦੈ? ਲੋਕ ਇੱਕ ਦੂਜੇ ਨਾਲ ਲੜਨਾ ਨਹੀਂ ਚਾਹੁੰਦੇ ਜਾਂ ਅਜਿਹੀਆਂ ਗੱਲਾਂ ਕਹਿਣਾ ਜਾਂ ਚੀਜ਼ਾਂ ਕਰਨਾ ਨਹੀਂ ਚਾਹੁੰਦੇ ਜਿਨ੍ਹਾਂ ਕਾਰਨ ਉਨ੍ਹਾਂ ਨੂੰ ਨਾਕਾਰਾਤਮਕ ਪ੍ਰਤੀਕਿਰਿਆਵਾਂ ਨਾਲ ਦੋ-ਚਾਰ ਹੋਣਾ ਪਵੇ। ਪਰ ਅਸੀਂ ਸਾਰੇ, ਕੁਝ ਨਾ ਕੁਝ ਹੱਦ ਤਕ, ਆਪਣੀਆਂ ਬੇਇਰਾਦਤਨ ਪੈਦਾ ਹੋਣ ਵਾਲੀਆਂ ਇੱਛਾਵਾਂ ਅਤੇ ਹਸਰਤਾਂ ਦੇ ਗ਼ੁਲਾਮ ਹੁੰਦੇ ਹਾਂ। ਤੁਸੀਂ ਆਪਣੇ ਆਪ ‘ਤੇ ਜਾਂ ਆਪਣੀਆਂ ਸਥਿਤੀਆਂ ‘ਤੇ ਕਦੇ ਵੀ ਮੁਕੰਮਲ ਰੂਪ ਵਿੱਚ ਤਾਂ ਕਾਬੂ ਪਾ ਨਹੀਂ ਸਕੋਗੇ, ਪਰ ਤੁਹਾਨੂੰ ਰਿਸ਼ਤਿਆਂ ਬਾਰੇ ਇੰਨੀ ਕੁ ਸਮਝ ਜ਼ਰੂਰ ਲੱਗ ਜਾਵੇਗੀ ਕਿ ਤੁਸੀਂ ਆਪਣੇ ਕਿਸੇ ਮਹੱਤਵਪੂਰਨ ਸਬੰਧ ਵਿੱਚ ਸੁਧਾਰ ਲਿਆ ਸਕੋ।
ਸਾਨੂੰ ਪਤੈ ਕਿ ਅਸੀਂ ਚੀਜ਼ਾਂ ਨੂੰ ਕਿਵੇਂ ਵਾਪਰਦਾ ਦੇਖਣਾ ਚਾਹੁੰਦੇ ਹਾਂ। ਸਾਡੀਆਂ ਕਲਪਨਾਵਾਂ ਸਾਡੇ ਲਈ ਬਹੁਤ ਕੀਮਤੀ ਹੁੰਦੀਆਂ ਨੇ। ਜੇਕਰ ਇਹ ਅਸੰਭਵ ਵੀ ਜਾਪਦਾ ਹੋਵੇ ਕਿ ਅਸੀਂ ਕਦੇ ਵੀ ਆਪਣੇ ਸੁਪਨੇ ਜੀ ਸਕਾਂਗੇ ਤਾਂ ਵੀ ਉਹ ਸੁਪਨੇ ਸਾਡੇ ਲਈ ਮਹੱਤਵਪੂਰਨ ਹੁੰਦੇ ਹਨ। ਫ਼ਿਰ ਵੀ, ਆਪਣੀਆਂ ਨਿੱਜੀ ਅਤੇ ਭਾਵਨਾਤਮਕ ਜ਼ਿੰਦਗੀਆਂ ਵਿੱਚ, ਅਸੀਂ ਖ਼ਵਾਬਾਂ ਨਾਲ ਬਹੁਤ ਜ਼ਿਆਦਾ ਘੁੱਟ ਕੇ ਚਿੰਮੜੇ ਰਹਿਣ ਦੀ ਕੀਮਤ ਅਦਾ ਕਰਦੇ ਹਾਂ। ਸ਼ਾਇਦ, ਤੁਹਾਡੀ ਹਕੀਕਤ ਇਸ ਵਕਤ ਕਿਸੇ ਆਨੰਦਮਈ ਸਥਿਤੀ ਬਾਰੇ ਤੁਹਾਡੀਆਂ ਉਮੀਦਾਂ ਨਾਲ ਮੇਲ ਨਾ ਖਾਂਦੀ ਹੋਵੇ, ਪਰ ਜੇਕਰ ਤੁਸੀਂ ਇਸ ਦਾ ਬਿਨਾ ਮੁਕਾਬਲਾ ਮੁਲਾਂਕਣ ਕਰੋ ਅਤੇ ਇਸ ਨੂੰ ਧਿਆਨ ਨਾਲ ਦੇਖੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਕਿ ਇਹੀ ਤੁਹਾਨੂੰ ਚਿਰਸਥਾਈ ਸੰਤੁਸ਼ਟੀ ਦੇ ਸਕਦੀ ਹੈ। ਜ਼ਿੰਦਗੀ ਇਸ ਵਕਤ ਜਿਸ ਤਰ੍ਹਾਂ ਹੈ, ਉਸ ਨੂੰ ਉਸੇ ਤਰ੍ਹਾਂ ਜੀਓ ਅਤੇ ਤੁਸੀਂ ਦੇਖੋਗੇ ਕਿ ਤੁਹਾਡੇ ਕੋਲ ਖ਼ੁਸ਼ ਅਤੇ ਸ਼ੁਕਰਗ਼ੁਜ਼ਾਰ ਹੋਣ ਨੂੰ ਬਹੁਤ ਕੁਝ ਹੈ।
ਅੱਜਕੱਲ੍ਹ, ਸ਼ਾਇਦ, ਤੁਹਾਨੂੰ ਆਪਣੇ ਨਿੱਜੀ ਜੀਵਨ ਵਿੱਚ ਇੰਝ ਲਗਦਾ ਹੋਵੇ ਕਿ ਤੁਸੀਂ ਕੁਝ ਗ਼ਲਤ ਕਰਨ ਦੇ ਡਰੋਂ ਹੀ ਕੁਝ ਵੀ ਸਹੀ ਨਹੀਂ ਕਰ ਪਾ ਰਹੇ। ਤੁਸੀਂ ਕਿਸੇ ਨੂੰ ਖ਼ੁਸ਼ ਕਰਨ ਦੀ ਜਿੰਨੀ ਜ਼ਿਆਦਾ ਕੋਸ਼ਿਸ਼ ਕਰਦੇ ਹੋ – ਜਾਂ ਕਿਸੇ ਸੰਵੇਦਨਸ਼ੀਲ ਸਥਿਤੀ ਵਿੱਚ ਜਿੰਨਾ ਜ਼ਿਆਦਾ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਹੋ, ਤੁਹਾਡੀਆਂ ਯੋਜਨਾਵਾਂ ਓਨੀਆਂ ਹੀ ਜ਼ਿਆਦਾ ਧਾਰਾਸ਼ਾਹੀ ਹੁੰਦੀਆਂ ਹਨ ਅਤੇ ਮੁਸੀਬਤਾਂ ਪਨਪਦੀਆਂ ਹਨ। ਇਸ ਵਿੱਚ ਨਾ ਤਾਂ ਤੁਹਾਡਾ ਨਿੱਜੀ ਤੌਰ ‘ਤੇ ਕੋਈ ਕਸੂਰ ਹੈ ਅਤੇ ਨਾ ਹੀ ਕਿਸੇ ਹੋਰ ਵਿਅਕਤੀ ਦਾ। ਚੁਣੌਤੀਆਂ ਦੀ ਇੱਕ ਪੂਰੀ ਦੀ ਪੂਰੀ ਫ਼ੌਜ ਤੁਹਾਡਾ ਬਾਰ ਬਾਰ ਇਮਤਿਹਾਨ ਲੈਣ ਦੀ ਸਾਜ਼ਿਸ਼ ਘੜ ਰਹੀ ਹੈ। ਤੁਸੀਂ ਆਪਣੀ ਵਿੱਤ ਮੁਤਾਬਕ ਜਿੰਨਾ ਹੋ ਸਕੇ ਕਰ ਰਹੇ ਹੋ, ਅਤੇ ਜੇਕਰ ਤੁਸੀਂ ਮਾਯੂਸੀਆਂ ਦੇ ਇੱਕ ਛੋਟੇ ਜਿਹੇ ਹੋਰ ਪੂਰ ਵਿੱਚੋਂ ਸ਼ਾਂਤੀ ਨਾਲ ਲੰਘ ਸਕੇ ਤਾਂ ਕਈ ਜਾਦੂਈ ਤੋਹਫ਼ੇ ਤੁਹਾਡੇ ਵੱਲ ਆਉਣੇ ਸ਼ੁਰੂ ਹੋ ਜਾਣਗੇ।

LEAVE A REPLY